ਸ਼ਹਿਰ ਦੇ ਟਾਊਨ ਹਾਲ ਦੀ ਪੁਰਾਣੀ ਇਤਿਹਾਸਕ ਇਮਾਰਤ 'ਚ ਸਥਾਪਿਤ ਪਾਰਟੀਸ਼ਨ ਮਿਊਜ਼ੀਅਮ ਦੀ ਉੱਪਰਲੀ ਮੰਜ਼ਿਲ 'ਚ ਸਥਾਪਿਤ 'ਟ੍ਰੀ ਆਫ਼ ਹੋਪ' (ਉਮੀਦ ਦਾ ਰੁੱਖ) ਉਮੀਦ ਅਤੇ ਸਾਂਝ ਦਾ ਪ੍ਰਤੀਕ ਬਣ ਚੁੱਕਿਆ ਹੈ। ਦਰਸ਼ਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਬਣਿਆ ਇਹ ਪ੍ਰਤੀਕਾਤਮਿਕ ਰੁੱਖ ਦੇਸ਼ ਦੀ ਵੰਡ ਦੀਆਂ ਦੁਖਦਾਈ ਯਾਦਾਂ ਦੇ ਵਿਚਕਾਰ ਸ਼ਾਂਤੀ, ਪਿਆਰ, ਭਾਈਚਾਰੇ ਅਤੇ ਨਵੀਂ ਉਮੀਦ ਦਾ ਸੰਦੇਸ਼ ਦਿੰਦਾ ਹੈ। ਇਸ ਰੁੱਖ 'ਤੇ ਦੇਸ਼ ਦੇ ਇਕਲੌਤੇ ਪਾਰਟੀਸ਼ਨ ਮਿਊਜ਼ੀਅਮ ਵਿਖੇ ਆਉਣ ਵਾਲੇ ਦੇਸ਼-ਵਿਦੇਸ਼ ਦੇ ਸੈਲਾਨੀ ਅਤੇ ਵਿਦਿਆਰਥੀ ਆਪਣੀਆਂ ਇੱਛਾਵਾਂ, ਸੰਦੇਸ਼ ਅਤੇ ਸ਼ਾਂਤੀ ਲਈ ਅਰਦਾਸਾਂ ਹਰੇ ਰੰਗ ਦੇ ਬਣਾਉਟੀ ਪੱਤੇ 'ਤੇ ਲਿਖ ਕੇ ਆਪਣੇ ਹੱਥੀਂ ਟੰਗਦੇ ਹਨ। ਇਨ੍ਹਾਂ ਸੰਦੇਸ਼ਾਂ 'ਚ ਮਨੁੱਖਤਾ, ਆਪਸੀ ਸਦਭਾਵਨਾ, ਸਰਹੱਦਾਂ ਤੋਂ ਪਰ੍ਹੇ ਦੋਸਤੀ ਅਤੇ ਹਿੰਸਾ-ਰਹਿਤ ਭਵਿੱਖ ਦੀ ਕਾਮਨਾ ਸਾਫ਼ ਝਲਕਦੀ ਹੈ। ਹੁਣ ਤੱਕ ਇਸ 'ਟ੍ਰੀ ਆਫ਼ ਹੋਪ' 'ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਅਫ਼ਗ਼ਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ, ਭਾਰਤ ਦੇ ਚੀਫ਼ ਜਸਟਿਸ ਐੱਨ. ਵੀ. ਰਮੰਨਾ, ਰਾਜਦੂਤ ਅਜੇ ਬਸਰੀਆ, ਅਭਿਨੇਤਾ ਨਾਨਾ ਪਾਟੇਕਰ, ਸ਼ਬਾਨਾ ਆਜ਼ਮੀ, ਇਮਤਿਆਜ਼ ਅਲੀ ਸਮੇਤ 200 ਤੋਂ ਵਧੇਰੇ ਦੇਸ਼-ਵਿਦੇਸ਼ ਦੇ ਆਹਲਾ ਅਧਿਕਾਰੀ, ਸਿਆਸਤਦਾਨ, ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕ ਅਤੇ ਸਾਹਿਤਕਾਰ ਆਪਣੇ ਸੰਦੇਸ਼ ਪੱਤਿਆਂ 'ਤੇ ਲਿਖ ਕੇ ਟੰਗ ਚੁੱਕੇ ਹਨ।
ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ ਵਲੋਂ ਸਥਾਪਿਤ ਇਸ ਅਜਾਇਬ-ਘਰ ਦੀ ਆਗੂ ਕਿਸ਼ਵਰ ਦੇਸਾਈ ਅਨੁਸਾਰ 'ਟਰੀ ਆਫ਼ ਹੋਪ' ਦਾ ਉਦੇਸ਼ ਲੋਕਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਇਤਿਹਾਸ ਤੋਂ ਸਬਕ ਲੈਂਦੇ ਹੋਏ ਭਵਿੱਖ ਨੂੰ ਸ਼ਾਂਤੀ, ਏਕਤਾ ਅਤੇ ਆਪਸੀ ਵਿਸ਼ਵਾਸ ਨਾਲ ਸੰਵਾਰਿਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਮੀਦ ਦਾ ਰੁੱਖ ਹਰ ਦਰਸ਼ਕ ਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਦੁੱਖਾਂ ਤੋਂ ਬਾਅਦ ਵੀ ਉਮੀਦ ਦਾ ਚਾਨਣ ਹਮੇਸ਼ਾ ਜਿਊਂਦਾ ਰਹਿੰਦਾ ਹੈ।
ਪਾਰਟੀਸ਼ਨ ਮਿਊਜ਼ੀਅਮ ਦੇਸ਼ ਦਾ ਪਹਿਲਾ ਅਤੇ ਆਪਣੇ ਆਪ ਵਿਚ ਅਜਿਹਾ ਨਿਵੇਕਲਾ ਅਜਾਇਬ-ਘਰ ਹੈ ਜੋ ਦੇਸ਼ ਦੀ ਵੰਡ ਨਾਲ ਜੁੜੀਆਂ ਦਰਦ ਅਤੇ ਮੁਹੱਬਤ ਦੀਆਂ ਕਹਾਣੀਆਂ ਨੂੰ ਇਕੱਠਿਆਂ ਬਿਆਨ ਕਰ ਰਿਹਾ ਹੈ। ਇਸ ਅਜਾਇਬ ਘਰ ਨੇ ਸੰਨ 1947 'ਚ ਭਾਰਤ ਅਤੇ ਪਾਕਿਸਤਾਨ ਦੀਆਂ ਨਵੀਆਂ ਉੱਕਰੀਆਂ ਸਰਹੱਦਾਂ ਤੋਂ ਪਾਰ ਲੱਖਾਂ ਲੋਕਾਂ ਦੇ ਪਲਾਇਨ ਤੋਂ ਬਾਅਦ ਹੋਏ ਸਦਮੇ ਨੂੰ ਦਰਜ ਕੀਤਾ ਹੈ। 14 ਗੈਲਰੀਆਂ 'ਚ ਉਸਾਰੇ ਗਏ ਇਸ ਅਜਾਇਬ-ਘਰ 'ਚ 36 ਐੱਲ. ਈ. ਡੀ. ਸਕਰੀਨਾਂ 'ਤੇ ਦੇਸ਼ ਦੀ ਵੰਡ ਦਾ ਸੰਤਾਪ ਪਿੰਡੇ 'ਤੇ ਹੰਢਾਉਣ ਵਾਲੇ ਲਗਭਗ 500 ਲੋਕਾਂ ਨਾਲ ਕੀਤੀ ਗਈ ਗੱਲਬਾਤ ਵੀਡੀਓ ਤੇ ਆਡੀਓ ਦੇ ਰਾਹੀਂ ਪ੍ਰਸਾਰਿਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ 'ਚ ਦੇਸ਼ ਦੀ ਵੰਡ ਨਾਲ ਸੰਬੰਧਿਤ ਮਹੱਤਵਪੂਰਨ ਦਸਤਾਵੇਜ਼, ਪੱਤਰ, ਸਾਹਿੱਤਕ ਪੁਸਤਕਾਂ, ਤਸਵੀਰਾਂ ਅਤੇ ਹੋਰ ਵਸਤੂਆਂ ਪ੍ਰਦਰਸ਼ਨੀ ਲਈ ਰੱਖੀਆਂ ਗਈਆਂ ਹਨ।
ਲਗਭਗ 17 ਹਜ਼ਾਰ ਵਰਗ ਫੁੱਟ 'ਚ ਉਸਾਰੇ ਗਏ ਪਾਰਟੀਸ਼ਨ ਮਿਊਜ਼ੀਅਮ 'ਚ ਦਰਸ਼ਕਾਂ ਨੂੰ ਦੇਸ਼ ਦੀ ਵੰਡ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਹੱਡ-ਬੀਤੀ ਅਤੇ ਉਨ੍ਹਾਂ ਦੀਆਂ ਨਿਸ਼ਾਨੀਆਂ ਤੋਂ ਰੂ-ਬਰੂ ਕਰਵਾਇਆ ਜਾ ਰਿਹਾ ਹੈ। ਦਰਸ਼ਕ ਇਸ ਅਜਾਇਬ-ਘਰ 'ਚ ਪੰਜਾਬ ਗੈਲਰੀ ਵਲੋਂ ਪ੍ਰਵੇਸ਼ ਕਰਦੇ ਹਨ ਅਤੇ ਇਸ ਗੈਲਰੀ 'ਚ ਦਰਸ਼ਕਾਂ ਨੂੰ ਪੰਜਾਬ ਨਾਲ ਸਬੰਧਿਤ ਮੁਗ਼ਲ ਕਾਲ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਮੇਤ ਸੂਫ਼ੀ ਕਵੀਆਂ ਬਾਬਾ ਬੁੱਲ੍ਹੇਸ਼ਾਹ, ਵਾਰਿਸ ਸ਼ਾਹ ਅਤੇ ਸ਼ਾਹ ਹੁਸੈਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਜੁੜੇ ਚਾਰ ਹੋਰਨਾਂ ਕਮਰਿਆਂ 'ਚ ਦਰਸ਼ਕਾਂ ਨੂੰ ਅੰਮ੍ਰਿਤਸਰ ਦੀਆਂ ਵਿਰਾਸਤੀ ਇਮਾਰਤਾਂ ਤੇ ਇਤਿਹਾਸ ਅਤੇ ਦੇਸ਼ ਦੀ ਆਜ਼ਾਦੀ ਲਈ ਸੰਨ 1900 ਤੋਂ ਲੈ ਕੇ ਦੇਸ਼ ਦੀ ਵੰਡ ਤਕ ਚੱਲੀਆਂ ਵੱਖ-ਵੱਖ ਲਹਿਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਮਿਊਜ਼ੀਅਮ ਦੇ ਪ੍ਰਮੁੱਖ ਹਾਲ 'ਚ ਭਾਰਤ ਦੀ ਧਰਤੀ ਨੂੰ ਦੋ ਹਿੱਸਿਆਂ 'ਚ ਵੰਡਦਾ ਆਰਾ, ਢਹਿ-ਢੇਰੀ ਹੋਏ ਘਰਾਂ ਦੇ ਢਾਂਚੇ, ਰਾਵਲਪਿੰਡੀ ਦੇ ਪਿੰਡ ਥੋਹਾ ਖ਼ਾਲਸਾ ਦਾ ਉਹ ਇਤਿਹਾਸਕ ਖੂਹ ਜਿਸ 'ਚ ਆਪਣੀ ਇੱਜ਼ਤ ਬਚਾਉਣ ਲਈ 96 ਗ਼ੈਰਤਮੰਦ ਸਿੱਖ ਬੀਬੀਆਂ ਨੇ ਛਾਲਾਂ ਮਾਰ ਕੇ ਆਪਣੀ ਕੁਰਬਾਨੀ ਦਿੱਤੀ ਸੀ, ਸਮੇਤ ਫ਼ਿਰਕੂ ਦੰਗਿਆਂ ਦੇ ਚਲਦਿਆਂ ਲਹੂ-ਲੁਹਾਨ ਹੋਇਆ ਰੇਲਵੇ ਸਟੇਸ਼ਨ ਵੀ ਵਿਖਾਇਆ ਗਿਆ ਹੈ। ਉਕਤ ਸਟੇਸ਼ਨ 'ਤੇ ਲਗਾਈ ਗਈ 9 ਫੁੱਟ ਉੱਚੀ ਸਕਰੀਨ 'ਤੇ ਸੰਨ 1947 'ਚ ਲੋਕਾਂ ਦੀ ਹਿਜਰਤ ਦੇ ਦ੍ਰਿਸ਼ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ।
-ਮੋਬਾਈਲ: 91-93561-27771