ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਅਗਾਥਾ ਕ੍ਰਿਸਟੀ ਸਨਸਨੀ ਤੇ ਰੋਮਾਂਚ ਦੀ ਲੇਖਿਕਾ

Ad Position 21
No active advertisement
ਅਜੀਤ ਡੈਸਕ 05-07-2026

ਅਗਾਥਾ ਕ੍ਰਿਸਟੀ ਦੀ ਮੌਤ ਦੇ 50 ਸਾਲ ਪੂਰੇ ਹੋਣ 'ਤੇ ਉਸ ਦੇ ਪ੍ਰਸ਼ੰਸਕਾਂ ਨੇ 'ਰੀਡ ਕ੍ਰਿਸਟੀ ਚੈਲੇਂਜ' ਸ਼ੁਰੂ ਕੀਤਾ ਹੈ। ਲੇਖਕ ਨੂੰ ਉਸ ਦੀਆਂ ਕਿਤਾਬਾਂ ਪੜ੍ਹ ਕੇ ਸ਼ਰਧਾਂਜਲੀ ਦੇਣ ਦੀ ਇਹ ਪਰੰਪਰਾ ਸੱਚਮੁਚ ਸਲਾਹੁਣ-ਯੋਗ ਹੈ।
ਅਗਾਥਾ ਕ੍ਰਿਸਟੀ ਦੀਆਂ ਕਿਤਾਬਾਂ ਦੀਆਂ ਲਗਭਗ 2 ਅਰਬ ਕਾਪੀਆਂ ਅੱਜ ਤੱਕ ਵਿਕ ਚੁੱਕੀਆਂ ਹਨ। 'ਕੁਈਨ ਆਫ਼ ਸਸਪੈਂਸ' ਵਜੋਂ ਜਾਣੀ ਜਾਂਦੀ ਅਗਾਥਾ ਕ੍ਰਿਸਟੀ ਨੇ ਆਪਣੀ ਕਿਸ਼ੋਰ ਅਵਸਥਾ ਵਿਚ ਇਕੱਲਤਾ ਨੂੰ ਦੂਰ ਕਰਨ ਲਈ ਨਾਵਲ ਲਿਖਣੇ ਸ਼ੁਰੂ ਕੀਤੇ ਸਨ।
ਵਿਸ਼ਵ ਸਾਹਿਤ, ਖਾਸ ਕਰਕੇ ਸਸਪੈਂਸ-ਕਹਾਣੀਆਂ ਦੇ ਪ੍ਰੇਮੀ ਅਗਾਥਾ ਕ੍ਰਿਸਟੀ ਦੇ ਨਾਂਅ ਤੋਂ ਭਲੀਭਾਂਤ ਜਾਣੂ ਹਨ। ਲਗਭਗ ਹਰ ਕੋਈ ਉਸ ਦੀਆਂ ਕਿਤਾਬਾਂ ਤੋਂ ਪਰਿਚਿਤ ਹੈ। ਸਾਹਿਤ ਦੇ ਪਾਠਕਾਂ ਨੇ ਨਾ ਸਿਰਫ਼ ਉਸ ਦਾ ਨਾਂਅ ਹੀ ਸੁਣਿਆ/ਪੜ੍ਹਿਆ ਹੈ, ਸਗੋਂ ਉਸ ਦੇ ਕਲਾਸਿਕ ਸਸਪੈਂਸ ਨਾਵਲਾਂ ਦਾ ਵੀ ਆਨੰਦ ਮਾਣਿਆ ਹੈ। ਅੰਗਰੇਜ਼ੀ ਵਿਚ ਲਿਖੀਆਂ ਉਸ ਦੀਆਂ ਰਹੱਸਮਈ ਕਹਾਣੀਆਂ ਦੁਨੀਆਂ-ਭਰ ਦੀਆਂ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਅੰਗਰੇਜ਼ੀ ਵਿਚ ਲਿਖੀਆਂ ਉਹਦੀਆਂ ਕਿਤਾਬਾਂ ਦੀਆਂ 100 ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ। ਇਸ ਤੋਂ ਇਲਾਵਾ ਗੁਜਰਾਤੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿਚ ਅਨੁਵਾਦ ਕੀਤੀਆਂ ਲਗਭਗ 100 ਕਰੋੜ ਹੋਰ ਕਾਪੀਆਂ ਵਿਕ ਚੁੱਕੀਆਂ ਹਨ। ਪਾਠਕਾਂ ਦੀ ਇਹ ਗਿਣਤੀ ਇੱਥੇ ਹੀ ਨਹੀਂ ਰੁਕਦੀ, ਸਗੋਂ ਉਸ ਦੀਆਂ ਰਚਨਾਵਾਂ ਚਾਰ ਪੀੜ੍ਹੀਆਂ ਤੋਂ ਪੜ੍ਹੀਆਂ ਜਾ ਰਹੀਆਂ ਹਨ।
ਅਗਾਥਾ ਕ੍ਰਿਸਟੀ ਦਾ ਪੂਰਾ ਨਾਮ ਅਗਾਥਾ ਮੈਰੀ ਕਲੈਰਿਸਾ ਮਿਲਰ ਸੀ। ਉਸ ਦਾ ਜਨਮ 15 ਸਤੰਬਰ, 1890 ਨੂੰ ਇੰਗਲੈਂਡ ਦੇ ਛੋਟੇ ਜਿਹੇ ਸ਼ਹਿਰ ਟਰਕੀ ਵਿਚ ਹੋਇਆ ਸੀ। ਉਸ ਦੇ ਪਿਤਾ ਫਰੈਡ੍ਰਿਕ ਮਿਲਰ ਬਹੁਤ ਅਮੀਰ ਸਨ, ਇਸ ਲਈ ਉਸ ਦਾ ਬਚਪਨ ਐਸ਼ੋ-ਆਰਾਮ ਵਿਚ ਬੀਤਿਆ। ਫਰੈਡ੍ਰਿਕ ਅਤੇ ਕਲੈਰਿਸਾ ਮਾਰਗਰੇਟ ਦੇ ਘਰ ਪੈਦਾ ਹੋਏ ਤਿੰਨ ਬੱਚਿਆਂ ਵਿਚੋਂ ਅਗਾਥਾ ਸਭ ਤੋਂ ਛੋਟੀ ਸੀ। ਉਸ ਨੂੰ ਰਸਮੀ ਤੌਰ 'ਤੇ ਸਕੂਲ ਨਹੀਂ ਭੇਜਿਆ ਗਿਆ ਸੀ। ਉਸ ਦੀ ਮਾਂ ਉਸ ਨੂੰ ਘਰ ਵਿਚ ਹੀ ਭਾਸ਼ਾਵਾਂ ਸਿਖਾਉਂਦੀ ਸੀ, ਇਸ ਲਈ ਉਸ ਨੇ ਚਾਰ ਸਾਲ ਦੀ ਉਮਰ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ।
ਘਰ ਵਿਚ ਪੜ੍ਹਨ-ਲਿਖਣ ਕਰਕੇ ਉਸ ਦੇ ਮਾਤਾ-ਪਿਤਾ ਉਸ ਵੱਲ ਪੂਰਾ ਧਿਆਨ ਦਿੰਦੇ ਸਨ। ਉਹ ਕੀ ਪੜ੍ਹਦੀ ਹੈ, ਕਿਵੇਂ ਪੜ੍ਹਦੀ ਹੈ, ਕਿੰਨਾ ਪੜ੍ਹਦੀ ਹੈ ਅਤੇ ਕਿਵੇਂ ਲਿਖਦੀ ਹੈ - ਅਜਿਹੀਆਂ ਗੱਲਾਂ ਵੱਲ ਮਾਤਾ-ਪਿਤਾ ਦਾ ਖਾਸ ਧਿਆਨ ਸੀ। ਇਸਨੇ ਉਸ ਦੀ ਬੌਧਿਕ ਨੀਂਹ ਨੂੰ ਮਜ਼ਬੂਤ ਕੀਤਾ, ਜਿਸਨੇ ਬਾਅਦ ਵਿਚ ਉਸ ਨੂੰ ਲੇਖਕ ਬਣਨ ਵਿਚ ਮਦਦ ਕੀਤੀ।
ਜਦੋਂ ਅਗਾਥਾ 11-12 ਸਾਲ ਦੀ ਸੀ ਤਾਂ 1901 ਵਿਚ ਉਸ ਦੇ ਪਿਤਾ ਦੀ ਗੁਰਦੇ ਦੀ ਬਿਮਾਰੀ ਨਾਲ ਮੌਤ ਹੋ ਗਈ। ਪਰਿਵਾਰ ਦੀ ਆਰਥਿਕ ਹਾਲਤ ਪਹਿਲਾਂ ਵਰਗੀ ਨਾ ਰਹੀ। ਉਸ ਦੀ ਵੱਡੀ ਭੈਣ ਨੇ ਇਕ ਬ੍ਰਿਟਿਸ਼ ਫ਼ੌਜ ਦੇ ਕਮਾਂਡਰ ਨਾਲ ਵਿਆਹ ਕਰਵਾ ਲਿਆ। ਆਂਢ-ਗੁਆਂਢ ਦੇ ਬੱਚੇ ਜਾਂ ਤਾਂ ਉਸ ਤੋਂ ਬਹੁਤ ਵੱਡੇ ਸਨ ਜਾਂ ਬਹੁਤ ਛੋਟੇ। ਅਜਿਹੇ ਮਾਹੌਲ ਵਿਚ ਉਹਨੇ ਕਿਤਾਬਾਂ ਨਾਲ ਦੋਸਤੀ ਕਰ ਗਈ। ਕਿਸ਼ੋਰ ਅਵਸਥਾ ਵਿਚ ਉਹ ਆਪਣੀਆਂ ਮਨਪਸੰਦ ਕਿਤਾਬਾਂ ਬਹੁਤ ਪੜ੍ਹਦੀ ਸੀ। ਅੰਗਰੇਜ਼ੀ ਬਾਲ-ਸਾਹਿਤ ਲੇਖਕਾ ਮੈਰੀ ਲੁਈਸ ਮੋਲਸਵਰਥ ਤੋਂ ਲੈ ਕੇ ਐਡਿਥ ਨੇਸਬਿਟ, ਐਡਵਰਡ ਲੀਅਰ ਅਤੇ ਲੁਇਸ ਕੈਰੋਲ ਤੱਕ ਉਸ ਨੇ ਕੁਝ ਮਹੀਨਿਆਂ ਵਿਚ ਹੀ ਕਈ ਲੇਖਕਾਂ ਨੂੰ ਪੜ੍ਹ ਲਿਆ। ਇਸ ਪਿੱਛੋਂ ਐਂਥਨੀ ਹੋਪ, ਵਾਲਟਰ ਸਕਾਟ, ਚਾਰਲਸ ਡਿਕਨਜ਼ ਅਤੇ ਅਲੈਗਜ਼ੈਂਡਰ ਡਿਊਮਾ ਨੂੰ ਪੜ੍ਹਿਆ। ਇਨ੍ਹਾਂ ਲੇਖਕਾਂ ਨੇ ਉਸ ਦੀ ਕਹਾਣੀ ਕਹਿਣ ਦੇ ਹੁਨਰ ਨੂੰ ਵਿਕਸਿਤ ਕਰਨ ਵਿਚ ਮਦਦ ਕੀਤੀ। ਉਸ ਨੇ ਕੁਝ ਕਵਿਤਾਵਾਂ ਵੀ ਲਿਖੀਆਂ।
ਫਿਰ ਉੱਚ ਸਿੱਖਿਆ ਦਾ ਸਮਾਂ ਆਇਆ ਤਾਂ ਉਸ ਨੂੰ ਸਕੂਲ ਵਿਚ ਦਾਖਲ ਕਰਵਾਇਆ ਗਿਆ, ਪਰ ਉੱਥੇ ਉਹ ਸਹਿਜ ਮਹਿਸੂਸ ਨਹੀਂ ਕਰ ਸਕੀ। ਮਾਂ ਕਲੈਰਿਸਾ ਉਸ ਦੇ ਭਵਿੱਖ ਬਾਰੇ ਚਿੰਤਿਤ ਸੀ। 15-16 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਅਗਾਥਾ ਨੂੰ ਪਿਆਨੋ ਵਾਦਨ ਅਤੇ ਗਾਇਨ ਦੀ ਸਿੱਖਿਆ ਲਈ ਪੈਰਿਸ ਭੇਜਿਆ। ਡੇਢ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਇਸ ਖੇਤਰ ਵਿਚ ਉਸ ਦਾ ਕੋਈ ਭਵਿੱਖ ਨਹੀਂ ਹੈ। ਉਸ ਵਿਚ ਓਪੇਰਾ ਗਾਇਕਾ ਬਣਨ ਲਈ ਲੋੜੀਂਦੀ ਪ੍ਰਤਿਭਾ ਦੀ ਘਾਟ ਸੀ। ਇਸ ਲਈ ਉਸ ਨੇ ਇਹ ਰਸਤਾ ਛੱਡ ਦਿੱਤਾ ਅਤੇ ਆਪਣੇ ਵਤਨ ਵਾਪਸ ਆ ਗਈ।
ਅਗਾਥਾ ਨੇ ਗ੍ਰੈਜੂਏਸ਼ਨ ਕਰ ਲਈ ਤਾਂ ਉਸ ਦੀ ਮਾਂ ਨੇ ਉਹਦੇ ਲਈ ਇਕ ਯੋਗ ਵਰ ਦੀ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਮਾਂ-ਧੀ ਮਿਸਰ ਦੀ ਯਾਤਰਾ 'ਤੇ ਗਈਆਂ, ਜੋ ਕਿ ਉਸ ਸਮੇਂ ਬ੍ਰਿਟਿਸ਼ ਪਰਿਵਾਰਾਂ ਵਿਚ ਇਕ ਪਰੰਪਰਾ ਸੀ। ਉਹ ਉੱਥੇ ਤਿੰਨ ਮਹੀਨੇ ਰਹੀਆਂ ਅਤੇ ਵਿਸ਼ਵ-ਪ੍ਰਸਿੱਧ ਪਿਰਾਮਿਡ ਦੇਖੇ। ਉਦੋਂ ਹੀ ਉਹਦੇ ਮਨ ਵਿਚ ਰਹੱਸਮਈ ਕਹਾਣੀਆਂ ਦੇ ਵਿਚਾਰ ਆਏ, ਪਰ ਲੇਖਨ ਦੀ ਸ਼ੁਰੂਆਤ ਨਹੀਂ ਹੋਈ। 1908 ਵਿਚ ਇਕ ਬਿਮਾਰੀ ਦੌਰਾਨ ਉਸ ਨੂੰ ਪੂਰਾ ਆਰਾਮ ਮਿਲਿਆ ਅਤੇ ਲਿਖਣਾ ਸੰਭਵ ਹੋ ਗਿਆ।
ਡਾਕਟਰ ਨੇ ਉਹਨੂੰ ਪੂਰਨ ਆਰਾਮ ਦੀ ਸਲਾਹ ਦਿੱਤੀ ਸੀ। ਘਰ ਵਿਚ ਉਸ ਦੀ ਉਮਰ ਦਾ ਹੋਰ ਕੋਈ ਨਹੀਂ ਸੀ, ਸਿਰਫ ਮਾਂ ਅਤੇ ਧੀ ਸਨ। ਇਸ ਇਕੱਲਤਾ ਨੂੰ ਦੂਰ ਕਰਨ ਲਈ ਉਸ ਨੇ ਆਪਣੀ ਪਹਿਲੀ ਕਹਾਣੀ 'ਹਾਊਸ ਆਫ਼ ਬਿਊਟੀ' ਲਿਖੀ। ਉਸ ਸਮੇਂ ਦੌਰਾਨ ਉਸ ਨੇ 'ਦ ਕਾਲ ਆਫ਼ ਵਿੰਗਜ਼' ਅਤੇ 'ਦ ਲਿਟਲ ਲੋਨਲੀ ਗੌਡ' ਵਰਗੀਆਂ ਕਹਾਣੀਆਂ ਵੀ ਲਿਖੀਆਂ। ਉਸ ਨੇ ਇਕ ਨਾਵਲ 'ਸਨੋਅ ਅਪੌਨ ਦ ਡੈਜ਼ਰਟ' ਵੀ ਲਿਖਿਆ, ਜਿਸ ਦੀ ਪਿੱਠ-ਭੂਮੀ ਮਿਸਰ ਸੀ, ਪਰ ਛੇ ਪ੍ਰਕਾਸ਼ਕਾਂ ਨੇ ਇਸ ਨੂੰ ਅਸਵੀਕਾਰ ਕਰ ਦਿੱਤਾ। ਉਸ ਦੀਆਂ ਲਿਖਤਾਂ ਜਾਰੀ ਰਹੀਆਂ, ਨਾਲ ਹੀ ਸਮਾਜਿਕ ਗਤੀਵਿਧੀਆਂ ਵੀ। 1914 ਵਿਚ ਉਸ ਨੇ ਬ੍ਰਿਟਿਸ਼ ਫੌਜ ਅਧਿਕਾਰੀ ਆਰਚੀ ਕ੍ਰਿਸਟੀ ਨਾਲ ਵਿਆਹ ਕਰਵਾ ਲਿਆ ਅਤੇ ਅਗਾਥਾ ਮਿਲਰ ਤੋਂ ਅਗਾਥਾ ਕ੍ਰਿਸਟੀ ਬਣ ਗਈ।
ਪਹਿਲੇ ਵਿਸ਼ਵ ਯੁੱਧ ਦੌਰਾਨ ਉਸ ਨੇ ਇਕ ਨਰਸ ਵਜੋਂ ਸੇਵਾ ਨਿਭਾਈ। ਇਹ ਅਨੁਭਵ ਉਹਦੇ ਰਹੱਸਮਈ ਲੇਖਨ ਵਿਚ ਬਹੁਤ ਕੰਮ ਆਇਆ। ਸੈਨਿਕਾਂ ਦਾ ਇਲਾਜ ਕਰਦੇ ਸਮੇਂ ਉਸ ਨੂੰ ਵੱਖ-ਵੱਖ ਕਿਸਮਾਂ ਦੇ ਜ਼ਹਿਰਾਂ ਬਾਰੇ ਜਾਣਕਾਰੀ ਮਿਲੀ ਕਿ ਕਿਹੜੀ ਜ਼ਹਿਰ ਕਿੰਨੀ ਤੇਜ਼ ਹੈ। ਇਹ ਗਿਆਨ ਬਾਅਦ ਵਿਚ ਉਸ ਦੀਆਂ ਸਸਪੈਂਸ ਥ੍ਰਿਲਰ ਕਹਾਣੀਆਂ ਵਿਚ ਬਹੁਤ ਉਪਯੋਗੀ ਸਾਬਤ ਹੋਇਆ। ਉਹ ਹੱਤਿਆ ਲਈ ਵੱਖ-ਵੱਖ ਜ਼ਹਿਰਾਂ ਦਾ ਪ੍ਰਯੋਗ ਵਿਖਾਉਂਦੀ, ਜੋ ਪਾਠਕਾਂ ਲਈ ਬੇਹੱਦ ਦਿਲਚਸਪ ਬਣ ਜਾਂਦਾ। ਇਹ ਸਾਰਾ ਗਿਆਨ ਉਹਨੂੰ ਜੰਗ ਸਮੇਂ ਦੀ ਸੇਵਾ ਤੋਂ ਮਿਲਿਆ ਸੀ।
ਉਸ ਨੇ ਪਹਿਲੀ ਰਹੱਸ-ਕਹਾਣੀ, 'ਦ ਮਿਸਟੀਰੀਅਸ ਅਫੇਅਰ ਐਟ ਸਟਾਈਲਜ਼' 1916 ਵਿਚ ਲਿਖੀ, ਪਰ ਇਹ ਕਈ ਸਾਲਾਂ ਤੱਕ ਅਣਪ੍ਰਕਾਸ਼ਿਤ ਰਹੀ। ਅੰਤ ਵਿਚ ਇਹ 1920 ਵਿਚ ਪ੍ਰਕਾਸ਼ਿਤ ਹੋਈ, ਜਿਸਨੇ ਅਗਾਥਾ ਕ੍ਰਿਸਟੀ ਨੂੰ ਬ੍ਰਿਟਿਸ਼ ਸਾਹਿਤਕ ਹਲਕਿਆਂ ਵਿਚ ਪ੍ਰਸਿੱਧੀ ਦਿਵਾਈ। ਇਸ ਰਚਨਾ ਵਿਚ ਉਸ ਨੇ ਜਾਸੂਸ ਪਾਤਰ ਹਰਕਿਊਲ ਪਵਾਰੋ ਦੀ ਸਿਰਜਣਾ ਕੀਤੀ, ਜੋ ਕਿਸੇ ਵੀ ਜੀਵਤ ਵਿਅਕਤੀ ਵਾਂਗ ਮਸ਼ਹੂਰ ਹੋ ਗਿਆ। ਹਰਕਿਊਲ ਪਵਾਰੋ ਨੂੰ ਵਿਸ਼ਵ ਸਾਹਿਤ ਦੇ ਸਭ ਤੋਂ ਪ੍ਰਸਿੱਧ ਪਾਤਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਉਸ ਦੀਆਂ ਬਹੁਤ ਮਸ਼ਹੂਰ ਰਹੱਸਮਈ ਕਹਾਣੀਆਂ ਵਿਚ 'ਦ ਮਿਸਟਰੀ ਆਫ਼ ਦ ਬਲੂ ਟ੍ਰੇਨ', 'ਦ ਸੈਵਨ ਡਾਇਲ ਮਿਸਟ੍ਰੀ', 'ਮਰਡਰ ਐਟ ਦ ਵਿਕਰੇਜ', 'ਪੈਰਿਲ ਐਟ ਐਂਡ ਹਾਊਸ', 'ਮਰਡਰ ਆਨ ਦ ਓਰੀਐਂਟ ਐਕਸਪ੍ਰੈਸ', 'ਐਂਡਲੈੱਸ ਨਾਈਟ', 'ਕਰਟਨ: ਪਵਾਰੋ'ਜ਼ ਲਾਸਟ ਕੇਸ', 'ਏ ਮਰਡਰ ਇਜ਼ ਅਨਾਊਂਸਡ', 'ਦ ਏਬੀਸੀ ਮਰਡਰਜ਼' ਆਦਿ ਸ਼ਾਮਲ ਹਨ। ਇਨ੍ਹਾਂ ਤੇ ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿਚ ਫਿਲਮਾਂ ਵੀ ਬਣੀਆਂ ਹਨ।
ਅਗਾਥਾ ਕ੍ਰਿਸਟੀ ਇਕ ਵਾਰ ਰਹੱਸਮਈ ਢੰਗ ਨਾਲ 11 ਦਿਨਾਂ ਲਈ ਗ਼ਾਇਬ ਹੋ ਗਈ। ਇਸ ਘਟਨਾ ਬਾਰੇ ਕਈ ਸਿਧਾਂਤ ਹਨ ਅਤੇ ਇਸ 'ਤੇ ਇਕ ਫਿਲਮ ਵੀ ਬਣ ਚੁੱਕੀ ਹੈ। ਉਸ ਦੇ 66 ਸਸਪੈਂਸ ਨਾਵਲ ਅਤੇ 14 ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਅਗਾਥਾ ਕ੍ਰਿਸਟੀ ਨੇ ਅੰਗਰੇਜ਼ੀ ਵਿਚ ਕੁਝ ਵਧੀਆ ਰਹੱਸਾਂ ਦੀ ਰਚਨਾ ਕੀਤੀ, ਜਿਸਨੂੰ 'ਡਿਟੈਕਟਿਵ ਫਿਕਸ਼ਨ' ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਉਸ ਦੇ ਨਾਂ 'ਬੈਸਟ ਸੈਲਿੰਗ ਫਿਕਸ਼ਨ ਰਾਈਟਰ ਆਫ਼ ਆਲ ਟਾਈਮ' ਦਾ ਗਿਨੀਜ਼ ਰਿਕਾਰਡ ਦਰਜ ਹੈ। ਉਸ ਦਾ ਨਾਟਕ 'ਦ ਮਾਊਸਟ੍ਰੈਪ' (1952) ਦੁਨੀਆਂ ਦਾ ਸਭ ਤੋਂ ਲੰਮੇ ਸਮੇਂ ਤੱਕ ਮੰਚਿਤ ਹੋਣ ਵਾਲਾ ਨਾਟਕ ਹੈ। ਇਹ 1952 ਤੋਂ 2020 ਤੱਕ ਲਗਾਤਾਰ ਖੇਡਿਆ ਗਿਆ ਸੀ।
ਇਸ ਮਹਾਨ ਲੇਖਕ ਦਾ ਦੇਹਾਂਤ 12 ਜਨਵਰੀ, 1976 ਨੂੰ 85 ਸਾਲ ਦੀ ਉਮਰ ਵਿਚ ਹੋਇਆ ਸੀ। ਉਸ ਦੀ ਮੌਤ ਦੇ ਪੰਜਾਹ ਸਾਲ ਪੂਰੇ ਹੋਣ ਤੇ 'ਰੀਡ ਕ੍ਰਿਸਟੀ' ਚੈਲੰਜ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਉਦੇਸ਼ ਹੈ ਕਿ ਅਸੀਂ ਉਸ ਦੀਆਂ ਕਿਤਾਬਾਂ ਖੁਦ ਪੜ੍ਹੀਏ ਅਤੇ ਦੂਜਿਆਂ ਨੂੰ ਵੀ ਪੜ੍ਹਨ ਲਈ ਪ੍ਰੇਰਿਤ ਕਰੀਏ। ਲੇਖਕ ਨੂੰ ਸ਼ਰਧਾਂਜਲੀ ਦੇਣ ਦੀ ਇਹ ਪਰੰਪਰਾ ਸੱਚਮੁੱਚ ਸ਼ਲਾਘਾਯੋਗ ਹੈ। ਆਪਣੇ ਪੰਜਾਹ ਸਾਲਾਂ ਦੇ ਲੇਖਨ-ਕਾਲ ਵਿਚ ਉਸ ਨੇ ਇੰਨਾ ਵਿਸ਼ਾਲ ਕੰਮ ਕੀਤਾ ਹੈ ਕਿ ਕਿਸੇ ਵੀ ਭਾਸ਼ਾ ਵਿਚ ਜਾਸੂਸੀ ਨਾਵਲਾਂ ਦੀ ਕੋਈ ਵੀ ਚਰਚਾ ਅਗਾਥਾ ਕ੍ਰਿਸਟੀ ਤੋਂ ਬਿਨਾਂ ਅਧੂਰੀ ਰਹੇਗੀ।
ਉਸ ਦੇ ਦੋ ਸਭ ਤੋਂ ਮਸ਼ਹੂਰ ਕਿਰਦਾਰਾਂ ਲਈ ਪ੍ਰੇਰਨਾ ਕਿੱਥੋਂ ਆਈ? ਪਹਿਲੇ ਵਿਸ਼ਵ ਯੁੱਧ ਦੌਰਾਨ ਜਦੋਂ ਅਗਾਥਾ ਇਕ ਨਰਸ ਵਜੋਂ ਕੰਮ ਕਰ ਰਹੀ ਸੀ, ਬੈਲਜੀਅਮ ਸਿਪਾਹੀ ਬ੍ਰਿਟੇਨ ਦੇ ਸ਼ਰਨਾਰਥੀ ਕੈਂਪਾਂ ਵਿਚ ਸਨ। ਇਨ੍ਹਾਂ ਸਿਪਾਹੀਆਂ ਵਿਚੋਂ ਇਕ ਨੂੰ ਵੇਖ ਕੇ ਉਸ ਨੂੰ ਹਰਕਿਊਲ ਪਵਾਰੋ ਦਾ ਵਿਚਾਰ ਆਇਆ। ਅਗਾਥਾ ਕ੍ਰਿਸਟੀ ਦੇ 66 ਜਾਸੂਸੀ ਨਾਵਲਾਂ ਵਿਚੋਂ 33 ਵਿਚ ਪਵਾਰੋ ਇਕ ਪ੍ਰਮੁੱਖ ਪਾਤਰ ਹੈ। ਇਸ ਤੋਂ ਇਲਾਵਾ 51 ਛੋਟੀਆਂ ਕਹਾਣੀਆਂ ਅਤੇ ਦੋ ਨਾਟਕ ਪਵਾਰੋ 'ਤੇ ਆਧਾਰਿਤ ਹਨ। ਪਵਾਰੋ ਦੁਨੀਆਂ ਦੇ ਸਭ ਤੋਂ ਮਸ਼ਹੂਰ ਸਸਪੈਂਸ ਫਿਕਸ਼ਨ ਪਾਤਰਾਂ ਵਿਚੋਂ ਇਕ ਹੈ ਅਤੇ ਹੋਰ ਲੇਖਕਾਂ ਨੇ ਵੀ ਇਸ ਪਾਤਰ 'ਤੇ ਆਧਾਰਿਤ ਕਹਾਣੀਆਂ ਲਿਖੀਆਂ ਹਨ।
ਇਸੇ ਤਰ੍ਹਾਂ ਅਗਾਥਾ ਨੇ ਇਕ ਹੋਰ ਪ੍ਰਸਿੱਧ ਪਾਤਰ ਮਿਸ ਮਾਰਪਲ ਦੀ ਰਚਨਾ ਕੀਤੀ ਹੈ। 1927 ਵਿਚ 'ਦ ਰਾਇਲ ਮੈਗਜ਼ੀਨ' ਲਈ ਇਕ ਕਹਾਣੀ ਲਿਖਦੇ ਸਮੇਂ ਉਸ ਨੇ ਜਲਦੀ ਵਿਚ ਇਸ ਔਰਤ ਜਾਸੂਸ ਨੂੰ ਘੜਿਆ।
'ਦ ਥਰਟੀਨ ਪ੍ਰਾਬਲਮਜ਼' ਪੂਰੀ ਤਰ੍ਹਾਂ ਮਿਸ ਮਾਰਪਲ 'ਤੇ ਆਧਾਰਿਤ ਹੈ। ਇਸ ਤੋਂ ਬਾਅਦ ਵਿਚ ਉਸ ਨੇ ਇਸ ਪਾਤਰ 'ਤੇ ਕਈ ਕਹਾਣੀਆਂ ਲਿਖੀਆਂ, ਕਿਉਂਕਿ ਪਵਾਰੋ 'ਤੇ ਪਹਿਲਾਂ ਹੀ ਬਹੁਤ ਸਾਰੀਆਂ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਇਸ ਲਈ ਇਕ ਨਵੀਂ, ਉਹ ਵੀ ਔਰਤ ਜਾਸੂਸ, ਪਾਠਕਾਂ ਲਈ ਇਕ ਤਾਜ਼ਗੀ ਭਰਿਆ ਅਨੁਭਵ ਹੋਵੇਗਾ-ਇਹ ਸੋਚ ਕੇ ਇਸ ਪਾਤਰ ਦੀ ਰਚਨਾ ਕੀਤੀ ਗਈ। ਇਸ ਪਾਤਰ ਦੀ ਪ੍ਰੇਰਨਾ ਉਸ ਨੂੰ ਆਪਣੀ ਦਾਦੀ ਮਾਰਗਰੇਟ ਮਿਲਰ ਦੀ ਇਕ ਸਹੇਲੀ ਤੋਂ ਮਿਲੀ ਸੀ, ਜੋ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਭੇਦ ਜਾਣ ਲੈਂਦੀ ਸੀ। ਮਿਸ ਮਾਰਪਲ ਦਾ ਜ਼ਿਕਰ 12 ਨਾਵਲਾਂ ਅਤੇ 20 ਛੋਟੀਆਂ ਰਹੱਸਮਈ ਕਹਾਣੀਆਂ ਵਿਚ ਆਇਆ ਹੈ।

-# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
ਮੋਬਾਈਲ : 94176-92015

Ad Position 22
No active advertisement
ਪਿਛਲੀ ਖ਼ਬਰ ਪਾਰਟੀਸ਼ਨ ਮਿਊਜ਼ੀਅਮ ਦਾ 'ਟ੍ਰੀ ਆਫ਼ ਹੋਪ' ਬਣਿਆ ਉਮੀਦ ਅਤੇ ਸਾਂਝ ਦਾ ਪ੍ਰਤੀਕ ਅਗਲੀ ਖ਼ਬਰ ਗੀਤਾਂ ਰਾਹੀਂ ਡਿੱਠਾ ਸਤਿੰਦਰ ਸਰਤਾਜ
Ad Position 24
No active advertisement