ਦੁਨੀਆ ਦੇ ਲਗਭਗ ਸਭ ਧਰਮ, ਇਸ ਦਲੀਲ ਉੱਤੇ ਸਹਿਮਤੀ ਪ੍ਰਗਟ ਕਰਦੇ ਨੇ ਕਿ ਇਸ ਸੰਸਾਰ ਦੀ ਉਤਪਤੀ, ਸ਼ਬਦ ਦੇ ਜਾਂ ਲਫ਼ਜ਼ ਦੇ, 'ਆਵਾਜ਼ ਰੂਪ' ਵਿਚ ਆਉਣ ਨਾਲ ਹੋਈ ਹੈ। ਸੋ ਇਸ ਸੰਸਾਰ ਦੀ ਸਿਰਜਣਾ ਵਿਚ ਦੋ ਅੰਗ ਬੜੇ ਅਹਿਮ ਹਨ, ਇਕ ਸ਼ਬਦ ਤੇ ਦੂਜੀ ਆਵਾਜ਼, ਭਾਵ ਸੁਰ।
ਦੁਨਿਆਵੀ ਰੂਪ ਵਿਚ ਵੀ, ਪਰਮਾਤਮਾ ਜਦੋਂ ਕਿਸੇ ਉੱਤੇ ਤਰੁੱਠਦਾ ਹੈ ਤਾਂ ਵੱਡੀ ਮਿਹਰਾਮਤਿ, 'ਸ਼ਬਦ' ਜਾਂ 'ਲਫ਼ਜ਼' ਦੇ ਰੂਪ ਵਿਚ ਦੇਂਦਾ ਹੈ ਜਾਂ ਫਿਰ ਪਰਮਾਤਮਾ ਜਦੋਂ ਕਦੇ ਮਿਹਰ ਦੇ ਘਰ ਅੰਦਰ ਆਉਂਦਾ ਹੈ ਤਾਂ ਸੁਰ ਬਖਸ਼ ਦੇਂਦਾ ਹੈ, ਸੁਰੀਲਾ ਗਲ਼ਾ ਬਖਸ਼ ਦੇਂਦਾ ਹੈ। ਪਰ ਕਰੋੜਾਂ ਵਿਚੋਂ ਕੋਈ ਐਸੀ ਰੂਹ ਹੁੰਦੀ ਹੈ, ਜਿਸ ਨੂੰ ਉਹ ਖਾਸ ਗਲਵੱਕੜੀ ਅੰਦਰ ਲੈਂਦਾ ਹੋਇਆ ਸ਼ਬਦ ਅਤੇ ਸੁਰ, ਦੋਵਾਂ ਨਾਲ ਸਰਸ਼ਾਰ ਕਰ ਦੇਂਦਾ ਹੈ।
ਗੁਰੂ ਬਾਬਿਆਂ ਅਤੇ ਸੂਫ਼ੀ ਸੰਤਾਂ ਤੋਂ ਬਾਅਦ, ਆਮ ਦੁਨਿਆਵੀ ਲੋਕਾਂ ਉੱਤੇ ਵੀ ਕਿਤੇ-ਕਿਤੇ ਪਰਮਾਤਮਾ ਇਹ ਕ੍ਰਿਪਾ ਕਰਦਾ ਹੈ, ਜਿੱਥੇ ਉਹ ਰੱਬ ਸੱਚਾ, ਤਰੁੱਠ ਕੇ ਸ਼ਬਦਾਂ ਦਾ ਖਜ਼ਾਨਾ ਤੇ ਸੁਰ ਦੀ ਬਖਸ਼ਿਸ਼, ਇਕੋ ਸਰੀਰ ਨੂੰ ਕਰ ਦਿੰਦਾ।
ਅੱਜ ਜਿਹੜੀ ਸ਼ਖ਼ਸੀਅਤ ਦੀ ਬਾਤ ਪਾਉਣ ਲੱਗਿਆ ਹਾਂ, ਉਸਦੇ ਉੱਤੇ ਵੀ ਸੋਹਣੇ ਰੱਬ ਨੇ ਕੋਈ ਅਦੁੱਤੀ ਕਿਰਪਾ ਕਰ ਦਿੱਤੀ ਕਿ ਜਦੋਂ ਉਸ ਦੀ ਝੋਲੀ ਸ਼ਬਦ ਪਾਇਆ ਤੇ ਗੁਰੂ ਬਾਬਿਆਂ, ਸੂਫ਼ੀ ਸੰਤਾਂ ਤੇ ਆਲਮ ਫਾਜ਼ਿਲ ਲੋਕਾਂ ਦਾ ਅਸ਼ੀਰਵਾਦ ਵੀ ਨਾਲ ਭੇਜਿਆ ਤੇ ਜਦੋਂ ਸੁਰ ਬਖਸ਼ੀ ਤੇ ਬਾਬੇ ਮਰਦਾਨੇ ਅਤੇ ਅਮੀਰ ਖੁਸਰੋ ਵਰਗੇ ਸੁਰ ਅਮੀਰਾਂ ਦੀ, ਚਰਨ ਧੂੜ ਵੀ ਬਖਸ਼ ਦਿੱਤੀ। ਉਹ ਹੈ,
ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ, ਅੰਬਾਂ, ਸਰਕੜੇ ਤੇ ਚੋਆਂ ਦੀ ਧਰਤੀ ਦਾ ਪਲ਼ਿਆ, ਖੇਡਿਆ, ਸੁਰ ਅਤੇ ਸ਼ਬਦ ਦਾ ਅਨੋਖਾ ਸੁਮੇਲ, 'ਸਤਿੰਦਰ ਸਰਤਾਜ' ਜੋ ਸਤਿੰਦਰ ਤੋਂ ਸਰਤਾਜ ਦੀ ਮੰਜ਼ਿਲ ਉੱਤੇ ਬੜੀ ਖ਼ੂਬਸੂਰਤੀ ਨਾਲ ਜਾ ਬੈਠਾ ਹੈ।
ਹੁਸ਼ਿਆਰਪੁਰ ਗੌਰਮਿੰਟ ਕਾਲਜ, ਜਿਸਦੇ ਸਿਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਰਗੀ ਸ਼ਖ਼ਸੀਅਤ ਨੂੰ ਘੜਨ ਦਾ ਸਿਹਰਾ ਬੱਝਦਾ ਹੈ, ਉਸੇ ਕਾਲਜ ਨੂੰ ਕੋਈ ਲਗਭਗ ਅੱਧੀ ਸਦੀ ਬਾਅਦ, ਇਕ ਹੋਰ ਹੀਰਾ, ਸਰਤਾਜ ਦੇ ਰੂਪ ਵਿਚ ਘੜ ਕੇ, ਪੰਜਾਬ ਦੀ ਝੋਲ਼ੀ ਪਾਉਣ ਦਾ ਮਾਣ ਵੀ ਹਾਸਿਲ ਹੈ ।
ਪੰਜਾਬੀ ਗਾਇਕੀ ਅੰਦਰ ਬੜੇ ਕਮਾਲ ਦੇ ਗਵੱਈਏ ਹੋਏ ਹਨ, ਕਲਾਸੀਕਲ ਗਾਇਕੀ ਅੰਦਰ ਤਾਂ ਹੁਸ਼ਿਆਰਪੁਰ ਨੂੰ, ਸ਼ਾਮ ਚੁਰਾਸੀ ਘਰਾਣੇ ਦੇ ਸਲਾਮਤ ਅਲੀ ਖ਼ਾਨ ਵਰਗੇ ਵੱਡੇ ਗਵੱਈਏ ਤੇ ਪਟਿਆਲਾ ਘਰਾਣੇ ਨੂੰ, ਬੜੇ ਗੁਲਾਮ ਅਲੀ ਖਾਂ ਸਾਹਿਬ ਵਰਗੇ ਕਮਾਲ ਦੇ ਗਵੱਈਏ ਪੈਦਾ ਕਰਨ ਦਾ ਮਾਣ ਹੈ। ਲੋਕ ਗੀਤਾਂ ਅੰਦਰ ਮਾਣਕ, ਯਮਲੇ ਵਰਗੇ ਤੇ ਸੁਰਬੱਧ ਗਾਇਕੀ ਵਿਚ ਸਰਦੂਲ ਅਤੇ ਹੰਸ ਪੈਦਾ ਕਰਨ ਦਾ ਮਾਣ ਹੈ। ਪਰ ਵਿਦਵਾਨ, ਅਦੀਬ, ਜ਼ਹੀਨ ਜਾਂ ਦਾਨਿਸ਼ਮੰਦ ਦਾ ਦਰਜਾ ਹਾਸਿਲ ਕਰਨ ਦਾ ਮਾਣ ਕੇਵਲ ਸਰਤਾਜ ਦੀ ਝੋਲੀ ਪਿਆ ਹੈ। ਉਸਨੂੰ ਸੁਣਦਿਆਂ, ਕਦੇ ਮਹਿਸੂਸ ਹੁੰਦਾ ਕਿ ਉਹ ਗਵੱਈਆ ਬਹੁਤ ਵੱਡਾ ਹੈ ਪਰ ਫਿਰ ਲਗਦੈ ਕਿ ਨਹੀਂ, ਇਹ ਸ਼ਾਇਰ ਉਸ ਤੋਂ ਵੀ ਵੱਡਾ ਹੈ। ਇਸੇ ਲਈ ਪੰਜਾਬ ਦਾ ਕੁਲੀਨ ਵਰਗ ਵੀ, ਉਸ ਨੂੰ ਮੂਹਰਲੀਆਂ ਸਫ਼ਾਂ ਵਿਚ ਬੈਠ ਕੇ, ਸੁਣਨ ਵਿਚ ਮਾਣ ਮਹਿਸੂਸ ਕਰਦਾ ਹੈ।
ਸਰਤਾਜ ਤੋਂ ਪਹਿਲਾਂ, ਸ਼ਿਵ ਨੂੰ ਇਹ ਮਾਣ ਹਾਸਿਲ ਸੀ ਕਿ ਉਸਦੀ ਹਰ ਰਚਨਾ ਨੂੰ ਪੂਰਨ ਰੂਪ ਵਿਚ ਕਮਾਲ ਦਾ ਗਾਇਆ ਜਾ ਸਕਦਾ ਸੀ। ਕਿਉਂਕਿ ਸ਼ਿਵ ਕੁਮਾਰ ਬਟਾਲਵੀ ਦੀ ਝੋਲੀ ਵਿਚ, ਸ਼ਬਦ ਦੇ ਨਾਲ-ਨਾਲ, ਸੁਰ ਦੇ ਮੋਤੀ ਵੀ ਪਏ ਸਨ। ਪਰ ਜਿੱਥੇ ਸ਼ਿਵ ਨੇ ਹਮੇਸ਼ਾ ਆਪਣੀ ਨਿੱਜੀ ਪੀੜ ਨੂੰ, ਆਪਣੀ ਕਵਿਤਾ ਉੱਤੇ ਭਾਰੂ ਰੱਖਿਆ, ਉੱਥੇ ਸਰਤਾਜ ਦੀ ਕਵਿਤਾ, ਆਪਣੀ ਮਿੱਟੀ ਦੇ ਦਰਦਾਂ ਦੀ, ਲੋਕਾਈ ਦੀ, ਹਵਾ ਪਾਣੀ ਦੀ, ਵਿਰਸੇ ਅਤੇ ਰੂਹਾਨੀਅਤ ਦੀ ਗੱਲ ਕਰਦੀ ਹੋਈ, ਜਦੋਂ ਸ੍ਰੋਤੇ ਨੂੰ ਕਿਸੇ ਹੋਰ ਮੰਡਲਾਂ ਵੱਲ ਲੈ ਤੁਰਦੀ ਹੈ ਤਾਂ ਉਹ ਪੰਜਾਬ ਦੀ ਹਰ ਮਾਂ ਨੂੰ, ਆਪਣਾ ਪੁੱਤ ਮਹਿਸੂਸ ਹੁੰਦਾ ਹੈ। ਪੰਜਾਬ ਦੀ ਮਿੱਟੀ ਨੂੰ, ਪਿਆਰ ਕਰਨ ਵਾਲੇ ਹਰੇਕ ਪ੍ਰਾਣੀ ਨੂੰ ਉਹ ਆਪਣਾ ਆਪਣਾ, ਲਗਦਾ, ਆਪਣਾ ਮੁਕਾਮ ਬਹੁਤ ਉੱਚਾ ਚੁੱਕ ਲੈਂਦਾ ਹੈ।
ਅਸਲ ਵਿਚ ਸ਼ਾਇਰ ਜਦੋਂ ਖ਼ੁਦ, ਆਪਣੇ ਗੀਤ ਨੂੰ ਕਾਗਜ਼ ਉੱਤੇ ਉਤਾਰ, ਸੁਰਾਂ ਨਾਲ ਸ਼ਿੰਗਾਰਦਾ ਹੈ ਤਾਂ ਗੀਤ ਕੰਨਾਂ ਥਾਈਂ ਨਹੀਂ, ਰੂਹ ਰਾਹੀਂ ਸੁਣਿਆ ਜਾਂਦਾ ਹੈ। ਇਸ ਲਈ ਸਰਤਾਜ ਦਾ ਹਰ ਗੀਤ ਕੰਨਾਂ ਦੀ ਬਜਾਏ, ਰੂਹ ਸੁਣਦੀ ਹੈ। ਉਹਦੀ ਸ਼ਾਇਰੀ, ਗਾਗਰ ਵਿਚ ਸਾਗਰ ਅਖੌਤ ਨੂੰ ਪੂਰੀ ਤਰ੍ਹਾਂ ਪ੍ਰਣਾਈ ਹੋਈ ਹੈ। ਆਪਣੇ ਗੀਤਾਂ ਦੀ ਇਕ ਤੁਕ ਵਿਚ ਉਹ ਮੁਹੱਬਤ ਦਾ ਸਿਖਰ ਮਹਿਸੂਸ ਹੁੰਦਾ ਤੇ ਅਗਲੀ ਵਿਚ ਮਹਿਬੂਬ ਦੇ ਪੈਰਾਂ ਵਿਚ। 'ਪਾਣੀ ਪੰਜਾਂ ਦਰਿਆਵਾਂ ਵਾਲਾ' ਵਿਚ ਉਹ ਪੰਜਾਬ ਦੀ ਅਜੋਕੀ ਹਰ ਸਮੱਸਿਆ ਨੂੰ, ਇਕ ਇਕ ਸਤਰ ਅੰਦਰ ਬਿਆਨ ਕਰ ਦਿੰਦਾ ਹੈ। ਇਹ ਚਾਹੇ ਪਾਣੀਆਂ ਦੇ ਜ਼ਹਿਰੀਕਰਨ ਦੀ ਗੱਲ ਹੋਵੇ, ਅਗਲੀ ਪੀੜ੍ਹੀ ਦੇ ਆਪਣੇ ਅਮੀਰ ਵਿਰਸੇ ਤੋਂ, ਬੋਲੀ ਤੋਂ ਜਾਂ ਪਹਿਚਾਣ ਤੋਂ ਮੂੰਹ ਮੋੜਨ ਦੀ ਹੋਵੇ ਜਾਂ ਪੀੜ੍ਹੀਆਂ ਦਾ ਆਪਸੀ ਟਕਰਾਅ ਹੋਵੇ। 'ਇਹ ਵਿਰਸੇ ਦਾ ਮਸਲਾ ਮਖੌਲ ਦਾ ਨਹੀਂ ਏ' ਗਾਉਂਦਿਆਂ ਉਹ ਪੂਰੇ ਪੰਜਾਬ ਦੇ ਅਵੇਸਲੇ ਹੋ ਚੁੱਕੇ ਲੋਕਾਂ ਨੂੰ ਸਵਾਲ ਹੀ ਨਹੀਂ ਪਾਉਂਦਾ, ਸਗੋਂ ਖੂਨ ਨੂੰ, ਜ਼ਮੀਰ ਨੂੰ ਹਲੂਣਾ ਵੀ ਦਿੰਦਾ ਏ।
ਉਹਦੇ ਗੀਤ ਕੇਵਲ ਅੱਵਲ ਦਰਜੇ ਦੇ ਸਾਹਿਤ ਵਜੋਂ ਹੀ ਪ੍ਰਵਾਨ ਨਹੀਂ ਹੋਏ ਬਲਕਿ ਇਨ੍ਹਾਂ ਉੱਤੇ, ਆਉਣ ਵਾਲੇ ਸਮੇਂ ਵਿਦਿਆਰਥੀ ਐਮ.ਫਿਲ, ਪੀ.ਐਚ.ਡੀ. ਦੇ ਥੀਸਿਜ਼ ਲਿਖਦਿਆਂ ਮਾਣ ਮਹਿਸੂਸ ਕਰਨਗੇ। ਉਹਦੇ ਗੀਤਾਂ ਦੀ ਕਮਾਲ ਇਹ ਹੈ ਕਿ ਜਦੋਂ ਉਹ 'ਕਾਹਨ ਸਿੰਘ ਨਾਭੇ ਤੋਂ ਕੀ ਲੈਣਾ' ਗਾਉਂਦਾ ਹੈ ਤਾਂ ਪੰਜਾਬੀ ਦੇ ਮਹਾਨ ਗ੍ਰੰਥ 'ਮਹਾਨ ਕੋਸ਼' ਪ੍ਰਤੀ ਉਹਦੀ ਸ਼ਰਧਾ ਸਾਹਮਣੇ ਆਉਂਦੀ ਹੈ। 'ਨਿੱਕੀ ਜਿਹੀ ਕੁੜੀ' ਨੂੰ ਗਾਉਂਦਿਆਂ, ਉਹਦੀ ਬੱਚਿਆਂ ਪ੍ਰਤੀ ਮਾਸੂਮੀਅਤ ਸਾਫ਼ ਝਲਕਾਂ ਮਾਰਦੀ ਹੈ। 'ਮੋਤੀਆ, ਚਮੇਲੀ, ਬੇਲਾ, ਕੇਤਕੀ ਧਰੇਕ' ਗਾਉਂਦਿਆਂ ਦੇਖ ਲੱਗਦੈ, ਕਿ ਇਸ ਅਲਬੇਲੇ ਸ਼ਾਇਰ ਨੇ ਛੋਟੀ ਉਮਰੇ ਕਿਸੇ ਬੜੀ ਸੁਚੱਜੀ ਮਾਲਣ ਦੀ ਗੋਦੀ ਦਾ ਅਨੰਦ ਮਾਣਿਆ ਹੈ ਤੇ 'ਸਾਈਂ' ਗੀਤ ਗਾਉਂਦਿਆਂ, ਉਹ ਬਾਬੇ ਬੁੱਲੇ ਸ਼ਾਹ ਤੇ ਬਾਬੇ ਸ਼ਾਹ ਹੁਸੈਨ ਦੇ ਹੁਜ਼ਰੇ ਅੰਦਰ, 'ਸਮਾ' ਦਾ ਅਨੰਦ ਮਾਣ ਰਿਹਾ ਮਹਿਸੂਸ ਹੁੰਦਾ ਹੈ।
'ਤਬਾਦਲੇ' ਗਾਣੇ ਨੂੰ ਸੁਣਨ ਲੱਗਿਆਂ, ਇਹ ਭੁਲੇਖਾ ਪੈ ਜਾਂਦਾ ਕਿ ਇਨਸਾਨ ਸ਼ਾਇਰ ਹੈ ਜਾਂ ਕਿਸੇ ਪਿੰਡ ਦੇ ਖੇਤਾਂ ਵਿਚ ਤੁਰਿਆ ਫਿਰਦਾ ਗਿਰਦਵਾਰੀ ਕਰਦਾ ਪਟਵਾਰੀ, ਜਿੱਥੇ ਇਹ ਜਮਾਂਬੰਦੀਆਂ, ਗਿਰਦਵਾਰੀਆਂ, ਕਰਮਾਂ, ਮਰਲੇ, ਮੁਰੱਬੇ, ਲਫ਼ਜ਼ਾਂ ਦੇ ਲੱਠੇ, ਛਿਜਰੇ ਫਰੋਲਦਾ, ਉਨ੍ਹਾਂ ਨੂੰ ਮੁੜ ਜਿਊਂਦੇ ਕਰਦਾ ਹੈ। ਇੰਝ ਲਗਦੈ ਕਿ 'ਮਹਾਨ ਕੋਸ਼' ਹੁਣ ਗੀਤਾਂ ਜ਼ਰੀਏ, ਇਸ ਸ਼ਾਇਰ ਰੂਪੀ ਗਾਇਕ ਨੇ ਸਾਡੇ ਬੱਚਿਆਂ ਦੀ ਝੋਲੀ ਪਾ ਦੇਣਾ ਹੈ। ਕਦੇ ਕਦੇ ਇੰਝ ਲਗਦੈ ਕਿ ਇਹ ਗਾਇਕ, ਸਾਡੇ ਖਿੰਡ-ਪੁੰਡ ਚੁੱਕੇ ਪੁਰਾਤਨ ਸ਼ਬਦਾਂ ਦੀ ਮੁਰੱਬੇਬੰਦੀ ਕਰ, ਇਨ੍ਹਾਂ ਨੂੰ ਤਰਤੀਬ ਦੇ ਕੇ, ਸਾਡੇ ਬੱਚਿਆਂ ਦੇ ਮਨਾਂ ਵਿਚ, ਅਚੇਤ ਹੀ, ਇਨ੍ਹਾਂ ਸੋਹਣੇ ਸ਼ਬਦਾਂ ਦਾ, 'ਮੁੜ ਵਸੇਬਾ' ਕਰਵਾ ਦੇਵੇਗਾ।
ਆਪਣੇ ਗੀਤਾਂ ਵਿਚ 'ਗੱਭੇ' ਸ਼ਬਦ ਨੂੰ ਜਿਉਂਦਾ ਕਰਦਾ ਜਿੱਥੇ ਉਹ ਦੁਆਬੇ ਦਾ ਪੁੱਤ ਲੱਗਦੈ, ਉੱਥੇ 'ਥਿਆਇਆ' ਲਫਜ਼ ਆਪਣੇ ਗੀਤਾਂ ਅੰਦਰ ਵਰਤਦਿਆਂ ਉਹਦਾ ਮਾਲਵੇ ਨਾਲ ਪਿਆਰ ਵੀ ਸਾਫ ਝਲਕਦਾ ਹੈ। ' 'ਰਸੀਦ' ਗਾਣੇ ਅੰਦਰ ਉਹ ਮੁਹੱਬਤ ਦੇ ਅਸੂਲ ਸਿਖਾਉਂਦਾ ਤੇ 'ਕਿਤੇ ਨਹੀਂ ਤੇਰਾ ਰੁਤਬਾ ਘਟਦਾ' ਅੰਦਰ ਮਹਿਬੂਬ ਦੇ ਪੈਰਾਂ ਦੀ ਧੂੜ ਹੋ ਜਾਣ ਦੀ ਬਾਤ ਪਾਉਂਦਾ ਹੈ।
ਉਹਦੀ ਬਾਕੀ ਸਾਰੀ ਕਰਗੁਜ਼ਾਰੀ ਇਕ ਪਾਸੇ, ਤੇ ਉਹਦਾ 'ਜ਼ਫ਼ਰਨਾਮਾ' ਗਾ ਦੇਣਾ ਇਕ ਪਾਸੇ। ਜੋ ਕਮਾਲ ਉਸ ਨੇ, ਸਾਹਿਬ-ਏ-ਕਮਾਲ ਦੀ ਇਹ ਕਮਾਲ ਰਚਨਾ ਗਾ ਕੇ ਕੀਤਾ ਹੈ, ਉਹ ਵੀ ਇਕ ਇਤਿਹਾਸ ਹੈ। 'ਆਰਤੀ, ਆਰਤਾ' ਗਾਉਂਦਿਆਂ ਇੰਝ ਲੱਗਦੈ ਕਿ ਉਹ ਆਪਣੇ ਪਿੰਡ ਬਜਰਾਵਰ ਦੀ ਜੂਹ ਤੋਂ ਤੁਰਿਆ, ਨੇੜਲੇ ਛੇਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਪਿੰਡ' ਹਰੀਆਂ ਵੇਲਾਂ' ਵੱਲ ਨੂੰ ਜਾਂਦੀ ਕਿਸੇ ਕੱਚੀ ਡੰਡੀ ਉੱਤੇ ਤੁਰਿਆ ਜਾਂਦਾ ਗਾ ਰਿਹਾ ਹੋਵੇ।
ਸੁਰ ਤੇ ਸ਼ਬਦ ਦੀ ਵਰਖਾ, ਕਿਸੇ ਇਕ ਰੂਹ ਉੱਤੇ ਹੋ ਜਾਣੀ, ਵੱਡੀ ਕਿਰਪਾ ਹੈ ਤੇ ਮੁਮਕਿਨ ਹੈ ਕਿ ਉੱਥੇ ਹਉਮੈ ਟਿਕਦੀ ਨਹੀਂ। ਪਰ ਫਿਰ ਵੀ ਸੂਖ਼ਮ ਹਉਮੈ, ਬੜੀ ਬਲਵਾਨ ਹੁੰਦੀ ਹੈ। ਗੁਰੂ ਕ੍ਰਿਪਾ ਕਰੇ, ਹਰ ਸੁਣਨ ਵਾਲੇ ਦੀ ਦੁਆ ਵਿਚੋਂ, ਇਹ ਅਰਦਾਸ ਨਿਕਲੇ ਕਿ ਕਿਸੇ ਸੂਖਮ ਹਉਮੈ ਦਾ ਪਰਛਾਵਾਂ ਵੀ, ਇਸ ਸੁੱਚੀ ਰੂਹ ਉੱਤੇ ਨਾ ਪਵੇ। ਕਿਉਂਕਿ ਐਸੀਆਂ ਕਿਰਤਾਂ, ਹਮੇਸ਼ਾ ਸੁੱਚੀਆਂ ਰੂਹਾਂ ਹੀ ਪੈਦਾ ਕਰ ਸਕਦੀਆਂ ਨੇ ਤੇ ਅਸੀਂ ਅਜੇ ਅਜਿਹੀਆਂ ਹੋਰ ਬਹੁਤ ਸਾਰੀਆਂ ਸੁੱਚੀਆਂ ਕਿਰਤਾਂ ਦਾ ਅਨੰਦ ਮਾਣਨਾ ਹੈ। ਗੁਰੂ ਕ੍ਰਿਪਾ ਕਰਨ, ਉਹਦੀ ਕੇਵਲ, ਇਹ ਮੰਜ਼ਿਲ ਹੀ ਨਹੀਂ, ਸਗੋਂ ਉਹਦੀ ਹਰ ਅਗਲੀ ਮੰਜ਼ਿਲ, ਸਦੀਵੀ ਪੌੜੀਆਂ ਵਿਚ ਤਬਦੀਲ ਹੁੰਦੀ ਰਹੇ ਤੇ ਉਹ ਇਹ ਪੌੜੀਆਂ, ਤਾਂ ਜ਼ਿੰਦਗੀ ਚੜ੍ਹਦਾ ਰਹੇ।
ਪਰਮਾਤਮਾ ਨੇ, ਇਸ ਸਰੀਰ ਅੰਦਰ, ਗਲੇ ਤੋਂ, ਦਿਮਾਗ ਅਤੇ ਦਿਲ ਦੀ ਦੂਰੀ ਲਗਭਗ ਬਰਾਬਰ ਰੱਖੀ ਹੈ। ਇਹ ਗਾਉਣ ਵਾਲੇ ਦੀ ਕਿਸਮਤ ਹੈ ਕਿ ਉਸ ਨੇ ਆਪਣੇ ਗਲ਼ੇ ਉੱਤੇ ਦਿਮਾਗ ਦਾ ਰਾਜ ਕਰਵਾਉਣਾ ਜਾਂ ਦਿਲ ਦਾ... ਜਿਨ੍ਹਾਂ ਗਲਿਆਂ ਉੱਤੇ ਦਿਮਾਗ ਰਾਜ ਕਰਦੇ ਨੇ ਉਹ ਵਪਾਰੀ ਹੋ ਜਾਂਦੇ ਨੇ ਤੇ ਜਿਨ੍ਹਾਂ ਗਲਿਆਂ ਉੱਤੇ, ਦਿਲ ਦਾ ਰਾਜ ਹੁੰਦੈ, ਉਹ ਸਰਤਾਜ ਹੋ ਜਾਂਦੇ ਨੇ। ਮਹਾਰਾਜ ਸਤਿੰਦਰ ਸਿੰਘ ਦੇ ਗਲੇ ਉੱਤੇ, ਉਹਦੇ ਦਿਲ ਦਾ ਰਾਜ ਕਰਵਾਉਣ, ਤਾਂ ਕਿ ਉਹ ਸਦੀਵੀ ਸਰਤਾਜ ਬਣਿਆ ਰਹੇ।
ਗੀਤਾਂ ਰਾਹੀਂ ਡਿੱਠਾ ਸਤਿੰਦਰ ਸਰਤਾਜ
ਅਜੀਤ ਡੈਸਕ
05-07-2026