ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਯੂਰਪ ਵਿਚ ਗਰਮੀ ਦਾ ਕਹਿਰ

Ad Position 21
No active advertisement
ਅਜੀਤ ਡੈਸਕ 05-07-2026

ਵਿਕਾਸ ਸਾਡੇ ਲਈ ਬਹੁਤ ਜ਼ਰੂਰੀ ਹੈ ਪਰ ਇਹ ਇੰਨਾ ਜ਼ਰੂਰੀ ਨਹੀਂ ਕਿ ਇਸ ਨਾਲ ਮਨੁੱਖ ਦਾ ਜੀਵਨ ਹੀ ਦਾਅ 'ਤੇ ਲੱਗ ਜਾਵੇ।
ਕੁਦਰਤ ਦਾ ਵਿਨਾਸ਼ ਕਰਕੇ ਪੈਦਾ ਕੀਤਾ ਵਿਕਾਸ ਮਨੁੱਖ ਲਈ ਵਿਨਾਸ਼ ਸਾਬਤ ਹੋ ਰਿਹਾ ਹੈ। ਵਿਕਾਸ ਦੀ ਇਸ ਤਰਜੀਹ 'ਤੇ ਚਲਦਿਆਂ ਮਨੁੱਖ ਪਿਛਲੇ ਕਈ ਦਹਾਕਿਆਂ ਤੋਂ ਕੁਦਰਤ ਦਾ ਸਬਰ ਪਰਖ ਰਿਹਾ ਹੈ। ਜੂਨ 2026 ਵਿਚ ਯੂਰਪੀ ਦੇਸ਼ਾਂ ਵਿਚ ਪੈ ਰਹੀ ਗਰਮੀ ਦੀ ਘਟਨਾ ਰਾਹੀਂ ਕੁਦਰਤ ਸਾਨੂੰ ਦੱਸ ਰਹੀ ਹੈ ਕਿ ਬਸ ਹੁਣ ਬਹੁਤ ਹੋ ਗਿਆ। ਇਸ ਸਮੇਂ ਯੂਰਪ ਦੇ ਕਈ ਦੇਸ਼ ਭਿਆਨਕ ਗਰਮੀ ਨਾਲ ਝੁਲਸ ਰਹੇ ਹਨ। ਇਸ ਗਰਮੀ ਦੀ ਲਹਿਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਗਰਮੀ ਨਾਲ ਵੱਖ-ਵੱਖ ਦੇਸ਼ਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਮਰ ਰਹੇ ਹਨ, ਸੜਕਾਂ ਪਿਘਲ ਰਹੀਆਂ ਹਨ, ਝੀਲਾਂ ਨਦੀਆਂ ਦਾ ਪਾਣੀ ਗਰਮ ਹੋ ਰਿਹਾ ਹੈ, ਬਿਜਲੀ ਦੀ ਮੰਗ ਰਿਕਾਰਡ ਤੋੜ ਵਧ ਰਹੀ ਹੈ, ਜੰਗਲਾਂ ਨੂੰ ਅੱਗ ਲੱਗ ਰਹੀ ਹੈ, ਇੱਥੋਂ ਤੱਕ ਕਿ ਰੇਲਵੇ ਲਾਈਨਾਂ ਦੀਆਂ ਬਣਤਰਾਂ ਵਿਗੜ ਰਹੀਆਂ ਹਨ। ਇਸ ਭਿਆਨਕ ਗਰਮੀ ਵਿਚ ਮਨੁੱਖ ਲਈ ਰੁੱਖ ਆਸਰਾ ਵੀ ਬਣ ਰਹੇ ਹਨ ਅਤੇ ਮਨੁੱਖ ਦੀਆਂ ਆਪ-ਹੁਦਰੀਆਂ ਦਾ ਖਮਿਆਜ਼ਾ ਭੁਗਤਦੇ ਝੁਲਸ ਵੀ ਰਹੇ ਹਨ।
ਤਪਸ਼ ਦੇ ਸੰਕਟ ਦੀ ਸਿਰਜਣਾ:- ਮੌਸਮ ਵਿਗਿਆਨੀਆਂ ਅਨੁਸਾਰ ਇਸ ਸੰਕਟ ਦਾ ਸਿਰਜਕ ਮਨੁੱਖ ਆਪ ਹੈ। ਇਨ੍ਹਾਂ ਠੰਢੇ ਮੁਲਕਾਂ ਵਿਚ ਜਿੱਥੇ, ਏ.ਸੀ., ਪੱਖਿਆਂ ਦੀ ਕਦੇ ਲੋੜ ਨਹੀਂ ਸੀ ਪਈ, ਇਨ੍ਹਾਂ ਮੁਲਕਾਂ ਵਿਚ ਵੀ ਭਿਆਨਕ ਗਰਮੀ ਦੇ ਕਹਿਰ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਜੰਗਲਾਂ, ਰੁੱਖਾਂ ਦੀ ਕਟਾਈ ਅਤੇ ਡੀਜ਼ਲ, ਪੈਟਰੋਲ ਅਤੇ ਕੋਲੇ ਦੀ ਅੰਨ੍ਹੀ ਵਰਤੋਂ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਅਰਸੇ ਤੋਂ ਮਾਹਿਰ, ਲੇਖਕ, ਮੌਸਮ ਅਤੇ ਭੂ-ਵਿਗਿਆਨੀ ਜਦੋਂ 'ਗਲੋਬਲ ਵਾਰਮਿੰਗ' ਦੀ ਗੱਲ ਕਰਦੇ ਸਨ ਤਾਂ ਬਹੁਤ ਸਾਰੇ ਲੋਕਾਂ ਵਲੋਂ ਇਹ ਕਿਹਾ ਜਾਂਦਾ ਸੀ ਕਿ ਇਨ੍ਹਾਂ ਵਲੋਂ ਇਸ ਵਿਸ਼ੇ 'ਤੇ ਲਿਖਣਾ, ਬੋਲਣਾ ਤੇ ਲੋਕਾਂ ਨੂੰ ਡਰਾਉਣਾ ਇਕ ਫੈਸ਼ਨ ਬਣ ਗਿਆ ਹੈ।
ਕਿਵੇਂ ਬਣਦੀ ਹੈ ਗਰਮ ਹਵਾ ਦੀ ਲਹਿਰ :- ਗਰਮੀ ਦੀ ਰੁੱਤ ਦੌਰਾਨ ਜਦੋਂ ਕਿਸੇ ਇਲਾਕੇ ਵਿਚ ਕੁਝ ਹੱਦ ਤੱਕ ਗਰਮੀ ਵਧਦੀ ਹੈ ਤਾਂ ਉੱਪਰਲੀ ਹਵਾ ਦੇ ਦਬਾਅ ਕਰਕੇ ਧਰਤੀ ਦੀ ਪਰਤ ਦੇ ਨੇੜੇ ਵਾਲੀ ਗਰਮ ਹਵਾ ਉੱਪਰ ਨਹੀਂ ਉੱਠਦੀ, ਜਿਸ ਨਾਲ ਉਸ ਖਾਸ ਇਲਾਕੇ ਵਿਚ ਹੀਟ ਡੌਮ ਬਣ ਜਾਂਦਾ ਹੈ। ਹੀਟ ਡੋਮ ਦਾ ਭਾਵ ਹੈ ਗਰਮ ਹਵਾਵਾਂ ਦਾ ਅਜਿਹਾ ਗੁੰਬਦ ਜਾਂ ਢੱਕਣ, ਜਿਸ ਤੋਂ ਗਰਮੀ ਦਾ ਨਿਕਾਸ ਨਹੀਂ ਹੁੰਦਾ। ਜਦੋਂ ਇਸ ਦਾ ਸਮਾਂ ਦੋ ਜਾਂ ਤਿੰਨ ਦਿਨ ਤੋਂ ਵੱਧ ਹੋ ਜਾਂਦਾ ਹੈ ਤਾਂ ਇਹ ਹੀਟ ਵੇਵਜ਼ ਵਿਚ ਤਬਦੀਲ ਹੋ ਜਾਂਦਾ ਹੈ। ਇਸ ਨਾਲ ਫਿਰ ਸੰਬੰਧਿਤ ਇਲਾਕਿਆਂ ਵਿਚ ਭਿਆਨਕ ਗਰਮੀ ਪੈਣ ਲਗਦੀ ਹੈ ਜੋ ਮਨੁੱਖ ਸਮੇਤ ਸਭ ਜੀਵ ਜਾਤੀਆਂ ਲਈ ਜਾਨਲੇਵਾ ਸਾਬਤ ਹੁੰਦੀ ਹੈ। ਹੀਟ ਡੌਮ ਜਿੰਨਾ ਲੰਮਾ ਸਮਾਂ ਬਣਿਆ ਰਹਿੰਦਾ ਹੈ ਗਰਮੀ ਦੀ ਭਿਆਨਿਕਤਾ ਉੱਨੀ ਹੀ ਵਧਦੀ ਜਾਂਦੀ ਹੈ। ਇਸ ਪੂਰੀ ਪ੍ਰਕਿਰਿਆ ਨੂੰ ਹੀਟ ਵੇਵਜ਼ ਭਾਵ ਗਰਮੀ ਦੀ ਲਹਿਰ ਜਾਂ ਗਰਮੀ ਦੀਆਂ ਲਹਿਰਾਂ ਕਿਹਾ ਜਾਂਦਾ ਹੈ। ਸੀਮਤ ਸਮੇਂ ਲਈ ਹੀਟ ਵੇਵਜ਼ ਦਾ ਬਣਨਾ ਓਨਾ ਘਾਤਕ ਨਹੀਂ ਹੁੰਦਾ ਪਰ ਜਦੋਂ ਇਸ ਦਾ ਸਮਾਂ ਤਿੰਨ ਜਾਂ ਚਾਰ ਦਿਨ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਫਿਰ ਇਸ ਨਾਲ ਜਿਊਣਾ ਮੁਹਾਲ ਹੋ ਜਾਂਦਾ ਹੈ। ਯੂਰਪੀ ਦੇਸ਼ਾਂ ਵਿਚ ਇਸ ਗਰਮੀ ਦੀ ਰੁੱਤ ਵਿਚ ਬਣੀ ਰਿਕਾਰਡ ਤੋੜ ਹੀਟ ਵੇਵ ਨੇ ਮਨੁੱਖ ਨੂੰ ਵਾਤਾਵਰਨ ਸੰਬੰਧੀ ਗੰਭੀਰਤਾ ਨਾਲ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ।
ਗਰਮੀ ਦਾ ਪ੍ਰਕੋਪ ਤੇ ਹਾਲਾਤ:- 2026 ਦੀਆਂ ਗਰਮੀਆਂ ਯੂਰਪੀ ਦੇਸ਼ਾਂ ਹੀ ਨਹੀਂ, ਬਲਕਿ ਪੂਰੀ ਦੁਨੀਆ ਦੇ ਦੇਸ਼ਾਂ ਲਈ ਇਕ ਤਰ੍ਹਾਂ ਨਾਲ ਸੰਕਟ ਦਾ ਸੰਦੇਸ਼ ਲੈ ਕੇ ਆਈਆਂ ਹਨ। ਜਿਵੇਂ ਅਸੀਂ ਹਰ ਦਿਨ ਕੁਦਰਤੀ ਮਾਹੌਲ ਨੂੰ ਤਬਾਹ ਕਰਕੇ ਅਖੌਤੀ ਵਿਕਾਸ ਦੇ ਰਾਹ ਤੁਰੇ ਹੋਏ ਹਾਂ, ਇਹ ਸਾਡੇ ਲਈ ਬੇਹੱਦ ਘਾਤਕ ਹੈ। ਇਸ ਸਮੇਂ ਪੁਰਤਗਾਲ, ਸਵਿਟਜ਼ਰਲੈਂਡ, ਇਟਲੀ, ਸਪੇਨ, ਫਰਾਂਸ, ਇੰਗਲੈਂਡ, ਗਰੀਸ, ਜਰਮਨੀ, ਬੈਲਜੀਅਮ, ਹੰਗਰੀ, ਆਸਟਰੀਆ ਆਦਿ ਵਰਗੇ ਮੁਲਕਾਂ ਜਿੱਥੇ ਲੋਕਾਂ ਨੂੰ ਕਦੇ ਗਰਮੀ ਦਾ ਅਹਿਸਾਸ ਵੀ ਨਹੀਂ ਹੋਇਆ ਸੀ, ਇੱਥੇ ਲੋਕ ਭਿਆਨਕ ਗਰਮੀ ਦਾ ਕਹਿਰ ਝੱਲ ਰਹੇ ਹਨ ਤੇ ਜਾਨਾਂ ਗੁਆ ਰਹੇ ਹਨ। ਇੱਥੋਂ ਦੇ ਲੋਕਾਂ ਨੂੰ ਕਦੇ ਵੀ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਨਾ ਹੀ ਇੱਥੇ ਗਰਮੀ ਨੂੰ ਮੁੱਖ ਰੱਖ ਕੇ ਘਰ ਬਣਾਏ ਜਾਂਦੇ ਹਨ, ਸਗੋਂ ਇਸ ਦੇ ਉਲਟ ਇੱਥੇ ਤਾਂ ਸਖਤ ਸਰਦੀ ਤੋਂ ਬਚਾਅ ਨੂੰ ਮੁੱਖ ਰੱਖਦਿਆਂ ਘਰਾਂ ਦੀ ਉਸਾਰੀ ਕੀਤੀ ਜਾਂਦੀ ਹੈ। ਇਨ੍ਹਾਂ ਠੰਢੇ ਮੁਲਕਾਂ ਦੇ ਵਸਨੀਕ ਲੋਕਾਂ ਨੂੰ ਗਰਮੀ ਵਿਚ ਰਹਿਣ ਅਤੇ ਇਸ ਨੂੰ ਸਹਿਣ ਕਰਨ ਦੀ ਆਦਤ ਨਹੀਂ, ਇਸ ਲਈ ਵੀ ਲੋਕ ਹਾਲੋਂ ਬੇਹਾਲ ਹੋ ਰਹੇ ਹਨ। ਗਰਮੀ ਤੋਂ ਬਚਾਅ ਕਰਨ ਲਈ ਲੋਕ ਰੁੱਖਾਂ, ਪਾਰਕਾਂ ਦੇ ਖੁੱਲ੍ਹੇ ਮਾਹੌਲ ਅਤੇ ਨਹਿਰਾਂ, ਨਦੀਆਂ ਅਤੇ ਝੀਲਾਂ ਦੇ ਪਾਣੀਆਂ ਦਾ ਆਸਰਾ ਲੈ ਰਹੇ ਹਨ। ਆਕਸੀਜਨ ਘਟਣ ਅਤੇ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋਏ ਲੋਕ ਵੱਡੀ ਗਿਣਤੀ 'ਚ ਹਸਪਤਾਲਾਂ ਵਿਚ ਵਿਚ ਦਾਖਲ ਹੋ ਰਹੇ ਹਨ। ਜ਼ਿਆਦਾਤਰ 65 ਸਾਲ ਤੋਂ ਵੱਧ ਉਮਰ ਦੇ ਲੋਕ ਮਰ ਰਹੇ ਹਨ।
ਜੀਵ-ਜੰਤੂਆਂ 'ਤੇ ਬਨਸਪਤੀ 'ਤੇ ਅਸਰ: ਹਰ ਸਾਲ ਵਧ ਰਹੇ ਗਰੀਨ ਹਾਊਸ ਗੈਸਾਂ ਦੇ ਪ੍ਰਭਾਵ ਨੇ ਧਰਤੀ ਦੀ ਬਨਸਪਤੀ ਨੂੰ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਨਵੇਂ ਬੂਟਿਆਂ ਦੇ ਰੁੱਖ ਬਣਨ ਦੀ ਦਰ ਘੱਟ ਹੋਣ ਲੱਗ ਪਈ ਹੈ। ਜੰਗਲਾਂ ਨੂੰ ਅੱਗਾਂ ਲੱਗਣ ਦੀਆਂ ਘਟਨਾਵਾਂ ਵਿਚ ਇਕ ਤੇਜ਼ੀ ਆ ਗਈ ਹੈ। ਅੱਗਾਂ ਲੱਗਣ ਦੀਆਂ ਘਟਨਾਵਾਂ ਨਾਲ ਜਿੱਥੇ ਵਾਤਾਵਰਨ ਵਿਚ ਇਕਦਮ ਭਿਆਨਕ ਗਰਮੀ ਦਾ ਪ੍ਰਕੋਪ ਵਧ ਜਾਂਦਾ ਹੈ, ਉੱਥੇ ਕਈ ਕਿਲੋਮੀਟਰਾਂ ਦੇ ਇਲਾਕੇ ਵਿਚੋਂ ਰੁੱਖਾਂ ਬਨਸਪਤੀਆਂ ਦਾ ਸਫਾਇਆ ਹੋ ਜਾਂਦਾ ਹੈ ਜਿਸ ਨਾਲ ਅਗਲੇ ਸਾਲਾਂ ਦੌਰਾਨ ਗਰਮੀ ਦੀ ਤਪਸ਼ ਹੋਰ ਵਧਦੀ ਹੈ। ਇਸ ਤਪਸ਼ ਤੇ ਗਰੀਨ ਹਾਊਸ ਗੈਸਾਂ ਦੇ ਇਸ ਸੰਕਟ ਦਾ ਸਿਰਜਕ ਮਨੁੱਖ ਆਪ ਹੈ। ਮਨੁੱਖ ਜੋ ਆਪਣੇ-ਆਪ ਨੂੰ ਧਰਤੀ ਦਾ ਪੁੱਤਰ ਅਤੇ ਧਰਤੀ ਦਾ ਸਭ ਤੋਂ ਉੱਤਮ ਜੀਵ ਆਖਦਾ ਹੈ ਪਰ ਇਸ ਦੀਆਂ ਗਤੀਵਿਧੀਆਂ ਨਾਲ ਹੁਣ ਦੂਜੇ ਜੀਵਾਂ ਦੀ ਹੋਂਦ ਵੀ ਖਤਰੇ ਵਿਚ ਪੈ ਗਈ ਹੈ। ਕਈ ਜੀਵ ਜਾਤੀਆਂ ਧਰਤੀ ਤੋਂ ਲੁਪਤ ਹੋਣ ਦੇ ਕੰਢੇ 'ਤੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਧਰਤੀ ਦੀਆਂ ਮੌਸਮੀ ਤਬਦੀਲੀਆਂ ਹਨ। ਪਾਣੀ ਵਿਚ ਰਹਿਣ ਵਾਲੇ ਜਲ ਜੀਵ ਗਰਮ ਪਾਣੀ ਵਿਚ ਆਪਣਾ ਵਿਕਾਸ ਨਹੀਂ ਕਰ ਸਕਦੇ। ਇਸ ਕਰਕੇ ਗਰਮੀ ਦੌਰਾਨ ਇਹ ਵੱਡੀ ਗਿਣਤੀ ਵਿਚ ਮਰਨ ਲੱਗ ਪੈਂਦੇ ਹਨ। ਗੱਡੀਆਂ-ਮੋਟਰਾਂ, ਏ.ਸੀਆਂ, ਫਰਿਜਾਂ, ਫੈਕਟਰੀਆਂ, ਕਾਰਖਾਨਿਆਂ ਤੋਂ ਹੁੰਦੇ ਪ੍ਰਦੂਸ਼ਣ ਨਾਲ ਜਿੱਥੇ ਜਿੱਥੇ ਸਾਡੀ ਹਵਾ ਜ਼ਹਿਰੀਲੀ ਹੋ ਰਹੀ ਹੈ, ਉੱਥੇ ਇਸ ਅਖੌਤੀ ਵਿਕਾਸ 'ਤੇ ਚਲਦਿਆਂ ਧਰਤੀ ਦਾ ਤਾਪਮਾਨ ਵੀ ਵਧ ਰਿਹਾ ਹੈ। ਇਸ ਵਧ ਰਹੇ ਤਾਪਮਾਨ ਨਾਲ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਰਹੇ ਹਨ, ਜੋ ਮਨੁੱਖ ਸਮੇਤ ਦੂਜੀਆਂ ਜੀਵ ਜਾਤੀਆਂ ਅਤੇ ਧਰਤੀ ਦੀਆਂ ਬਨਸਪਤੀਆਂ ਲਈ ਘਾਤਕ ਹਨ।
ਸਮਝਣ ਵਾਲੀ ਬਰੀਕ ਗੱਲ: ਇੱਥੇ ਜਿਸ ਗੱਲ ਨੂੰ ਅਸੀਂ ਬਿਲਕੁਲ ਹੀ ਅਣਗੌਲਿਆ ਕਰ ਰਹੇ ਹਾਂ ਉਹ ਸਮਝਣ ਵਾਲੀ ਗੱਲ ਇਹ ਹੈ ਕਿ ਜਿਸ ਆਲਮੀ ਤਪਸ਼ ਦਾ ਸੰਤਾਪ ਦੁਨੀਆ ਹੰਡਾਅ ਰਹੀ ਹੈ, ਉਸ ਸਥਿਤੀ ਤੋਂ ਵਕਤੀ ਰਾਹਤ ਲਈ ਜੋ ਕੁਝ ਕੀਤਾ ਜਾਂਦਾ ਹੈ ਉਸ ਨਾਲ ਮੌਸਮੀ ਵਿਗਾੜ ਹੋਰ ਵਧਦੇ ਹਨ। ਜਿਵੇਂ ਇਸ ਸਮੇਂ ਗਰਮੀ ਤੋਂ ਤੁਰੰਤ ਨਿਜਾਤ ਲਈ ਉਨ੍ਹਾਂ ਦੇਸ਼ਾਂ ਵਿਚ ਵੀ ਏ. ਸੀ. ਲਾਉਣ ਦੀ ਹੋੜ ਲੱਗੀ ਹੋਈ ਹੈ ਜਿੱਥੇ ਕਦੇ ਪੱਖੇ ਦੀ ਵੀ ਲੋੜ ਨਹੀਂ ਸੀ ਹੁੰਦੀ। ਏ. ਸੀ. ਅਤੇ ਫਰਿਜਾਂ ਦੀ ਭਰਮਾਰ ਨਾਲ ਮੌਸਮੀ ਤਪਸ਼ ਹੋਰ ਵਧਦੀ ਹੈ ਅਤੇ ਗਰੀਨ ਹਾਊਸ ਗੈਸਾਂ ਵਿਚ ਵਾਧਾ ਕਰਦੀ ਹੈ। ਵੱਧ ਗਰਮੀ ਦਾ ਮਤਲਬ ਹੈ ਵੱਧ ਊਰਜਾ ਦੀ ਲੋੜ। ਵੱਧ ਊਰਜਾ ਦੀ ਖਪਤ ਦਾ ਸਿੱਧਾ ਭਾਵ ਹੈ ਕਿ ਵੱਧ ਗਰਮੀ ਪੈਦਾ ਹੋਵੇਗੀ। ਇਸ ਸਾਈਕਲ ਨੂੰ ਸਮਝਣ ਦੀ ਲੋੜ ਹੈ। ਦੁਨੀਆ ਭਰ ਦੇ ਦੇਸ਼ਾਂ ਨੂੰ ਇਸ ਸਾਈਕਲ ਨੂੰ ਤੋੜਨ ਦੀ ਲੋੜ ਹੈ।
ਕੀ ਕੀਤਾ ਜਾਵੇ: ਦੁਨੀਆ ਭਰ ਵਿਚ ਰੁੱਖਾਂ ਨੂੰ ਲਾਏ ਜਾਣ ਦੀ ਵੱਡੀ ਮੁਹਿੰਮ ਛੇੜੇ ਜਾਣ ਦੀ ਲੋੜ ਹੈ। ਰੁੱਖਾਂ ਨੂੰ ਪਾਲਣ, ਇਨ੍ਹਾਂ ਦੀ ਦੇਖ-ਭਾਲ ਕਰਨ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਧਰਤੀ ਤੋਂ ਹਰ ਤਰ੍ਹਾਂ ਦੇ ਜੰਗਲਾਂ ਨੂੰ ਕੱਟੇ ਜਾਣ 'ਤੇ ਸਖ਼ਤ ਪਾਬੰਦੀਆਂ ਲਾਉਣ ਦੀ ਲੋੜ ਹੈ। ਹਰ ਮਨੁੱਖ ਤੱਕ ਇਹ ਗੱਲ ਪਹੁੰਚਾਉਣ ਦੀ ਲੋੜ ਹੈ ਕਿ ਅਸੀਂ ਇਸ ਅਖੌਤੀ ਵਿਕਾਸ ਦੇ ਰਾਹ 'ਤੇ ਚਲਦਿਆਂ ਆਪਣੀਆਂ ਨਸਲਾਂ ਦਾ ਭਵਿੱਖ ਤਬਾਹ ਕਰ ਰਹੇ ਹਾਂ। ਦੁਨੀਆ ਭਰ ਦੀ ਰਾਜਨੀਤੀ ਦੀ ਤਰਜੀਹ ਜੋ 'ਅਖੌਤੀ ਵਿਕਾਸ' ਦੀ ਦਰ 'ਤੇ ਟਿਕੀ ਹੋਈ ਹੈ, ਇਸ ਤਰਜੀਹ ਨੂੰ 'ਅਖੌਤੀ ਵਿਕਾਸ' ਤੋਂ ਬਦਲ ਕੇ 'ਜੀਵਨ ਲਈ' ਕਰਨ ਦੀ ਲੋੜ ਹੈ। ਹਰ ਤਰ੍ਹਾਂ ਦੇ ਮਕਾਨਾਂ, ਦੁਕਾਨਾਂ, ਸੜਕਾਂ ਦੀਆਂ ਬਣਤਰਾਂ ਅਜਿਹੀਆਂ ਬਣਾਈਆਂ ਜਾਣ ਕਿ ਇਨ੍ਹਾਂ ਦੁਆਲੇ ਰੁੱਖਾਂ, ਬੂਟਿਆਂ ਦੀ ਭਰਮਾਰ ਹੋਵੇ, ਤਾਂ ਕਿ ਘੱਟ ਤੋਂ ਘੱਟ ਤਪਸ਼ ਪੈਦਾ ਹੋਵੇ। ਦੁਨੀਆ ਦੇ ਵੱਡੀ ਗਿਣਤੀ ਭਾਵ 95 ਫ਼ੀਸਦੀ ਲੋਕ ਮਾਸ ਖਾਂਦੇ ਹਨ। ਇਸ ਮਾਸ ਨੂੰ ਪੈਦਾ ਕਰਨ ਲਈ ਹਰ ਦਿਨ ਲੱਖਾਂ ਪਸ਼ੂਆਂ, ਜਾਨਵਰਾਂ ਦੀ ਬਲੀ ਦਿੱਤੀ ਜਾਂਦੀ ਹੈ। ਇਨ੍ਹਾਂ ਜਾਨਵਰਾਂ ਦੀ ਖੁਰਾਕ ਲਈ ਦੁਨੀਆ ਭਰ ਵਿਚ ਟਨਾਂ ਦੇ ਟਨ ਅਨਾਜ ਅਤੇ ਬਨਸਪਤੀਆਂ ਦਾ ਉਜਾੜਾ ਕੀਤਾ ਜਾਂਦਾ ਹੈ। ਦੁਨੀਆ ਨੂੰ ਇਹ ਦੱਸਣ ਦੀ ਲੋੜ ਹੈ ਕਿ ਆਪਣੀਆਂ ਖੁਰਾਕੀ ਲੋੜਾਂ ਲਈ ਜਾਨਵਰਾਂ, ਪਸ਼ੂਆਂ ਦੀ ਬਜਾਏ ਕੁਦਰਤ 'ਤੇ ਨਿਰਭਰਤਾ ਵਧਾਈ ਜਾਵੇ।
ਵਾਤਾਵਰਨ ਵਿਚ ਵਧ ਰਹੀ ਤਪਸ਼ ਅਤੇ ਇਸ ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਦਾ ਮਸਲਾ ਇੰਨਾ ਗੰਭੀਰ ਹੈ ਕਿ ਅਸੀਂ ਅਤੇ ਸਾਡੀ ਰਾਜਨੀਤਕ ਵਿਵਸਥਾ ਨੂੰ ਚਲਾਉਣ ਵਾਲੀਆਂ ਧਿਰਾਂ ਇਸ ਪ੍ਰਤੀ ਓਨੀਆਂ ਗੰਭੀਰ ਨਹੀਂ ਹਨ। ਇਹ ਅਜਿਹਾ ਸੰਕਟ ਹੈ, ਜਿਸ ਨੇ ਭਵਿੱਖ ਵਿਚ ਹੋਰ ਵਧਦੇ ਜਾਣਾ ਹੈ। ਪਰ ਅਸੀਂ ਧਰਤੀ ਦੇ ਲੋਕ 'ਜੀਵਨ ਦੀ ਤਰਜੀਹ' ਛੱਡ ਕੇ ਉਸ ਅਖੌਤੀ ਵਿਕਾਸ ਵੱਲ ਵਧ ਰਹੇ ਹਾਂ, ਜਿਸ ਦਾ ਅੰਤ ਵਿਨਾਸ਼ ਹੈ। ਸਾਡੇ ਦੇਸ਼ ਭਾਰਤ ਵਿਚ ਵੀ ਲੂ ਵਗਣ ਦਾ ਸਮਾਂ ਵਧ ਰਿਹਾ ਹੈ ਮੌਨਸੂਨ ਦਾ ਪੈਟਰਨ ਬਦਲ ਰਿਹਾ ਹੈ। ਕੁਝ ਮਾਹਿਰਾਂ ਵਲੋਂ ਇਹ ਕਿਹਾ ਜਾਣਾ ਕਿ ਹੁਣ ਲੋਕਾਂ ਨੂੰ ਸਖ਼ਤ ਗਰਮੀ ਵਿਚ ਰਹਿਣ ਦੀ ਆਪਣੇ-ਆਪ ਨੂੰ ਆਦਤ ਪਾ ਲੈਣੀ ਚਾਹੀਦੀ ਹੈ, ਇਹ ਬੇਹੱਦ ਨਿੰਦਣਯੋਗ ਵੀ ਹੈ ਅਤੇ ਅਫ਼ਸੋਸਨਾਕ ਵੀ ਹੈ। ਚਾਹੀਦਾ ਤਾਂ ਇਹ ਹੈ ਕਿ ਅਸੀਂ ਜਿਹੜੀਆਂ ਤਰਜੀਹਾਂ 'ਤੇ ਚੱਲ ਕੇ ਆਪਣੀ ਤਬਾਹੀ ਦੇ ਕਾਗਜ਼ਾਂ 'ਤੇ ਦਸਤਖ਼ਤ ਕੀਤੇ ਹਨ, ਉਸ ਤਬਾਹਕੁੰਨ ਅਖੌਤੀ ਵਿਕਾਸ ਤੋਂ ਮੁੜ ਕੇ ਅਸੀਂ ਧਰਤੀ 'ਤੇ ਹਰ ਤਰ੍ਹਾਂ ਦੇ ਜੀਵਨ ਲਈ ਸਾਜ਼ਗਾਰ ਹਾਲਾਤ ਪੈਦਾ ਕਰਨ ਵੱਲ ਮੁੜੀਏ। ਇਹ ਯਤਨ ਅਖੌਤੀ ਵਿਕਾਸ ਦੇ ਰਾਹ ਤੋਂ ਹਟ ਕੇ ਮੁਨਾਫ਼ੇ ਦੀ ਅੰਨ੍ਹੀ ਦੌੜ ਛੱਡ ਕੇ ਕੁਦਰਤ ਨਾਲ ਇਕਮਿਕਤਾ ਬਣਾ ਕੇ ਕੀਤੇ ਜਾਣੇ ਚਾਹੀਦੇ ਹਨ। ਇਸ ਸਮੇਂ ਮਨੁੱਖ ਨੇ ਕੁਦਰਤ ਨਾਲ ਜੰਗ ਵਿੱਢੀ ਹੋਈ। ਇਹ ਜੰਗ ਜੇਕਰ ਇਸੇ ਰੂਪ ਵਿਚ ਜਾਰੀ ਰਹੀ ਤਾਂ ਮਨੁੱਖ ਇਸ ਧਰਤੀ ਤੋਂ ਆਪਣੀਆਂ ਨਸਲਾਂ ਦਾ ਭਵਿੱਖ ਗਵਾ ਲਵੇਗਾ। ਕੁਦਰਤ ਨਾਲ ਕੀਤਾ ਹਰ ਧੋਖਾ ਇਕ ਨਾ ਇਕ ਦਿਨ ਮਨੁੱਖ ਨਾਲ ਹਿਸਾਬ ਕਰਦਾ ਹੈ। ਸਾਨੂੰ ਸਮਝਣ ਦੀ ਲੋੜ ਹੈ ਕਿ ਧਰਤੀ ਦੀ ਸਿਹਤ ਹੀ ਮਨੁੱਖ ਦੀ ਅਸਲ ਸਿਹਤ ਹੈ।

-ਜ਼ੀਰਾ। ਮੋਬਾਈਲ : 98550-51099

Ad Position 22
No active advertisement
ਪਿਛਲੀ ਖ਼ਬਰ ਗੀਤਾਂ ਰਾਹੀਂ ਡਿੱਠਾ ਸਤਿੰਦਰ ਸਰਤਾਜ ਅਗਲੀ ਖ਼ਬਰ 07-04-2026 knaoya
Ad Position 24
No active advertisement