ਕਾਲੇ-ਕਾਲੇ ਬੱਦਲਾਂ ਦੇ ਨਾਲ
ਕਾਲਾ ਅਸਮਾਨ ਹੋ ਗਿਆ,
ਕਿੱਥੇ ਰੱਖੀਏ ਲੁਕੋ ਕੇ ਤੈਨੂੰ ਕਣਕੇ
ਨੀ ਸਮਾਂ ਬੇਈਮਾਨ ਹੋ ਗਿਆ।
ਧੀਆਂ-ਪੁੱਤਰਾਂ ਦੇ ਵਾਂਗੂ
ਜੋ ਫ਼ਸਲਾਂ ਸੀ ਪਾਲੀਆਂ,
ਮੀਂਹ-ਝੱਖੜ ਨੇ ਧਰਤੀ ਦੇ
ਉੱਪਰ ਵਿਛਾਲੀਆਂ,
ਬੇਮੌਸਮੀ ਬਾਰਿਸ਼ ਦੇ ਨਾਲ
ਡਾਹਢਾ ਨੁਕਸਾਨ ਹੋ ਗਿਆ,
ਕਿੱਥੇ ਰੱਖੀਏ× ... ...।
ਅੰਨਦਾਤਾ ਮੰਨ ਬੈਠਾ
ਇਹ ਰੱਬੀ ਭਾਣੇ ਨੀ,
ਮਿੱਟੀ ਵਿਚ ਰੁਲ ਗਏ ਨੇ
ਸੋਨੇ ਜਿਹੇ ਦਾਣੇ ਨੀ,
ਗੜਿਆਂ ਦੀ ਮਾਰ ਨਾਲ
ਫ਼ਸਲਾਂ ਦਾ ਘਾਣ ਹੋ ਗਿਆ,
ਕਿੱਥੇ ਰੱਖੀਏ× ... ...।
ਫ਼ਸਲਾਂ ਕਿਸਾਨਾਂ ਨੂੰ ਤਾਂ
ਜਾਨ ਤੋਂ ਪਿਆਰੀਆਂ,
ਇਨ੍ਹਾਂ ਦੇ ਹੀ ਸਿਰ ਲਾਵੇ
ਅੰਬਰੀਂ ਉਡਾਰੀਆਂ,
ਹਾਸੇ ਗਏ ਨੇ ਗੁਆਚ ਦੇਖ
ਰੱਬ ਕਹਿਰਵਾਨ ਹੋ ਗਿਆ,
ਕਿੱਥੇ ਰੱਖੀਏ... ...।
ਹੱਥ ਪੀਲੇ ਕਰਨੇ ਆ
ਧੀ ਮੁਟਿਆਰ ਦੇ,
ਬੈਂਕ ਦੀਆਂ ਕਿਸ਼ਤਾਂ ਤੇ
ਨਾਲੇ ਸ਼ਾਹੂਕਾਰ ਦੇ,
ਫ਼ਿਕਰਾਂ ਦਾ ਸੀਨੇ ਵਿੱਚੋਂ
ਆਰ ਪਾਰ ਬਾਣ ਹੋ ਗਿਆ,
ਕਿੱਥੇ ਰੱਖੀਏ× ... ...।
ਮਸਤੇ ਵਾਲਾ ਭੁੱਲਰ ਕਰੇ
ਇਹੋ ਅਰਦਾਸ ਜੀ,
ਅੰਨਦਾਤਾ ਦੇਸ਼ ਦਾ ਨਾ
ਹੋਵੇ ਉਦਾਸ ਜੀ,
ਹਾਲ ਵੇਖ ਦੁੱਖੜਾ ਕਿਸਾਨੀ ਦਾ
ਬਿਆਨ ਹੋ ਗਿਆ,
ਕਿੱਥੇ ਰੱਖੀਏ ਲੁਕੋ ਕੇ ਤੈਨੂੰ ਕਣਕੇ,
ਨੀ ਸਮਾਂ ਬੇਈਮਾਨ ਹੋ ਗਿਆ।
-ਹਰਦੇਵ ਸਿੰਘ ਭੁੱਲਰ
ਪਿੰਡ ਮਸਤੇ ਵਾਲਾ (ਜ਼ੀਰਾ)
ਮੋਬਾਈਲ : 94173-19048