15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗਰਮੀਆਂ ਵਿਚ ਲੱਗਣ ਵਾਲੇ ਫੁੱਲਾਂ ਦੇ ਬੂਟੇ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026

ਆਉਣ ਵਾਲੇ ਦਿਨਾਂ 'ਚ ਤਾਪਮਾਨ ਚੜ੍ਹਨ ਦਾ ਅਨੁਮਾਨ ਹੈ। ਲੋਕ ਘਰਾਂ ਤੇ ਦਫ਼ਤਰਾਂ ਦੀ ਸਜਾਵਟੀ ਅਤੇ ਸਿਹਤ ਤੇ ਦਿਲ ਨੂੰ ਖੁਸ਼ਨੁਮਾ ਬਣਾਈ ਰੱਖਣ ਲਈ ਫੁੱਲ ਲਗਾਉਂਦੇ ਹਨ। ਫੁੱਲਾਂ ਦੀ ਕਾਸ਼ਤ ਹੁਣ ਵਪਾਰਕ ਵੀ ਬਣ ਰਹੀ ਹੈ। ਸਰਦੀਆਂ 'ਚ ਫੁੱਲ ਲਗਾਉਣ ਲਈ ਤਾਂ ਫੁੱਲਾਂ ਦੀਆਂ ਕਈ ਕਿਸਮਾਂ ਹਨ ਜਿਵੇਂ ਗੈਂਦਾ, ਗੁਲਾਬ, ਗੁਲਦਾਉਦੀ ਆਦਿ। ਗੁਲਦਾਉਦੀ ਤੇ ਗੁਲਾਬ ਅਜਿਹੀਆਂ ਕਿਸਮਾਂ ਹਨ, ਜੋ ਮੁਕਾਬਲਿਆਂ 'ਚ ਵੀ ਜਾਂਦੀਆਂ ਹਨ। ਗੁਲਾਬ ਦਾ ਫੁੱਲ ਪੰਜ ਤਾਰਾ ਹੋਟਲਾਂ ਅਤੇ ਵੱਡੀਆਂ-ਵੱਡੀਆਂ ਥਾਵਾਂ 'ਤੇ ਮਹਿੰਗਾ ਵਿਕਦਾ ਹੈ। ਗੁਲਦਾਉਦੀ ਦੇ ਫੁੱਲਾਂ ਨਾਲ ਭਰਿਆ ਇਕ ਗਮਲਾ 200 ਤੋਂ 300 ਰੁਪਏ ਤੱਕ ਵਿੱਕ ਜਾਂਦਾ ਹੈ। ਪਰ ਗਰਮੀਆਂ 'ਚ ਫੁੱਲ ਲਗਾਉਣ ਨੂੰ ਰਵਾਇਤੀ ਫੁੱਲਾਂ ਦੀ ਕੋਈ ਸਫ਼ਲ ਕਿਸਮ ਨਜ਼ਰ ਨਹੀਂ ਆਉਂਦੀ। ਫੁੱਲਾਂ ਤੇ ਫ਼ਲਾਂ ਦੇ ਮਾਹਿਰ ਬਾਗ਼ਬਾਨੀ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਗਰਮੀਆਂ 'ਚ ਲਗਾਉਣ ਵਾਲੇ ਫੁੱਲਾਂ ਦੀ ਭਾਵੇਂ ਕੋਈ ਰਵਾਇਤੀ ਕਿਸਮ ਉਪਲੱਬਧ ਨਹੀ ਪਰ ਫਿਰ ਵੀ ਆਲੇ ਦੁਆਲੇ ਨੂੰ ਸੁੰਦਰ ਤੇ ਮਨਮੋਹਕ ਬਣਾਇਆ ਜਾ ਸਕਦਾ ਹੈ। ਦੇਸੀ ਫੁੱਲਾਂ ਦੀਆਂ ਕਿਸਮਾਂ ਦੀ ਬਜਾਏ ਹੁਣ ਨਰਸਰੀਆਂ 'ਚ ਹਾਈਬ੍ਰਿਡ ਕਿਸਮਾਂ ਦੇ ਫੁੱਲਾਂ ਦੀ ਪਨੀਰੀ ਮਿਲ ਜਾਂਦੀ ਹੈ, ਜਿਨ੍ਹਾਂ 'ਚੋਂ ਇਹ ਕਿਸਮਾਂ ਲਗਾਈਆਂ ਜਾ ਸਕਦੀਆਂ ਹਨ:-
ਦੁਪਹਿਰ ਖਿੜੀ-ਇਸ ਨੂੰ ਅੰਗਰੇਜ਼ੀ 'ਚ 'ਪਾਰਚੂਲਾਕਾ' ਕਹਿੰਦੇ ਹਨ। ਇਸ ਦੇ ਕਈ ਰੰਗ ਜਿਵੇਂ ਸੰਤਰੀ, ਜਾਮਣੀ, ਲਾਲ, ਗੁਲਾਬੀ, ਪੀਲਾ ਤੇ ਚਿੱਟਾ ਮਿਲ ਜਾਂਦੇ ਹਨ। ਇਹ ਜ਼ਿਆਦਾ ਧੁੱਪ ਵਾਲੀ ਜਗ੍ਹਾ, ਕਿਨਾਰਿਆਂ ਅਤੇ ਹੈਂਗਿੰਗ ਬਾਸਕਿਟ, ਘੱਟ ਡੂੰਘੇ ਗਮਲੇ ਅਤੇ ਗਰਾਊਂਡ ਕਵਰ ਦੇ ਤੌਰ 'ਤੇ ਲਗਾਏ ਜਾ ਸਕਦੇ ਹਨ।
ਕੋਚੀਆ-ਗਰਮੀਆਂ 'ਚ ਲਗਾਉਣ ਲਈ ਅਨੁਕੂਲ ਇਸ ਕਿਸਮ ਨੂੰ ਭਾਵੇਂ ਫੁੱਲ ਤਾਂ ਨਹੀਂ ਲਗਦੇ ਪਰ ਇਸ ਦਾ ਬੂਟਾ ਗਲੋਬ ਦੀ ਤਰ੍ਹਾਂ ਹੁੰਦਾ ਹੈ ਅਤੇ ਪੱਤੇ ਹਰੇ ਰੰਗ ਦੇ ਸੁੰਦਰ ਦਿਖਾਈ ਦਿੰਦੇ ਹਨ। ਇਸ ਦੇ ਬੂਟੇ ਬਾਰਡਰ 'ਤੇ, ਗਮਲਿਆਂ 'ਚ ਅਤੇ ਪਰਦਾ ਕਰਨ ਲਈ ਵੀ ਵਰਤੇ ਜਾਂਦੇ ਹਨ।
ਸੂਰਜਮੁਖੀ-ਸੂਰਜਮੁਖੀ ਦੀ ਹਾਈਬ੍ਰਿਡ ਮਧਰੀ ਕਿਸਮ ਦੀ ਪਨੀਰੀ ਮਿਲ ਜਾਂਦੀ ਹੈ। ਇਸ ਦੇ ਫੁੱਲਾਂ ਦਾ ਰੰਗ ਪੀਲਾ, ਸੰਤਰੀ ਤੇ ਤਾਂਬੇ ਵਰਗਾ ਹੁੰਦਾ ਹੈ। ਇਸ ਦੀ ਪਨੀਰੀ ਬਾਰਡਰ ਬਣਾਉਣ ਲਈ, ਬੈੱਡਾਂ 'ਤੇ ਅਤੇ ਪਰਦਾ ਕਰਨ ਲਈ ਵੀ ਲਾਈ ਜਾ ਸਕਦੀ ਹੈ। ਇਸ ਦੇ ਫੁੱਲ ਕੱਟ ਫਲਾਵਰ ਦੇ ਤੌਰ 'ਤੇ ਵਰਤੇ ਜਾ ਸਕਦੇ ਹਨ।
ਗਮਫਰੀਨਾ-ਇਸ ਦੇ ਫੁੱਲਾਂ ਦਾ ਰੰਗ ਜਾਮਣੀ, ਸੰਤਰੀ, ਗੁਲਾਬੀ, ਚਿੱਟਾ, ਗੂੜ੍ਹਾ ਲਾਲ ਹੁੰਦਾ ਹੈ। ਇਸ ਦੇ ਬੂਟੇ ਬੈੱਡਾਂ, ਬਾਰਡਰ ਅਤੇ ਗਮਲੇ 'ਚ ਲਾਏ ਜਾ ਸਕਦੇ ਹਨ।
ਗਲਾਰਡੀਆ-ਇਸ ਦਾ ਫੁੱਲ ਪੀਲਾ, ਸੰਤਰੀ, ਭੂਰਾ ਤੇ ਕਰਿਮਸਨ ਰੰਗ ਦਾ ਹੋ ਸਕਦਾ ਹੈ। ਇਹ ਸਿਰਫ਼ ਬੈੱਡਾਂ 'ਤੇ ਹੀ ਲਾਏ ਜਾ ਸਕਦੇ ਹਨ ਤੇ ਫੁੱਲਾਂ ਨੂੰ ਕੱਟ ਫਲਾਵਰ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ।
ਕਾਸਮਾਸ-ਇਸ ਦੇ ਫੁੱਲਾਂ ਦਾ ਰੰਗ ਪੀਲਾ, ਸੰਤਰੀ, ਆਫ ਵ੍ਹਾਈਟ ਅਤੇ ਗੂੜ੍ਹਾ ਲਾਲ ਹੁੰਦਾ ਹੈ। ਇਸ ਦੇ ਬੂਟੇ ਵੀ ਬੈੱਡਾਂ ਅਤੇ ਬਾਰਡਰਾਂ 'ਤੇ ਲਾਏ ਜਾ ਸਕਦੇ ਹਨ। ਕੋਰੀਆਬਸਸ-ਇਸ ਕਿਸਮ ਦੇ ਫੁੱਲਾਂ ਦਾ ਰੰਗ ਪੀਲਾ ਅਤੇ ਸੈਂਟਰ 'ਚ ਮੈਰੂਨ ਹੁੰਦਾ ਹੈ। ਇਹ ਬੈੱਡਾਂ 'ਤੇ, ਪਰਦੇ ਲਈ ਅਤੇ ਬਾਰਡਰ 'ਤੇ ਲਾਏ ਜਾ ਸਕਦੇ ਹਨ। ਇਨ੍ਹਾਂ ਹਾਈਬ੍ਰਿਡ ਕਿਸਮਾਂ ਤੋਂ ਇਲਾਵਾ ਅਪ੍ਰੈਲ ਮਈ 'ਚ ਅਮਰੈਂਥਸ, ਸੀਲੋਸੀਆ, ਕੋਕਸਕੌਂਬ, ਬਾਲਸਮ, ਸਦਾਬਹਾਰ ਫੁੱਲਾਂ ਦੀ ਪਨੀਰੀ ਲਾਈ ਜਾ ਸਕਦੀ ਹੈ। ਇਹ ਕਿਸਮਾਂ ਜੁਲਾਈ ਤੋਂ ਸਤੰਬਰ ਅਕਤੂਬਰ ਤੱਕ ਫੁੱਲਾਂ ਦੀ ਬਹਾਰ ਲੈ ਆਉਂਦੀਆਂ ਹਨ। ਇਨ੍ਹਾਂ ਸਾਰੇ ਫੁੱਲਾਂ ਦੀ ਪਨੀਰੀ ਲਾਉਣ ਤੋਂ 10 15 ਦਿਨ ਪਹਿਲਾਂ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਿਸ 'ਚ ਕਿਆਰੀ ਨੂੰ 6 10 ਇੰਚ ਡੂੰਘਾ ਪੁੱਟ ਕੇ ਘੱਟੋ ਘੱਟ ਇਕ ਹਫ਼ਤਾ ਧੁੱਪ ਲਗਾਓ। ਫਿਰ 5 ਕਿਲੋ ਚੰਗੀ ਗਲੀ ਸੜੀ ਰੂੜੀ ਖਾਦ, 30 ਗ੍ਰਾਮ ਕਿਸਾਨ ਖਾਦ ਜਾਂ 20 ਗ੍ਰਾਮ ਯੂਰੀਆ ਖਾਦ, 45 ਗ੍ਰਾਮ ਸੁਪਰ ਫਾਸਫੇਟ ਅਤੇ 30 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਵਰਗ ਮੀਟਰ ਪਾਓ। ਇਨ੍ਹਾਂ ਖਾਦਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਫਿਰ ਹਲਕੀ ਸਿੰਜਾਈ ਕਰੋ। ਧੁੱਪ ਆਉਣ 'ਤੇ ਦੁਪਹਿਰੋਂ ਬਾਅਦ ਪਨੀਰੀ ਲਾ ਕੇ ਪਾਣੀ ਦੇ ਦੇਣਾ ਚਾਹੀਦਾ ਹੈ। ਦੋ ਢਾਈ ਹਫ਼ਤੇ ਬਾਅਦ 20 ਗ੍ਰਾਮ ਯੂਰੀਆ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਪਾਓ।
ਗਮਲੇ 'ਚ ਫੁੱਲ ਲਾਉਣ ਲਈ ਮਿਸ਼ਰਣ ਤਿਆਰ ਕਰੋ, ਜਿਸ 'ਚ 30 ਗ੍ਰਾਮ ਕਿਸਾਨ ਖਾਦ ਜਾਂ 20 ਗ੍ਰਾਮ ਯੂਰੀਆ, 45 ਗ੍ਰਾਮ ਸੁਪਰ ਫਾਸਫੇਟ ਤੇ 20 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਪਾਓ। ਫਿਰ ਗਮਲੇ 'ਚ ਕੋਈ ਛੇਦ ਕਰ ਕੇ ਵਿਚ ਠੀਕਰੀ ਦਾ ਪੀਸ ਰੱਖ ਕੇ ਇਹ ਮਿਸ਼ਰਣ ਪਾ ਦੇਣਾ ਚਾਹੀਦਾ ਹੈ। ਉਪਰੰਤ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ। ਇਕ ਗਮਲੇ 'ਚ 3 3 ਪਨੀਰੀ ਦੇ ਪੌਦੇ ਲਾਏ ਜਾ ਸਕਦੇ ਹਨ। ਕੀੜੇ ਮਕੌੜਿਆਂ ਤੋਂ ਬਚਾਅ ਲਈ ਮੈਲਾਥੀਆਨ ਜਾਂ ਰੋਗੋਰ ਦਵਾਈ 2 ਮਿ.ਲਿ. ਪ੍ਰਤੀ ਲੀਟਰ ਪਾਣੀ 'ਚ ਪਾ ਕੇ ਸਪਰੇਅ ਕਰੋ। ਉੱਲੀ ਰੋਗਾਂ ਤੋਂ ਬਚਾਅ ਲਈ ਡਾਈਥੇਨ ਐਮ-45 ਦੀ 2 ਗ੍ਰਾਮ ਮਾਤਰਾ ਨੂੰ ਪ੍ਰਤੀ ਲੀਟਰ ਪਾਣੀ 'ਚ ਪਾ ਕੇ ਸਪਰੇਅ ਕਰੋ। ਇਹ ਬਾਰਾਦਰੀ ਬਾਗ ਪਟਿਆਲਾ, ਪੀ.ਏ.ਯੂ. ਲੁਧਿਆਣਾ ਤੇ ਹੋਰ ਪ੍ਰਾਈਵੇਟ ਨਰਸਰੀਆਂ ਤੋਂ ਵੀ ਖ਼ਰੀਦੀ ਜਾ ਸਕਦੀ ਹੈ। ਭਾਰਤੀ ਖੇਤੀ ਖੋਜ ਸੰਸਥਾਨ (ਆਈ.ਏ.ਆਰ.ਆਈ.) ਵਲੋਂ ਵੀ ਫੁੱਲਾਂ ਦੀਆਂ ਕਈ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਪੀ.ਏ.ਯੂ. ਵੀ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਲੋਕ ਵਾਤਾਵਰਨ ਸੰਬੰਧੀ ਵਧ ਰਹੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਹੋ ਰਹੇ ਹਨ ਤੇ ਆਪਣੇ ਘਰਾਂ ਤੇ ਪਾਰਕਾਂ 'ਚ ਵੱਖ ਵੱਖ ਤਰ੍ਹਾਂ ਦੇ ਫੁੱਲ ਲਾ ਰਹੇ ਹਨ। ਬੇਰੁਜ਼ਗ਼ਾਰ ਵਿਅਕਤੀ ਫੁੱਲ ਬੂਟੇ ਗਮਲਿਆਂ ਸਮੇਤ ਵੇਚ ਕੇ ਮੁਨਾਫ਼ਾ ਕਮਾ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਕਣਕੇ ਅਗਲੀ ਖ਼ਬਰ ਕੰਢੀ ਖੇਤਰ 'ਚ ਸਾਉਣੀ ਦੀਆਂ ਫ਼ਸਲਾਂ : ਘੱਟ ਖ਼ਰਚਾ, ਵੱਧ ਮੁਨਾਫ਼ਾ
Ad Position 24