15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੰਢੀ ਖੇਤਰ 'ਚ ਸਾਉਣੀ ਦੀਆਂ ਫ਼ਸਲਾਂ : ਘੱਟ ਖ਼ਰਚਾ, ਵੱਧ ਮੁਨਾਫ਼ਾ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026

ਪੰਜਾਬ 'ਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਇਕ ਪਾਸੇ ਜਿੱਥੇ ਸਾਉਣੀ ਦੀ ਮੁੱਖ ਫ਼ਸਲ ਝੋਨੇ ਨੂੰ ਬਦਲਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਫ਼ਸਲੀ ਵਿਭਿੰਨਤਾ ਵਾਲੇ ਕੰਢੀ ਖੇਤਰ 'ਚ ਮੀਂਹ 'ਤੇ ਨਿਰਭਰ ਖੇਤੀ ਤੋਂ ਚੰਗਾ ਉਤਪਾਦਨ ਲੈਣਾ ਵੀ ਇਕ ਚੁਣੌਤੀ ਵਾਲਾ ਕੰਮ ਹੈ। ਕੰਢੀ ਖੇਤਰ ਦੀ ਜ਼ਿਆਦਾਤਰ ਖੇਤੀ ਮੀਂਹ 'ਤੇ ਆਧਾਰਿਤ ਹੈ ਤੇ ਇੱਥੇ ਸਿੰਚਾਈ ਦੇ ਸਾਧਨਾਂ ਦੀ ਘਾਟ ਹੈ। ਕੰਢੀ ਇਲਾਕੇ ਦੀਆਂ ਜ਼ਮੀਨਾਂ ਜ਼ਿਆਦਾਤਰ ਰੇਤਲੀਆਂ ਹਨ। ਇਨ੍ਹਾਂ ਦੀ ਪਾਣੀ ਸੰਭਾਲਣ ਦੀ ਸਮਰੱਥਾ ਬਹੁਤ ਘੱਟ ਹੈ। ਇਸ ਲਈ ਕੰਢੀ ਖੇਤਰ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਤੇ ਚੰਗੀ ਵਿਉਂਤਬੰਦੀ ਨਾਲ ਖੇਤੀ ਕਰਨ ਦੀ ਲੋੜ ਹੈ। ਸਾਉਣੀ ਰੁੱਤੇ ਮੱਕੀ ਕੰਢੀ ਖੇਤਰ ਦੀ ਮੁੱਖ ਫ਼ਸਲ ਹੈ ਪਰ ਇਸ ਦੇ ਨਾਲ-ਨਾਲ ਬਾਜਰਾ, ਮੂੰਗੀ, ਮਾਂਹ, ਸੋਇਆਬੀਨ, ਮੂੰਗਫਲੀ ਤੇ ਤਿਲਾਂ ਦੀ ਖੇਤੀ ਵੀ ਕੰਢੀ ਖੇਤਰ 'ਚ ਕੀਤੀ ਜਾਂਦੀ ਹੈ। ਇਨ੍ਹਾਂ ਸਾਉਣੀ ਫ਼ਸਲਾਂ ਦੀ ਚੰਗੀ ਪੈਦਾਵਾਰ ਲਈ ਬਹੁਤ ਜ਼ਰੂਰੀ ਹੈ ਕਿ ਮੀਂਹ ਦੇ ਪਾਣੀ ਦੀ ਸੰਭਾਲ ਤੇ ਉਪਲਬਧ ਪਾਣੀ ਦੀ ਸੁਚੱਜੀ ਵਰਤੋਂ, ਬਿਜਾਈ, ਜੈਵਿਕ ਤੇ ਅਜੈਵਿਕ ਖਾਦਾਂ ਦੇ ਸੁਮੇਲ ਨਾਲ ਸੰਯੁਕਤ ਪੋਸ਼ਟਿਕ ਪ੍ਰਬੰਧ, ਨਦੀਨਾਂ ਦੀ ਰੋਕਥਾਮ, ਅੰਤਰ-ਫ਼ਸਲੀ ਪ੍ਰਣਾਲੀ ਆਦਿ ਸਿਫ਼ਾਰਸ਼ਾਂ ਨੂੰ ਅਪਣਾਇਆ ਜਾਵੇ। ਇਸ ਲਈ ਸਾਉਣੀ ਦੀਆਂ ਫ਼ਸਲਾਂ ਦੀ ਸਫ਼ਲ ਕਾਸ਼ਤ ਲਈ ਹੇਠ ਲਿਖੀਆਂ ਸਿਫ਼ਾਰਸ਼ਾਂ ਮੁੱਖ ਹਨ:-
ਜ਼ਮੀਨ ਪੱਧਰੀ ਕਰਨਾ-ਕਿਸਾਨ ਆਪਣੇ ਖੇਤ ਪੱਧਰੇ ਕਰਨ। ਇਸ ਨਾਲ ਭੋਂ-ਖੋਰ ਘਟਦਾ ਹੈ ਤੇ ਖੇਤ ਦੀ ਪਾਣੀ ਦੇ ਜੀਰਨ ਦੀ ਮਾਤਰਾ ਵਧ ਜਾਂਦੀ ਹੈ। ਅਜਿਹਾ ਕਰਨ ਨਾਲ ਮੱਕੀ ਦੀ ਫ਼ਸਲ ਦਾ ਜੰਮ ਵਧੀਆ ਹੋਵੇਗਾ। ਪੱਧਰੀ ਜ਼ਮੀਨ 'ਚ ਬੀਜ, ਖਾਦ ਤੇ ਪਾਣੀ ਇਕ ਸਾਰ ਰਹੇਗਾ ਅਤੇ ਖ਼ਰਚਾ ਵੀ ਘੱਟ ਹੋਵੇਗਾ। ਵੱਟਾਂ ਮਜ਼ਬੂਤ ਕਰਨੀਆਂ-ਮੌਨਸੂਨ ਤੋਂ ਪਹਿਲਾਂ ਖੇਤਾਂ ਦੀਆਂ ਚਾਰ-ਚੁਫੇਰੇ ਵਾਲੀਆ ਵੱਟਾਂ ਉੱਚੀਆਂ ਕਰੋ। ਅਜਿਹਾ ਕਰਨ ਨਾਲ ਮਿੱਟੀ ਦੀ ਉੱਪਰਲੀ ਸਤ੍ਹਾ ਤੋਂ ਪਾਣੀ ਦਾ ਵਹਾਅ ਘਟ ਜਾਂਦਾ ਹੈ ਤੇ ਪਾਣੀ ਨੂੰ ਖੇਤ 'ਚ ਜੀਰਨ ਲਈ ਵੱਧ ਸਮਾਂ ਮਿਲ ਜਾਂਦਾ ਹੈ, ਜਿਸ ਨਾਲ ਖੇਤ 'ਚੋਂ ਪਾਣੀ ਤੇ ਮਿੱਟੀ ਦਾ ਰੋੜ੍ਹ ਘਟਦਾ ਹੈ। ਖੇਤ ਦੀ ਵਹਾਈ-ਘੱਟ ਪਾਣੀ ਵਾਲੇ ਤੇ ਬਰਾਨੀ ਖੇਤਰਾਂ 'ਚ ਖੇਤਾਂ ਦੀ ਵਹਾਈ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਖੇਤ ਦੀ ਪਰਤ ਖ਼ੁਰਦਰੀ ਹੋ ਕੇੇ ਖੁੱਲ੍ਹ ਜਾਂਦੀ ਹੈ ਅਤੇ ਮਿੱਟੀ 'ਚ ਮੀਂਹ ਦੇ ਪਾਣੀ ਦਾ ਰਸਾਅ ਵਧਦਾ ਹੈ, ਪਾਣੀ ਨੂੰ ਮਿੱਟੀ 'ਚ ਜੀਰਨ ਲਈ ਵੱਧ ਸਮਾਂ ਮਿਲਦਾ ਹੈ ਤੇ ਮਿੱਟੀ ਦਾ ਰੋੜ੍ਹ ਵੀ ਘਟਦਾ ਹੈ। ਮੀਂਹ ਦੇ ਪਹਿਲੇ ਛਰਾਟਿਆਂ ਪਿੱਛੋਂ ਖੇਤ ਦੀ ਢਲਾਣ ਦੇ ਉਲਟ ਵਹਾਈ ਕਰਨ ਨਾਲ ਮੀਂਹ ਦਾ ਪਾਣੀ ਖੇਤ ਵਿਚ ਵਧੇਰੇ ਤੇ ਇਕਸਾਰ ਜਜ਼ਬ ਹੋ ਜਾਂਦਾ ਹੈ। ਇਸ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਤੇ ਜ਼ਮੀਨ 'ਚ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹਿੰਦੀ ਹੈ। ਸਿੱਟੇ ਵਜੋਂ ਮੱਕੀ ਦੀ ਫ਼ਸਲ ਦੀ ਵਧੀਆ ਪੈਦਾਵਾਰ ਹੁੰਦੀ ਹੈ।
ਫ਼ਸਲਾਂ ਦੀ ਚੋਣ-ਸਮੇਂ ਸਿਰ ਮੀਂਹ ਪੈਣ 'ਤੇ ਕੰਢੀ ਖੇਤਰ ਦੀਆਂ ਚੰਗੀਆਂ ਜ਼ਮੀਨਾਂ 'ਤੇ ਮੱਕੀ ਦੀ ਖੇਤੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੇ ਮੀਂਹ 15 ਜੁਲਾਈ ਤੋਂ ਬਾਅਦ ਪਵੇ ਤਾਂ ਮਾਂਹ, ਮੂੰਗੀ ਤੇ ਤਿਲਾਂ ਦੀ ਖੇਤੀ ਨੂੰ ਪਹਿਲ ਦੇਣੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ 'ਚ ਸਮੇਂ ਸਿਰ ਬਿਜਾਈ ਲਈ ਮਾਂਹ, ਸੋਇਆਬੀਨ, ਬਾਜਰਾ (ਦਾਣਿਆਂ ਤੇ ਚਾਰੇ ਲਈ), ਮੂੰਗਫਲੀ, ਤਿਲ ਤੇ ਮੂੰਗੀ ਦੀ ਫ਼ਸਲ ਬੀਜਣੀ ਚਾਹੀਦੀ ਹੈ। ਪਛੇਤੀ ਬਿਜਾਈ ਲਈ ਬਾਜਰਾ, ਚਾਰੇ ਲਈ ਮੱਕੀ, ਮੂੰਗੀ ਅਤੇ ਤਿਲ ਢੁਕਵੀਆਂ ਫ਼ਸਲਾਂ ਹਨ।
ਫ਼ਸਲਾਂ ਦੀਆਂ ਕਿਸਮਾਂ-ਬਰਾਨੀ ਖੇਤੀ ਲਈ ਮੱਕੀ ਦੀ ਪੀਐਮਐਚ-2, ਪ੍ਰਕਾਸ਼, ਜੇਸੀ-12 ਤੇ ਜੇਸੀ-4, ਮੂੰਗੀ ਦੀ ਐਮਐਲ-2056 ਤੇ ਐਮਐਲ-1808, ਮਾਂਹ ਦੀਆਂ ਮਾਂਹ-883 ਤੇ ਮਾਂਹ-114, ਸੋਇਆਬੀਨ ਦੀ ਐਸਐਲ-958 ਤੇ ਐਸਐਲ-744, ਤਿਲ ਦੀਆਂ ਪੰਜਾਬ ਤਿਲ ਨੰ.-2 ਤੇ ਆਰਟੀ-346, ਮੂੰਗਫਲੀ ਦੀਆਂ ਜੇ-87 ਤੇ ਟੀਜੀ-37 ਏ ਅਤੇ ਬਾਜਰੇ ਦੀਆਂ ਪੀਸੀਬੀ-167, ਪੀਸੀਬੀ-166 ਅਤੇ ਪੀਸੀਬੀ-165 ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਬਿਜਾਈ ਦਾ ਸਮਾਂ ਤੇ ਬੀਜ ਦੀ ਮਾਤਰਾ-ਮੱਕੀ ਦੀ ਬਿਜਾਈ 20 ਜੂਨ ਤੋਂ 7 ਜੁਲਾਈ ਤੱਕ, ਮੂੰਗੀ ਦੀ ਜੁਲਾਈ ਦੇ ਦੂਜੇ ਪੰਦਰ੍ਹਵਾੜੇ, ਮਾਂਹ ਤੇ ਮੂੰਗਫਲੀ ਦੀ ਬਿਜਾਈ ਮੌਨਸੂਨ ਸ਼ੁਰੂ ਹੋਣ 'ਤੇ, ਸੋਇਆਬੀਨ ਦੀ ਜੂਨ ਦੇ ਪਹਿਲੇ ਪੰਦਰ੍ਹਵਾੜੇ, ਤਿਲ ਦੀ ਮੌਨਸੂਨ ਸ਼ੁਰੂ ਹੋਣ 'ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਅਤੇ ਬਾਜਰੇ ਦੀ ਜੁਲਾਈ ਦੇ ਸ਼ੁਰੂ 'ਚ ਬਿਜਾਈ ਕਰ ਦੇਣੀ ਚਾਹੀਦੀ ਹੈ। ਮੱਕੀ ਦਾ 10 ਕਿਲੋ, ਮੂੰਗੀ ਦਾ 8 ਕਿਲੋ, ਮਾਂਹ ਦਾ 6-8 ਕਿਲੋ, ਸੋਇਆਬੀਨ ਦਾ 25-30 ਕਿਲੋ, ਮੂੰਗਫਲੀ ਦੀ ਜੇ-87 ਕਿਸਮ ਦਾ 48 ਤੇ ਟੀਜੀ-37ਏ ਦਾ 37 ਕਿਲੋ, ਤਿਲ ਦਾ 1 ਕਿਲੋ ਅਤੇ ਬਾਜਰੇ ਦਾ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਬੀਜ ਨੂੰ ਟੀਕਾ ਲਾਉਣਾ-ਮੱਕੀ ਦੇ ਬੀਜ ਨੂੰ ਅੱਧਾ ਕਿਲੋ ਕਨਸ਼ੋਰਸ਼ੀਅਮ ਜੀਵਾਣੂ ਖਾਦ ਦੇ ਨਾਲ, ਜਦਕਿ ਮੂੰਗੀ ਤੇ ਮਾਂਹ ਦੇ ਬੀਜ ਨੂੰ ਰਾਈਜ਼ੋਬੀਅਮ, ਸੋਇਆਬੀਨ ਦੇ ਬੀਜ ਨੂੰ ਬਰੈਡੀਰਾਈਜ਼ੋਬੀਅਮ ਕਲਚਰ (ਪੈਕਟ) ਨਾਲ ਇਕ ਲਿਟਰ ਪਾਣੀ ਵਿਚ ਮਿਲਾ ਕੇ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਛਾਵੇਂ ਪੱਕੇ ਫ਼ਰਸ਼ 'ਤੇ ਖਿਲਾਰ ਕੇ ਸੁਕਾ ਲਓ ਤੇ ਛੇਤੀ ਬੀਜ ਦਿਓ।
ਖਾਦਾਂ ਦਾ ਪ੍ਰਬੰਧ-ਮੱਕੀ-ਕਣਕ ਫ਼ਸਲ ਪ੍ਰਣਾਲੀ ਲਈ 6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨਾਈਟ੍ਰੋਜਨ 32 ਕਿਲੋਗ੍ਰਾਮ ਤੇ ਫਾਸਫੋਰਸ 16 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਮਿੱਟੀ ਪਰਖ ਤੋਂ ਉਪਰੰਤ 8 ਕਿਲੋਗ੍ਰਾਮ ਪ੍ਰਤੀ ਏਕੜ ਪੋਟਾਸ਼ ਵਰਤਿਆ ਜਾ ਸਕਦਾ ਹੈ। ਘੱਟ ਪਾਣੀ ਸੰਭਾਲਣ ਦੀ ਸਮੱਰਥਾ ਵਾਲੀਆਂ ਜ਼ਮੀਨਾਂ 'ਚ ਨਾਈਟ੍ਰੋਜਨ 16 ਕਿਲੋਗ੍ਰਾਮ ਅਤੇ ਫਾਸਫੋਰਸ 8 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਮਿੱਟੀ ਪਰਖ ਉਪਰੰਤ 4 ਕਿਲੋਗ੍ਰਾਮ ਪ੍ਰਤੀ ਏਕੜ ਪੋਟਾਸ਼ ਵਰਤਿਆ ਜਾ ਸਕਦਾ ਹੈ। ਸੋਇਆਬੀਨ ਵਿਚ ਬਿਜਾਈ ਸਮੇਂ 12.5 ਕਿਲੋ ਨਾਈਟ੍ਰੋਜਨ ਅਤੇ 32 ਕਿਲੋ ਫਾਸਫੋਰਸ ਤੱਤ ਪ੍ਰਤੀ ਏਕੜ ਪਾਓ। ਪਰ ਜੇ ਕਣਕ ਨੂੰ ਫਾਸਫੋਰਸ ਤੱਤ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਹੋਵੇ ਤਾਂ ਕਣਕ ਪਿੱਛੋਂ ਸੋਇਆਬੀਨ ਨੂੰ 24 ਕਿਲੋ ਫਾਸਫੋਰਸ ਤੱਤ ਪ੍ਰਤੀ ਏਕੜ ਹੀ ਪਾਓ। ਮੂੰਗਫਲੀ ਵਿਚ 50 ਕਿਲੋ ਜਿਪਸਮ ਬਿਜਾਈ ਸਮੇਂ ਛੱਟਾ ਦੇ ਦਿਓ ਅਤੇ ਨਾਈਟ੍ਰੋਜਨ 6 ਕਿਲੋਗ੍ਰਾਮ ਅਤੇ ਫਾਸਫੋਰਸ 8 ਕਿਲੋਗ੍ਰਾਮ ਖਾਦ ਨੂੰ ਬਿਜਾਈ ਸਮੇਂ ਡ੍ਰਿੱਲ ਕਰੋ। ਬਾਜਰੇ ਲਈ ਨਾਈਟ੍ਰੋਜਨ 25 ਕਿਲੋਗ੍ਰਾਮ ਤੇ ਫਾਸਫੋਰਸ 12 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।
ਅੰਤਰ-ਫ਼ਸਲੀ ਪ੍ਰਣਾਲੀ-ਮੱਕੀ ਦੀਆਂ ਦੋ ਕਤਾਰਾਂ 'ਚ ਮੂੰਗੀ ਜਾਂ ਮਾਂਹ ਦੀ ਕਾਸ਼ਤ ਕਰਨ ਨਾਲ ਮੱਕੀ ਦੇ ਝਾੜ ਵਿਚ ਇਕੱਲੀ ਮੱਕੀ ਦੇ ਝਾੜ ਨਾਲੋਂ ਇਜ਼ਾਫ਼ਾ ਹੁੰਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਸੋਇਆਬੀਨ ਦੀ ਮੱਕੀ 'ਚ ਕਾਸ਼ਤ ਕੀਤੀ ਜਾ ਸਕਦੀ ਹੈ। ਮੱਕੀ ਦੀਆਂ ਕਤਾਰਾਂ ਵਿਚਕਾਰ ਸੋਇਆਬੀਨ ਦੀ ਇਕ ਕਤਾਰ 60 ਸੈਂ.ਮੀ. ਦੀ ਵਿੱਥ 'ਤੇ ਬੀਜੋ। ਮਲਚਿੰਗ-ਮੱਕੀ ਦੀ ਖੜ੍ਹੀ ਫ਼ਸਲ 'ਚ ਬਸੂਟੀ, ਭੰਗ, ਕਾਨਾ, ਰਾਇਆ, ਨੜਾਂ ਦੀ ਵਰਤੋਂ ਮਲਚਿੰਗ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੱਕੀ ਦੀਆਂ ਕਤਾਰਾਂ ਵਿਚਕਾਰ ਲੋਭੀਆ ਜਾਂ ਰਵਾਂਹ ਦੀ ਫ਼ਸਲ ਬੀਜੀ ਜਾ ਸਕਦੀ ਹੈ, ਜਿਸ ਨੂੰ ਇਕ ਮਹੀਨੇ ਬਾਅਦ ਕੱਟ ਕੇ ਮੱਕੀ ਦੀਆਂ ਕਤਾਰਾਂ 'ਚ ਮਲਚ ਵਜੋਂ ਵਿਛਾਇਆ ਜਾ ਸਕਦਾ ਹੈ। ਮਲਚਿੰਗ ਨਾਲ ਜਿੱਥੇ ਕੁਝ ਸਮੱਸਿਆਵਾਂ ਜਿਵੇਂ ਕਿ ਖੇਤੀ ਕਾਰਜਾਂ ਸਮੇਂ ਕੁਝ ਸੰਦਾਂ ਦੀ ਵਰਤੋਂ ਸਮੇਂ ਮੁਸ਼ਕਿਲ ਆਉਣਾ, ਸਿਉਂਕ ਦੇ ਹਮਲੇ ਆਦਿ ਦਾ ਵੀ ਸਾਹਮਣਾ ਕਰਨਾ ਪੈਂਦਾ ਪਰ ਇਸ ਦੇ ਫ਼ਾਇਦੇ ਇਸ ਤੋਂ ਕਿਤੇ ਵੱਧ ਹਨ। ਮਲਚਿੰਗ ਨਾਲ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨਾ, ਭੋਂ-ਖੋਰ ਨੂੰ ਰੋਕਣਾ, ਜ਼ਮੀਨ 'ਚ ਨਮੀ ਦੀ ਮਿਕਦਾਰ ਵਿਚ ਵਾਧਾ, ਜ਼ਮੀਨ ਦੇ ਤਾਪਮਾਨ 'ਚ ਕਮੀ ਲਿਆਉਣੀ ਆਦਿ ਫ਼ਾਇਦੇ ਹੁੰਦੇ ਹਨ, ਜਿਸ ਨਾਲ ਫ਼ਸਲ ਦੇ ਝਾੜ 'ਚ ਵਾਧਾ ਤੇ ਅਗਾਂਹ ਬਿਜਾਈ ਵਾਲੀ ਫ਼ਸਲ ਲਈ ਨਮੀ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।
ਬਰਾਨੀ ਹਾਲਾਤ 'ਚ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸਮੇਂ ਮੀਂਹ ਦੇ ਘੱਟ ਜਾਂ ਸਮੇਂ ਸਿਰ ਨਾ ਹੋਣ 'ਤੇ ਫ਼ਸਲਾਂ ਉੱਪਰ ਮਾੜਾ ਅਸਰ ਪੈਂਦਾ ਹੈ, ਜਿਸ ਨੂੰ ਘੱਟ ਕਰਨ ਲਈ 1% ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਵੀ ਚੰਗੇ ਝਾੜ ਲਈ ਸਹਾਈ ਹੁੰਦੀ ਹੈ।

-ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ
-ਮੋਬਾਈਲ : 94654-20097

Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਵਿਚ ਲੱਗਣ ਵਾਲੇ ਫੁੱਲਾਂ ਦੇ ਬੂਟੇ ਅਗਲੀ ਖ਼ਬਰ ਸਕੁਐਸ਼ ਦੇ ਦੋ ਚਮਕਦੇ ਸਿਤਾਰੇ ਅਨਾਹਤ ਸਿੰਘ ਤੇ ਅਭੈ ਸਿੰਘ
Ad Position 24