ਗਾਜ਼ੀਆਬਾਦ ਵਿਚ ਆਪਣੇ ਘਰ ਦੀ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਤਿੰਨ ਭੈਣਾਂ ਵਲੋਂ ਕੀਤੀ ਗਈ ਖ਼ੁਦਕੁਸ਼ੀ ਨੇ ਦੇਸ਼ ਦਾ ਧਿਆਨ ਇਕ ਵਾਰ ਫਿਰ ਸੋਸ਼ਲ ਮੀਡੀਆ ਦੇ ਨੌਜਵਾਨਾਂ ਅਤੇ ਖ਼ਾਸ ਕਰਕੇ ਘੱਟ ਉਮਰ ਦੇ ਅੱਲ੍ਹੜ ਬੱਚਿਆਂ 'ਤੇ ਪੈ ਰਹੇ ਦੁਰਪ੍ਰਭਾਵਾਂ ਵੱਲ ਖਿੱਚਿਆ ਹੈ। ਗਾਜ਼ੀਆਬਾਦ ਦੀਆਂ ਇਹ ਲੜਕੀਆਂ ਨਿਸ਼ਿਕਾ (16), ਪ੍ਰਾਚੀ (14) ਅਤੇ ਪਾਖੀ (12) ਆਪਣੇ ਪਰਿਵਾਰ ਨਾਲ ਸੈਟੇਲਾਈਟ ਟਾਊਨ ਸਾਹਿਬਾਬਾਦ ਦੇ ਭਾਰਤ ਸਿਟੀ ਅਪਾਰਟਮੈਂਟ ਵਿਚ ਰਹਿੰਦੀਆਂ ਸਨ। ਉਨ੍ਹਾਂ ਦੇ ਪਿਤਾ ਚੇਤਨ ਕੁਮਾਰ ਇਕ ਵਪਾਰੀ ਸਨ ਤੇ ਉਨ੍ਹਾਂ ਦੀਆਂ ਦੋ ਪਤਨੀਆਂ (ਦੋਵੇਂ ਭੈਣਾਂ) ਅਤੇ 5 ਬੱਚੇ ਸਨ। ਜਿਨ੍ਹਾਂ ਵਿਚ 4 ਲੜਕੀਆਂ ਅਤੇ 1 ਲੜਕਾ ਸ਼ਾਮਿਲ ਸੀ। ਬੁੱਧਵਾਰ 4 ਫਰਵਰੀ ਨੂੰ ਚੇਤਨ ਕੁਮਾਰ, ਉਸ ਦੀਆਂ ਦੋਵੇਂ ਪਤਨੀਆਂ ਅਤੇ ਇਕ ਛੋਟਾ ਲੜਕਾ ਤੇ ਲੜਕੀ ਇਕ ਕਮਰੇ ਵਿਚ ਸੌਂ ਰਹੇ ਸਨ। ਜਦ ਕਿ 3 ਲੜਕੀਆਂ ਦੂਸਰੇ ਕਮਰੇ ਵਿਚ ਸੌਂ ਰਹੀਆਂ ਸਨ। ਖ਼ੁਦਕੁਸ਼ੀ ਕਰਨ ਵਾਲੀਆਂ ਤਿੰਨਾਂ ਲੜਕੀਆਂ ਨੇ ਰਾਤ ਦੇ ਲਗਭਗ 2.15 ਵਜੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਹੇਠਾਂ ਛਾਲਾਂ ਮਾਰ ਦਿੱਤੀਆਂ ਅਤੇ ਇਕ ਗੁਆਂਢੀ ਨੇ ਉਨ੍ਹਾਂ ਨੂੰ ਅਜਿਹਾ ਕਰਦਿਆਂ ਦੇਖ ਲਿਆ। ਬਾਅਦ ਵਿਚ ਇਨ੍ਹਾਂ ਲੜਕੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਸਾਹਮਣੇ ਆਈ ਜਾਣਕਾਰੀ ਅਨੁਸਾਰ ਤਿੰਨੇ ਭੈਣਾਂ ਜ਼ਿਆਦਾ ਸਮਾਂ ਇਕੱਠੀਆਂ ਹੀ ਰਹਿੰਦੀਆਂ ਸਨ ਅਤੇ ਉਨ੍ਹਾਂ ਨੂੰ ਆਨਲਾਈਨ ਖੇਡਾਂ ਖੇਡਣ ਦੀ ਲੱਤ ਲੱਗ ਚੁੱਕੀ ਸੀ। ਇਸ ਦਾ ਅਸਰ ਉਨ੍ਹਾਂ ਦੀ ਪੜ੍ਹਾਈ 'ਤੇ ਵੀ ਪੈ ਰਿਹਾ ਸੀ। ਪਿਛਲੇ ਦੋ-ਢਾਈ ਸਾਲਾਂ ਤੋਂ ਉਨ੍ਹਾਂ ਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅੱਜਕਲ੍ਹ ਉਨ੍ਹਾਂ ਨੂੰ 'ਕੋਰੀਅਨ ਲਵ ਗੇਮ' ਖੇਡਣ ਦੀ ਆਦਤ ਪੈ ਚੁੱਕੀ ਸੀ ਅਤੇ ਜ਼ਿਆਦਾ ਸਮਾਂ ਉਹ ਇਸ ਮਕਸਦ ਲਈ ਆਪਣੇ ਫੋਨ 'ਤੇ ਬਿਤਾਉਂਦੀਆਂ ਸਨ। ਉਨ੍ਹਾਂ ਦੇ ਪਿਤਾ ਚੇਤਨ ਕੁਮਾਰ ਅਨੁਸਾਰ ਉਨ੍ਹਾਂ ਨੂੰ ਜਦੋਂ ਫੋਨ 'ਤੇ ਵਧੇਰੇ ਸਮਾਂ ਬਿਤਾਉਣ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਖ਼ੁਦਕੁਸ਼ੀ ਨੋਟ ਲਿਖ ਕੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਰਾਤ ਨੂੰ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਰਸਤਾ ਅਪਣਾ ਲਿਆ। ਇਸ ਤਰ੍ਹਾਂ ਅੱਲ੍ਹੜ ਉਮਰ ਦੇ ਨੌਜਵਾਨਾਂ ਵਲੋਂ ਖ਼ੁਦਕੁਸ਼ੀ ਕਰਨ ਦਾ ਦੇਸ਼ ਵਿਚ ਇਹ ਪਹਿਲਾ ਮਾਮਲਾ ਨਹੀਂ ਹੈ। ਪੰਜਾਬ ਸਮੇਤ ਦੇਸ਼ ਭਰ ਵਿਚ ਸਮੇਂ-ਸਮੇਂ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਬਿਨਾਂ ਸ਼ੱਕ ਪਿਛਲੇ ਸਾਲਾਂ ਵਿਚ ਸੂਚਨਾ ਦੇ ਖੇਤਰ ਵਿਚ ਹੋਈ ਕ੍ਰਾਂਤੀ ਨੇ ਅਨੇਕਾਂ ਪੱਖਾਂ ਤੋਂ ਸਾਨੂੰ ਲਾਭ ਪਹੁੰਚਾਇਆ ਹੈ। ਕੰਪਿਊਟਰ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਨੇ ਸਾਨੂੰ ਅਨੇਕਾਂ ਤਰ੍ਹਾਂ ਦੇ ਫਾਇਦੇ ਦਿੱਤੇ ਹਨ, ਪਰ ਇਨ੍ਹਾਂ ਚੀਜ਼ਾਂ ਦੀ ਦੁਰਵਰਤੋਂ ਹੁਣ ਸਾਨੂੰ ਚੋਖੇ ਨੁਕਸਾਨ ਵੀ ਪਹੁੰਚਾਉਣ ਲੱਗੀ ਹੈ। ਜਿਥੋਂ ਤੱਕ ਆਨਲਾਈਨ ਖੇਡਾਂ ਦਾ ਸੰਬੰਧ ਹੈ, ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਖੇਡਾਂ ਵਿਚ ਖੇਡਣ ਵਾਲਿਆਂ ਨੂੰ ਕਰਨ ਲਈ 'ਟਾਸਕ' ਦਿੱਤੇ ਜਾਂਦੇ ਹਨ ਅਤੇ ਅਜਿਹੀਆਂ ਖੇਡਾਂ ਵਿਚ ਖ਼ੁਦਕੁਸ਼ੀ ਕਰਨ ਤੱਕ ਦੇ 'ਟਾਸਕ' ਵੀ ਸ਼ਾਮਿਲ ਹੁੰਦੇ ਹਨ। ਪਿਛਲੇ ਸਮਿਆਂ ਵਿਚ 'ਬਲਿਊਵੇਲਜ਼' ਨਾਂਅ ਦੀ ਇਸ ਤਰ੍ਹਾਂ ਦੀ ਆਨਲਾਈਨ ਖੇਡ ਵਧੇਰੇ ਪ੍ਰਚਲਿਤ ਹੋਈ ਸੀ, ਜਿਸ ਕਾਰਨ ਦੁਨੀਆ ਦੇ ਕਈ ਦੇਸ਼ਾਂ ਵਿਚ ਇਸ ਨੂੰ ਖੇਡਣ ਵਾਲੇ ਬੱਚਿਆਂ ਨੇ ਖ਼ੁਦਕੁਸ਼ੀਆਂ ਕਰ ਲਈਆਂ ਸਨ। ਕਈ ਦੇਸ਼ਾਂ ਨੇ ਫਿਰ ਇਹ ਖੇਡ ਖੇਡਣ 'ਤੇ ਪਾਬੰਦੀ ਵੀ ਲਾਈ ਸੀ। ਅੱਜਕਲ੍ਹ ਇਸ ਤਰ੍ਹਾਂ ਦੀਆਂ ਜੋ ਆਨਲਾਈਨ ਖੇਡਾਂ ਪ੍ਰਚੱਲਿਤ ਹਨ ਉਨ੍ਹਾਂ ਵਿਚ 'ਕੋਰਿਆਈ ਲਵ ਗੇਮ', 'ਬਲੈਕਆਊਟ ਚੈਲੇਂਜ' ਅਤੇ 'ਸਾਲਟ ਐਂਡ ਆਈਸ ਚੈਲੇਂਜ' ਆਦਿ ਖੇਡਾਂ ਸ਼ਾਮਿਲ ਹਨ।
ਅੱਲ੍ਹੜ ਉਮਰ ਦੇ ਬੱਚਿਆਂ ਦੀ ਸਿਹਤ ਅਤੇ ਖ਼ਾਸ ਕਰਕੇ ਮਾਨਸਿਕ ਸਥਿਤੀ 'ਤੇ ਅਜਿਹੀਆਂ ਖੇਡਾਂ ਦੇ ਪੈ ਰਹੇ ਬੁਰੇ ਪ੍ਰਭਾਵਾਂ ਕਾਰਨ ਹੁਣ ਵਿਸ਼ਵ ਪੱਧਰ 'ਤੇ ਚਿੰਤਾ ਵਧਣ ਲੱਗੀ ਹੈ। ਵੱਖ-ਵੱਖ ਦੇਸ਼ਾਂ ਨੇ ਆਪਣੀ ਨਵੀਂ ਪੀੜ੍ਹੀ ਨੂੰ ਸੋਸ਼ਲ ਮੀਡੀਆ ਦੇ ਅਜਿਹੇ ਦੁਰਪ੍ਰਭਾਵਾਂ ਤੋਂ ਬਚਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਆਸਟ੍ਰੇਲੀਆ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਹੈ, ਜਿਸ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਇਆ ਹੈ। ਫਰਾਂਸ ਵਿਚ ਵੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਰੋਕਣ ਲਈ ਕਾਨੂੰਨ ਬਣਾਉਣ ਦਾ ਅਮਲ ਆਰੰਭ ਹੋ ਚੁੱਕਾ ਹੈ। ਯੂਰਪੀਅਨ ਦੇਸ਼ ਡੈਨਮਾਰਕ, ਸਪੇਨ, ਜਰਮਨੀ ਆਦਿ ਵੀ ਇਸ ਦਿਸ਼ਾ ਵਿਚ ਕਦਮ ਵਧਾਉਣ ਲੱਗੇ ਹਨ। ਮਲੇਸ਼ੀਆ ਨੇ ਇਹ ਐਲਾਨ ਕੀਤਾ ਹੈ ਕਿ ਉਹ 2027 ਤੱਕ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਪਰ ਸੋਸ਼ਲ ਮੀਡੀਆ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾ ਦੇਵੇਗਾ। ਇਸ ਸੰਦਰਭ ਵਿਚ ਭਾਰਤ, ਜਿਸ ਦੇ 70 ਕਰੋੜ ਤੋਂ ਵੱਧ ਇੰਟਰਨੈੱਟ ਵਰਤੋਂਕਾਰ 25 ਸਾਲ ਤੋਂ ਘੱਟ ਉਮਰ ਦੇ ਹਨ, ਨੂੰ ਵੀ ਆਉਣ ਵਾਲੇ ਸਮੇਂ ਵਿਚ ਠੋਸ ਕਦਮ ਚੁੱਕਣੇ ਪੈਣਗੇ। ਬਿਨਾਂ ਸ਼ੱਕ ਸਾਨੂੰ ਇਸ ਸੰਬੰਧੀ ਪ੍ਰਭਾਵੀ ਕਾਨੂੰਨ ਬਣਾਉਣ ਜ਼ਰੂਰਤ ਹੈ, ਪਰ ਇਹ ਗੱਲ ਵੀ ਸਭ ਨੂੰ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਇਸ ਗੰਭੀਰ ਸਮੱਸਿਆ ਦਾ ਹੱਲ ਸਿਰਫ਼ ਕਾਨੂੰਨ ਬਣਾਉਣ ਨਾਲ ਨਹੀਂ ਹੋਵੇਗਾ, ਸਗੋਂ ਬੱਚਿਆਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਵਿੱਦਿਅਕ ਅਦਾਰਿਆਂ ਨੂੰ ਵੀ ਇਸ ਸੰਬੰਧੀ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਬੱਚਿਆਂ ਨਾਲ ਸੰਵਾਦ ਬਣਾ ਕੇ ਰੱਖਣਾ ਪਵੇਗਾ। ਘਰਾਂ ਅਤੇ ਵਿੱਦਿਅਕ ਅਦਾਰਿਆਂ ਵਿਚ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਫ਼ਾਇਦਿਆਂ ਦੇ ਨਾਲ-ਨਾਲ ਇਸ ਦੀ ਦੁਰਵਰਤੋਂ ਦੇ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੋਵੇਗੀ। ਇਸ ਤਰ੍ਹਾਂ ਦੇ ਸਮੂਹਿਕ ਯਤਨਾਂ ਨਾਲ ਹੀ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਸੋਸ਼ਲ ਮੀਡੀਆ ਅਤੇ ਖ਼ਾਸ ਕਰਕੇ ਆਨਲਾਈਨ ਖੇਡਾਂ ਦੀ ਲਤ ਤੋਂ ਬਚਾਉਣ ਦੇ ਸਮਰੱਥ ਹੋ ਸਕਾਂਗੇ।
ਗਾਜ਼ੀਆਬਾਦ ਦਾ ਦੁਖਾਂਤ
ਅਜੀਤ ਡੈਸਕ
06-02-2026