ਗ੍ਰੀਨਲੈਂਡ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਵਾਸ਼ਿੰਗਟਨ ਗੱਲਬਾਤ ਟੁੱਟਣ 'ਤੇ ਡੈਨਮਾਰਕ ਤੇ ਗ੍ਰੀਨਲੈਂਡ ਦੇ ਵਿਦੇਸ਼ ਮੰਤਰੀ ਵ੍ਹਾਈਟ ਹਾਊਸ ਤੋਂ ਇਹ ਸੁਨੇਹਾ ਲੈ ਕੇ ਘਰ ਪਰਤ ਆਏ ਹਨ ਕਿ ਗ੍ਰੀਨਲੈਂਡ ਸਹੀ ਅਰਥਾਂ 'ਚ ਅਮਰੀਕਾ ਦਾ ਹੈ ਅਤੇ ਟਰੰਪ ਇਸ 'ਤੇ ਕਬਜ਼ੇ ਦੇ ਸਮੇਂ ਬਾਰੇ ਫ਼ੈਸਲਾ ਕਰੇਗਾ। ਅਮਰੀਕਾ ਨੂੰ ਯੂਰਪੀਅਨ ਯੂਨੀਅਨ (ਈ.ਯੂ.) ਜਾਂ ਨਾਟੋ 'ਚ ਯੂਰਪੀਅਨ ਫ਼ੌਜਾਂ ਦੀ ਕੋਈ ਪ੍ਰਵਾਹ ਨਹੀਂ ਹੈ। ਆਪਣੇ ਵੱਡੇ ਭਰਾ ਅਮਰੀਕਾ ਤੋਂ ਅਜਿਹਾ ਥੱਪੜ ਖਾਣ ਤੋਂ ਬਾਅਦ ਈ.ਯੂ. ਦੇ ਨੇਤਾਵਾਂ ਨੇ ਕੁਝ ਧਮਕੀ ਭਰੇ ਬਿਆਨ ਦਿੰਦਿਆਂ ਮੈਂਬਰ ਦੇਸ਼ਾਂ ਦੀਆਂ ਫ਼ੌਜਾਂ ਨੂੰ ਗ੍ਰੀਨਲੈਂਡ ਪ੍ਰਤੀ ਚੌਕਸ ਰਹਿਣ ਅਤੇ ਡੈਨਿਸ਼ ਸੈਨਿਕਾਂ ਦੇ ਨਵੀਨਤਮ ਅਭਿਆਸ (ਆਪਰੇਸ਼ਨ ਆਰਕਟਿਕ ਐਂਡੂਰੈਂਸ) 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਹ ਸਭ ਦਿਖਾਵਾ ਹੈ, ਕਿਉਂਕਿ ਟਰੰਪ ਜਾਣਦਾ ਹੈ ਕਿ ਈ.ਯੂ. ਦੇ ਨੇਤਾ ਕਿੰਨੀ ਕੁ ਦੂਰ ਤੱਕ ਜਾ ਸਕਦੇ ਹਨ। ਹਮੇਸ਼ਾ ਵੱਡੇ ਦਾਅਵੇ ਕਰਨ ਵਾਲੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦਾ ਕਹਿਣਾ ਹੈ ਕਿ ਗ੍ਰੀਨਲੈਂਡ 'ਤੇ ਅਮਰੀਕਾ ਕਬਜ਼ਾ ਨਹੀਂ ਕਰ ਸਕਦਾ, ਕਿਉਂਕਿ ਡੈਨਮਾਰਕ ਯੂਰਪੀਅਨ ਯੂਨੀਅਨ ਤੇ ਨਾਟੋ ਦਾ ਮੈਂਬਰ ਹੈ। ਜੇਕਰ ਅਮਰੀਕਾ ਹਮਲਾ ਕਰਦਾ ਹੈ ਤਾਂ ਇਸ ਦੀ ਰੱਖਿਆ ਕੀਤੀ ਜਾਵੇਗੀ, ਪਰ ਫਰਾਂਸੀਸੀ ਅਧਿਕਾਰੀ ਪਰਦੇ ਦੇ ਪਿੱਛੇ ਅਜਿਹਾ ਫਾਰਮੂਲਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਮਰੀਕਾ ਦੇ ਗ੍ਰੀਨਲੈਂਡ 'ਤੇ ਰਸਮੀ ਕਬਜ਼ੇ ਦੀ ਬਜਾਏ ਉਸ ਨੂੰ ਹੋਰ ਅਧਿਕਾਰ ਦੇ ਦਿਓ।
ਅਮਰੀਕਾ ਵਲੋਂ ਵੈਨੇਜ਼ੁਏਲਾ 'ਤੇ ਹਮਲੇ ਕਰ ਕੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਈ.ਯੂ. ਦੇਸ਼ ਇਸ ਕਾਰਵਾਈ ਦੇ ਬਹੁਤੇ ਵਿਰੋਧੀ ਨਹੀਂ ਸਨ, ਪਰ ਉਨ੍ਹਾਂ ਨੂੰ ਟਰੰਪ ਦੀ ਕਾਰਵਾਈ ਦੇ ਤਰੀਕੇ 'ਤੇ ਕੁਝ ਇਤਰਾਜ਼ ਸਨ। ਗ੍ਰੀਨਲੈਂਡ ਨੂੰ ਲੈ ਕੇ 6 ਯੂਰਪੀਅਨ ਸ਼ਕਤੀਆਂ-ਫਰਾਂਸ, ਜਰਮਨੀ, ਸਪੇਨ, ਇਟਲੀ, ਪੋਲੈਂਡ ਤੇ ਯੂ.ਕੇ. ਦੇ ਨੇਤਾਵਾਂ ਨੇ ਇਕ ਦੁਰਲੱਭ ਸਾਂਝਾ ਬਿਆਨ ਜਾਰੀ ਕਰ ਕੇ ਡੈਨਮਾਰਕ ਦੀ ਪ੍ਰਭੂਸੱਤਾ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰਦਿਆਂ ਟਰੰਪ ਨੂੰ ਗ੍ਰੀਨਲੈਂਡ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗ੍ਰੀਨਲੈਂਡ ਨਾਲ ਸੰਬੰਧਿਤ ਸਭ ਮਾਮਲਿਆਂ 'ਤੇ ਫ਼ੈਸਲਾ ਕਰਨ ਦਾ ਅਧਿਕਾਰ ਸਿਰਫ਼ ਡੈਨਮਾਰਕ ਤੇ ਗ੍ਰੀਨਲੈਂਡ ਦੇ ਲੋਕਾਂ ਦਾ ਹੈ। ਜ਼ਿਕਰਯੋਗ ਹੈ ਕਿ ਗ੍ਰੀਨਲੈਂਡ 1979 ਤੋਂ ਇਕ ਅਰਧ-ਖੁਦਮੁਖਤਿਆਰ ਖੇਤਰ ਹੈ, ਪਰ ਡੈਨਮਾਰਕ ਦਾ ਹਿੱਸਾ ਹੋਣ ਕਰਕੇ ਇਸ ਦੀ ਰੱਖਿਆ ਨਾਟੋ ਕਰਦਾ ਹੈ। ਨਾਟੋ ਦਾ ਨੇਤਾ ਹੋਣ ਕਰਕੇ ਅਮਰੀਕਾ ਕੋਲ ਰੂਸ ਜਾਂ ਚੀਨ ਤੋਂ ਖ਼ਤਰਾ ਹੋਣ 'ਤੇ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁਝ ਅਧਿਕਾਰ ਜ਼ਰੂਰ ਹਨ। ਪਿਛਲੀਆਂ ਅਮਰੀਕੀ ਸਰਕਾਰਾਂ ਨੇ ਗ੍ਰੀਨਲੈਂਡ 'ਚ ਆਪਣੇ 17 ਫ਼ੌਜੀ ਟਿਕਾਣਿਆਂ 'ਚੋਂ 16 ਇਸ ਲਈ ਬੰਦ ਕਰ ਦਿੱਤੇ ਕਿ ਗ੍ਰੀਨਲੈਂਡ ਦੇ ਆਲੇ-ਦੁਆਲੇ ਇੰਨੇ ਅਮਰੀਕੀ ਸੈਨਿਕ ਤਾਇਨਾਤ ਕਰਨ ਦੀ ਕੋਈ ਲੋੜ ਨਹੀਂ ਹੈ।
ਦਰਅਸਲ ਇਹ ਤਾਜ਼ਾ ਕਦਮ ਆਰਕਟਿਕ ਮਹਾਂਸਾਗਰ ਵਿਚ ਟਾਪੂ ਦੀ ਸਥਿਤੀ ਤੇ ਇਸ ਦੇ ਵਿਸ਼ਾਲ ਕੁਦਰਤੀ ਸਰੋਤਾਂ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਨੂੰ ਦੇਖਦਿਆਂ ਅਮਰੀਕੀ ਸਾਮਰਾਜ ਨੂੰ ਵਧਾਉਣ ਦੀ ਟਰੰਪ ਦੀ ਆਪਣੀ ਕੋਸ਼ਿਸ਼ ਹੈ, ਜਿਸ ਦੇ ਲਈ ਰੂਸ ਤੇ ਚੀਨ ਵੀ ਮੈਦਾਨ 'ਚ ਹਨ। ਰੂਸ ਤੇ ਚੀਨ ਦੋਹਾਂ ਨੇ ਨਾਟੋ ਲਈ ਕਿਸੇ ਵੀ ਸੁਰੱਖਿਆ ਖ਼ਤਰੇ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਸ ਖੇਤਰ ਵਿਚ ਉਨ੍ਹਾਂ ਦੀ ਗਸ਼ਤ ਸਮਝੌਤਿਆਂ ਤੇ ਸਮੁੰਦਰੀ ਕਾਨੂੰਨਾਂ ਦੇ ਅਨੁਸਾਰ ਹੈ ਅਤੇ ਗ੍ਰੀਨਲੈਂਡ ਜਾਂ ਉੱਥੇ ਤਾਇਨਾਤ ਨਾਟੋ ਫ਼ੌਜਾਂ ਨੂੰ ਕੋਈ ਖ਼ਤਰਾ ਨਹੀਂ ਹੈ। ਦਰਅਸਲ ਟਰੰਪ ਦੇ ਗ੍ਰੀਨਲੈਂਡ ਨੂੰ ਅਮਰੀਕਾ ਨਾਲ ਜੋੜਨ ਦੇ ਕਦਮ ਨੂੰ ਹੁਲਾਰਾ ਉਸ ਦੀ 'ਮੇਕ ਅਮਰੀਕਾ ਗ੍ਰੇਟ ਅਗੇਨ' ਮੁਹਿੰਮ ਨੂੰ ਮਿਲੇ ਸਮਰਥਨ ਤੋਂ ਪ੍ਰੇਰਿਤ ਹੈ। ਦਰਅਸਲ ਵ੍ਹਾਈਟ ਹਾਊਸ ਦੇ ਸਾਰੇ ਫ਼ੈਸਲੇ ਟਰੰਪ ਖੁਦ ਲੈਂਦੇ ਹਨ ਤੇ ਜ਼ਿਆਦਾਤਰ ਅਧਿਕਾਰੀਆਂ ਨੂੰ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹੀ ਉਸ ਦੇ ਫ਼ੈਸਲਿਆਂ ਬਾਰੇ ਪਤਾ ਲੱਗਦਾ ਹੈ।
ਯੂਰਪੀਅਨ ਦੇਸ਼ ਖਾਸ ਕਰਕੇ ਈ. ਯੂ. ਦੇ ਹੈੱਡਕੁਆਰਟਰ ਬ੍ਰਸਲਜ਼ 'ਚ ਟਰੰਪ ਨੂੰ ਖੁਸ਼ ਕਰਨ ਤੇ ਆਪਣੀ ਸਾਖ ਬਚਾਉਣ ਲਈ ਕੋਈ ਸਨਮਾਨਜਨਕ ਫਾਰਮੂਲਾ ਲੱਭਣ ਲਈ ਵੱਡੇ ਪੱਧਰ 'ਤੇ ਚਰਚਾ ਹੋ ਰਹੀ ਹੈ। ਯੂਰਪੀ ਸੰਘ ਨੂੰ ਪਤਾ ਹੈ ਕਿ ਟਰੰਪ ਦੀਆਂ ਨਜ਼ਰਾਂ ਗ੍ਰੀਨਲੈਂਡ 'ਤੇ ਹਨ ਅਤੇ ਉਸ ਨੂੰ ਰੋਕਣਾ ਮੁਸ਼ਕਿਲ ਹੈ, ਇਸ ਲਈ ਉਸ ਦੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਕੋਈ ਠੋਸ ਉਪਰਾਲਾ ਕਰਨਾ ਪਵੇਗਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੇ ਵਿਦੇਸ਼ ਸਕੱਤਰ ਨੂੰ ਇਸ ਕੰਮ 'ਤੇ ਲਗਾਇਆ ਹੋਇਆ ਹੈ ਤੇ ਫਰਾਂਸੀਸੀ ਅਧਿਕਾਰੀ ਵੀ ਇਹੀ ਸਭ ਕਰ ਰਹੇ ਹਨ। ਸਭ ਜਾਣਦੇ ਹਨ ਕਿ ਜੇਕਰ ਟਰੰਪ ਗ੍ਰੀਨਲੈਂਡ ਵਿਚ ਕੋਈ ਕਾਰਵਾਈ ਕਰਦਾ ਹੈ ਤਾਂ ਯੂਰਪੀ ਸੰਘ ਕਿਸੇ ਵੀ ਤਰ੍ਹਾਂ ਅਮਰੀਕਾ ਦਾ ਸਾਹਮਣਾ ਨਹੀਂ ਕਰ ਸਕੇਗਾ, ਇਸ ਲਈ ਅਮਰੀਕਾ ਨਾਲ ਸਿੱਧੇ ਟਕਰਾਅ ਤੋਂ ਬਚਣ ਦਾ ਕੋਈ ਵੀ ਬਦਲ ਯੂਰਪੀਅਨ ਦੇਸ਼ਾਂ ਲਈ ਬਿਹਤਰ ਹੈ। ਪਰ ਯੂਰਪ 'ਚ ਕੁਝ ਆਵਾਜ਼ਾਂ ਟਰੰਪ ਦੀ ਧੱਕੇਸ਼ਾਹੀ ਦੇ ਵਿਰੁੱਧ ਸਖ਼ਤੀ ਵਰਤਣ ਦੇ ਪੱਖ 'ਚ ਹਨ। ਬ੍ਰਸਲਜ਼ 'ਚ ਯੂਰਪੀਅਨ ਨੀਤੀ ਕੇਂਦਰ ਦੇ ਮੁੱਖ ਕਾਰਜਕਾਰੀ ਫੈਬੀਅਨ ਜ਼ੁਲੇਗ ਦਾ ਕਹਿਣਾ ਹੈ ਕਿ ਜੇਕਰ ਯੂਰਪ ਇਕਜੁੱਟ ਰਹੇ ਤਾਂ ਇਹ ਟਰੰਪ ਨੂੰ ਦਿਖਾ ਸਕਦਾ ਹੈ ਕਿ ਉਸ ਨੂੰ ਜ਼ਬਰਦਸਤੀ ਦੀ ਕੀਮਤ ਚੁਕਾਉਣੀ ਪਵੇਗੀ। ਯੂਰਪ ਨੂੰ ਸਿਰਫ਼ ਪ੍ਰਤੀਕਾਤਮਕ ਕਦਮ ਚੁੱਕਣ ਦੀ ਬਜਾਏ ਅਮਰੀਕਾ ਵਿਚ ਘਰੇਲੂ ਪੱਧਰ 'ਤੇ ਪ੍ਰਭਾਵ ਪਾਉਣ ਤੇ ਟਰੰਪ ਦੀਆਂ ਨੀਤੀਆਂ ਨੂੰ ਵਧੇਰੇ ਨੁਕਸਾਨ ਪਹੁਚਾਉਣ ਵਾਲੇ ਕਦਮ ਉਠਾਉਣੇ ਚਾਹੀਦੇ ਹਨ। ਵਪਾਰ, ਬਾਜ਼ਾਰ ਪਹੁੰਚ, ਰੈਗੂਲੇਟਰੀ ਸਹਿਯੋਗ ਤੇ ਉਦਯੋਗਿਕ ਭਾਈਵਾਲੀ ਸਾਰੇ ਦਬਾਅ ਦੇ ਮੌਕੇ ਪ੍ਰਦਾਨ ਕਰਦੇ ਹਨ।
ਪੈਰਿਸ-ਅਧਾਰਤ ਕਾਲਮਨਵੀਸ ਅਲੈਗਜ਼ੈਂਡਰ ਹਸਰਟ ਅਨੁਸਾਰ ਯੂਰਪ ਲਈ ਸਭ ਤੋਂ ਵਧੀਆ ਹੋਵੇਗਾ ਕਿ ਉਹ ਅਮਰੀਕਾ ਨਾਲੋਂ ਸਭ 'ਸੰਬੰਧ ਤੋੜ' ਕੇ ਅਮਰੀਕਾ ਨੂੰ ਆਪਣੇ ਯੂਰਪੀਅਨ ਫ਼ੌਜੀ ਟਿਕਾਣਿਆਂ ਨੂੰ ਛੱਡਣ ਲਈ ਕਹੇ। ਹਸਰਟ ਨੇ ਲਿਖਿਆ ਹੈ ਕਿ ਅਸਲ ਯੁੱਧ ਨੂੰ ਛੱਡ ਕੇ ਹੋਰ ਸਭ ਚੀਜ਼ਾਂ ਨੂੰ ਵਿਚਾਰਨਾ ਚਾਹੀਦਾ ਹੈ, ਗ੍ਰੀਨਲੈਂਡ 'ਤੇ ਕਬਜ਼ਾ ਕਰਨ ਦੀ ਲਾਲਸਾ ਅਮਰੀਕੀ ਫਾਸ਼ੀਵਾਦ ਦਾ ਇਕ ਲੱਛਣ ਹੈ ਕਿਉਂਕਿ ਇਸ ਤੋਂ ਬਾਅਦ ਅਜਿਹਾ ਹੋਰ ਵੀ ਹੋਵੇਗਾ। ਦੱਸਣਯੋਗ ਹੈ ਕਿ ਗ੍ਰੀਨਲੈਂਡ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ ਅਤੇ ਇਕ ਖੁਦਮੁਖਤਿਆਰ ਡੈਨਿਸ਼ ਨਿਰਭਰ ਖੇਤਰ ਹੈ, ਜਿਸ ਦਾ ਆਪਣਾ ਸਵੈ-ਸ਼ਾਸਨ ਤੇ ਸੰਸਦ ਹੈ। ਹਾਲਾਂਕਿ ਉੱਤਰੀ ਅਮਰੀਕਾ ਮਹਾਂਦੀਪ ਦਾ ਹਿੱਸਾ ਹੋਣ ਦੇ ਬਾਵਜੂਦ ਗ੍ਰੀਨਲੈਂਡ 9ਵੀਂ ਸਦੀ ਤੋਂ ਰਾਜਨੀਤਿਕ ਤੇ ਸੱਭਿਆਚਾਰਕ ਤੌਰ 'ਤੇ ਯੂਰਪ ਨਾਲ, ਖਾਸ ਕਰਕੇ ਦੋ ਬਸਤੀਵਾਦੀ ਸ਼ਕਤੀਆਂ- ਨਾਰਵੇ ਤੇ ਡੈਨਮਾਰਕ ਨਾਲ ਜੁੜਿਆ ਹੋਇਆ ਹੈ। ਗ੍ਰੀਨਲੈਂਡ 'ਚ ਸੰਭਾਵੀ ਤੇਲ, ਗੈਸ ਤੇ ਦੁਰਲੱਭ ਖਣਿਜ ਭੰਡਾਰ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ।
ਅਮਰੀਕਾ ਲੰਬੇ ਸਮੇਂ ਤੋਂ ਗ੍ਰੀਨਲੈਂਡ ਨੂੰ ਰਣਨੀਤਕ ਤੌਰ 'ਤੇ ਆਪਣੇ ਲਈ ਮਹੱਤਵਪੂਰਨ ਮੰਨਦਾ ਰਿਹਾ ਹੈ, ਜਿੱਥੇ ਉਸ ਨੇ ਸੀਤ ਯੁੱਧ ਸਮੇਂ ਤੋਂ ਇਕ ਰਾਡਾਰ ਬੇਸ ਸਥਾਪਤ ਕੀਤਾ ਹੋਇਆ ਹੈ। ਹੁਣ ਗ੍ਰੀਨਲੈਂਡ ਦੇ ਆਲੇ-ਦੁਆਲੇ ਬਰਫ਼ ਪਿਘਲਣ ਨਾਲ ਨਵੇਂ ਵਪਾਰਕ ਮਾਰਗਾਂ ਦੀ ਸੰਭਾਵਨਾ ਵਧਣ ਕਰਕੇ ਆਰਕਟਿਕ ਦਾ ਮਹੱਤਵ ਵਧ ਗਿਆ ਹੈ। ਗ੍ਰੀਨਲੈਂਡ ਦੀ ਆਬਾਦੀ ਲਗਭਗ 57,000 ਹੈ ਤੇ ਇਸ ਦਾ ਖੇਤਰਫਲ 21 ਲੱਖ ਵਰਗ ਕਿਲੋਮੀਟਰ ਹੈ। ਟਰੰਪ ਨੇ ਹਾਲ ਹੀ ਵਿਚ ਅਮਰੀਕੀ ਕਬਜ਼ੇ ਦਾ ਸਮਰਥਨ ਕਰਨ ਲਈ ਗ੍ਰੀਨਲੈਂਡ ਦੇ ਹਰ ਨਾਗਰਿਕ ਨੂੰ 100,000 ਅਮਰੀਕੀ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਟਾਪੂ ਨੂੰ ਖੁਸ਼ਹਾਲ ਬਣਾਉਣ ਲਈ ਗ੍ਰੀਨਲੈਂਡ ਵਿਚ ਵੱਡੇ ਨਿਵੇਸ਼ਾਂ ਦੀ ਗੱਲ ਕਰ ਰਿਹਾ ਹੈ। ਯੂਰਪ ਲਈ ਇਹ ਲੜਾਈ ਬਹੁਤ ਮੁਸ਼ਕਿਲ ਹੈ, ਇਹ ਜਲਦੀ ਪਤਾ ਲੱਗ ਜਾਵੇਗਾ ਕਿ ਮਹਾਨ ਸੱਭਿਅਤਾ ਹੋਣ ਦਾ ਦਾਅਵਾ ਕਰਨ ਵਾਲੇ ਯੂਰਪੀਅਨ ਦੇਸ਼ ਕੀ ਆਪਣੇ ਵੱਡੇ ਭਰਾ ਅਮਰੀਕਾ ਨਾਲ ਗ੍ਰੀਨਲੈਂਡ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਵਿਚ ਆਪਣਾ ਸਵੈ-ਮਾਣ ਬਣਾਈ ਰੱਖ ਸਕਣਗੇ ਜਾਂ ਨਹੀਂ? (ਸੰਵਾਦ)
ਕੀ ਯੂਰਪੀਅਨ ਦੇਸ਼ ਅਮਰੀਕਾ ਤੋਂ ਗ੍ਰੀਨਲੈਂਡ ਨੂੰ ਬਚਾ ਸਕਣਗੇ?
ਅਜੀਤ ਡੈਸਕ
06-02-2026