ਨਸ਼ਾ ਧਰਤੀ 'ਤੇ ਮਨੁੱਖੀ ਸੱਭਿਅਤਾ ਜਿੰਨਾ ਹੀ ਪੁਰਾਣਾ ਹੈ। ਜਿਵੇਂ-ਜਿਵੇਂ ਮਨੁੱਖੀ ਸੱਭਿਅਤਾ ਦਾ ਉਥਾਨ ਹੋਇਆ, ਉਸੇ ਤਰ੍ਹਾਂ ਨਸ਼ਿਆਂ ਦਾ ਰੂਪ ਵੀ ਬਦਲਦਾ ਰਿਹਾ। ਪ੍ਰਾਚੀਨ ਕਾਲ 'ਚ ਮਨੁੱਖ ਕੁਝ ਜੜੀ-ਬੂਟੀਆਂ ਨੂੰ ਨਸ਼ੇ ਦੇ ਤੌਰ 'ਤੇ ਵਰਤਦਾ ਸੀ। ਉਸ ਤੋਂ ਬਾਅਦ ਪੋਸਤ, ਭੰਗ ਤੇ ਸ਼ਰਾਬ ਆਦਿ ਨਸ਼ੇ ਆਏ। ਫਿਰ ਮੱਧ ਕਾਲ 'ਚ ਜਦੋਂ ਇਕ ਦੇਸ਼ ਦਾ ਦੂਜੇ ਦੇਸ਼ਾਂ ਨਾਲ ਆਪਸੀ ਵਪਾਰ ਹੋਣ ਲੱਗਾ ਤਾਂ ਨਸ਼ਾ ਵੀ ਵਪਾਰ ਦਾ ਹਿੱਸਾ ਬਣ ਗਿਆ ਤੇ ਇਸ ਦੇ ਵਪਾਰ ਕਾਰਨ ਮੱਧ ਕਾਲ ਵਿਚ ਕੁਝ ਯੁੱਧ ਵੀ ਹੋਏ। ਜੇ ਅੱਜ ਦੇ ਸਮੇਂ ਦੇ ਸੰਦਰਭ ਵਿਚ ਵੇਖਿਆ ਜਾਵੇ ਤਾਂ ਨਸ਼ਾ ਕਿਸੇ ਇਕ ਦੇਸ਼ ਦੀ ਸਮੱਸਿਆ ਨਹੀਂ, ਸਗੋਂ ਹਰ ਦੇਸ਼ ਦੀ ਸਮੱਸਿਆ ਬਣ ਚੁੱਕਾ ਹੈ। ਪੰਜਾਬ 'ਚ ਵੀ ਪੁਰਾਣੇ ਸਮੇਂ ਤੋਂ ਪੋਸਤ, ਭੰਗ ਆਦਿ ਜਿਹੇ ਰਿਵਾਇਤੀ ਨਸ਼ੇ ਦੀ ਵਰਤੋਂ ਹੁੰਦੀ ਰਹੀ ਪਰ 20ਵੀਂ ਸਦੀ ਦੇ ਅਖ਼ੀਰਲੇ ਦਹਾਕਿਆਂ 'ਚ ਪੰਜਾਬ ਅੰਦਰ ਸਿੰਥੈਟਿਕ ਨਸ਼ਿਆਂ ਦੀ ਵਰਤੋਂ ਹੋਣ ਲੱਗੀ, ਜਿਸ ਨੇ ਇੱਥੋਂ ਦੀ ਨੌਜਵਾਨ ਪੀੜ੍ਹੀ 'ਤੇ ਬਹੁਤ ਮਾੜਾ ਪ੍ਰਭਾਵ ਪਾਇਆ। ਪੰਜਾਬ ਵਿਚ ਇਨ੍ਹਾਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਭਾਵੇਂ ਹਰ ਸਰਕਾਰ ਨੇ ਯਤਨ ਕੀਤੇ ਪਰ ਪੂਰੀ ਸਫਲਤਾ ਨਾ ਮਿਲ ਸਕੀ। ਇਸੇ ਕੋਸ਼ਿਸ਼ ਵਜੋਂ ਪੰਜਾਬ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨਸ਼ਾਗ੍ਰਸਤ ਲੋਕਾਂ ਦੇ ਨਸ਼ੇ ਛੱਡਣ ਲਈ 'ਓਟ' (®utpat}ent ®p}o}d 1ss}sted "reatment) ਸੈਂਟਰਾਂ ਦੀ ਸਥਾਪਨਾ ਕੀਤੀ ਗਈ, ਜਿਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਮਰੀਜ਼ ਨੂੰ ਬਿਨਾਂ ਦਾਖ਼ਲ ਕੀਤੇ ਨਸ਼ਾ ਛੁਡਾਇਆ ਜਾਂਦਾ ਹੈ। ਇੱਥੇ ਮਿਲਣ ਵਾਲੀ ਦਵਾਈ ਬੁਫਰੋਨੋਰਫਿਨ (2uprenorph}ne) ਹੈ, ਜਿਸ ਨੂੰ ਆਮ ਕਰਕੇ ਜੀਭ ਵਾਲੀ ਗੋਲੀ ਕਹਿ ਦਿੱਤਾ ਜਾਂਦਾ ਹੈ। ਇਸ ਗੋਲੀ ਨੂੰ ਜੀਭ ਹੇਠਾਂ ਰੱਖਿਆ ਜਾਂਦਾ ਹੈ ਤੇ ਕੁਝ ਮਿੰਟਾਂ 'ਚ ਮਰੀਜ਼ 'ਤੇ ਅਸਰ ਕਰਦੀ ਹੈ, ਜਿਸ ਨਾਲ ਮਰੀਜ਼ ਨੂੰ ਨਸ਼ਾ ਨਾ ਮਿਲਣ 'ਤੇ ਲੱਗਣ ਵਾਲੀ ਤੋੜ ਨਹੀਂ ਲਗਦੀ। ਡਾਕਟਰੀ ਵਿਗਿਆਨ 'ਚ ਇਸ ਗੋਲੀ ਦੀ ਵਰਤੋਂ ਉਨ੍ਹਾਂ ਮਰੀਜ਼ਾਂ ਲਈ ਕੀਤੀ ਜਾਂਦੀ ਹੈ, ਜੋ ਹੈਰੋਇਨ ਜਾਂ ਹੋਰ ਮਾਰੂ ਨਸ਼ਿਆਂ ਦੇ ਆਦੀ ਹੁੰਦੇ ਹਨ। ਪਰ ਬਦਕਿਸਮਤੀ ਨਾਲ ਅੱਜ ਬਹੁਤ ਸਾਰੇ ਨੌਜਵਾਨਾਂ ਨੇ ਇਸ ਗੋਲੀ ਨੂੰ ਨਸ਼ੇ ਦੇ ਬਦਲ ਵਜੋਂ ਅਪਣਾ ਲਿਆ ਹੈ। ਇਕ ਤਾਂ ਇਹ ਸਸਤੀ ਮਿਲ ਜਾਂਦੀ ਹੈ ਤੇ ਦੂਜਾ ਇਸ ਨੂੰ ਰੱਖਣਾ ਜਾਂ ਵਰਤਣਾ ਸੌਖਾ ਹੈ, ਇਸ ਲਈ ਇਹ ਗੋਲੀ ਹੁਣ ਗਲੀਆਂ-ਮੋੜਾਂ 'ਤੇ ਆਮ ਵਿਕਣ ਲੱਗੀ ਹੈ। ਸਰਕਾਰ ਨੇ ਇਹ ਗੋਲੀ ਇਸ ਮਕਸਦ ਨਾਲ ਸ਼ੁਰੂ ਕੀਤੀ ਸੀ ਕਿ ਨਸ਼ਾਗ੍ਰਸਤ ਮਰੀਜ਼ਾਂ ਨੂੰ ਗੋਲੀ 'ਤੇ ਲਾ ਕੇ ਫਿਰ ਇਸ ਦੀ ਮਾਤਰਾ ਹੌਲੀ-ਹੌਲੀ ਘਟਾ ਕੇ ਉਨ੍ਹਾਂ ਨੂੰ ਨਸ਼ੇ ਤੋਂ ਛੁਟਕਾਰਾ ਦਿਵਾਇਆ ਜਾਵੇ। ਪਰ ਪਿਛਲੇ ਸਾਲਾਂ 'ਚ ਦੇਖਣ ਵਿਚ ਆਇਆ ਕਿ ਮਰੀਜ਼ ਇਸ ਗੋਲੀ ਨੂੰ ਛੱਡਣ ਦੀ ਥਾਂ ਇਸ ਦੇ ਆਦੀ ਬਣਦੇ ਜਾ ਰਹੇ ਹਨ। ਇਨ੍ਹਾਂ 'ਓਟ' ਸੈਂਟਰਾਂ 'ਚ ਲਗਾਤਾਰ ਮਰੀਜ਼ਾਂ ਦੀ ਵਧਦੀ ਗਿਣਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ, ਕਿ ਪੰਜਾਬੀ ਇਸ ਜੀਭ ਵਾਲੀ ਗੋਲੀ ਦੇ ਅਮਲ 'ਤੇ ਲਗਦੇ ਜਾ ਰਹੇ ਹਨ। -ਪਿੰਡ ਸਾਹਨੇਵਾਲੀ (ਮਾਨਸਾ)।
ਪੰਜਾਬ ਵਿਚ ਇਸ ਵੇਲੇ ਲਗਭਗ 500 ਤੋਂ ਉੱਪਰ ਸਰਕਾਰੀ 'ਓਟ' ਸੈਂਟਰ ਹਨ, ਜਿਨ੍ਹਾਂ ਨਾਲ ਹੁਣ ਤੱਕ ਲਗਭਗ 10 ਲੱਖ ਮਰੀਜ਼ ਰਜਿਸਟਰ ਹੋ ਚੁੱਕੇ ਹਨ ਤੇ ਇਹ ਗਿਣਤੀ ਵਧਦੀ ਜਾ ਰਹੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਸ ਗੋਲੀ ਦੀ ਲਗਾਤਾਰ ਵਰਤੋਂ ਸਰੀਰ 'ਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ, ਜਿਵੇਂ ਕਿ ਗੋਲੀ ਦੀ ਜ਼ਿਆਦਾ ਵਰਤੋਂ ਨਾਲ ਸਾਹ ਦੀ ਸਮੱਸਿਆ ਪੈਦਾ ਹੋਣੀ ਆਦਿ। ਜੇ ਇਕ ਵਾਰ 'ਚ ਇਸ ਨੂੰ ਜ਼ਿਆਦਾ ਮਾਤਰਾ 'ਚ ਲਿਆ ਜਾਵੇ ਤਾਂ ਸਾਹ ਰੁਕ ਸਕਦਾ ਹੈ, ਜੋ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਸ ਦੇ ਲਗਾਤਾਰ ਸੇਵਨ ਨਾਲ ਲਿਵਰ 'ਤੇ ਮਾੜਾ ਅਸਰ ਪੈਂਦਾ ਹੈ। ਪੀਲੀਆ ਹੋਣ ਜਾਂ ਲਿਵਰ ਫੇਲ੍ਹ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਹ ਗੋਲੀ ਖੂਨ ਦੇ ਦੌਰੇ ਤੇ ਦਿਲ ਦੀ ਧੜਕਣ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੁੰਦੀ ਹੈ। ਇਸ ਤੋਂ ਇਲਾਵਾ ਜਦੋਂ ਗੋਲੀ ਦਾ ਅਸਰ ਖ਼ਤਮ ਹੁੰਦਾ ਹੈ ਤਾਂ ਮਰੀਜ਼ ਡੂੰਘੇ ਮਾਨਸਿਕ ਤਣਾਅ, ਘਬਰਾਹਟ ਤੇ ਡਰ ਵਿਚ ਚਲਾ ਜਾਂਦਾ ਹੈ, ਜਿਸ ਕਰਕੇ ਉਹ ਗੱਲ-ਗੱਲ 'ਤੇ ਗੁੱਸਾ ਕਰਨ ਲਗਦਾ ਹੈ ਤੇ ਪਰਿਵਾਰ ਨਾਲ ਲੜਾਈ-ਝਗੜਾ ਜਾਂ ਉੱਚੀ ਆਵਾਜ਼ 'ਚ ਗੱਲ ਕਰਦਾ ਹੈ। ਇਸ ਲਈ ਇਸ ਦੀ ਲਗਾਤਾਰ ਵਰਤੋਂ ਕਰਨ ਵਾਲਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇਸ ਗੋਲੀ ਦੀ ਵਰਤੋਂ ਨਸ਼ਾਮੁਕਤੀ ਲਈ ਕਰ ਰਹੇ ਹਨ, ਨਾ ਕਿ ਇਸ ਗੋਲੀ ਦੇ ਅਮਲ 'ਤੇ ਲੱਗਣ ਲਈ। ਹਰ ਮਰੀਜ਼ ਖ਼ੁਦ ਨੂੰ ਮਾਨਸਿਕ ਤੌਰ 'ਤੇ ਤਕੜਾ ਕਰਕੇ ਫਿਰ ਇਸ ਗੋਲੀ ਦੀ ਮਾਤਰਾ ਹੌਲੀ-ਹੌਲੀ ਘਟਾ ਕੇ ਇਸ ਨੂੰ ਛੱਡ ਸਕਦਾ ਹੈ, ਪਰ ਇੱਥੇ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਕਦੇ ਵੀ ਕਿਸੇ ਨਸ਼ਾਗ੍ਰਸਤ ਮਰੀਜ਼ ਨੂੰ ਡਾਕਟਰੀ ਸਲਾਹ ਤੋਂ ਬਿਨਾਂ ਇਸ ਗੋਲੀ ਨੂੰ ਇਕਦਮ ਨਹੀਂ ਛੱਡਣਾ ਚਾਹੀਦਾ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਮੇਂ-ਸਮੇਂ 'ਤੇ ਇਨ੍ਹਾਂ ਸੈਂਟਰਾਂ ਦੀ ਨਿਗਰਾਨੀ ਕਰਕੇ ਹਿਦਾਇਤਾਂ ਜਾਰੀ ਕਰਦੀ ਰਹੇ ਤੇ ਥੋੜ੍ਹੇ-ਥੋੜ੍ਹੇ ਵਕਫ਼ੇ ਬਾਅਦ ਨਸ਼ਾਗ੍ਰਸਤ ਮਰੀਜ਼ਾਂ ਦੀ ਗਿਣਤੀ ਦੀ ਜਾਂਚ ਕਰੇ। ਜੇ ਸਮਾਂ ਰਹਿੰਦੇ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ 'ਚ ਸਰਕਾਰਾਂ ਨੂੰ ਜੀਭ ਵਾਲੀ ਗੋਲੀ ਛੁਡਾਉਣ ਲਈ ਵੀ ਕੈਂਪ ਲਗਾਉਣੇ ਪੈਣ।
ਮੋਬਾਈਲ : 70098-98044