17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਰਣਨੀਤੀ ਕੀ ਰਹੇਗੀ?

Ad Position 21
No active advertisement
ਅਜੀਤ ਡੈਸਕ 06-03-2026

ਤੁਝੇ ਦੁਸ਼ਮਨੋਂ ਕੀ ਖ਼ਬਰ ਨਾ ਥੀ
ਮੁਝੇ ਦੋਸਤੋ ਕਾ ਪਤਾ ਨਹੀਂ
ਤੇਰੀ ਦਾਸਤਾਂ ਕੋਈ ਔਰ ਥੀ

ਮੇਰਾ ਵਾਕਿਆ ਕੋਈ ਔਰ ਹੈ।
ਭਾਵੇਂ ਕਿਸੇ ਵੇਲੇ ਅਕਾਲੀ ਦਲ ਬਾਦਲ ਤੇ ਭਾਜਪਾ ਵਿਚ ਨਹੁੰ-ਮਾਸ ਦੇ ਰਿਸ਼ਤੇ ਦੀ ਗੱਲ ਕੀਤੀ ਜਾਂਦੀ ਸੀ, ਪਰ ਹੁਣ ਤਾਂ ਹਾਲਤ ਸਲੀਮ ਨੌਸਰ ਦੇ ਉਪਰੋਕਤ ਸ਼ਿਅਰ ਵਰਗੀ ਹੀ ਹੈ। ਦੋਵੇਂ ਪਾਰਟੀਆਂ ਇਸ ਵੇਲੇ ਇਕ-ਦੂਜੇ ਨਾਲ ਸਮਝੌਤੇ ਦੇ ਮਾਮਲੇ ਵਿਚ ਹਾਲ ਦੀ ਘੜੀ ਤਾਂ 'ਤੌਬਾ' ਵਾਲਾ ਸਟੈਂਡ ਹੀ ਲੈ ਰਹੀਆਂ ਹਨ। ਹਾਲਾਂਕਿ ਰਾਜਨੀਤੀ ਵਿਚ ਆਮ ਤੌਰ 'ਤੇ ਨੇਤਾ ਜੋ ਕਹਿੰਦੇ ਹਨ, ਅਸਲੀਅਤ ਉਸ ਤੋਂ ਕੋਹਾਂ ਦੂਰ ਹੁੰਦੀ ਹੈ। ਪਰ ਇਸ ਵੇਲੇ ਤਾਂ ਅਕਾਲੀ ਦਲ ਤੇ ਭਾਜਪਾ ਇਕ-ਦੂਜੇ 'ਤੇ ਤਿੱਖੇ ਹਮਲੇ ਹੀ ਕਰ ਰਹੇ ਹਨ। ਭਾਵੇਂ ਕਾਂਗਰਸ ਤੋਂ ਭਾਜਪਾ ਵਿਚ ਆਏ ਕੈਪਟਨ ਅਮਰਿੰਦਰ ਸਿੰਘ ਵਰਗੇ ਨੇਤਾ ਇਹ ਮਹਿਸੂਸ ਕਰਦੇ ਹਨ ਕਿ ਅਕਾਲੀ ਦਲ ਨਾਲ ਸਮਝੌਤੇ ਤੋਂ ਬਿਨਾਂ ਪੰਜਾਬ ਵਿਚ ਭਾਜਪਾ ਦਾ ਸੱਤਾ ਵਿਚ ਆਉਣਾ ਸੰਭਵ ਨਹੀਂ ਹੈ। ਪਰ ਭਾਜਪਾ ਦੇ ਬਹੁਤੇ ਨੇਤਾ ਅਕਾਲੀ ਦਲ ਨਾਲ ਸਮਝੌਤੇ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਵਿਚੋਂ ਵੀ ਬਹੁਤੇ ਨਿੱਜੀ ਗੱਲਬਾਤ ਵਿਚ ਚੋਣਾਂ ਨੇੜੇ ਜਾ ਕੇ ਸਮਝੌਤਾ ਹੋਣ ਦੇ ਆਸਾਰ ਬਣ ਸਕਣ ਤੋਂ ਨਾਂਹ ਨਹੀਂ ਕਰਦੇ। ਇਸ ਵੇਲੇ ਪੰਜਾਬ ਵਿਚ ਭਾਜਪਾ ਦੀ ਚੋਣ ਮੁਹਿੰਮ ਸੰਭਾਲ ਰਹੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਸਾਫ਼ ਕਿਹਾ ਹੈ ਕਿ ਹਾਲ ਦੀ ਘੜੀ ਅਕਾਲੀ ਦਲ ਨਾਲ ਸਮਝੌਤੇ ਦੇ ਕੋਈ ਆਸਾਰ ਨਹੀਂ। ਉਨ੍ਹਾਂ ਨੇ ਪੰਜਾਬ ਵਿਚ ਭਾਜਪਾ ਸਰਕਾਰ ਬਣਾਉਣ ਦੀ ਗੱਲ ਵੀ ਕਹੀ। ਇਸ ਦੇ ਜਵਾਬ ਵਿਚ ਪ੍ਰਮੁੱਖ ਅਕਾਲੀ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਭਾਜਪਾ ਵਲੋਂ ਪੰਜਾਬ ਦੀਆਂ ਸਾਰੀਆਂ ਸੀਟਾਂ ਲੜਨ ਦਾ ਸਵਾਗਤ ਕਰਦੇ ਹਾਂ।
ਰਾਜਨੀਤੀ, ਸੰਭਾਵਨਾਵਾਂ, ਸਮਝ, ਮਿਹਨਤ ਤੇ ਸਾਮ-ਦਾਮ-ਦੰਡ-ਭੇਦ ਦੀ ਖੇਡ ਹੈ ਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ 2014 ਤੋਂ ਭਾਜਪਾ ਇਨ੍ਹਾਂ ਸਾਰੇ ਮਾਪਦੰਡਾਂ ਤੇ ਬਾਕੀ ਸਭ ਤੋਂ ਸਮਰੱਥ ਪਾਰਟੀ ਹੈ। ਬੇਸ਼ੱਕ ਭਾਜਪਾ ਦੀ ਇਹ ਰਣਨੀਤੀ ਦੇਸ਼ ਵਿਚ ਵੰਡੀਆਂ ਪਾ ਰਹੀ ਹੈ। ਖ਼ੈਰ ਆਪਾਂ ਦੇਸ਼ ਦੀ ਨਹੀਂ ਪੰਜਾਬ ਦੀ ਗੱਲ ਕਰ ਰਹੇ ਹਾਂ।
ਬੇਸ਼ੱਕ ਭਾਜਪਾ ਇਹ ਦਾਅਵਾ ਬਹੁਤ ਠੋਕ-ਵਜਾ ਕੇ ਕਰ ਰਹੀ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਭਾਜਪਾ ਬਣਾਏਗੀ, ਪਰ ਸਭ ਜਾਣਦੇ ਹਨ ਕਿ ਇਨ੍ਹਾਂ ਦਾਅਵਿਆਂ ਵਿਚ ਸਚਾਈ ਤੇ ਸੰਭਾਵਨਾ ਕਿੰਨੀ ਕੁ ਹੈ। ਇਹ ਸਪੱਸ਼ਟ ਹੈ ਕਿ ਭਾਜਪਾ, ਕਾਂਗਰਸ ਜਾਂ 'ਆਪ' ਨਾਲ ਸਮਝੌਤਾ ਨਹੀਂ ਕਰ ਸਕਦੀ। ਉਹ ਅਕਾਲੀ ਦਲ (ਪੁਨਰ ਸੁਰਜੀਤ) ਜਾਂ ਅਕਾਲੀ ਦਲ ਬਾਦਲ ਨਾਲ ਹੀ ਸਮਝੌਤਾ ਕਰ ਸਕਦੀ ਹੈ ਪਰ ਅਜੇ ਤੱਕ ਅਕਾਲੀ ਦਲ (ਪੁਨਰ ਸੁਰਜੀਤ) ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦੇ ਯਤਨਾਂ ਵਿਚ ਹੀ ਹੈ। ਇਸ ਲਈ ਜੇਕਰ ਭਾਜਪਾ ਪੰਜਾਬ ਵਿਚ ਸੱਤਾ ਚਾਹੁੰਦੀ ਹੈ ਤਾਂ ਉਸ ਨੂੰ ਅਕਾਲੀ ਦਲ ਬਾਦਲ ਜਾਂ ਅਕਾਲੀ ਦਲ (ਪੁਨਰ ਸਰਜੀਤ) ਦੋਵਾਂ ਨਾਲ ਹੀ ਸਮਝੌਤਾ ਕਰਕੇ ਗੱਠਜੋੜ ਬਣਾਉਣਾ ਪਵੇਗਾ। ਪਰ ਕੁਝ ਸੰਕੇਤ ਅਜਿਹੇ ਵੀ ਮਿਲ ਰਹੇ ਹਨ ਕਿ ਭਾਜਪਾ ਪੰਜਾਬ ਵਿਚ ਹਕੂਮਤ 'ਚ ਹਿੱਸੇਦਾਰ ਬਣਨ ਨਾਲੋਂ ਆਪਣੇ 'ਕਾਂਗਰਸ ਮੁਕਤ ਭਾਰਤ' ਦੇ ਟੀਚੇ ਦੀ ਪ੍ਰਾਪਤੀ ਲਈ ਇਹ ਚੋਣ ਇਕੱਲਿਆਂ ਲੜਨ ਨੂੰ ਤਰਜੀਹ ਦੇ ਸਕਦੀ ਹੈ ਅਤੇ ਕਾਂਗਰਸ ਦੀ ਪੰਜਾਬ ਵਿਚ ਹਾਰ ਯਕੀਨੀ ਬਣਾਉਣ ਦੇ ਯਤਨ ਕਰ ਸਕਦੀ ਹੈ, ਜਿਸ ਦੇ ਨਤੀਜੇ ਵਜੋਂ ਰਾਜ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣਨ ਦੇ ਆਸਾਰ ਬਣ ਸਕਦੇ ਹਨ। ਇਥੇ ਵਰਨਣਯੋਗ ਹੈ ਕਿ ਭਾਜਪਾ ਲੀਡਰਸ਼ਿਪ ਪ੍ਰਧਾਨ ਮੰਤਰੀ ਤੋਂ ਲੈ ਕੇ ਸਥਾਨਕ ਪੱਧਰ ਤੱਕ ਪੰਜਾਬ ਦੇ ਉਨ੍ਹਾਂ ਡੇਰਿਆਂ ਨਾਲ ਸੰਪਰਕ ਵਧਾ ਰਹੀ ਹੈ ਜੋ ਆਮ ਤੌਰ 'ਤੇ ਕਾਂਗਰਸ ਦੀ ਹੀ ਹਮਾਇਤ ਕਰਦੇ ਰਹੇ ਹਨ।
ਹਾਲਾਂਕਿ ਆਮ ਲੋਕਾਂ ਲਈ ਇਹ ਅਨਹੋਣੀ ਜਿਹੀ ਗੱਲ ਹੈ, ਕਿਉਂਕਿ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਨੇਤਾ ਤਾਂ ਇਕ-ਦੂਜੇ ਉੱਪਰ ਤਿੱਖੇ ਹਮਲੇ ਕਰਦੇ ਹਨ, ਫਿਰ ਭਾਜਪਾ ਇਹ ਕਿਵੇਂ ਚਾਹ ਸਕਦੀ ਹੈ ਕਿ ਆਪ ਦੀ ਸਰਕਾਰ ਪੰਜਾਬ ਵਿਚ ਦੁਬਾਰਾ ਬਣ ਜਾਵੇ? ਪਰ ਰਾਜਨੀਤੀ ਵਿਚ ਦੋ ਦੂਣੀ 4 ਘੱਟ ਹੀ ਹੁੰਦਾ ਹੈ, 5, 7 ਜਾਂ 8 ਭਾਵੇਂ ਹੋ ਜਾਵੇ।
ਇਥੇ ਜ਼ਰਾ ਇਹ ਵੀ ਧਿਆਨ ਯੋਗ ਗੱਲ ਹੈ ਕਿ ਪੰਜਾਬ ਵਿਚ ਜੇਕਰ ਕਾਂਗਰਸ ਜਿੱਤ ਜਾਂਦੀ ਹੈ ਤਾਂ ਉਹ 2027 ਦੇ ਅੰਤ ਅਤੇ 2028 ਦੇ ਸ਼ੁਰੂ ਵਿਚ ਹੋਰ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਨੂੰ ਸਖ਼ਤ ਟੱਕਰ ਦੇਣ ਦੇ ਸਮਰੱਥ ਨਜ਼ਰ ਆਏਗੀ। ਉਸ ਦਾ ਵਿਸ਼ਵਾਸ ਮਜ਼ਬੂਤ ਹੋਵੇਗਾ। ਪਰ ਜੇਕਰ ਕਾਂਗਰਸ ਹਾਰਦੀ ਹੈ ਤੇ 'ਆਪ' ਜਿੱਤਦੀ ਹੈ ਤਾਂ ਹੋਰ ਰਾਜਾਂ ਦੀਆਂ ਚੋਣਾਂ ਵਿਚ 'ਆਪ' ਭਾਜਪਾ ਵਿਰੋਧੀ ਵੋਟਾਂ ਵੰਡੇਗੀ, ਜਿਸ ਨਾਲ ਭਾਜਪਾ ਦੀ ਜਿੱਤ ਦਾ ਰਾਹ ਸੌਖਾ ਹੋਵੇਗਾ। ਇਹ ਵੀ ਸਪੱਸ਼ਟ ਹੈ ਕਿ ਫਰਵਰੀ-ਮਾਰਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ 'ਆਪ' ਸਿਰਫ਼ ਪੰਜਾਬ ਵਿਚ ਹੀ ਜਿੱਤ ਸਕਦੀ ਹੈ। ਪੰਜਾਬ ਤੋਂ ਬਿਨਾਂ ਬਾਕੀ ਰਾਜਾਂ ਉੱਤਰ ਪ੍ਰਦੇਸ਼, ਗੋਆ, ਉਤਰਾਖੰਡ ਤੇ ਮਨੀਪੁਰ ਜਿਥੇ ਵੀ 'ਆਪ' ਲੜੇਗੀ, ਉਥੇ ਜਿੰਨੀਆਂ ਵੀ ਵੋਟਾਂ ਲਵੇਗੀ, ਉਹ ਭਾਜਪਾ ਵਿਰੋਧੀ ਵੋਟਾਂ ਵੰਡਣ ਦਾ ਕੰਮ ਹੀ ਕਰੇਗੀ। ਹਾਲਾਂਕਿ ਕਿਹਾ ਜਾ ਸਕਦਾ ਹੈ ਕਿ ਭਾਜਪਾ ਨੇ ਦਿੱਲੀ ਵਿਚ 'ਆਪ' ਨੂੰ ਕਿਉਂ ਹਰਾਇਆ, ਪਰ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਦਿੱਲੀ ਵਿਚ ਆਪ ਦੇ ਹਾਰਨ ਨਾਲ ਕਾਂਗਰਸ ਨਹੀਂ ਜਿੱਤ ਸਕਦੀ ਸੀ, ਜਦੋਂਕਿ ਪੰਜਾਬ ਵਿਚ ਅਜਿਹਾ ਹੋ ਸਕਦਾ ਹੈ।
ਇਹ ਸਪੱਸ਼ਟ ਹੈ ਕਿ ਜੇਕਰ ਆਪ ਪੰਜਾਬ ਵਿਚ ਹਾਰ ਗਈ ਤਾਂ ਨਵੰਬਰ-ਦਸੰਬਰ 2027 ਵਿਚ ਹੋਣ ਵਾਲੀਆਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਵੀ 'ਆਪ' ਕਮਜ਼ੋਰ ਪੈ ਜਾਵੇਗੀ ਤੇ ਇਸ ਦਾ ਸਿੱਧਾ ਨੁਕਸਾਨ ਭਾਜਪਾ ਤੇ ਫਾਇਦਾ ਕਾਂਗਰਸ ਨੂੰ ਹੋਵੇਗਾ। ਇਸ ਲਈ ਹਾਲ ਦੀ ਘੜੀ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਪੰਜਾਬ ਵਿਚ ਆਖਰੀ ਸਮੇਂ ਕੀ ਰਣਨੀਤੀ ਅਪਣਾਏਗੀ? ਉਹ ਸੱਚਮੁੱਚ ਇਕੱਲਿਆਂ ਚੋਣ ਲੜੇਗੀ ਜਾਂ ਚੋਣਾਂ ਦੇ ਨੇੜੇ ਜਾ ਕੇ ਅਕਾਲੀ ਦਲ ਜਾਂ ਦਲਾਂ ਨਾਲ ਸਮਝੌਤਾ ਕਰ ਲਵੇਗੀ। ਬੇਸ਼ੱਕ ਭਾਜਪਾ ਦੇ ਹਲਕਿਆਂ ਵਿਚ ਇਕ ਦੁਚਿੱਤੀ ਇਹ ਵੀ ਹੈ ਕਿ ਕਿਤੇ 'ਆਪ' ਪੂਰੀ ਤਰ੍ਹਾਂ ਕਾਂਗਰਸ ਦਾ ਬਦਲ ਨਾ ਬਣ ਜਾਵੇ। ਭਾਜਪਾ ਦੇ ਰਵੱਈਏ ਬਾਰੇ ਇਹ ਸ਼ਿਅਰ ਐਨ ਢੁਕਦਾ ਹੈ:
ਤੇਰੇ ਸਲੂਕ ਸੇ ਮਿਲਤਾ ਨਹੀਂ ਕਿਸੀ ਕਾ ਪਤਾ
ਨਾ ਦੋਸਤੀ, ਨਾ ਮੁਰੱਵਤ, ਨਾ ਦੁਸ਼ਮਣੀ ਕਾ ਪਤਾ।
(ਸਮੀਰ ਕਬੀਰ)
(ਮੁਰਵੱਤ-ਆਦਰ, ਸਨਮਾਨ)
2022 ਵਿਚ 'ਆਪ' ਕਾਰਨ ਕਾਂਗਰਸ ਦਾ ਨੁਕਸਾਨ

ਇਥੇ ਇਹ ਸਮਝਣਾ ਜ਼ਰੂਰੀ ਹੈ ਕਿ 'ਆਪ' ਦੇ 2022 ਵਿਚ ਇਕੱਲਿਆਂ ਚੋਣ ਲੜਨ ਨਾਲ ਕਾਂਗਰਸ ਦਾ ਕਿੰਨਾ ਨੁਕਸਾਨ ਹੋਇਆ। ਗੋਆ ਵਿਚ 2022 ਵਿਚ ਆਪ ਨੇ 40 ਵਿਚੋਂ 39 ਸੀਟਾਂ ਲੜੀਆਂ, ਆਪ ਨੂੰ 6.77 ਫੀਸਦੀ ਵੋਟਾਂ ਮਿਲੀਆਂ ਤੇ 2 ਸੀਟਾਂ ਜਿੱਤੀਆਂ। ਪਰ ਕਾਂਗਰਸ ਦੀਆਂ ਭਾਜਪਾ ਖਿਲਾਫ਼ ਸਥਾਪਤੀ ਵਿਰੋਧੀ ਰੁਝਾਨ ਹੋਣ ਦੇ ਬਾਵਜੂਦ ਕਰੀਬ 5 ਫ਼ੀਸਦੀ ਵੋਟਾਂ ਘਟੀਆਂ ਤੇ ਉਸ ਦੀਆਂ ਸੀਟਾਂ ਵੀ 17 ਤੋਂ ਘੱਟ ਕੇ 11 ਰਹਿ ਗਈਆਂ। ਫਿਰ 2022 ਦੇ ਅੰਤ ਵਿਚ ਗੁਜਰਾਤ ਵਿਚ ਆਪ ਨੇ 182 ਵਿਚੋਂ 180 ਸੀਟਾਂ 'ਤੇ ਚੋਣ ਲੜੀ, ਉਸ ਨੇ ਕਰੀਬ 13 ਫ਼ੀਸਦੀ ਵੋਟਾਂ ਲਈਆਂ ਤੇ 5 ਸੀਟਾਂ ਜਿੱਤੀਆਂ। ਪਰ ਕਾਂਗਰਸ ਨੂੰ 2017 ਦੀਆਂ ਚੋਣਾਂ ਵਿਚ ਮਿਲੀਆਂ ਵੋਟਾਂ 41.4 ਫ਼ੀਸਦੀ ਤੋਂ ਘਟ ਕੇ 2022 ਵਿਚ 27.28 ਫ਼ੀਸਦੀ ਰਹਿ ਗਈਆਂ। ਉਸ ਦੀਆਂ ਸੀਟਾਂ ਵੀ 77 ਤੋਂ ਘਟ ਕੇ 17 ਹੀ ਰਹਿ ਗਈਆਂ। 'ਆਪ' ਨੇ ਜ਼ਿਆਦਾਤਰ ਪਟੇਲ ਤੇ ਮੁਸਲਿਮ ਵੋਟਾਂ ਲਈਆਂ ਜੋ ਰਵਾਇਤੀ ਤੌਰ 'ਤੇ ਕਾਂਗਰਸ ਪੱਖੀ ਵੋਟਾਂ ਹੁੰਦੀਆਂ ਹਨ। ਹਿਮਾਚਲ ਵਿਚ ਵੀ ਭਾਵੇਂ ਆਪ ਨੇ 67 ਸੀਟਾਂ 'ਤੇ ਚੋਣ ਲੜੀ ਪਰ ਅਚਾਨਕ ਆਪ ਨੇ ਆਪਣੀ ਸਾਰੀ ਲੀਡਰਸ਼ਿਪ ਹਿਮਾਚਲ ਤੋਂ ਗੁਜਰਾਤ ਭੇਜ ਦਿੱਤੀ, ਨਤੀਜੇ ਵਜੋਂ ਹਿਮਾਚਲ ਵਿਚ ਆਪ ਨੂੰ ਸਿਰਫ਼ ਇਕ ਫ਼ੀਸਦੀ ਦੇ ਕਰੀਬ ਹੀ ਵੋਟਾਂ ਮਿਲੀਆਂ। ਵੋਟਾਂ ਦੀ ਵੰਡ ਨਾ ਹੋਣ ਕਾਰਨ ਹਿਮਾਚਲ ਵਿਚ ਕਾਂਗਰਸ ਦੀ ਸਰਕਾਰ ਬਣ ਗਈ। ਸੋ, ਸਪੱਸ਼ਟ ਹੈ ਕਿ ਪੰਜਾਬ ਵਿਚ ਆਪ ਦੀ ਮਜ਼ਬੂਤੀ ਭਾਜਪਾ ਲਈ ਫਾਇਦੇਮੰਦ ਅਤੇ ਕਾਂਗਰਸ ਲਈ ਦੇਸ਼ ਭਰ ਵਿਚ ਨੁਕਸਾਨਦਾਇਕ ਸਾਬਤ ਹੋਵੇਗੀ।
ਹਜ਼ਾਰੋਂ ਮੁਸ਼ਕਿਲੇਂ ਹੈਂ ਦੋਸਤੋਂ ਸੇ ਦੂਰ ਰਹਨੇ ਮੇਂ
ਮਗਰ ਇਕ ਫਾਇਦਾ ਹੈ ਪੀਠ ਪਰ ਖੰਜਰ ਨਹੀਂ ਲਗਤਾ।
(ਮੁਜੱਫਰ ਹਨਫੀ)
ਦਿੱਲੀ ਗੁਰਦੁਆਰਾ ਕਮੇਟੀ ਚੋਣਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਦਿੱਲੀ ਹਾਈਕੋਰਟ ਦੇ ਸੁਯੋਗ ਜੱਜ ਅਮਿਤ ਬਾਂਸਲ ਨੇ 24 ਫਰਵਰੀ, 2026 ਦੇ ਫ਼ੈਸਲੇ ਵਿਚ 30 ਜੂਨ ਤੱਕ ਵੋਟਰ ਲਿਸਟ ਤਿਆਰ ਕਰਨ ਅਤੇ 30 ਸਤੰਬਰ, 2026 ਤੱਕ ਚੋਣਾਂ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ। ਇਸ ਵੇਲੇ ਦਿੱਲੀ ਗੁਰਦੁਆਰਾ ਚੋਣਾਂ ਲੜਨ ਵਾਲੀਆਂ 3 ਪ੍ਰਮੁੱਖ ਧਿਰਾਂ ਅਕਾਲੀ ਦਲ ਬਾਦਲ, ਪਰਮਜੀਤ ਸਿੰਘ ਸਰਨਾ ਗੁੱਟ ਅਤੇ ਮਨਜੀਤ ਸਿੰਘ ਜੀ.ਕੇ. ਦੇ ਗੁੱਟ ਇਕੱਠੇ ਹਨ। ਜਦੋਂ ਕਿ ਕਾਬਜ਼ ਭਾਜਪਾ ਸਮਰਥਕ ਗੁੱਟ ਦੇ ਪ੍ਰਧਾਨ ਭਾਵੇਂ ਹਰਮੀਤ ਸਿੰਘ ਕਾਲਕਾ ਹਨ ਪਰ ਇਸ ਗੁੱਟ ਦੇ ਅਸਲ ਨੇਤਾ ਤਾਂ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਹੀ ਮੰਨੇ ਜਾਂਦੇ ਹਨ। ਜੇ ਚੋਣ ਹੋਈ ਤਾਂ ਮੁੱਖ ਮੁਕਾਬਲਾ ਇਨ੍ਹਾਂ ਦੋਵਾਂ ਧਿਰਾਂ ਦਰਮਿਆਨ ਹੀ ਹੋਵੇਗਾ। ਭਾਵੇਂ ਕੁਝ ਹੋਰ ਅਕਾਲੀ ਤੇ ਪੰਥਕ ਧੜੇ ਅਤੇ 'ਆਪ' ਸਮਰਥਕ ਵੀ ਚੋਣ ਮੈਦਾਨ ਵਿਚ ਹੋਣਗੇ, ਪਰ ਜਿਥੋਂ ਤੱਕ ਅਕਾਲੀ ਦਲ ਬਾਦਲ ਦਾ ਸੰਬੰਧ ਹੈ ਉਸ ਦੇ ਨੇਤਾ ਸਮਝਦੇ ਹਨ ਕਿ ਅਦਾਲਤ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਕਾਬਜ਼ ਭਾਜਪਾ ਧੜਾ ਕਿਸੇ ਨਾ ਕਿਸੇ ਬਹਾਨੇ ਚੋਣ ਲਟਕਾਉਣ ਦੀ ਕੋਸ਼ਿਸ਼ ਕਰੇਗਾ। ਭਾਵੇਂ ਉਹ ਅਦਾਲਤੀ ਹੁਕਮਾਂ ਨੂੰ ਚੁਣੌਤੀ ਰਾਹੀਂ ਤੇ ਭਾਵੇਂ ਪ੍ਰਸਾਸ਼ਕੀ ਕਾਰਨਾਂ ਰਾਹੀਂ ਪਰ ਗੌਰਤਲਬ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਾਲਕਾ ਇਹ ਕਹਿ ਰਹੇ ਹਨ ਕਿ ਉਹ ਹਰ ਵਕਤ ਚੋਣ ਕਰਵਾਉਣ ਲਈ ਤਿਆਰ ਹਨ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਭਾਈ ਅਮਰੀਕ ਸਿੰਘ ਨੂੰ ਯਾਦ ਕਰਦਿਆਂ... ਅਗਲੀ ਖ਼ਬਰ ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਵਧ ਰਿਹਾ ਹੈ ਟਕਰਾਅ
Ad Position 24