ਪਿਛਲੇ ਕੁਝ ਦਿਨਾਂ ਤੋਂ ਭਾਰਤ ਦੇ ਗੁਆਂਢੀ ਦੇਸ਼ਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਦਰਮਿਆਨ ਵਧੇ ਟਕਰਾਅ ਕਾਰਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਸਖ਼ਤ ਫ਼ੌਜੀ ਝੜਪਾਂ ਹੋਈਆਂ ਹਨ। ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸੁਰੱਖਿਆ ਦਲਾਂ ਨੇ ਪਾਕਿਸਤਾਨ ਦੀਆਂ 25 ਤੋਂ ਵੱਧ ਚੌਕੀਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ 100 ਤੋਂ ਵੱਧ ਸੈਨਿਕ ਵੀ ਮਾਰ ਦਿੱਤੇ ਹਨ। ਦੂਜੇ ਪਾਸੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਵਲੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਪਾਕਿਸਤਾਨ ਸਥਿਤ ਸਿਖਲਾਈ ਕੇਂਦਰਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਬਾਗ਼ੀ ਵੀ ਮਾਰੇ ਗਏ ਹਨ। ਨਿਰਪੱਖ ਸੂਤਰਾਂ ਨੇ ਪਾਕਿਸਤਾਨ ਵਲੋਂ ਕੰਧਾਰ, ਕਾਬਲ ਤੇ ਬਗਰਾਮ ਹਵਾਈ ਅੱਡੇ 'ਤੇ ਹਮਲੇ ਕਰਨ ਦੀ ਪੁਸ਼ਟੀ ਕੀਤੀ ਹੈ। ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਟਕਰਾਅ ਕਾਰਨ ਅਫ਼ਗਾਨਿਸਤਾਨ ਦੇ ਸਰਹੱਦੀ ਖੇਤਰਾਂ ਵਿਚ 66000 ਦੇ ਲਗਭਗ ਲੋਕਾਂ ਨੂੰ ਆਪਣੇ ਘਰ ਵੀ ਛੱਡਣੇ ਪਏ ਹਨ।
ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਅੰਗਰੇਜ਼ਾਂ ਦੇ ਸ਼ਾਸਨ ਕਾਲ ਸਮੇਂ ਤੈਅ ਕੀਤੀ ਗਈ ਸੀ, ਜਿਸ ਨੂੰ 'ਡੁਰੰਡ' ਲਾਈਨ ਕਿਹਾ ਜਾਂਦਾ ਹੈ। ਅੰਗਰੇਜ਼ਾਂ ਵਲੋਂ ਅਫ਼ਗਾਨਿਸਤਾਨ ਤੇ ਪਾਕਿਸਤਾਨ ਦਰਮਿਆਨ ਸਰਹੱਦ ਤੈਅ ਕਰਨ ਦਾ ਕੰਮ ਅੰਗਰੇਜ਼ ਅਧਿਕਾਰੀ ਸਰ ਹੈਜਰੀ ਮੋਰਟੀਮਰ ਡੁਰੰਡ ਨੇ ਕੀਤਾ ਸੀ। ਅਫ਼ਗਾਨਿਸਤਾਨ ਵਲੋਂ ਇਸ ਕਾਰਜ ਵਿਚ ਅਮੀਰ ਅਬਦੁਰ ਰਹਿਮਾਨ ਖ਼ਾਨ ਸ਼ਾਮਿਲ ਹੋਏ ਸਨ। ਉਦੋਂ ਪਾਕਿਸਤਾਨ ਭਾਰਤ ਦਾ ਹਿੱਸਾ ਸੀ ਅਤੇ ਭਾਰਤ 'ਤੇ ਅੰਗਰੇਜ਼ ਰਾਜ ਕਰ ਰਹੇ ਸਨ। ਉਸ ਸਮੇਂ ਵੀ ਅਫ਼ਗਾਨਿਸਤਾਨ ਅਤੇ ਭਾਰਤ ਦੀ ਸਰਹੱਦ 'ਤੇ ਲਗਾਤਾਰ ਝੜਪਾਂ ਹੁੰਦੀਆਂ ਰਹਿੰਦੀਆਂ ਸਨ। ਅੰਗਰੇਜ਼ ਉਦੋਂ ਵੱਡੀ ਤਾਕਤ ਸਨ। ਉਨ੍ਹਾਂ ਨੇ ਹੀ ਇਹ ਸਰਹੱਦ ਨਿਰਧਾਰਤ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਅਫ਼ਗਾਨਿਸਤਾਨ ਨੇ ਉਦੋਂ ਵੀ ਇਸ ਨੂੰ ਨਹੀਂ ਸੀ ਮੰਨਿਆ। ਅੱਜ ਵੀ ਅਫ਼ਗਾਨਿਸਤਾਨ ਵਲੋਂ ਇਸ ਸਰਹੱਦ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਤੇ ਉਹ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਖੇਤਰ ਦਾ ਇਕ ਵੱਡਾ ਹਿੱਸਾ ਆਪਣਾ ਸਮਝਦਾ ਹੈ, ਜਿਸ ਨੂੰ ਅੰਗਰੇਜ਼ ਪ੍ਰਸ਼ਾਸਕਾਂ ਨੇ ਜ਼ਬਰਦਸਤੀ ਖੋਹ ਲਿਆ ਸੀ। ਇਹ ਵਾਰਤਾ ਪਿਛਲੇ ਲੰਮੇ ਸਮੇਂ ਦੀ ਹੈ।
1947 'ਚ ਦੇਸ਼ ਦੀ ਵੰਡ ਸਮੇਂ ਪਾਕਿਸਤਾਨ (ਜਿਸ ਵਿਚ ਪੂਰਬੀ ਪਾਕਿਸਤਾਨ ਵੀ ਸ਼ਾਮਿਲ ਸੀ, ਜੋ ਅੱਜ ਦਾ ਬੰਗਲਾਦੇਸ਼ ਹੈ) ਇਕ ਵੱਖਰਾ ਦੇਸ਼ ਬਣ ਗਿਆ ਸੀ। ਇਸ ਲਈ ਅਫ਼ਗਾਨਿਸਤਾਨ ਦੀ ਇਸ ਸਰਹੱਦੀ ਝਗੜੇ ਦੀ ਵਿਰਾਸਤ ਪਾਕਿਸਤਾਨ ਦੀ ਝੋਲੀ ਵਿਚ ਪੈ ਗਈ ਸੀ। ਪਰ ਇਸ ਵਿਵਾਦ ਦੇ ਜਾਰੀ ਰਹਿੰਦਿਆਂ ਵੀ ਪਾਕਿਸਤਾਨ ਨੇ ਪਿਛਲੇ ਕਈ ਦਹਾਕਿਆਂ ਤੋਂ ਅਫ਼ਗਾਨਿਸਤਾਨ ਵਿਚ ਕਿਸੇ ਨਾ ਕਿਸੇ ਰੂਪ ਵਿਚ ਦਖਲ ਦੇਣਾ ਜਾਰੀ ਰੱਖਿਆ ਹੈ। ਸਾਲ 1979 ਵਿਚ ਯੂਨੀਅਨ ਆਫ਼ ਸੋਵੀਅਤ ਸੋਸ਼ਲਿਸਟ ਰਿਪਬਲਿਕਸ (ਯੂ.ਐੱਸ.ਐੱਸ.ਆਰ.) ਨੇ ਅਫ਼ਗਾਨਿਸਤਾਨ 'ਤੇ ਹਮਲਾ ਕਰਕੇ ਉੱਥੇ ਆਪਣੀ ਵਿਚਾਰਧਾਰਾ ਨਾਲ ਸੰਬੰਧਿਤ ਅਫ਼ਗਾਨ ਆਗੂਆਂ ਨੂੰ ਅਫ਼ਗਾਨਿਸਤਾਨ ਦੇ ਪ੍ਰਸ਼ਾਸਕ ਬਣਾ ਦਿੱਤਾ ਸੀ। ਪਰ ਇਸ ਸਰਕਾਰ ਦੇ ਹੁੰਦਿਆਂ ਵੀ ਅਫ਼ਗਾਨਿਸਤਾਨ ਦੇ ਲੜਾਕੂ ਵਿਦਰੋਹੀ ਤਾਲਿਬਾਨਾਂ ਨੇ ਲੰਮੇ ਸਮੇਂ ਤੱਕ ਉਸ ਸਰਕਾਰ ਦੇ ਨੱਕ 'ਚ ਦਮ ਕਰੀ ਰੱਖਿਆ ਸੀ। ਅਫ਼ਗਾਨਿਸਤਾਨ ਦੀ ਸੋਵੀਅਤ ਯੂਨੀਅਨ ਪੱਖੀ ਸਰਕਾਰ ਨਾਲ ਲੜਨ ਵਾਲੇ ਬਹੁਤ ਸਾਰੇ ਸੰਗਠਨਾਂ ਦੇ ਲੜਾਕੂਆਂ ਨੇ ਉਦੋਂ ਪਾਕਿਸਤਾਨ 'ਚ ਸ਼ਰਨ ਲਈ ਹੋਈ ਸੀ, ਜਿੱਥੋਂ ਉਹ ਨਿਰੰਤਰ ਆਪਣੀਆਂ ਕਾਰਵਾਈਆਂ ਚਲਾਉਂਦੇ ਸਨ। ਪਾਕਿਸਤਾਨ ਮੁੱਢ ਤੋਂ ਹੀ ਅਮਰੀਕਾ ਦੇ ਪ੍ਰਭਾਵ ਹੇਠ ਰਿਹਾ ਹੈ। ਅਮਰੀਕਾ ਨੇ ਸੋਵੀਅਤ ਯੂਨੀਅਨ ਨੂੰ ਮਾਤ ਦੇਣ ਲਈ ਪਾਕਿਸਤਾਨ ਰਾਹੀਂ ਅਫ਼ਗਾਨਿਸਤਾਨ ਦੇ ਤਾਲਿਬਾਨਾਂ ਦੀ ਪੂਰੀ ਮਦਦ ਕੀਤੀ ਅਤੇ ਉਦੋਂ ਇਸ ਕਾਰਨ ਜਿੱਥੇ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਨੂੰ ਅਫ਼ਗਾਨਿਸਤਾਨ 'ਚੋਂ ਨਿਕਲਣਾ ਪਿਆ, ਉੱਥੇ ਬਾਅਦ ਵਿਚ ਸੋਵੀਅਤ ਯੂਨੀਅਨ ਪੱਖੀ ਸਰਕਾਰ ਨੂੰ ਵੀ ਅਮਰੀਕਾ ਤੇ ਪਾਕਿਸਤਾਨ ਦੀ ਸਹਾਇਤਾ ਪ੍ਰਾਪਤ ਤਾਲਿਬਾਨ ਨੇ ਉਖਾੜ ਦਿੱਤਾ ਸੀ।
ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਹਕੂਮਤ ਕਾਇਮ ਹੋਣ ਤੋਂ ਬਾਅਦ ਸਾਊਦੀ ਅਰਬ ਦੇ ਇਸਲਾਮਿਕ ਕੱਟੜਪੰਥੀ ਤੇ ਅਲ-ਕਾਇਦਾ ਦੇ ਮੁਖੀ ਓਸਾਮਾ-ਬਿਨ-ਲਾਦੇਨ ਨੇ ਅਮਰੀਕਾ 'ਤੇ ਹਮਲਾ ਕਰਕੇ ਉਸ ਨੂੰ ਵੱਡੀ ਚੁਣੌਤੀ ਦਿੱਤੀ ਸੀ। ਉਸ ਸਮੇਂ ਲਾਦੇਨ ਨੂੰ ਅਫ਼ਗਾਨਿਸਤਾਨ ਨੇ ਪਨਾਹ ਦਿੱਤੀ ਹੋਈ ਸੀ, ਜਿਸ ਕਰਕੇ ਅਮਰੀਕਾ ਨੇ ਅਫ਼ਗਾਨਿਸਤਾਨ ਦੇ ਤਾਲਿਬਾਨੀ ਪ੍ਰਸ਼ਾਸਨ ਨੂੰ ਖ਼ਤਮ ਕਰਨ ਲਈ ਆਪਣੀਆਂ ਫ਼ੌਜੀ ਕਾਰਵਾਈਆਂ ਪਾਕਿਸਤਾਨ ਰਾਹੀਂ ਹੀ ਸ਼ੁਰੂ ਕੀਤੀਆਂ ਸਨ ਤੇ ਤਾਲਿਬਾਨੀਆਂ ਦੇ ਪ੍ਰਸ਼ਾਸਨ ਨੂੰ ਉਖਾੜ ਦਿੱਤਾ ਗਿਆ ਸੀ। ਅਮਰੀਕਾ ਦੀ ਸਹਾਇਤਾ ਨਾਲ ਉੱਥੇ ਬਣੀਆਂ ਸਰਕਾਰਾਂ ਨੂੰ ਤਾਲਿਬਾਨ ਲਗਾਤਾਰ ਚੁਣੌਤੀ ਦਿੰਦਾ ਰਿਹਾ ਤੇ ਉਸ ਵਲੋਂ ਲੰਬਾ ਸੰਘਰਸ਼ ਲੜਿਆ ਗਿਆ। ਪਾਕਿਸਤਾਨ ਨੇ ਉਸ ਸਮੇਂ ਦੋਗਲੀਆਂ ਨੀਤੀਆਂ ਅਪਣਾਉਂਦਿਆਂ ਜਿੱਥੇ ਤਾਲਿਬਾਨ ਦੀ ਪੁਸ਼ਤਪਨਾਹੀ ਕੀਤੀ, ਉੱਥੇ ਅਮਰੀਕਾ ਨਾਲ ਵੀ ਆਪਣੀਆਂ ਮਜਬੂਰੀਆਂ ਕਰਕੇ ਸਮੇਂ-ਸਮੇਂ ਸਹਾਇਤਾ ਲੈਣ ਲਈ ਚੰਗਾ ਬਣਨ ਦਾ ਡਰਾਮਾ ਰਚਾਈ ਰੱਖਿਆ, ਜਿਸ ਦਾ ਕੱਚਾ ਚਿੱਠਾ ਬਾਅਦ ਵਿਚ ਸਭ ਦੇ ਸਾਹਮਣੇ ਆ ਗਿਆ ਸੀ। ਸਮਾਂ ਪਾ ਕੇ ਤਾਲਿਬਾਨ ਦੇ ਮੁੜ ਅਫ਼ਗਾਨਿਸਤਾਨ 'ਤੇ ਕਾਬਜ਼ ਹੋਣ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਦਾ ਜੋ ਤਕਰਾਰ ਤੇ ਤਣਾਅ ਬਣਿਆ ਹੋਇਆ ਹੈ, ਉਸ ਦਾ ਮੁੱਖ ਕਾਰਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਸੰਗਠਨ ਦੇ ਗੁਰੀਲੇ ਹਨ, ਜਿਨ੍ਹਾਂ ਦੀ ਮਦਦ ਕਈ ਅੰਤਰਰਾਸ਼ਟਰੀ ਸੰਗਠਨ ਕਰ ਰਹੇ ਹਨ। ਇਨ੍ਹਾਂ ਦੋਵਾਂ ਨੇ ਲਗਾਤਾਰ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿਚ ਹਿੰਸਕ ਕਾਰਵਾਈਆਂ ਜਾਰੀ ਰੱਖ ਕੇ ਜਿੱਥੇ ਉਸ ਨੂੰ ਵੱਡੀ ਚੁਣੌਤੀ ਦਿੱਤੀ ਹੋਈ ਹੈ, ਉੱਥੇ ਪਾਕਿਸਤਾਨ ਲਗਾਤਾਰ ਇਹ ਦੋਸ਼ ਲਾਉਂਦਾ ਰਿਹਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਗੁਰੀਲਿਆਂ ਨੇ ਅਫ਼ਗਾਨਿਸਤਾਨ ਵਿਚ ਪਨਾਹ ਲਈ ਹੋਈ ਹੈ ਤੇ ਉੱਥੋਂ ਉਹ ਸਰਹੱਦ ਪਾਰ ਕਰਕੇ ਲਗਾਤਾਰ ਪਾਕਿਸਤਾਨ ਨੂੰ ਲਹੂ-ਲੁਹਾਣ ਕਰ ਰਹੇ ਹਨ। ਪਾਕਿਸਤਾਨੀ ਤਾਲਿਬਾਨ ਨੇ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਤੋਂ ਇਲਾਵਾ ਲਾਹੌਰ ਤੇ ਇਸਲਾਮਾਬਾਦ ਤੱਕ ਨੂੰ ਵੀ ਕਈ ਵਾਰ ਆਪਣਾ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦੇ ਕੱਟੜਪੰਥੀ ਸ਼ੀਆ ਮਸਜਿਦਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ, ਜਿਨ੍ਹਾਂ ਵਿਚ ਹੁਣ ਤੱਕ ਸੈਂਕੜੇ ਹੀ ਲੋਕ ਮਾਰੇ ਜਾ ਚੁੱਕੇ ਹਨ। ਪਿਛਲੇ ਦਿਨੀਂ ਵੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇਕ ਮਸਜਿਦ ਉੱਤੇ ਹਮਲੇ ਦੀ ਇਨ੍ਹਾਂ ਗੁਰੀਲਿਆਂ ਨੇ ਜ਼ਿੰਮੇਵਾਰੀ ਲਈ ਸੀ, ਜਿਸ ਵਿਚ 31 ਲੋਕ ਮਾਰੇ ਗਏ ਤੇ ਸੈਂਕੜੇ ਹੀ ਲੋਕ ਜ਼ਖ਼ਮੀ ਹੋਏ ਸਨ।
ਪਾਕਿਸਤਾਨ ਲਗਾਤਾਰ ਹੁੰਦੇ ਅਜਿਹੇ ਹਮਲਿਆਂ ਲਈ ਅਫ਼ਗਾਨਿਸਤਾਨ 'ਚ ਲੁਕੇ ਗੁਰੀਲਿਆਂ ਨੂੰ ਹੀ ਦੋਸ਼ੀ ਠਹਿਰਾਉਂਦਾ ਰਿਹਾ ਹੈ ਤੇ ਅਫ਼ਗਾਨਿਸਤਾਨ ਸਰਕਾਰ ਉੱਪਰ ਉਨ੍ਹਾਂ ਨੂੰ ਸ਼ਰਨ ਦੇਣ ਦਾ ਦੋਸ਼ ਮੜ੍ਹਦਾ ਰਿਹਾ ਹੈ। ਦੂਜੇ ਪਾਸੇ ਅਫ਼ਗਾਨਿਸਤਾਨ ਸਰਕਾਰ ਨੇ ਇਨ੍ਹਾਂ ਨਾਲ ਆਪਣੇ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ। ਪਰ ਹਿੰਸਕ ਵਾਰਦਾਤਾਂ ਦਾ ਇਹ ਸਿਲਸਿਲਾ ਖ਼ਤਮ ਹੋਣ ਵਾਲਾ ਨਹੀਂ ਜਾਪਦਾ। ਇਸ ਕਰਕੇ ਹੀ ਪਾਕਿਸਤਾਨ ਦੀ ਫ਼ੌਜ ਅਫ਼ਗਾਨਿਸਤਾਨ ਦੇ ਸਰਹੱਦੀ ਜ਼ਿਲ੍ਹਿਆਂ 'ਤੇ ਅਕਸਰ ਹਮਲੇ ਕਰਦੀ ਰਹਿੰਦੀ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫ਼ੀ ਵਧ ਚੁੱਕਾ ਹੈ। ਇਸ ਦੇ ਜਵਾਬ ਵਿਚ ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ ਨੇ ਪਾਕਿਸਤਾਨ ਉੱਤੇ ਇਹ ਦੋਸ਼ ਲਾਇਆ ਹੈ ਕਿ ਉਹ ਆਪਣੀਆਂ ਫ਼ੌਜਾਂ ਰਾਹੀਂ ਅਫ਼ਗਾਨਿਸਤਾਨ 'ਤੇ ਹਮਲੇ ਕਰਕੇ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ ਤੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ। ਇਸ ਦੇ ਨਾਲ ਹੀ ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਵੀ ਇਹ ਧਮਕੀ ਦਿੱਤੀ ਸੀ ਕਿ ਉਹ ਇਨ੍ਹਾਂ ਹਮਲਿਆਂ ਦਾ ਜਵਾਬ ਹਰ ਸੂਰਤ ਵਿਚ ਦੇਣਗੇ।
ਪਾਕਿਸਤਾਨ ਵਿਚ ਪੈਦਾ ਹੋ ਰਹੀ ਇਹ ਸਥਿਤੀ ਬੇਹੱਦ ਖ਼ਤਰਨਾਕ ਹੈ, ਜੋ ਦੋਵਾਂ ਦੇਸ਼ਾਂ ਵਿਚ ਕਿਸੇ ਵੱਡੀ ਸੰਭਾਵੀ ਜੰਗ ਛਿੜਨ ਦਾ ਸੰਕੇਤ ਦੇ ਰਹੀ ਹੈ। ਚੀਨ ਤੇ ਰੂਸ ਨੇ ਦੋਵਾਂ ਦੇਸ਼ਾਂ ਨੂੰ ਆਪਣੇ ਮਤਭੇਦ ਸੁਲਝਾਉਣ ਦੀ ਅਪੀਲ ਕੀਤੀ ਹੈ। ਭਾਰਤ ਸਰਕਾਰ ਨੇ ਵੀ ਇਸ ਸੰਬੰਧੀ ਸਪੱਸ਼ਟ ਰੂਪ ਵਿਚ ਇਹ ਕਿਹਾ ਹੈ ਕਿ ਪਾਕਿਸਤਾਨ ਦੀਆਂ ਫ਼ੌਜਾਂ ਹਮਲੇ ਕਰਕੇ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇ ਰਹੀਆਂ ਹਨ। ਜੇਕਰ ਆਉਂਦੇ ਦਿਨਾਂ ਵਿਚ ਦੋਵਾਂ ਦੇਸ਼ਾਂ 'ਚ ਜੰਗ ਛਿੜਦੀ ਹੈ ਤਾਂ ਇਹ ਇਸ ਖਿੱਤੇ ਲਈ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੈ।-
ਬਰਜਿੰਦਰ ਸਿੰਘ ਹਮਦਰਦ