ਜਨਮ ਦਿਨ 'ਤੇ ਵਿਸ਼ੇਸ਼
ਨੌਜਵਾਨਾਂ ਦੇ ਦਿਲਾਂ ਦੀ ਧੜਕਨ ਤੇ ਪੰਥ ਦੇ ਰੂਹੇ ਰਵਾਂ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਖ਼ਾਤਰ ਸ਼ਹੀਦੀ ਦੇ ਕੇ 20ਵੀਂ ਸਦੀ 'ਚ ਇਹ ਸਾਬਤ ਕੀਤਾ ਕਿ ਸਿੱਖਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਹੈ। ਭਾਈ ਅਮਰੀਕ ਸਿੰਘ ਦਾ ਜਨਮ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਬਾਬਾ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲੇ ਅਤੇ ਮਾਤਾ ਨਿਰੰਜਣ ਕੌਰ ਦੇ ਘਰ ਪਿੰਡ ਭੂਰਾ ਕੋਹਨਾ ਵਿਖੇ ਹੋਇਆ। ਉਨ੍ਹਾਂ ਮੁੱਢਲੀ ਵਿੱਦਿਆ ਪਿੰਡ ਦੇ ਹਾਈ ਸਕੂਲ ਤੋਂ ਪ੍ਰਾਪਤ ਕਰਕੇ ਉਚੇਰੀ ਵਿਦਿਆ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖਲਾ ਲਿਆ। ਭਾਈ ਅਮਰੀਕ ਸਿੰਘ ਬਚਪਨ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ ਕਿਉਂਕਿ ਉਨ੍ਹਾਂ ਦੇ ਸਰਪ੍ਰਸਤ ਦਾਦਾ ਜੀ ਜਥੇਦਾਰ ਬਾਬਾ ਝੰਡਾ ਸਿੰਘ ਪੂਰਨ ਗੁਰਸਿੱਖ ਤੇ ਟਕਸਾਲੀ ਸਨ, ਜਦਕਿ ਪਿਤਾ ਸੰਤ ਕਰਤਾਰ ਸਿੰਘ ਖ਼ਾਲਸਾ ਨੇ ਦਮਦਮੀ ਟਕਸਾਲ ਦੇ ਮੁਖੀ ਹੁੰਦਿਆਂ ਐਮਰਜੈਂਸੀ ਦੌਰਾਨ 37 ਵੱਡੇ ਧਾਰਮਿਕ ਜਲੂਸ ਕੱਢ ਕੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਤੇ ਦਿਨ-ਰਾਤ ਸਿੱਖੀ ਦਾ ਪ੍ਰਚਾਰ ਕਰਕੇ ਸਿੱਖ ਜਗਤ 'ਚ ਸਿੱਖੀ ਜਜ਼ਬੇ ਦੀ ਲਹਿਰ ਪ੍ਰਚੰਡ ਕੀਤੀ ਸੀ।
ਭਾਈ ਸਾਹਿਬ ਨਿਸ਼ਕਾਮਤਾ ਤੇ ਨਿਮਰਤਾ ਭਰਪੂਰ ਸਨ। ਕਾਲਜ ਸਮੇਂ ਤੋਂ ਹੀ ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਰਗਰਮ ਮੈਂਬਰ ਰਹੇ। ਉਨ੍ਹਾਂ ਦਾ ਮਿਲਵਰਤਨ, ਸਦਭਾਵਨਾ ਵਾਲੇ ਸੁਭਾਅ ਅਤੇ ਨੌਜਵਾਨਾਂ ਦੀ ਅਗਵਾਈ ਵਾਲੀ ਸਮਰੱਥਾ ਨੂੰ ਦੇਖਦਿਆਂ 2 ਜੁਲਾਈ 1978 ਨੂੰ ਟੈਗੋਰ ਥੀਏਟਰ ਚੰਡੀਗੜ੍ਹ 'ਚ ਫੈੱਡਰੇਸ਼ਨ ਦੇ ਡੈਲੀਗੇਟਾਂ ਦੇ ਹੋਏ ਇਜਲਾਸ ਵਿਚ ਉਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਉਸ ਸਮੇਂ ਸਕੂਲਾਂ/ਕਾਲਜਾਂ 'ਚ ਨਾਸਤਿਕਤਾ ਦਾ ਬੋਲਬਾਲਾ ਸੀ ਪਰ ਭਾਈ ਸਾਹਿਬ ਨੇ ਆਪਣੀ ਬਿਹਤਰੀਨ ਅਗਵਾਈ ਨਾਲ ਬਹੁ-ਗਿਣਤੀ ਸਕੂਲਾਂ/ਕਾਲਜਾਂ 'ਚ ਫੈੱਡਰੇਸ਼ਨ ਦੀਆਂ ਇਕਾਈਆਂ ਸਥਾਪਤ ਕਰਕੇ ਨੌਜਵਾਨਾਂ ਨੂੰ ਆਪਣੇ ਵਿਰਸੇ ਤੇ ਮਾਣਮੱਤੇ ਇਤਿਹਾਸ ਦਾ ਅਜਿਹਾ ਅਹਿਸਾਸ ਕਰਾਇਆ ਕਿ ਨਾਸਤਕ ਜਥੇਬੰਦੀਆਂ ਦੇ ਪੰਜਾਬ 'ਚ ਪੈਰ ਉਖੜਨੇ ਸ਼ੁਰੂ ਹੋ ਗਏ ਅਤੇ ਗੁਰਸਿੱਖ ਵਿਚਾਰਧਾਰਾ ਤੋਂ ਭਟਕੇ ਨੌਜਵਾਨ ਮੁੜ ਆਪਣੇ ਸਰੂਪ ਨੂੰ ਪ੍ਰਵਾਨ ਕਰਦੇ ਹੋਏ ਦਾੜ੍ਹੀ, ਕੇਸ ਤੇ ਦਸਤਾਰ ਨੂੰ ਆਪਣੀ ਸ਼ਾਨ ਸਮਝਣ ਲੱਗੇ।
ਸਿੱਖੀ ਸਰੂਪ ਦੀ ਵਧ ਰਹੀ ਚੜ੍ਹਤ ਸਮੇਂ ਦੀ ਸਰਕਾਰ ਦੀਆਂ ਅੱਖਾਂ ਵਿਚ ਰੜਕਣ ਲੱਗੀ। ਇਹੀ ਕਾਰਨ ਸੀ ਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਸਾਬਤ ਸੂਰਤ ਨੌਜਵਾਨਾਂ ਨੂੰ ਪ੍ਰਸ਼ਾਸਨ ਵਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਗ੍ਰਿਫ਼ਤਾਰ ਕੀਤਾ ਜਾਣ ਲੱਗਾ। ਇਸ ਸਮੇਂ ਵੀ ਭਾਈ ਸਾਹਿਬ ਜੇਲ੍ਹਾਂ 'ਚ ਬੰਦ ਨੌਜਵਾਨਾਂ ਦੇ ਮਾਮਲਿਆਂ ਦੀ ਪੈਰਵਈ ਕਰਨ 'ਚ ਮੋਹਰੀ ਰਹੇ। 19 ਜੁਲਾਈ 1982 ਨੂੰ ਨੌਜਵਾਨਾਂ ਦੇ ਮਾਮਲਿਆਂ ਸਬੰਧੀ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ ਭਾਈ ਸਾਹਿਬ ਨੂੰ ਅਤੇ ਬਾਬਾ ਠਾਰਾ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਉਸੇ ਦਿਨ ਸਰਕਾਰੀ ਜਬਰ ਵਿਰੁੱਧ ਮੋਰਚਾ ਲਾਉਣ ਦਾ ਫ਼ੈਸਲਾ ਕੀਤਾ ਤੇ 51 ਸਿੰਘਾਂ ਦਾ ਜਥਾ ਗ੍ਰਿਫ਼ਤਾਰੀ ਲਈ ਭੇਜ ਕੇ ਮੋਰਚੇ ਦਾ ਆਗਾਜ਼ ਅਕਾਲ ਤਖ਼ਤ ਸਾਹਿਬ ਤੋਂ ਕਰ ਦਿੱਤਾ। ਅਕਾਲੀ ਲੀਡਰਸ਼ਿਪ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਅਗਵਾਈ ਹੇਠ 4 ਅਗਸਤ 1982 ਨੂੰ ਉਕਤ ਮੋਰਚੇ ਨੂੰ ਅਪਣਾ ਕੇ ਧਰਮ ਯੁੱਧ ਦਾ ਰੂਪ ਦੇ ਦਿੱਤਾ ਗਿਆ। ਇਸ ਮੋਰਚੇ ਦੌਰਾਨ ਦਮਦਮੀ ਟਕਸਾਲ ਤੇ ਫੈੱਡਰੇਸ਼ਨ ਦੀ ਚੜ੍ਹਤ ਸਿਖ਼ਰਾਂ ਛੋਹਣ ਲੱਗੀ। ਭਾਵੇਂ ਕਿ ਭਾਈ ਸਾਹਿਬ 6 ਅਗਸਤ 1983 ਨੂੰ ਸਾਰੇ ਕੇਸਾਂ 'ਚੋਂ ਬਰੀ ਹੋ ਗਏ ਪਰ ਧਰਮ ਯੁੱਧ ਮੋਰਚਾ ਸਿੱਖ ਸਮੱਸਿਆਵਾਂ ਦੇ ਹੱਲ ਲਈ ਜਾਰੀ ਰਿਹਾ।
ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਹੋਏ ਡੈਲੀਗੇਟ ਇਜਲਾਸ ਵਿਚ ਭਾਈ ਸਾਹਿਬ ਨੂੰ ਮੁੜ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ। ਕੇਂਦਰ ਸਰਕਾਰ ਨੇ ਪੰਥ ਦੀ ਹਰ ਮੈਦਾਨ ਫ਼ਤਹਿ ਹੁੰਦੀ ਵੇਖ 3 ਜੂਨ 1984 ਨੂੰ ਸਾਰਾ ਪੰਜਾਬ ਫ਼ੌਜ ਹਵਾਲੇ ਕਰਕੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰ ਦਿੱਤਾ। ਆਜ਼ਾਦ ਹਿੰਦੁਸਤਾਨ ਦੀ ਤਵਾਰੀਖ 'ਚ ਵਾਪਰੇ ਇਸ ਘੱਲੂਘਾਰੇ ਸਮੇਂ ਸੰਤ ਭਿੰਡਰਾਂ ਵਾਲਿਆਂ ਤੇ ਭਾਈ ਸਾਹਿਬ ਦੁਆਰਾ ਸਿੰਘਾਂ ਵਿਚ ਭਰੇ ਜਜ਼ਬਾਤਾਂ ਕਾਰਨ ਭਾਰਤੀ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਗਿਆ। 6 ਜੂਨ ਅੰਮ੍ਰਿਤ ਵੇਲੇ ਤੱਕ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਇਮਾਰਤ ਫ਼ੌਜੀ ਟੈਂਕਾਂ ਤੇ ਤੋਪਾਂ ਦੁਆਰਾ ਢਹਿ-ਢੇਰੀ ਕਰ ਦਿੱਤੀ ਗਈ ਤੇ ਪਰਕਰਮਾ 'ਚ ਸੈਂਕੜੇ ਸਿੱਖ ਸ਼ਰਧਾਲੂ ਸ਼ਹੀਦੀ ਪਾ ਗਏ। ਭਾਈ ਸਾਹਿਬ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਆਨ-ਸ਼ਾਨ ਲਈ ਆਖ਼ਰੀ ਸਾਹ ਤੱਕ ਜੂਝਦੇ ਰਹੇ ਅਤੇ 6 ਜੂਨ ਸਵੇਰੇ 9 ਵਜੇ ਸ਼ਹੀਦੀਆਂ ਪਾ ਗਏ।
ਭਾਈ ਸਾਹਿਬ ਦੀ ਮਹਾਨ ਕੁਰਬਾਨੀ ਸਿੱਖ ਪੰਥ ਦੀ ਸਿਮਰਤੀ ਦਾ ਸਹਿਜ ਅੰਗ ਬਣ ਚੁੱਕੀ ਹੈ ਅਤੇ ਇਹ ਸ਼ਹੀਦੀ ਹੱਕ-ਸੱਚ ਲਈ ਸੰਘਰਸ਼ ਕਰਦਿਆਂ ਆਪਾ ਕੁਰਬਾਨ ਕਰਨ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੀ ਰਹੇਗੀ। ਇਸ ਸਾਲ ਉਨਾਂ ਦਾ ਜਨਮ ਦਿਹਾੜਾ 6 ਮਾਰਚ 2026 ਨੂੰ ਪਿੰਡ ਭੂਰਾ ਕੋਹਨਾ (ਨੇੜੇ ਖੇਮਕਰਨ) ਵਿਖੇ ਇਕ ਵਿਸ਼ਾਲ ਪੰਥਕ ਇਕੱਠ ਦੇ ਰੂਪ 'ਚ ਮਨਾਇਆ ਦਾ ਰਿਹਾ ਹੈ।
ਈ-ਮੇਲ : president.aissf@gmail.com