ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਕਾਰ ਚਲ ਰਹੀ ਜੰਗ ਦਾ ਸੇਕ ਦੁਨੀਆ ਭਰ ਨੂੰ ਲੱਗਣਾ ਸ਼ੁਰੂ ਹੋ ਗਿਆ ਹੈ। ਈਰਾਨ ਵਲੋਂ ਆਪਣੇ ਸਮੁੰਦਰ ਵਿਚਲੇ ਹੋਰਮੁਜ਼ ਜਲਡਮਰੂ ਲਾਂਘੇ ਨੂੰ ਬੰਦ ਕਰ ਦੇਣ ਨਾਲ ਦੁਨੀਆ ਭਰ ਵਿਚ ਕੱਚੇ ਤੇਲ ਦੀ ਕਿੱਲਤ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਭਾਰਤ ਵਿਚ 40 ਫ਼ੀਸਦੀ ਤੋਂ ਵੱਧ ਕੱਚਾ ਤੇਲ ਅਤੇ 90 ਫ਼ੀਸਦੀ ਗੈਸ ਖਾੜੀ ਦੇਸ਼ਾਂ ਤੋਂ ਆਉਂਦੀ ਹੈ, ਇਨ੍ਹਾਂ ਦੀ ਸਪਲਾਈ ਵਿਚ ਵਿਘਨ ਪੈਣ ਨਾਲ ਦੇਸ਼ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤ ਆਪਣੇ ਕੱਚੇ ਤੇਲ ਦੀ ਜ਼ਰੂਰਤ ਦਾ 88 ਫ਼ੀਸਦੀ ਦੇ ਲਗਭਗ ਆਯਾਤ ਕਰਦਾ ਹੈ, ਇਸ 'ਚੋਂ ਅੱਧਾ ਹਿੱਸਾ ਹੋਰਮੁਜ਼ ਜਲਡਮਰੂ ਦੇ ਰਸਤੇ ਤੋਂ ਆਉਂਦਾ ਹੈ। ਦੂਜੇ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਲੱਗੀਆਂ ਹਨ। ਬੀਤੀ 28 ਫਰਵਰੀ ਨੂੰ ਅਮਰੀਕਾ ਨੇ ਈਰਾਨ 'ਤੇ ਹਮਲਾ ਕੀਤਾ ਸੀ। ਉਸ ਸਮੇਂ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 70 ਡਾਲਰ ਤੋਂ ਵਧ ਕੇ 92 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਗੈਸ (ਐਲ.ਪੀ.ਜੀ.) ਦੀਆਂ ਕੀਮਤਾਂ ਵੀ ਦੁੱਗਣੀਆਂ ਹੋ ਗਈਆਂ ਹਨ।
ਭਾਰਤ ਸਰਕਾਰ ਦੇਸ਼ ਦੀਆਂ ਰਿਫਾਈਨਰੀਆਂ ਦੀ ਮੰਗ ਪੂਰੀ ਕਰਨ ਲਈ ਅਮਰੀਕਾ, ਲਤੀਨੀ ਅਮਰੀਕਾ ਅਤੇ ਪੱਛਮੀ ਅਫ਼ਰੀਕਾ ਤੋਂ ਕੱਚੇ ਤੇਲ ਦੀ ਬਰਾਮਦ ਕਰ ਰਹੀ ਹੈ। ਹੁਣ ਅਮਰੀਕਾ ਨੇ ਭਾਰਤ ਵਿਚ ਪੈਦਾ ਹੋ ਰਹੇ ਹੰਗਾਮੀ ਹਾਲਾਤ ਨੂੰ ਦੇਖਦਿਆਂ 30 ਦਿਨਾਂ ਲਈ ਇਸ ਨੂੰ ਰੂਸ ਤੋਂ ਕੱਚਾ ਤੇਲ ਖ਼ਰੀਦਣ ਦੀ ਇਜ਼ਾਜਤ ਦੇ ਦਿੱਤੀ ਹੈ, ਜਿਥੋਂ ਤੱਕ ਅਮਰੀਕਾ ਨਾਲ ਹੋ ਰਹੇ ਪ੍ਰਸਤਾਵਿਤ ਵਪਾਰਕ ਸਮਝੌਤੇ ਦਾ ਸੰਬੰਧ ਹੈ, ਉਸ ਸੰਬੰਧੀ ਵੀ ਵਿਰੋਧੀ ਪਾਰਟੀਆਂ ਵਲੋਂ ਅਨੇਕਾਂ ਹੀ ਕਿੰਤੂ-ਪ੍ਰੰਤੂ ਲਗਾਏ ਜਾ ਰਹੇ ਹਨ। ਵਿਰੋਧੀ ਪਾਰਟੀਆਂ ਵਲੋਂ ਇਹ ਵੀ ਇਲਜ਼ਾਮ ਲਗਾਏ ਗਏ ਹਨ ਕਿ ਭਾਰਤ ਨੇ ਇਸ ਵਪਾਰ ਸਮਝੌਤੇ ਵਿਚ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ। ਜਿੱਥੋਂ ਤੱਕ ਭਾਰਤ ਦੀ ਵਿਦੇਸ਼ ਨੀਤੀ ਦਾ ਸੰਬੰਧ ਰਿਹਾ ਹੈ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਦੀਆਂ ਸਰਕਾਰਾਂ ਨੇ ਵੱਡੀ ਹੱਦ ਤੱਕ ਆਜ਼ਾਦ ਵਿਦੇਸ਼ ਨੀਤੀ ਹੀ ਚਲਾਈ ਹੈ। ਪੰਡਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੋਣ ਸਮੇਂ ਸੋਵੀਅਤ ਯੂਨੀਅਨ ਅਤੇ ਅਮਰੀਕਾ ਵਿਚਕਾਰ ਸੀਤ ਜੰਗ ਚੱਲ ਰਹੀ ਸੀ। ਭਾਰਤ ਤਤਕਾਲੀ ਯੂਗੋਸਲਵਾਕੀਆ ਅਤੇ ਮਿਸਰ ਨੇ ਦੋਹਾਂ ਪੱਖਾਂ ਦੇ ਦਬਾਵਾਂ ਤੋਂ ਪ੍ਰਭਾਵਿਤ ਨਾ ਹੋਣ ਲਈ ਗੁੱਟ ਨਿਰਲੇਪ ਗਰੁੱਪ ਬਣਾ ਕੇ ਆਪਣੀ ਆਜ਼ਾਦ ਹੋਂਦ ਦਾ ਪ੍ਰਗਟਾਵਾ ਕੀਤਾ ਸੀ। ਫਿਰ ਵੀ ਉਸ ਸਮੇਂ ਦੇਸ਼ ਸੋਵੀਅਤ ਯੂਨੀਅਨ ਵੱਲ ਵਧੇਰੇ ਝੁਕਿਆ ਨਜ਼ਰ ਆਉਂਦਾ ਸੀ, ਪਰ ਅਜਿਹਾ ਵਤੀਰਾ ਇਸ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਹੀ ਅਖ਼ਤਿਆਰ ਕੀਤਾ ਸੀ।
ਬਿਨਾਂ ਸ਼ੱਕ ਸੋਵੀਅਤ ਯੂਨੀਅਨ ਭਾਰਤ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਲਗਾਤਾਰ ਇਸ ਦੀ ਹਰ ਖੇਤਰ ਵਿਚ ਮਦਦ ਕਰਦਾ ਰਿਹਾ ਸੀ। ਵੱਡੇ ਕਾਰਖਾਨਿਆਂ ਤੋਂ ਲੈ ਕੇ ਹਥਿਆਰਾਂ ਦੀ ਸਪਲਾਈ ਤੱਕ ਇਸ ਨੇ ਔਖੇ ਵੇਲੇ ਭਾਰਤ ਦੇ ਮੋਢੇ ਨਾਲ ਮੋਢਾ ਜੋੜਿਆ ਸੀ। ਅਮਰੀਕਾ ਪ੍ਰਤੀ ਵੀ ਭਾਰਤ ਦਾ ਨਜ਼ਰੀਆ ਅਤੇ ਨੀਤੀ ਬੜੀ ਹੀ ਸਮਤੋਲ ਵਾਲੀ ਰਹੀ ਸੀ, ਜਦੋਂ ਕਿ ਨਵਾਂ ਬਣਿਆ ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕੀ ਕੈਂਪ ਵਿਚ ਸ਼ਾਮਿਲ ਹੋ ਗਿਆ ਸੀ ਅਤੇ ਲੰਮਾ ਸਮਾਂ ਉਹ ਉਸ ਦੀਆਂ ਬੈਸਾਖੀਆਂ 'ਤੇ ਹੀ ਚੱਲਣ ਨੂੰ ਤਰਜੀਹ ਦਿੰਦਾ ਰਿਹਾ। ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਨੇ ਅੰਤਰਰਾਸ਼ਟਰੀ ਮੰਚ 'ਤੇ ਇਸ ਦੇ ਪ੍ਰਭਾਵ ਨੂੰ ਹਮੇਸ਼ਾ ਵਧਾਇਆ ਹੈ। ਉਸ ਸਮੇਂ ਇਸ ਨੇ ਫ਼ਿਲਸਤੀਨ ਦੇ ਮਸਲੇ 'ਤੇ ਵੀ ਡਟ ਕੇ ਇਹ ਆਵਾਜ਼ ਉਠਾਈ ਸੀ ਕਿ ਇਸ ਮਸਲੇ ਦੇ ਹੱਲ ਲਈ ਇਕ ਵੱਖਰਾ ਸੁਤੰਤਰ ਰਾਜ ਕਾਇਮ ਕੀਤਾ ਜਾਣਾ ਜ਼ਰੂਰੀ ਹੈ। ਭਾਰਤ ਨੇ ਅਜੋਕੇ ਸਮੇਂ ਵਿਚ ਵੀ ਰੂਸ, ਯੂਰਪੀਅਨ ਯੂਨੀਅਨ, ਬਰਤਾਨੀਆ ਅਤੇ ਹੋਰ ਖਿੱਤਿਆਂ ਦੇ ਦੇਸ਼ਾਂ ਨਾਲ ਤਵਾਜ਼ਨ ਬਣਾ ਕੇ ਜਿੱਥੇ ਚੰਗੇ ਸੰਬੰਧ ਕਾਇਮ ਕੀਤੇ, ਉੱਥੇ ਉਨ੍ਹਾਂ ਨਾਲ ਵਪਾਰਕ ਸਮਝੌਤਿਆਂ ਨੂੰ ਵੀ ਸੰਤੁਸ਼ਟੀਜਨਕ ਢੰਗ ਨਾਲ ਸਿਰੇ ਚੜ੍ਹਾਇਆ। ਪਰ ਹੁਣ ਇਜ਼ਰਾਈਲ ਅਤੇ ਅਮਰੀਕਾ ਦੇ ਮਾਮਲੇ ਵਿਚ ਦੇਸ਼ ਦੀ ਵਿਦੇਸ਼ ਨੀਤੀ ਲੜਖੜਾ ਰਹੀ ਜਾਪਦੀ ਹੈ। ਵਿਸ਼ੇਸ਼ ਤੌਰ 'ਤੇ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਭਰ ਦੇ ਹੋਰ ਦੇਸ਼ਾਂ ਦੇ ਨਾਲ-ਨਾਲ ਜਿਸ ਤਰ੍ਹਾਂ ਦਾ ਭਾਰਤ ਨਾਲ ਵੀ ਵਰਤਾਓ ਕਰ ਰਿਹਾ ਹੈ ਅਤੇ ਜਿਸ ਤਰ੍ਹਾਂ ਬੇਲੋੜੀ ਬਿਆਨਬਾਜ਼ੀ ਕਰਦਾ ਨਜ਼ਰ ਆ ਰਿਹਾ ਹੈ, ਉਸ ਨੇ ਭਾਰਤ ਦੀ ਸਥਿਤੀ ਨੂੰ ਕੌਮਾਂਤਰੀ ਪੱਧਰ 'ਤੇ ਕਮਜ਼ੋਰ ਕੀਤਾ ਹੈ।
ਅਮਰੀਕੀ ਪ੍ਰਸ਼ਾਸਨ ਲਗਾਤਾਰ ਅਤੇ ਵਾਰ-ਵਾਰ ਇਹ ਪ੍ਰਭਾਵ ਦੇ ਰਿਹਾ ਹੈ ਕਿ ਉਹ ਅੰਤਰਰਾਸ਼ਟਰੀ ਮਸਲਿਆਂ 'ਤੇ ਭਾਰਤ 'ਤੇ ਹੁਕਮ ਚਾੜ੍ਹ ਰਿਹਾ ਹੈ। ਇਸ ਬਿਆਨਬਾਜ਼ੀ ਦਾ ਭਾਰਤ ਸਰਕਾਰ ਕੋਈ ਸਪੱਸ਼ਟ ਅਤੇ ਦ੍ਰਿੜ੍ਹ ਉੱਤਰ ਦੇਣ ਤੋਂ ਵੀ ਅਸਮਰੱਥ ਜਾਪ ਰਹੀ ਹੈ। ਪਾਕਿਸਤਾਨ ਨਾਲ ਭਾਰਤ ਦੀ ਕੁਝ ਦਿਨਾਂ ਦੀ ਜੰਗ ਸੰਬੰਧੀ ਵੀ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਡੋਨਾਲਡ ਟਰੰਪ ਨੇ ਲਗਾਤਾਰ ਕੀਤੀ ਸੀ, ਉਸ ਨਾਲ ਦੇਸ਼ ਦੀ ਆਜ਼ਾਦ ਹਸਤੀ 'ਤੇ ਹਰਫ਼ ਆਇਆ ਹੈ। ਹੁਣ ਵੀ ਅਮਰੀਕਾ ਨਾਲ ਪ੍ਰਸਤਾਵਤ ਵਪਾਰਕ ਸਮਝੌਤੇ ਸਮੇਂ ਜਿਸ ਤਰ੍ਹਾਂ ਟਰੰਪ ਨੇ ਭਾਰਤ ਨੂੰ ਰੂਸ ਨਾਲ ਤੇਲ ਦਾ ਵਪਾਰ ਕਰਨ ਤੋਂ ਰੋਕਿਆ ਹੈ ਅਤੇ ਭਾਰਤ ਇਸ ਸੰਬੰਧੀ ਕੋਈ ਦ੍ਰਿੜ੍ਹ ਰਵੱਈਆ ਨਹੀਂ ਦਿਖਾ ਸਕਿਆ, ਇਹ ਗੱਲ ਬਹੁਤੇ ਭਾਰਤੀਆਂ ਦੇ ਗਲੇ ਤੋਂ ਹੇਠਾਂ ਨਹੀਂ ਉੱਤਰ ਰਹੀ। ਇਸ ਨੂੰ ਹਜ਼ਮ ਕਰਨਾ ਬੇਹੱਦ ਔਖਾ ਹੈ। ਹੁਣ ਵੀ ਅਮਰੀਕੀ ਹਾਕਮਾਂ ਵਲੋਂ ਹੰਗਾਮੀ ਹਾਲਾਤ ਵਿਚ ਰੂਸ ਤੋਂ ਕੱਚਾ ਤੇਲ ਖ਼ਰੀਦਣ ਦੀ 30 ਦਿਨ ਦੀ ਮੁਹਲਤ ਦੇਣ ਦੇ ਅਮਰੀਕੀ ਹੁਕਮਰਾਨਾਂ ਦੇ ਬਿਆਨਾਂ ਨੇ ਭਾਰਤ ਦੀ ਸਥਿਤੀ ਕੌਮਾਂਤਰੀ ਮੰਚ 'ਤੇ ਹੋਰ ਵੀ ਖ਼ਸਤਾ ਕਰ ਦਿੱਤੀ ਹੈ। ਕੌਮਾਂਤਰੀ ਪੱਧਰ 'ਤੇ ਬਣੇ ਹਾਲਾਤ ਕਾਰਨ ਦੇਸ਼ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਸਕਦੀਆਂ ਹਨ, ਪਰ ਇਨ੍ਹਾਂ ਚੁਣੌਤੀਆਂ ਨੂੰ ਕਿਸ ਤਰ੍ਹਾਂ ਪ੍ਰਵਾਨ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣਾ ਪੱਖ ਮਜ਼ਬੂਤ ਅਤੇ ਸਪੱਸ਼ਟ ਰੱਖਣਾ ਹੈ, ਇਸ ਦੀ ਭਾਰਤ ਵਰਗੇ ਪ੍ਰਭੂਸੱਤਾ ਸੰਪਨ ਦੇਸ਼ ਨੂੰ ਅੱਜ ਵੱਡੀ ਜ਼ਰੂਰਤ ਹੈ। ਇਸ ਲਈ ਸਰਕਾਰ ਨੂੰ ਕਿਸੇ ਵੀ ਸੂਰਤ ਵਿਚ ਆਪਣੀ ਕਮਜ਼ੋਰੀ ਪ੍ਰਗਟ ਕਰਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਇਸੇ ਹੀ ਢੰਗ ਨਾਲ ਦੇਸ਼ ਦੀ ਆਨ ਤੇ ਸ਼ਾਨ ਨੂੰ ਦ੍ਰਿੜ੍ਹ ਰੱਖਿਆ ਜਾ ਸਕਦਾ ਹੈ।
-ਬਰਜਿੰਦਰ ਸਿੰਘ ਹਮਦਰਦ