ਪੱਛਮੀ ਬੰਗਾਲ ਦੀ ਸੱਤਾ 'ਤੇ ਕਾਬਜ਼ ਹੋਣ ਲਈ ਤ੍ਰਿਣਮੂਲ ਕਾਂਗਰਸ, ਭਾਜਪਾ, ਖੱਬੇ ਪੱਖੀ ਪਾਰਟੀਆਂ ਤੇ ਕਾਂਗਰਸ ਵਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਪਹਿਲੇ ਗੇੜ ਲਈ 23 ਅਪ੍ਰੈਲ ਨੂੰ 16 ਜ਼ਿਲ੍ਹਿਆਂ ਦੀਆਂ 152 ਸੀਟਾਂ 'ਤੇ ਵੋਟਾਂ ਪੈਣਗੀਆਂ। ਰਾਜ ਦੀਆਂ ਅੱਧੋਂ ਵੱਧ (ਕੁੱਲ ਸੀਟਾਂ 294) ਸੀਟਾਂ 'ਤੇ ਅੱਗੇ ਰਹਿਣ ਵਾਲੀ ਪਾਰਟੀ ਕੋਲ ਸੱਤਾ ਦੀ ਕੁੰਜੀ ਹੋਵੇਗੀ। ਪਹਿਲੇ ਗੇੜ 'ਚ 1475 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਵਿਚ ਸਿਰਫ਼ 167 (11 ਫ਼ੀਸਦੀ) ਔਰਤਾਂ ਹਨ। ਪੰਜ ਸਾਲ ਪਹਿਲਾਂ ਕੋਰੋਨਾ ਕਾਲ 'ਚ ਜਦੋਂ 2021 'ਚ 152 ਸੀਟਾਂ ਲਈ ਮਤਦਾਨ ਹੋਇਆ ਸੀ ਤਾਂ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ 93 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ। ਭਾਜਪਾ ਨੇ 59 ਸੀਟਾਂ ਜਿੱਤੀਆਂ ਸਨ। ਕਾਂਗਰਸ ਤੇ ਖੱਬੇ ਪੱਖੀ ਮੋਰਚੇ ਨੂੰ ਭਾਵੇਂ ਕੋਈ ਸੀਟ ਨਹੀਂ ਮਿਲੀ ਸੀ ਪਰ ਕਾਂਗਰਸ 6 ਤੇ ਸੀ.ਪੀ.ਐਮ. 3 ਸੀਟਾਂ 'ਤੇ ਦੂਜੇ ਥਾਂ ਰਹੀ ਸੀ। ਤ੍ਰਿਣਮੂਲ ਕਾਂਗਰਸ ਇਨ੍ਹਾਂ 'ਚੋਂ 93 ਸੀਟਾਂ ਜਿੱਤ ਕੇ 200 ਪਾਰ ਪੁੱਜਣ 'ਚ ਸਫ਼ਲ ਰਹੀ ਸੀ ਤੇ ਭਾਜਪਾ ਦੀਆਂ 77 ਸੀਟਾਂ 'ਚ ਸਭ ਤੋਂ ਵੱਡਾ ਯੋਗਦਾਨ ਇਨ੍ਹਾਂ 59 ਸੀਟਾਂ ਦਾ ਸੀ।
ਪੰਜ ਸਾਲ ਪਹਿਲਾਂ ਤੇ ਹੁਣ ਹੋ ਰਹੇ ਮੁਕਾਬਲੇ 'ਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਸਭ ਤੋਂ ਵੱਡਾ ਫ਼ਰਕ ਤਾਂ ਇਹ ਹੈ ਕਿ ਉਸ ਸਮੇਂ 8 ਗੇੜਾਂ 'ਚ ਮਤਦਾਨ ਹੋਇਆ ਸੀ। ਇਕ-ਇਕ ਜ਼ਿਲ੍ਹੇ 'ਚ 2 ਤੇ 3 ਗੇੜਾਂ 'ਚ ਮਤਦਾਨ ਹੋਇਆ ਸੀ। ਹੁਣ ਪਹਿਲੀ ਵਾਰ ਸਿਰਫ਼ ਦੋ ਗੇੜਾਂ 'ਚ ਮਤਦਾਨ ਹੋ ਰਿਹਾ ਹੈ। ਖੱਬੇ ਮੋਰਚੇ ਦੇ ਰਾਜ 'ਚ ਜਦੋਂ ਇਕ ਦਿਨ ਵਿਚ 294 ਸੀਟਾਂ ਲਈ ਮਤਦਾਨ ਹੁੰਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਵਨਡੇ ਗੇਮ 'ਚ ਵਿਰੋਧੀਆਂ ਨੂੰ ਮੌਕਾ ਹੀ ਨਹੀਂ ਮਿਲਦਾ ਸੀ। ਇਸ ਲਈ ਕੋਰੋਨਾ ਕਾਲ 'ਚ 2021 ਵਿਚ ਇਕ-ਇਕ ਸੀਟ 'ਤੇ ਸਮਾਂ ਲੈ ਕੇ ਮਤਦਾਨ ਕਰਵਾਇਆ ਗਿਆ ਪਰ ਮਮਤਾ ਦਾ ਕ੍ਰਿਸ਼ਮਾ ਕਾਇਮ ਰਿਹਾ।
ਕਾਂਗਰਸ ਪਹਿਲੀ ਵਾਰ ਸਾਰੀਆਂ ਸੀਟਾਂ 'ਤੇ ਇਕੱਲੀ ਚੋਣ ਲੜ ਰਹੀ ਹੈ। ਖੱਬੇ ਮੋਰਚੇ ਵਲੋਂ ਆਈ.ਐੱਸ.ਐੱਫ. ਤੇ ਦੂਜੀਆਂ ਭਾਈਵਾਲ ਪਾਰਟੀਆਂ ਨਾਲ ਮਿਲ ਕੇ ਮੁਕਾਬਲੇ ਨੂੰ ਨਵੇਂ ਪੱਧਰ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਹੈ। ਬਹਿਰਾਮਪੁਰ ਦੇ ਵਾਰਡ ਨੰਬਰ-19 ਦੇ ਪ੍ਰਧਾਨ ਤੇ ਤ੍ਰਿਣਮੂਲ ਕਾਂਗਰਸ ਆਗੂ ਐਨਾਮੁਲ ਮਲੀਥਾ ਮੁਰਸ਼ਿਦਾਬਾਦ ਦੇ ਡੋਮਕਲ 'ਚ 400 ਪ੍ਰਵਾਸੀ ਪਰਿਵਾਰਾਂ ਨੂੰ ਲੈ ਕੇ ਸੀ.ਪੀ.ਐਮ. 'ਚ ਸ਼ਾਮਿਲ ਹੋ ਗਏ। ਇਸੇ ਤਰ੍ਹਾਂ ਵਾਰਡ-14 ਦੇ ਤ੍ਰਿਣਮੂਲ ਆਗੂ ਪਹਿਲੇ ਗੇੜ ਦੇ ਮਤਦਾਨ ਤੋਂ ਪਹਿਲਾਂ 500 ਪ੍ਰਵਾਸੀ ਪਰਿਵਾਰਾਂ ਨੂੰ ਲੈ ਕੇ ਸੀ.ਪੀ.ਐਮ. 'ਚ ਸ਼ਾਮਿਲ ਹੋਏ। ਖੱਬੇ ਮੋਰਚੇ ਵਲੋਂ ਤਾਂ ਕਿਆਸ ਲਾਏ ਜਾ ਰਹੇ ਹਨ ਕਿ 140 ਤੋਂ 150 ਸੀਟਾਂ ਹਾਸਿਲ ਹੋਣਗੀਆਂ ਤੇ ਆਈ.ਐੱਸ.ਐੱਫ. ਦੀ ਮਦਦ ਨਾਲ ਮੋਰਚਾ ਸੱਤਾ 'ਚ ਵਾਪਸੀ ਕਰੇਗਾ।
ਮੁਰਸ਼ਿਦਾਬਾਦ ਜ਼ਿਲ੍ਹਾ ਕਾਂਗਰਸ ਦਾ ਗੜ੍ਹ ਰਿਹਾ ਹੈ ਤੇ ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਖਾਤਾ ਖੋਲ੍ਹਣ ਦੇ ਨਾਲ ਹੀ ਚੰਗੀ ਸਫ਼ਲਤਾ ਹਾਸਿਲ ਕਰੇਗੀ। ਤ੍ਰਿਣਮੂਲ ਕਾਂਗਰਸ ਦਾ ਮੰਨਣਾ ਹੈ ਕਿ ਜੇ ਵੋਟਰਾਂ ਨੂੰ ਵੋਟ ਪਾਉਣ ਦਿੱਤੀ ਗਈ ਤਾਂ ਜਿੱਤ ਯਕੀਨੀ ਹੈ। ਇਹੋ ਗੱਲ ਭਾਜਪਾ ਆਗੂਆਂ ਵਲੋਂ ਕਹੀ ਜਾ ਰਹੀ ਹੈ। ਮੋਦੀ ਸਰਕਾਰ ਪਹਿਲੀ ਵਾਰ ਲੋਕ ਸਭਾ 'ਚ ਕੋਈ ਬਿੱਲ ਪਾਸ ਕਰਵਾਉਣ ਵਿਚ ਨਾਕਾਮ ਰਹੀ। ਭਾਜਪਾ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਔਰਤਾਂ ਦੇ ਰਾਖਵੇਂਕਰਨ ਨੂੰ ਰੋਕਿਆ ਗਿਆ ਹੈ ਤੇ ਤ੍ਰਿਣਮੂਲ ਕਾਂਗਰਸ ਵੀ ਇਸ ਲਈ ਦੋਸ਼ੀ ਹੈ। ਦੂਜੇ ਪਾਸੇ ਤ੍ਰਿਣਮੂਲ ਵਲੋਂ ਅੰਕੜੇ ਪੇਸ਼ ਕਰਕੇ ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ, ਵਿਧਾਨ ਸਭਾ ਹਰ ਥਾਂ ਤ੍ਰਿਣਮੂਲ ਕਾਂਗਰਸ ਵਲੋਂ ਔਰਤਾਂ ਨੂੰ ਪਹਿਲ ਦਿੱਤੀ ਗਈ ਹੈ ਤੇ ਹਦਬੰਦੀ ਕਾਨੂੰਨ ਨੂੰ ਔਰਤਾਂ ਦੇ ਰਾਖਵੇਂਕਰਨ ਨਾਲ ਜੋੜਿਆ ਜਾ ਰਿਹਾ ਹੈ। ਤ੍ਰਿਣਮੂਲ ਕਾਂਗਰਸ ਨੇ ਬੰਗਾਲ ਨੂੰ ਟੁਕੜੇ-ਟੁਕੜੇ ਹੋਣ ਤੋਂ ਬਚਾ ਲਿਆ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਤਾਂ ਰਾਜ ਦੇ ਕਈ ਜ਼ਿਲ੍ਹਿਆਂ ਦਾ ਭੋਗ ਪੈ ਜਾਣਾ ਸੀ। ਐਸ.ਆਈ.ਆਰ. ਦਾ ਪ੍ਰਭਾਵ ਚੋਣਾਂ 'ਚ ਸਭ ਤੋਂ ਵੱਧ ਪੈਣ ਵਾਲਾ ਹੈ, ਇਹ ਸਾਰੀਆਂ ਪਾਰਟੀਆਂ ਮੰਨ ਰਹੀਆਂ ਹਨ। ਆਮ ਤੌਰ 'ਤੇ ਵੋਟਾਂ ਪਿਛਲੀ ਵੋਟਰ ਸੂਚੀ 'ਚ ਸੁਧਾਈ ਕਰਕੇ ਪੈਂਦੀਆਂ ਸਨ, ਪਰ ਇਸ ਵਾਰ 22 ਸਾਲ ਪੁਰਾਣੀ ਵੋਟਰ ਸੂਚੀ ਨੂੰ ਆਧਾਰ ਮੰਨ ਕੇ ਵੋਟਰ ਸੂਚੀ ਤਿਆਰ ਕੀਤੀ ਗਈ ਹੈ, ਜਿਸ ਕਾਰਨ ਤਕਰੀਬਨ ਸਾਰੇ ਨਾਗਰਿਕ ਸ਼ੱਕੀ ਹੋ ਗਏ ਹਨ। ਚੋਣ ਕਮਿਸ਼ਨ ਨੇ ਮੰਨਿਆ ਕਿ ਨਾਗਰਿਕਤਾ ਤੈਅ ਕਰਨਾ ਉਸ ਦਾ ਕੰਮ ਨਹੀਂ ਪਰ ਸਾਰੇ ਵੋਟਰਾਂ ਨੂੰ ਨਾਗਰਿਕਤਾ ਦੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ।
ਨਾਗਰਿਕਤਾ ਦੇ ਸਬੂਤ ਦੇਣ ਤੋਂ ਬਾਅਦ ਵੀ ਲੱਖਾਂ ਵੋਟਰ ਸੂਚੀ ਤੋਂ ਬਾਹਰ ਰਹਿ ਗਏ। ਇਕੋ ਪਰਿਵਾਰ ਦੇ ਅੱਧੇ ਬੰਦੇ ਸੂਚੀ 'ਚ ਤੇ ਅੱਧੇ ਬਾਹਰ ਹੋਣ ਦੇ ਵੀ ਅਨੇਕਾਂ ਮਾਮਲੇ ਸਾਹਮਣੇ ਆਏ ਹਨ। ਲੱਖਾਂ ਵੋਟਰਾਂ ਦੇ ਨਾਂਅ ਕੱਟੇ ਗਏ ਪਰ ਕਿਉਂ, ਇਸ ਦਾ ਕੋਈ ਕਾਰਨ ਨਹੀਂ ਦੱਸਿਆ। ਕਿਸੇ ਖ਼ਾਸ ਬੰਦੇ ਜਾਂ ਪਾਰਟੀ ਵਲੋਂ ਥੈਲੀਆਂ ਭਰ-ਭਰ ਕੇ ਫਾਰਮ ਨੰਬਰ-7 ਜਮ੍ਹਾਂ ਕਰਵਾ ਕੇ ਨਾਂਅ ਕਟਵਾਏ ਗਏ, ਪਰ ਜਿਸ ਦਾ ਨਾਂਅ ਕੱਟਿਆ ਗਿਆ, ਉਸ ਨੂੰ ਪਤਾ ਵੀ ਨਹੀਂ ਚੱਲਿਆ। ਨਾਲ ਹੀ ਆਖਰੀ ਸਮੇਂ ਹਜ਼ਾਰਾਂ ਫਾਰਮ-6 ਭਰ ਕੇ ਬਹੁਤ ਸਾਰੇ ਲੋਕ ਚੋਣ ਕਮਿਸ਼ਨ ਦੇ ਦਫ਼ਤਰ ਪੁੱਜੇ। ਕਈ ਦੂਜੇ ਰਾਜਾਂ ਦੇ ਵੋਟਰਾਂ ਦੇ ਨਾਂਅ ਵੀ ਵੋਟਰ ਸੂਚੀ 'ਚ ਸ਼ਾਮਿਲ ਕੀਤੇ ਗਏ।
ਐਸ.ਆਈ.ਆਰ. ਤੋਂ ਪਹਿਲਾਂ 7 ਕਰੋੜ 66 ਲੱਖ ਵੋਟਰ ਸਨ। ਡਰਾਫਟ ਵੋਟਰ ਸੂਚੀ ਵਿਚੋਂ ਬਹੁਤ ਸਾਰੇ ਨਾਂਅ ਕੱਟਣ ਤੇ ਕੁਝ ਨਵੇਂ ਜੋੜਨ ਤੋਂ ਬਾਅਦ ਰਾਜ ਦੇ ਕੁੱਲ ਵੋਟਰ ਇਸ ਸਮੇਂ 6,82,51,000 ਦੇ ਲਗਭਗ ਹਨ। ਤ੍ਰਿਣਮੂਲ ਕਾਂਗਰਸ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਔਰਤਾਂ ਦੀਆਂ ਮਿਲਦੀਆਂ ਸਨ ਤੇ ਸਭ ਤੋਂ ਵੱਧ ਔਰਤਾਂ ਦੇ ਨਾਂਅ ਹੀ ਕੱਟੇ ਗਏ ਹਨ। ਤ੍ਰਿਣਮੂਲ ਕਾਂਗਰਸ ਦਾ ਕਹਿਣਾ ਹੈ ਕਿ 60 ਫ਼ੀਸਦੀ ਤੋਂ ਵੱਧ ਹਿੰਦੂਆਂ ਦੇ ਨਾਂਅ ਕੱਟੇ ਗਏ ਪਰ ਵੱਡੀ ਗਿਣਤੀ 'ਚ ਮੁਸਲਿਮ ਵੋਟਾਂ ਵੀ ਕੱਟੀਆਂ ਗਈਆਂ ਸਨ।
ਪਹਿਲੇ ਗੇੜ ਲਈ 3,60,77,171 ਵੋਟਰਾਂ 'ਚੋਂ 1,75,77,210 ਔਰਤਾਂ ਹਨ। ਤ੍ਰਿਣਮੂਲ ਕਾਂਗਰਸ ਦਾ ਮੰਨਣਾ ਹੈ ਕਿ ਵੋਟਾਂ ਕੱਟੇ ਜਾਣ ਨਾਲ ਉਸ ਨੂੰ ਨੁਕਸਾਨ ਤੋਂ ਵੱਧ ਫ਼ਾਇਦਾ ਹੋਵੇਗਾ, ਇਹੋ ਗੱਲ ਭਾਜਪਾ ਮੰਨ ਰਹੀ ਹੈ। ਦੂਜੇ ਪਾਸੇ ਸੀ.ਪੀ.ਐਮ. ਤੇ ਕਾਂਗਰਸ ਦਾ ਮੰਨਣਾ ਹੈ ਕਿ ਤ੍ਰਿਣਮੂਲ ਤੇ ਭਾਜਪਾ ਦੀਆਂ ਵੋਟਾਂ ਟੁੱਟ ਕੇ ਉਨ੍ਹਾਂ ਦੇ ਹਿੱਸੇ 'ਚ ਆਉਣਗੀਆਂ। ਹਮਾਯੂੰ ਕਬੀਰ ਵਲੋਂ ਭਾਜਪਾ ਤੋਂ 1000 ਕਰੋੜ ਲੈ ਕੇ ਉਪ ਮੁੱਖ ਮੰਤਰੀ ਬਣਨ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਮੁਸਲਿਮ ਵੋਟਰਾਂ ਦਾ ਰੁਝਾਨ ਮਮਤਾ ਵੱਲ ਮੁੜਦਾ ਵਿਖਾਈ ਦੇ ਰਿਹਾ ਹੈ।
-ਮੋਬਾਈਲ : 090384-13112