18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਧਰਤੀ ਦੇ ਬਚਾਅ ਵਿਚ ਹੀ ਹੈ ਅਗਲੀਆਂ ਪੀੜ੍ਹੀਆਂ ਦਾ ਭਵਿੱਖ

Ad Position 21
No active advertisement
ਅਜੀਤ ਡੈਸਕ 22-04-2026

ਕੌਮਾਂਤਰੀ ਧਰਤੀ ਦਿਵਸ 'ਤੇ ਵਿਸ਼ੇਸ਼

ਧਰਤੀ ਸਾਡੇ ਸੌਰ ਮੰਡਲ ਦਾ ਤੀਜਾ ਗ੍ਰਹਿ ਹੈ, ਜੋ ਸੂਰਜ ਤੋਂ ਤਕਰੀਬਨ 9.3 ਕਰੋੜ ਮੀਲ ਭਾਵ 15 ਕਰੋੜ ਕਿਲੋਮੀਟਰ ਦੂਰ ਹੈ। ਇਹ ਸੌਰ ਮੰਡਲ ਦਾ ਇਕਲੌਤਾ ਅਜਿਹਾ ਗ੍ਰਹਿ ਹੈ, ਜਿੱਥੇ ਜੀਵਨ ਸੰਭਵ ਹੈ। ਇੱਥੇ ਮਨੁੱਖਾਂ ਦੇ ਸਾਹ ਲੈਣ ਲਈ ਲੋੜੀਂਦੀ ਹਵਾ ਮੌਜੂਦ ਹੈ, ਜਿਸ 'ਚ 78 ਫ਼ੀਸਦੀ ਨਾਈਟ੍ਰੋਜਨ, 21 ਫ਼ੀਸਦੀ ਆਕਸੀਜਨ ਤੇ 1 ਫ਼ੀਸਦੀ ਹੋਰ ਗੈਸਾਂ ਜਾਂ ਲੋੜੀਂਦੇ ਤੱਤ ਮੌਜੂਦ ਹਨ। ਅੱਜ 22 ਅਪ੍ਰੈਲ ਦੇ ਦਿਨ ਪੂਰੀ ਦੁਨੀਆ 'ਤੇ 'ਧਰਤੀ ਦਿਵਸ' ਮਨਾਇਆ ਜਾ ਰਿਹਾ ਹੈ ਤੇ ਅੱਜ ਲਈ ਸੰਯੁਕਤ ਰਾਸ਼ਟਰ ਸੰਘ ਦਾ ਇਹ ਮੰਨਣਾ ਹੈ ਕਿ ਧਰਤੀ ਸਮੁੱਚੇ ਮਨੁੱਖਾਂ, ਪਸ਼ੂ-ਪੰਛੀਆਂ ਤੇ ਬਨਸਪਤੀ ਦਾ ਘਰ ਹੈ ਤੇ ਸਮੁੱਚੀ ਲੋਕਾਈ ਦੀ ਪਾਲਣਹਾਰ ਇਹ ਧਰਤੀ ਹੀ ਹੈ। ਸਾਨੂੰ ਸਭ ਨੂੰ ਮਿਲ ਕੇ ਇਸ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।
'ਵਿਸ਼ਵ ਧਰਤੀ ਦਿਵਸ' ਮਨਾਉਣ ਦਾ ਮਤਾ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਵਲੋਂ 2009 'ਚ ਪਾਸ ਕੀਤਾ ਗਿਆ ਸੀ ਤੇ ਹੁਣ ਤੱਕ ਇਹ ਦੁਨੀਆ ਦੇ 193 ਮੁਲਕਾਂ 'ਚ ਮਨਾਇਆ ਜਾਂਦਾ ਹੈ। ਦਰਅਸਲ ਸੰਨ 1969 ਵਿਚ ਸਾਨਫਰਾਂਸਿਸਕੋ ਵਿਖੇ ਹੋਈ ਯੂਨੈਸਕੋ ਦੀ ਇਕ ਕਾਨਫਰੰਸ ਦੌਰਾਨ ਜੌਨ ਮਕੌਨਲ ਨੇ ਸੁਝਾਅ ਦਿੱਤਾ ਸੀ ਕਿ ਜਿਸ ਧਰਤੀ 'ਤੇ ਵਸਦੇ ਹਾਂ ਤੇ ਜਿਸ ਦਾ ਦਿੱਤਾ ਅਸੀਂ ਖਾਂਦੇ ਤੇ ਵਰਤਦੇ ਹਾਂ, ਉਸ ਦੇ ਸਨਮਾਨ ਵਿਚ ਸਾਲ ਦਾ ਘੱਟੋ-ਘੱਟ ਇਕ ਦਿਨ ਤਾਂ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। 1970 'ਚ ਅਮਰੀਕੀ ਸੈਨੇਟਰ ਗੇਰਾਲਡ ਨੈਲਸਨ ਦੇ ਉੱਦਮ ਸਦਕਾ ਅਮਰੀਕਾ ਸਣੇ ਪੂਰੀ ਦੁਨੀਆ 'ਚ 'ਧਰਤੀ ਦਿਵਸ' ਮਨਾਉਣ ਦੀ ਇਹ ਪ੍ਰੰਪਰਾ ਆਰੰਭ ਹੋ ਗਈ। ਨੈਲਸਨ ਨੂੰ ਬਾਅਦ 'ਚ ਅਮਰੀਕਾ ਵਿਖੇ 'ਰਾਸ਼ਟਰਪਤੀ ਮੈਡਲ' ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦਿਵਸ ਦਾ ਇਤਿਹਾਸ ਦੱਸਦਾ ਹੈ ਕਿ 1972 ਵਿਚ ਸੰਯੁਕਤ ਰਾਸ਼ਟਰ ਸੰਘ ਦੀ ਵਾਤਾਵਰਨ ਸੰਬੰਧੀ ਇਕ ਅਹਿਮ ਕਾਨਫਰੰਸ ਸਟਾਕਹੋਮ ਵਿਖੇ ਹੋਈ, ਜਿਸ 'ਚ ਇਹ ਸੰਦੇਸ਼ ਦਿੱਤਾ ਗਿਆ ਕਿ ਧਰਤੀ ਦੇ ਸਮੂਹ ਮਨੁੱਖ ਤੇ ਬਾਕੀ ਜੀਵ-ਜੰਤੂ ਇਕ-ਦੂਜੇ 'ਤੇ ਨਿਰਭਰ ਹਨ। 1990 'ਚ ਧਰਤੀ, ਇਸ ਦੇ ਵਾਤਾਵਰਨ ਤੇ ਜੀਵਾਂ ਦੀ ਰਾਖੀ ਲਈ ਪਹਿਲੀ ਵਾਰ 'ਰੀਸਾਈਕਲ' ਭਾਵ 'ਮੁੜ ਵਰਤੋਂ' ਦਾ ਸੰਕਲਪ ਪੇਸ਼ ਕੀਤਾ ਗਿਆ। 1992 ਵਿਚ ਰੀਓ ਡੀ ਜਨੇਰੀਓ ਵਿਖੇ ਜਾਰੀ ਕੀਤੇ ਐਲਾਨਨਾਮੇ 'ਚ ਕਿਹਾ ਗਿਆ ਕਿ ਕੁਦਰਤ ਤੇ ਪ੍ਰਿਥਵੀ ਦਰਮਿਆਨ ਵਧੀਆ ਸੰਬੰਧ ਸਥਾਪਤ ਕਰਨੇ ਬਣਦੇ ਹਨ ਤਾਂ ਜੋ ਵਰਤਮਾਨ ਤੇ ਭਵਿੱਖ ਦੀਆਂ ਮਨੁੱਖੀ ਪੀੜ੍ਹੀਆਂ ਦੀਆਂ ਸਮਾਜਿਕ, ਆਰਥਿਕ ਤੇ ਵਾਤਾਵਰਨਿਕ ਲੋੜਾਂ ਵਿਚਕਾਰ ਸਹੀ ਸੰਤੁਲਨ ਸਥਾਪਤ ਕੀਤਾ ਜਾ ਸਕੇ।
2016 'ਚ ਇਤਿਹਾਸਕ 'ਪੈਰਿਸ ਸਮਝੌਤਾ' ਸਾਹਮਣੇ ਆਇਆ, ਜਿਸ 'ਤੇ ਵਿਸ਼ਵ ਸ਼ਕਤੀਆਂ ਅਮਰੀਕਾ ਤੇ ਚੀਨ ਸਮੇਤ 120 ਮੁਲਕਾਂ ਨੇ ਦਸਤਖ਼ਤ ਕੀਤੇ। ਇਸ ਸਮਝੌਤੇ ਦਾ ਆਧਾਰ ਉਹ 'ਵਾਤਾਵਰਨ ਬਚਾਓ ਸੰਧੀ' ਸੀ, ਜੋ 2015 'ਚ ਪੈਰਿਸ ਕਾਨਫਰੰਸ ਦੌਰਾਨ 195 ਮੁਲਕਾਂ ਦੇ ਪ੍ਰਤੀਨਿਧੀਆਂ ਦੀ ਆਪਸੀ ਸਹਿਮਤੀ ਨਾਲ ਤਿਆਰ ਕੀਤੀ ਗਈ ਸੀ। 2020 'ਚ 'ਵਿਸ਼ਵ ਧਰਤੀ ਦਿਵਸ' ਦੀ 'ਗੋਲਡਨ ਜੁਬਲੀ' ਮਨਾਈ ਗਈ। 2025 'ਚ ਮਨਾਏ 'ਵਿਸ਼ਵ ਧਰਤੀ ਦਿਵਸ' ਲਈ ਚੁਣਿਆ ਗਿਆ ਥੀਮ ਸੀ 'ਸਾਡੀ ਸ਼ਕਤੀ ਸਾਡਾ ਗ੍ਰਹਿ'। ਇਹ ਥੀਮ ਦਰਅਸਲ ਨਵਿਆਉਣਯੋਗ ਊਰਜਾ ਵੱਲ ਨੂੰ ਤੁਰਨ ਦਾ ਇਸ਼ਾਰਾ ਕਰਦਿਆਂ ਸਾਲ 2030 ਤੱਕ 'ਗਲੋਬਲ ਕਲੀਨ ਐਨਰਜੀ ਜੈਨਰੇਸ਼ਨ' ਭਾਵ ਸੰਸਾਰ ਪੱਧਰ 'ਤੇ ਸ਼ੁੱਧ ਊਰਜਾ ਉਤਪਾਦਨ ਨੂੰ ਤਿੰਨ ਗੁਣਾ ਤੱਕ ਵਧਾਉਣ ਦੇ ਉਦੇਸ਼ ਦੀ ਗੱਲ ਕਰ ਰਿਹਾ ਸੀ। ਹੁਣ ਸਾਲ 2026 'ਚ ਇਸ ਦਿਵਸ ਲਈ 'ਸਾਡੀ ਤਾਕਤ ਸਾਡਾ ਗ੍ਰਹਿ' ਥੀਮ ਚੁਣਿਆ ਗਿਆ ਹੈ, ਜਿਸ ਦਾ ਭਾਵ ਧਰਤੀ ਤੇ ਵਾਤਾਵਰਨ ਦੀ ਰਾਖੀ ਲਈ ਸਮੂਹ ਧਰਤੀ ਵਾਸੀਆਂ ਨੂੰ ਆਪਣੇ ਯਤਨਾਂ ਦੇ ਰੂਪ ਵਿਚ ਤਾਕਤ ਲਾਉਣ ਦੀ ਭਾਰੀ ਲੋੜ ਹੈ। 'ਵਿਸ਼ਵ ਧਰਤੀ ਦਿਵਸ' ਮੌਕੇ ਕੀਤੇ ਜਾਣ ਵਾਲੇ ਅਤਿ ਲੋੜੀਂਦੇ ਕੰਮਾਂ 'ਚ ਆਪਣੇ ਘਰ, ਦਫ਼ਤਰ ਤੇ ਆਂਢ-ਗੁਆਂਢ ਤੋਂ ਪਲਾਸਟਿਕ ਪਦਾਰਥਾਂ ਨੂੰ ਖ਼ਤਮ ਕਰਨਾ, ਹਰ ਵਿਅਕਤੀ ਵਲੋਂ ਘੱਟੋ-ਘੱਟ ਇਕ ਬੂਟਾ ਲਗਾਉਣਾ, ਕੀਟਨਾਸ਼ਕ ਤੇ ਰਸਾਇਣਾਂ ਦੀ ਵਰਤੋਂ ਘਟਾਉਣਾ, ਪਾਣੀ ਬਚਾਉਣਾ, ਨਜ਼ਦੀਕੀ ਸਥਾਨਾਂ ਤੱਕ ਜਾਣ ਹਿੱਤ ਵਾਹਨਾਂ ਦੀ ਵਰਤੋਂ ਘਟਾ ਕੇ ਪੈਦਲ ਤੁਰਨਾ, ਕੁਦਰਤੀ ਸਰੋਤਾਂ ਦੀ ਰਾਖੀ ਕਰਨਾ ਤੇ ਬਿਜਲੀ ਬਚਾਉਣਾ ਤਾਂ ਕਿ ਧਰਤੀ ਦੀ ਤਾਕਤ ਤੇ ਤੰਦਰੁਸਤੀ ਬਰਕਰਾਰ ਰਹੇ। ਨਾਲ ਹੀ ਵਾਤਾਵਰਨ ਸੰਭਾਲ ਸੰਬੰਧੀ ਜਾਗਰੂਕਤਾ ਦਾ ਪ੍ਰਸਾਰ ਕਰਨਾ ਵੀ ਇਸ ਦਿਨ ਨੂੰ ਮਨਾਉਣ ਦਾ ਵੱਡਾ ਮਨੋਰਥ ਹੈ। 'ਟ੍ਰੀ ਫਾਰ ਈਚ' ਨਾਮਕ ਸੰਸਥਾ ਵਲੋਂ ਅੱਜ ਦੇ ਦਿਨ ਧਰਤ ਵਾਸੀਆਂ ਨੂੰ ਵਾਤਾਵਰਨ ਸੰਭਾਲ ਹਿਤ ਵੱਧ ਤੋਂ ਵੱਧ ਤੇ ਖ਼ਾਸ ਕਰਕੇ ਫ਼ਲਦਾਰ ਤੇ ਦਵਾਈਆਂ ਵਾਲੇ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। 2016 ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਦੀ ਪ੍ਰੇਰਨਾ ਸਦਕਾ 95 ਕਰੋੜ ਤੋਂ ਵੱਧ ਬੂਟੇ ਲਾਏ ਜਾ ਚੁੱਕੇ ਹਨ। ਭਾਰਤ ਵਿਚ ਹਵਾ, ਪਾਣੀ ਤੇ ਮਿੱਟੀ ਦੇ ਹੱਦਾਂ ਪਾਰ ਕਰ ਚੁੱਕੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਤੇ ਚੁਗਿਰਦੇ 'ਚ ਪਸਰੇ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਰਕਾਰ ਤੇ ਆਮ ਲੋਕਾਂ ਵਲੋਂ ਵੱਡਾ ਹੰਭਲਾ ਮਾਰੇ ਜਾਣ ਦੀ ਸਖ਼ਤ ਲੋੜ ਹੈ।
ਸੰਯੁਕਤ ਰਾਸ਼ਟਰ ਸੰਘ ਵਲੋਂ ਜਾਰੀ ਅੰਕੜਿਆਂ ਅਨੁਸਾਰ ਮਨੁੱਖੀ ਵੱਸੋਂ ਵਾਲੀ ਧਰਤੀ ਦੀ 33 ਫ਼ੀਸਦੀ ਮਿੱਟੀ ਗ਼ੈਰ-ਮਿਆਰੀ ਹੋ ਚੁੱਕੀ ਹੈ ਤੇ ਮਨੁੱਖੀ ਅਣਗਹਿਲੀ ਤੇ ਅਗਿਆਨਤਾ ਕਰਕੇ ਸਾਲ 2050 ਵਿਚ ਇਹ ਅੰਕੜਾ 90 ਫ਼ੀਸਦੀ ਤੱਕ ਪੁੱਜ ਸਕਦਾ ਹੈ। ਧਰਤੀ ਦਾ ਤਾਪਮਾਨ ਜਿਸ ਰਫ਼ਤਾਰ ਨਾਲ ਵਧ ਰਿਹਾ ਹੈ, ਉਸ ਅਨੁਸਾਰ ਜੇ ਔਸਤਨ 1.5 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਧ ਜਾਂਦਾ ਹੈ ਤਾਂ ਫ਼ਸਲਾਂ ਤੇ ਬੂਟਿਆਂ ਲਈ ਲਾਭਕਾਰੀ ਕੀੜੇ-ਮਕੌੜਿਆਂ 'ਚੋਂ ਅੱਧੇ ਜੀਵ ਆਪਣੇ ਨਿਵਾਸ ਸਥਾਨ ਗੁਆ ਬੈਠਣਗੇ ਤੇ ਉਨ੍ਹਾ ਦਾ ਜਿਊਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਧਰਤੀ ਦੀ ਸਿਹਤ ਸਹੀ ਰੱਖਣ ਲਈ ਸਭ ਨੂੰ ਜ਼ਿੰਮੇਵਾਰੀ ਨਾਲ ਆਪਣੇ ਫ਼ਰਜ਼ ਅਦਾ ਕਰਨੇ ਪੈਣਗੇ।

-410, ਚੰਦਰ ਨਗਰ, ਬਟਾਲਾ।
ਮੋਬਾ : 97816-46008

Ad Position 22
No active advertisement
ਪਿਛਲੀ ਖ਼ਬਰ ਪਹਿਲਾ ਗੇੜ ਜਿੱਤਣ ਵਾਲੀ ਪਾਰਟੀ ਹੀ ਬਣਾਏਗੀ ਸਰਕਾਰ ਅਗਲੀ ਖ਼ਬਰ ਦਿਹਾਤੀ ਖੇਤਰ ਦੇ ਸੰਕਟ ਨੂੰ ਕਿਵੇਂ ਸੁਲਝਾਇਆ ਜਾਵੇ?
Ad Position 24