ਤਬਦੀਲੀ ਇਸ ਬ੍ਰਹਿਮੰਡ ਦਾ ਕੇਂਦਰੀ ਨੁਕਤਾ ਹੈ। ਕਾਗਜ਼ ਦੀ ਖੋਜ ਨਾਲ ਛਾਪੇਖਾਨੇ ਦੇ ਢੰਗ ਤੇ ਸਾਧਨ ਬਦਲ ਗਏ- ਭਾਵ ਪਹਿਲਾਂ ਧਾਤ, ਕੱਪੜਾ ਜਾਂ ਮਿੱਟੀ 'ਤੇ ਛਪਾਈ ਹੁੰਦੀ ਸੀ, ਇਵੇਂ ਹੀ ਸਕਰੀਨ ਆਉਣ ਨਾਲ ਦ੍ਰਿਸ਼ ਮਾਧਿਅਮ ਤੇ ਪੇਸ਼ਕਾਰੀ ਦੇ ਤਰੀਕੇ ਵੀ ਬਦਲ ਗਏ। ਏ.ਆਈ. ਮਸ਼ੀਨਾਂ ਜਾਂ ਸਾਫਟਵੇਅਰ ਦੀ ਬੁੱਧੀ ਸੂਚਨਾ ਤੇ ਤਕਨੋਲੋਜੀ 'ਚ ਅਹਿਮ ਪਰਿਵਰਤਨ ਹੈ। ਇਸ ਵਿਕਾਸ ਦੇ ਪੜਾਅ ਤਹਿਤ ਹੁਣ ਕੰਪਿਊਟਰ ਆਧਾਰਿਤ ਮਸ਼ੀਨਾਂ ਮਨੁੱਖਾਂ ਵਾਂਗ ਸੋਚ ਸਕਣਗੀਆਂ ਜਾਂ ਲਗਭਗ ਸੋਚਣ ਲੱਗ ਗਈਆਂ ਹਨ। ਏ.ਆਈ. ਹੁਣ ਮਨੁੱਖੀ ਜੀਵਨ ਦੇ ਲੱਗਭਗ ਹਰੇਕ ਖੇਤਰ 'ਚ ਦਾਖਲ ਹੋ ਚੁੱਕੀ ਹੈ, ਇਹ ਮਨੁੱਖ ਵਲੋਂ ਮਸ਼ੀਨੀ ਸਿਆਣਪ ਦੀ ਇਕ ਨਿਵੇਕਲੀ ਖੋਜ ਹੈ, ਜਿਸ ਨੇ ਮਨੁੱਖੀ ਇਤਿਹਾਸ ਨੂੰ ਵੀ ਸ਼ੰਕਿਆਂ ਵਿਚ ਪਾ ਦਿੱਤਾ ਹੈ।
ਜਦੋਂ ਵੀ ਕੋਈ ਨਵਾਂ ਤੇ 'ਸ਼ਾਰਟਕੱਟ ਸਿਸਟਮ' ਸਮਾਜ ਵਿਚ ਵਿਕਸਿਤ ਹੁੰਦਾ ਹੈ ਤਾਂ ਉਸ ਦੇ ਫਾਇਦਿਆਂ ਕਰਕੇ ਲੋਕ ਉਸ ਦੀਆਂ ਤਰੀਫਾਂ ਦੇ ਪੁਲ ਬੰਨ੍ਹਣ ਲੱਗਦੇ ਹਨ। ਪਰ ਜਿਹੜੀ ਦਵਾਈ ਜਿੰਨੀ ਜਲਦੀ ਰੋਗ ਠੀਕ ਕਰਦੀ ਹੈ, ਉਸ ਦੇ 'ਸਾਈਡ ਇਫੈਕਟ' ਵੀ ਉਨੇ ਵੱਧ ਹੁੰਦੇ ਹਨ। ਪਿਛਲੇ 5-6 ਸਾਲਾਂ ਤੋਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਬੋਲਬਾਲਾ ਵਧਣ 'ਤੇ ਇਹ ਦਿਨੋ-ਦਿਨ ਲੋਕਾਂ ਵਿਚ ਹਰਮਨ ਪਿਆਰੀ ਹੋਈ ਹੈ। ਏ.ਆਈ. ਨਾਲ ਹਰੇਕ ਚੀਜ਼ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਕੰਮ ਕਰਨ ਦੀ ਸਮਰੱਥਾ ਵੀ ਬਹੁਤ ਜ਼ਿਆਦਾ ਹੋ ਸਕਦੀ ਹੈ। ਏ.ਆਈ. ਮੈਡੀਕਲ ਖੇਤਰ ਵਿਚ ਬਹੁਤ ਵਧੀਆ ਕੰਮ ਕਰ ਰਹੀ ਹੈ। ਸਾਨੂੰ ਏ.ਆਈ. ਦੇ ਲਾਭਾਂ ਦਾ ਫਾਇਦਾ ਉਠਾਉਂਦਿਆਂ ਇਸ ਕਾਰਨ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਸੁਚੇਤ ਰਹਿਣਾ ਚਾਹੀਦਾ ਹੈ। ਏ.ਆਈ. ਘੱਟ ਆਬਾਦੀ ਵਾਲੇ ਦੇਸ਼ਾਂ ਲਈ ਬਹੁਤ ਕਾਰਗਰ ਹੈ, ਜਿੱਥੇ ਕੰਮ ਕਰਨ ਵਾਲੇ ਵਰਕਰ ਘੱਟ ਹਨ। ਪਰ ਭਾਰਤ ਜਿਹੇ 146 ਕਰੋੜ ਦੀ ਆਬਾਦੀ ਵਾਲੇ ਦੇਸ਼ 'ਚ ਕੰਮ ਕਰਨ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਸਾਡੇ ਦੇਸ਼ 'ਚ ਵੱਡੇ ਪੱਧਰ 'ਤੇ ਏ.ਆਈ. ਨੂੰ ਲਾਗੂ ਕਰਨ ਨਾਲ ਸਿਰਫ਼ ਕਿਰਤੀ ਹੀ ਵਿਹਲੇ ਨਹੀਂ ਹੋਣਗੇ, ਸਗੋਂ ਪੜ੍ਹੇ-ਲਿਖੇ ਸਾਫਟਵੇਅਰ ਇੰਜੀਨੀਅਰਾਂ ਦੀਆਂ ਨੌਕਰੀਆਂ ਵੀ ਖ਼ਤਰੇ ਵਿਚ ਪੈ ਜਾਣਗੀਆਂ। ਏ.ਆਈ. ਨਾਲ ਵਿਦਿਆਰਥੀਆਂ ਦੀ ਮਾਨਸਿਕਤਾ 'ਤੇ ਵੀ ਅਸਰ ਪਵੇਗਾ, ਯਾਦ ਕਰੋ ਜਦੋਂ ਕੰਪਿਊਟਰ ਤੇ ਕੈਲਕੂਲੇਟਰ ਨਹੀਂ ਹੁੰਦੇ ਸਨ ਤਾਂ ਛੋਟੇ ਬੱਚਿਆਂ ਨੂੰ ਵੀ ਮੂੰਹ ਜ਼ੁਬਾਨੀ ਸਭ ਪਹਾੜੇ ਯਾਦ ਹੁੰਦੇ ਸਨ, ਹੁਣ ਤਾਂ ਬੱਚੇ 2+2=4 ਵੀ ਕੈਲਕੂਲੇਟਰ ਨਾਲ ਕਰਦੇ ਹਨ।
ਹੁਣ ਬੱਚੇ ਰੋਟੀ ਤਾਂ ਹੀ ਖਾਂਦੇ ਹਨ ਜੇ ਉਨ੍ਹਾਂ ਨੂੰ ਮੋਬਾਈਲ 'ਤੇ ਨਾਲੋ-ਨਾਲ ਖੇਡਾਂ ਵਿਖਾਈਆਂ ਜਾਣ। ਮਾਵਾਂ ਆਪਣੇ ਬੱਚਿਆਂ ਨੂੰ ਸਵਾਉਣ ਲਈ ਲੋਰੀਆਂ ਤੱਕ ਮੋਬਾਈਲ 'ਤੇ ਦਿੰਦੀਆਂ ਹਨ। ਚੈਟ ਜੀ.ਪੀ.ਟੀ. ਨਾਲ ਸੰਬੰਧਿਤ ਖ਼ਬਰਾਂ ਰੋਜ਼ ਸੁਣਨ ਨੂੰ ਮਿਲਦੀਆਂ ਹਨ ਅਤੇ ਬੱਚੇ ਇਨ੍ਹਾਂ ਤਕਨੀਕਾਂ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਅੱਜ ਦੇ ਬੱਚੇ ਰੋਜ਼ਾਨਾ ਏ.ਆਈ. ਨਾਲ ਲੈਸ ਤਕਨੋਲੋਜੀਆਂ ਤੇ ਅਲੈਕਸਾ ਸੀਰੀਜ਼ ਨਾਲ ਗੱਲਾਂ ਕਰਦੇ ਹਨ। ਏ.ਆਈ. ਜਿੱਥੇ ਬੱਚਿਆਂ ਲਈ ਲਾਹੇਵੰਦ ਹੈ, ਉੱਥੇ ਉਨ੍ਹਾਂ 'ਤੇ ਬੁਰਾ ਪ੍ਰਭਾਵ ਵੀ ਪਾ ਸਕਦੀ ਹੈ। ਪਿਛਲੇ ਹਫ਼ਤੇ ਕਿਸੇ ਸ਼ਰਾਰਤੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਬੈਠਿਆਂ ਆਪਣੀ ਗਲਤ ਤਸਵੀਰ ਪਾ ਦਿੱਤੀ ਸੀ। ਅਜਿਹੀ ਇਕ ਨਹੀਂ, ਲੱਖਾਂ ਉਦਾਹਰਣਾਂ ਹਨ। ਲੋਕ ਸਤਿਕਾਰਯੋਗ ਸ਼ਖ਼ਸੀਅਤਾਂ, ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਨਾਲ ਛੇੜ-ਛਾੜ ਕਰ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੰਦੇ ਹਨ, ਕਈ ਭੋਲੇ-ਭਾਲੇ ਲੋਕ ਇਸ ਨੂੰ ਸੱਚ ਮੰਨ ਲੈਂਦੇ ਹਨ। ਦਰਅਸਲ ਝੂਠੀਆਂ ਖ਼ਬਰਾਂ ਲੋਕਾਂ ਤੱਕ ਤੇਜ਼ੀ ਨਾਲ ਭੇਜੀਆਂ ਜਾਂਦੀਆਂ ਹਨ, ਜਿਸ ਨਾਲ ਨੁਕਸਾਨ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਏ.ਆਈ. ਦਾ ਵੱਡਾ ਨੁਕਸਾਨ ਇਹ ਵੀ ਹੈ ਕਿ ਇਸ ਨਾਲ ਲੋਕਾਂ ਦੀ ਨਿੱਜਤਾ ਖਤਮ ਹੋ ਰਹੀ ਹੈ। ਮਾੜੇ ਅਨਸਰ ਲੋਕਾਂ ਦੇ ਡਾਟਾ ਹੈਕ ਕਰ ਕੇ ਉਨ੍ਹਾਂ ਦੇ ਬੈਂਕ ਖਾਤਿਆਂ 'ਚੋਂ ਪੈਸੇ ਤੱਕ ਟ੍ਰਾਂਸਫਰ ਕਰ ਲੈਂਦੇ ਹਨ।
ਅੱਜ-ਕੱਲ੍ਹ ਡਿਜੀਟਲ ਅਰੈਸਟ ਦੇ ਨਾਂਅ ਨਾਲ ਜਾਣਿਆ ਜਾਂਦਾ ਇਕ ਘਾਤਕ ਤਰੀਕਾ ਬਹੁਤ ਪ੍ਰਚੱਲਿਤ ਹੋ ਗਿਆ ਹੈ। ਇਸ ਦਾ ਸ਼ਿਕਾਰ ਹੋ ਕੇ ਕਈ ਪੜ੍ਹੇ-ਲਿਖੇ ਲੋਕ ਸੇਵਾਮੁਕਤ ਅਧਿਕਾਰੀ ਤੇ ਵੱਡੇ ਕਾਰੋਬਾਰੀ ਆਪਣੇ ਕਰੋੜਾਂ ਰੁਪਏ ਗੁਆ ਚੁੱਕੇ ਹਨ। ਦਰਅਸਲ ਗਲਤ ਅਨਸਰ ਗਲਤ ਤਰੀਕਿਆਂ ਨੂੰ ਬਹੁਤ ਜਲਦੀ ਸਿੱਖਦੇ ਹਨ। ਉਹ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਬੱਚੇ ਦਾ ਮੋਬਾਈਲ ਨੰਬਰ ਹੈਕ ਕਰ ਕੇ ਉਸ ਨੰਬਰ ਤੋਂ ਤੁਹਾਨੂੰ ਫੋਨ ਕਰ ਕੇ ਕਹਿਣਗੇ ਕਿ ਤੁਹਾਡਾ ਬੱਚਾ ਜਾਂ ਰਿਸ਼ਤੇਦਾਰ ਕਥਿਤ ਜੁਰਮ ਵਿਚ ਫੜਿਆ ਗਿਆ ਹੈ, ਜੇਕਰ ਉਸ ਨੂੰ ਬਚਾਉਣਾ ਹੈ ਤਾਂ ਉਕਤ ਅਕਾਊਂਟ ਵਿਚ ਇੰਨੇ ਰੁਪਏ ਭੇਜ ਦਿਓ, ਨਹੀਂ ਤਾਂ ਕੇਸ ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਉਹ ਅਕਸਰ ਬਜ਼ੁਰਗਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਆਵਾਜ਼ ਵਿਚ ਪੈਸੇ ਭੇਜਣ ਦਾ ਭੁਲੇਖਾ ਪਾ ਕੇ ਉਨ੍ਹਾਂ ਦਾ ਬੈਂਕ ਖਾਤਾ ਪੁੱਛ ਲੈਂਦੇ ਹਨ ਅਤੇ ਮਿਲੀਭੁਗਤ ਨਾਲ ਪੈਸੇ ਕਢਵਾ ਲੈਂਦੇ ਹਨ।
ਹੁਣ ਅਸੀਂ ਏ. ਆਈ. ਤੋਂ ਦੂਰ ਨਹੀਂ ਭੱਜ ਸਕਦੇ ਕਿਉਂਕਿ ਖੇਤੀ, ਸਿੱਖਿਆ, ਮੈਡੀਕਲ ਖੇਤਰ 'ਚ ਇਸ ਦੇ ਅਨੇਕਾਂ ਫ਼ਾਇਦੇ ਹਨ; ਸਾਨੂੰ ਉਨ੍ਹਾਂ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ, ਪਰ ਇਸ ਦੀ ਵਰਤੋਂ ਬਹੁਤ ਸੁਚੇਤ ਹੋ ਕੇ ਕਰਨੀ ਚਾਹੀਦੀ ਹੈ। ਦਰਅਸਲ ਏ.ਆਈ. ਇਕ ਤਕਨੀਕੀ ਮਸ਼ੀਨੀ ਸੂਝਬੂਝ ਹੈ, ਇਕ ਮਨੁੱਖੀ ਸਮਝ ਤੇ ਮਸ਼ੀਨੀ ਸੂਝਬੂਝ ਵਿਚ ਬਹੁਤ ਫਰਕ ਹੁੰਦਾ ਹੈ। ਹੁਣ ਗੂਗਲ ਐਪ ਨੂੰ ਹੀ ਦੇਖ ਲਓ ਜੋ ਏ.ਆਈ ਦਾ ਹੀ ਹਿੱਸਾ ਤੇ ਇਸ ਕੋਲ ਜਾਣਕਾਰੀ ਦਾ ਵਿਸ਼ਾਲ ਭੰਡਾਰ ਹੈ। ਏ.ਆਈ ਜਿੰਨੀ ਤੇਜ਼ੀ ਨਾਲ ਫੈਲ ਰਹੀ ਹੈ ਤੇ ਲੋਕ ਇਸ ਨੂੰ ਤੇਜ਼ੀ ਨਾਲ ਸਿੱਖ ਵੀ ਰਹੇ ਹਨ। ਪਰ ਕਿਤੇ ਅਜਿਹਾ ਨਾ ਹੋ ਜਾਏ ਕਿ ਏ.ਆਈ. ਬਹੁਤ ਅੱਗੇ ਨਿਕਲ ਜਾਏ ਤੇ ਅਸੀਂ ਬਹੁਤ ਪਿੱਛੇ ਰਹਿ ਜਾਈਏ। ਜਦੋਂ ਅਸੀਂ ਗੂਗਲ ਤੋਂ ਕੁਝ ਟਰਾਂਸਲੇਟ ਕਰਦੇ ਹਾਂ ਤਾਂ ਕਈ ਵਾਰ ਉਸ ਦਾ ਅਰਥ ਹੋਰ ਹੋਣ ਕਰਕੇ ਨਤੀਜੇ ਵੀ ਗ਼ਲਤ ਨਿਕਲਦੇ ਹਨ। ਸਾਨੂੰ ਏ.ਆਈ. ਦੀ ਵਰਤੋਂ ਪੂਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ।
-ਚੇਅਰਮੈਨ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ।
ਮੋਬਾਈਲ : 81968-10007