ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਸ਼ਾਹਿਦ ਕਪੂਰ ਅਤੇ ਰਸ਼ਮਿਕਾ ਮੰਦਾਨਾ ਨਾਲ 'ਕਾਕਟੇਲ-2' ਵਿਚ ਨਜ਼ਰ ਆਉਣ ਵਾਲੀ ਹੈ। ਹੋਮੀ ਅਡਜਾਨੀਆ ਵਲੋਂ ਨਿਰਦੇਸ਼ਿਤ ਕੀਤੀ ਗਈ ਇਹ ਫ਼ਿਲਮ 19 ਜੂਨ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਕ ਆਧੁਨਿਕ ਪ੍ਰੇਮ ਤਿਕੋਣ 'ਤੇ ਆਧਾਰਿਤ ਫ਼ਿਲਮ 'ਕਾਕਟੇਲ-2' ਸਾਲ 2012 ਵਿਚ ਰਿਲੀਜ਼ ਫ਼ਿਲਮ 'ਕਾਕਟੇਲ' ਦਾ ਵਿਸਥਾਰ ਹੈ। ਇਸ ਵਿਸਥਾਰ ਵਿਚ ਦੋਸਤੀ ਅਤੇ ਰਿਸ਼ਤਿਆਂ ਦੀਆਂ ਮੁਸ਼ਕਿਲਾਂ ਨੂੰ ਬੇਹੱਦ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਕ੍ਰਿਤੀ ਸੈਨਨ ਆਪਣੀਆਂ ਆਕਰਸ਼ਕ ਤਸਵੀਰਾਂ ਨਾਲ ਇੰਟਰਨੈੱਟ 'ਤੇ ਤਹਿਲਕਾ ਮਚਾਉਂਦੀ ਰਹਿੰਦੀ ਹੈ। ਇਸ ਵਾਰ 'ਕਾਕਟੇਲ-2' ਵਿਚ ਉਹ ਹੁਣ ਤੱਕ ਦੇ ਆਪਣੇ ਸਭ ਤੋਂ ਆਕਰਸ਼ਕ ਅਵਤਾਰ ਵਿਚ ਹੈ। ਉਸ ਦੀ ਇਹ ਭੂਮਿਕਾ ਦਰਸ਼ਕਾਂ ਨੂੰ ਹੈਰਾਨ ਕਰਨ ਵਾਲੀ ਦੱਸੀ ਜਾ ਰਹੀ ਹੈ। ਪਿਛਲੀ ਵਾਰ ਅਦਾਕਾਰ ਧਨੁਸ਼ ਦੀ ਫ਼ਿਲਮ 'ਤੇਰੇ ਇਸ਼ਕ ਮੇਂ' (2025) ਵਿਚ ਕ੍ਰਿਤੀ ਨੇ ਬੇਹੱਦ ਭਾਵੁਕ ਕਿਰਦਾਰ ਨਿਭਾਇਆ ਸੀ। ਕਿਸੇ ਨੇ ਇਹ ਸੋਚਿਆ ਨਹੀਂ ਸੀ ਕਿ ਇਹ ਫ਼ਿਲਮ ਟਿਕਟ ਖਿੜਕੀ 'ਤੇ ਕਮਾਲ ਕਰ ਜਾਵੇਗੀ। ਫ਼ਿਲਮ ਨੇ ਸਿਰਫ਼ 7 ਦਿਨਾਂ ਵਿਚ 82.75 ਕਰੋੜ ਰੁਪਏ ਦਾ ਕਾਰੋਬਾਰ ਕਰਕੇ ਕ੍ਰਿਤੀ ਦੀ ਪਿਛਲੀ ਫ਼ਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' (2024) ਦੇ 80.88 ਕਰੋੜ ਰੁਪਏ ਦੇ ਕਾਰੋਬਾਰ ਨੂੰ ਪਿੱਛੇ ਛੱਡਦੇ ਹੋਏ ਉਸ ਦੇ ਕਰੀਅਰ ਦੀ ਛੇਵੀਂ ਸਭ ਤੋਂ ਜ਼ਿਆਦਾ ਕਮਾਉਣ ਵਾਲੀ ਫ਼ਿਲਮ ਦਾ ਰਿਕਾਰਡ ਬਣਾਇਆ। ਫ਼ਿਲਮ 'ਤੇਰੇ ਇਸ਼ਕ ਮੇਂ' ਦੀ ਕਾਮਯਾਬੀ ਦੇ ਬਾਵਜੂਦ ਕ੍ਰਿਤੀ ਸੈਨਨ ਨੂੰ ਭਾਵੁਕਤਾ ਤੋਂ ਵੱਖਰਾ ਕੁਝ ਹਲਕਾ-ਫੁਲਕਾ ਅਤੇ ਮਜ਼ੇਦਾਰ ਕੰਮ ਚਾਹੀਦਾ ਸੀ। ਇਸ ਤਰ੍ਹਾਂ ਜਦੋਂ ਉਸ ਨੂੰ 'ਕਾਕਟੇਲ-2' ਦੀ ਪੇਸ਼ਕਸ਼ ਮਿਲੀ ਤਾਂ ਉਸ ਨੇ ਉਸ ਨੂੰ ਤੁਰੰਤ ਹਾਂ ਕਹਿ ਦਿੱਤੀ। ਕ੍ਰਿਤੀ ਸੈਨਨ ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਮਾਡਲਿੰਗ ਕਰਿਆ ਕਰਦੀ ਸੀ। ਮੰਨੇ-ਪ੍ਰਮੰਨੇ ਨਿਰਦੇਸ਼ਕ ਸ਼ੂਜੀਤ ਸਰਕਾਰ ਨਾਲ ਇਕ ਐਡ ਫ਼ਿਲਮ ਕਰਦੇ ਹੋਏ ਉਹ ਪਹਿਲੀ ਵਾਰ ਫ਼ਿਲਮਾਂ ਵਿਚ ਐਕਟਿੰਗ ਕਰਨ ਲਈ ਪ੍ਰੇਰਿਤ ਹੋਈ।
ਤੇਲਗੂ ਸਾਈਕੋਲੋਜੀਕਲ ਥ੍ਰਿਲਰ 'ਨੈਨੋਕੱਕਾਡੀਨੇ' ਵਿਚ ਮਹੇਸ਼ ਬਾਬੂ ਨਾਲ ਸਕ੍ਰੀਨ ਸਾਂਝੀ ਕਰਦੇ ਹੋਏ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕ੍ਰਿਤੀ ਸੈਨਨ ਨੂੰ ਉਸੇ ਸਾਲ ਟਾਈਗਰ ਸ਼ਰਾਫ਼ ਵਾਲੀ ਫ਼ਿਲਮ 'ਹੀਰੋਪੰਤੀ' ਤੋਂ ਬਾਲੀਵੁੱਡ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਇਸ ਫ਼ਿਲਮ ਲਈ ਉਸ ਨੂੰ ਫ਼ਿਲਮ ਫੇਅਰ ਦਾ ਬੈਸਟ ਡੈਬਿਊ ਪੁਰਸਕਾਰ ਵੀ ਮਿਲਿਆ ਸੀ। ਉਸ ਤੋਂ ਬਾਅਦ ਉਸ ਨੂੰ ਕਦੀ ਮੁੜ ਕੇ ਦੇਖਣ ਦੀ ਜ਼ਰੂਰਤ ਨਹੀਂ ਪਈ। ਕ੍ਰਿਤੀ ਸੈਨਨ ਨੇ ਆਪਣੀ ਬੇਪਨਾਹ ਖ਼ੂਬਸੂਰਤੀ ਨਾਲ ਹੀ ਤਾਕਤਵਰ ਅਤੇ ਦਿਲਕਸ਼ ਦਿੱਖ ਨਾਲ ਦਰਸ਼ਕਾਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਫ਼ਿਲਮ 'ਮੀਮੀ' (2021) ਵਿਚ ਉਹ ਇਕ ਸੈਰੋਗੇਟ ਮਾਂ ਦੀ ਭੂਮਿਕਾ ਵਿਚ ਸੀ। ਇਸ ਲਈ ਉਸ ਨੂੰ ਬੈਸਟ ਅਦਾਕਾਰਾ ਦਾ ਨੈਸ਼ਨਲ ਪੁਰਸਕਾਰ ਮਿਲਿਆ ਸੀ।
ਟਿਕਟ ਖਿੜਕੀ 'ਤੇ ਕ੍ਰਿਤੀ ਸੈਨਨ ਦੀ ਫ਼ਿਲਮ ਚਾਹੇ ਚੱਲੀ ਜਾਂ ਨਹੀਂ ਚੱਲੀ, ਪਰ ਹਰ ਵਾਰ ਉਸ ਨੇ ਆਪਣੀ ਲਾਜਵਾਬ ਖ਼ੂਬਸੂਰਤੀ ਅਤੇ ਐਕਟਿੰਗ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ। ਕ੍ਰਿਤੀ ਸੈਨਨ ਦਾ ਸਿਨੇਮਾਈ ਸਫ਼ਰ ਉਸ ਲਈ ਬਿਲਕੁਲ ਵੀ ਸੌਖਾ ਨਹੀਂ ਸੀ। ਇਸ ਮੁਕਾਮ ਤੱਕ ਪੁਹੰਚਣ ਲਈ ਉਸ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ। ਸ਼ੁਰੂਆਤੀ ਫ਼ਿਲਮਾਂ ਵਿਚ ਆਪਣੀ ਖ਼ਰਾਬ ਪੇਸ਼ਕਾਰੀ ਲਈ ਉਸ ਨੇ ਆਪਣੇ ਨਿਰਦੇਸ਼ਕਾਂ ਦੀਆਂ ਖ਼ੂਬ ਝਿੜਕਾਂ ਵੀ ਖਾਧੀਆਂ ਸਨ। ਹਿੰਦੀ ਅਤੇ ਤੇਲਗੂ ਫ਼ਿਲਮਾਂ ਵਿਚ ਮੁੱਖ ਭੂਮਿਕਾ ਨਿਭਾਉਣ ਤੋਂ ਇਲਾਵਾ ਕ੍ਰਿਤੀ ਸੈਨਨ ਨੇ 'ਇਸਤਰੀ', 'ਕਲੰਕ', 'ਪਤੀ ਪਤਨੀ ਔਰ ਵੋ' ਅਤੇ 'ਹੀਰੋਪੰਤੀ-2' ਵਰਗੀਆਂ ਫ਼ਿਲਮਾਂ ਵਿਚ ਡਾਂਸ ਨੰਬਰ ਵਾਲੇ ਕੈਮੀਓ ਵੀ ਕੀਤੇ ਅਤੇ ਇਨ੍ਹਾਂ ਡਾਂਸ ਨੰਬਰਾਂ ਲਈ ਵੀ ਉਸ ਦੇ ਪ੍ਰਤੀ ਦਰਸ਼ਕਾਂ ਵਿਚ ਜ਼ਬਰਦਸਤ ਦੀਵਾਨਗੀ ਨਜ਼ਰ ਆਈ।
ਕ੍ਰਿਤੀ ਸੈਨਨ-ਹੁਣ ਆਕਰਸ਼ਕ ਰੂਪ ਵਿਚ ਨਜ਼ਰ ਆਏਗੀ
ਅਜੀਤ ਡੈਸਕ
03-06-2026