13 ਸਤੰਬਰ, 2002 ਨੂੰ ਮੁੰਬਈ ਵਿਚ ਪੈਦਾ ਹੋਈ ਤੇਲਗੂ ਅਤੇ ਹਿੰਦੀ ਫ਼ਿਲਮਾਂ ਦੀ ਅਦਾਕਾਰ ਆਇਸ਼ਾ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਡੇਲੀਸੋਪ 'ਕਸੌਟੀ ਜ਼ਿੰਦਗੀ ਕੀ' ਵਿਚ ਇਕ ਜੂਨੀਅਰ ਕਲਾਕਾਰ ਦੇ ਤੌਰ 'ਤੇ ਕੀਤੀ ਸੀ |
ਟੀ.ਵੀ. ਸੀਰੀਜ਼ 'ਬਾਲਵੀਰ ਰਿਟਰਨਜ਼' ਵਿਚ ਉਸ ਨੇ ਮੁੱਖ ਭੂਮਿਕਾ ਨਿਭਾਈ | ਉਸ ਤੋਂ ਬਾਅਦ ਤੇਲਗੂ ਫ਼ਿਲਮ 'ਮੁਖਚਿਤ੍ਰਮ' ਤੋਂ ਫ਼ਿਲਮੀ ਦੁਨੀਆ ਵਿਚ ਕਦਮ ਰੱਖਦੇ ਹੋਏ 'ਓਮ ਭੀਮ ਬੁਸ਼' ਅਤੇ 'ਮਨਾਮੇ' ਵਰਗੀਆਂ ਫ਼ਿਲਮਾਂ ਵਿਚ ਵੀ ਕੰਮ ਕੀਤਾ | ਆਇਸ਼ਾ ਨੇ ਗੋਪੀਚੰਦ ਮਾਲਿਨੇਨੀ ਦੀ ਸੰਨੀ ਦਿਓਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਜਾਟ' ਵਿਚ ਇਕ ਪੁਲਿਸ ਅਫ਼ਸਰ ਦੀ ਛੋਟੀ ਜਿਹੀ ਭੂਮਿਕਾ ਨਿਭਾਈ ਸੀ | ਆਇਸ਼ਾ ਨੂੰ ਫ਼ਿਲਮ 'ਧੁਰੰਧਰ' ਦੇ ਗਾਣੇ 'ਸ਼ਰਾਰਤ' ਵਿਚ ਕ੍ਰਿਸਟਲ ਡਿਸੂਜ਼ਾ ਦੇ ਨਾਲ ਦੇਖਿਆ ਗਿਆ ਸੀ | ਇਸ ਇਕ ਡਾਂਸ ਲਈ ਆਇਸ਼ਾ ਨੂੰ ਜ਼ਬਰਦਸਤ ਪਛਾਣ ਅਤੇ ਜੰਮ ਕੇ ਤਾਰੀਫ਼ ਮਿਲੀ | ਉਸੇ ਸਾਲ ਉਸ ਨੇ ਕਪਿਲ ਸ਼ਰਮਾ ਦੇ ਨਾਲ ਫ਼ਿਲਮ 'ਕਿਸ ਕਿਸਕੋ ਪਿਆਰ ਕਰੂੰ-2' ਵਿਚ ਰੂਹੀ ਮਿਰਜ਼ਾ ਦਾ ਕਿਰਦਾਰ ਨਿਭਾਇਆ ਸੀ | ਆਇਸ਼ਾ ਖਾਨ ਸ਼ੁਰੂ ਤੋਂ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਕਾਫ਼ੀ ਨਿੱਜੀ ਰੱਖਦੀ ਆਈ ਹੈ | ਆਪਣੀ ਨਿੱਜੀ ਜ਼ਿੰਦਗੀ ਬਾਰੇ ਬੋਲਣਾ ਜਾਂ ਉਸ ਨਾਲ ਜੁੜੇ ਕਿਸੇ ਵੀ ਪਹਿਲੂ ਨੂੰ ਪ੍ਰਸੰਸਕਾਂ ਨਾਲ ਸਾਂਝਾ ਕਰਨਾ ਉਸ ਨੂੰ ਬਿਲਕੁਲ ਪਸੰਦ ਨਹੀਂ ਹੈ | 'ਧੁਰੰਧਰ' ਤੋਂ ਪਹਿਲਾਂ ਆਇਸ਼ਾ ਖਾਨ ਨੂੰ 'ਬਿੱਗ ਬੌਸ-17' ਵਿਚ ਦੇਖਿਆ ਗਿਆ ਸੀ | ਸ਼ੋਅ ਵਿਚ ਉਸ ਨੇ ਵਾਈਲਡ ਕਾਰਡ ਪ੍ਰਤੀਯੋਗੀ ਦੇ ਤੌਰ 'ਤੇ ਦਾਖਲਾ ਲਿਆ ਸੀ | ਆਇਸ਼ਾ ਨੇ ਬਿੱਗ ਬੌਸ ਦੇ ਘਰ ਵਿਚ ਰਹਿੰਦੇ ਹੋਏ ਪਹਿਲੀ ਵਾਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਆਪਣੇ ਸਾਬਕਾ ਮਿੱਤਰ ਮੁਨੱਵਰ ਫਾਰੂਕੀ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ | ਸ਼ੋਅ ਵਿਚ ਆਇਸ਼ਾ ਨੇ ਦੱਸਿਆ ਸੀ ਕਿ ਮੁਨੱਵਰ ਨੇ ਉਸ ਨੂੰ ਸੋਸ਼ਲ ਮੀਡੀਆ ਜ਼ਰੀਏ ਸੰਪਰਕ ਕੀਤਾ ਸੀ | ਉਦੋਂ ਉਹ ਉਸ ਨੂੰ ਇਕ ਸੰਗੀਤਕ ਵੀਡੀਓ ਵਿਚ ਲੈਣਾ ਚਾਹੁੰਦੇ ਸਨ | ਇਸ ਤੋਂ ੰਬਾਅਦ ਦੋਵਾਂ ਵਿਚਾਲੇ ਦੋਸਤੀ ਹੋ ਗਈ ਤੇ ਦੋਵੇਂ ਰਿਲੇਸ਼ਨਸ਼ਿਪ ਵਿਚ ਆਏ | ਪਰ ਮੁਨੱਵਰ ਫਾਰੂਕੀ ਨਾਲ ਉਸ ਦੇ ਸੰਬੰਧ ਵਿਚ ਟਵਿੱਸਟ ਉਦੋਂ ਆਇਆ ਜਦੋਂ ਮੁਨੱਵਰ ਨੇ 'ਬਿੱਗ ਬੌਸ-17' ਵਿਚ ਨਾਜਿਲਾ ਬਾਰੇ ਗੱਲਾਂ ਕਰਦੇ ਹੋਏ ਉਸ ਨਾਲ ਆਪਣੇ ਨਵੇਂ ਰਿਸ਼ਤੇ ਦਾ ਜ਼ਿਕਰ ਕੀਤਾ | ਬਿੱਗ ਬੌਸ ਦੇ ਘਰ ਵਿਚ ਆਇਸ਼ਾ ਨੇ ਮੁਨੱਵਰ 'ਤੇ ਧੋਖੇ ਦੇ ਦੋਸ਼ ਲਗਾਉਂਦੇ ਹੋਏ ਉਸ ਦੀਆਂ ਧੱਜੀਆਂ ਉਡਾਉਣ ਵਿਚ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ | ਆਇਸ਼ਾ ਨੇ ਤਾਂ ਇਥੋਂ ਤੱਕ ਕਿਹਾ ਸੀ ਮੁਨੱਵਰ ਟੂ-ਟਾਈਮਿੰਗ ਕਰ ਰਹੇ ਸੀ | ਆਇਸ਼ਾ ਦੇ ਸਭ ਦੋਸ਼ਾਂ ਤੋਂ ਬਾਅਦ ਸ਼ੋਅ ਵਿਚ ਜੰਮ ਕੇ ਡਰਾਮਾ ਹੋਇਆ ਸੀ |