06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕੱਲ੍ਹ ਲਈ ਵਿਸ਼ੇਸ਼ ਜੋਬਨ ਰੁੱਤੇ ਬੁਝ ਗਿਆ ਮੌਸੀਕੀ ਦਾ ਮਿੱਠੜਾ ਚਿਰਾਗ ਰਾਜਵੀਰ ਜਵੰਦਾ

ਕੱਲ੍ਹ ਲਈ ਵਿਸ਼ੇਸ਼ ਜੋਬਨ ਰੁੱਤੇ ਬੁਝ ਗਿਆ ਮੌਸੀਕੀ ਦਾ ਮਿੱਠੜਾ ਚਿਰਾਗ ਰਾਜਵੀਰ ਜਵੰਦਾ

Ad Position 21
No active advertisement
ਅਜੀਤ ਡੈਸਕ 07-10-2026

ਰਾਜਵੀਰ ਜਵੰਦਾ ਮੌਸੀਕੀ ਦੇ ਸਿਰਕੱਢ ਫਨਕਾਰਾਂ 'ਚੋਂ ਇਕ ਸੀ, ਜਿਸ ਨੇ ਥੋੜ੍ਹੇ ਸਫ਼ਰ ਵਿੱਚ ਸਿਨੇਮਾ ਅਤੇ ਸੰਗੀਤ ਦੇ ਬਹੁਤ ਸਾਰੇ ਰੰਗ ਮਾਣ ਲਏ | 

ਉਹ ਭੀੜ ਦਾ ਹਿੱਸਾ ਨਹੀਂ ਬਣਿਆ, ਸਗੋਂ ਭੀੜ ਵਿੱਚੋਂ ਆਪਣੀ ਵੱਖਰੀ ਲਕੀਰ ਖਿੱਚ ਕੇ ਆਪਣਾ ਇਕ ਵਿਲੱਖਣ ਕਲਾਤਮਿਕ ਕੱਦ ਸਥਾਪਿਤ ਕੀਤਾ | ਉੱਚਾ-ਲੰਮਾ ਕੱਦ, ਭਰਵਾਂ ਜੁੱਸਾ, ਸਜੀਲੀ ਦਿੱਖ, ਪਹਿਰਾਵੇ ਦੀ ਸਲੀਕਾ-ਸੂਝ, ਮੰਚ 'ਤੇ ਬੇਫ਼ਿਕਰੀ ਭਰੀ ਮਸਤੀ ਅਤੇ ਆਵਾਜ਼ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ, ਇਹ ਸਭ ਉਸ ਦੀ ਸ਼ਖ਼ਸੀਅਤ ਦੇ ਉਹ ਰੰਗ ਸਨ, ਜਿਨ੍ਹਾਂ ਨੇ ਉਸ ਨੂੰ  ਨਵੇਂ ਦੌਰ ਦੇ ਗਾਇਕਾਂ ਦੀ ਭੀੜ ਵਿੱਚੋਂ ਨਿਖੇੜ ਕੇ ਰੱਖ ਦਿੱਤਾ | ਉਹ ਨਵੀਂ ਪੀੜ੍ਹੀ ਦਾ ਪਸੰਦੀਦਾ ਲੋਕ ਗਾਇਕ ਸੀ | ਉਸ ਦੀ ਸਟੇਜ ਪੇਸ਼ਕਾਰੀ ਵਿੱਚ ਇਕ ਖ਼ਾਸ ਕਿਸਮ ਦੀ ਰਵਾਨੀ ਸੀ | ਉਹ ਮਾਈਕ ਦੇ ਸਾਹਮਣੇ ਖੜ੍ਹ ਕੇ ਸਿਰਫ਼ ਬੋਲ ਨਹੀਂ ਗਾਉਂਦਾ ਸੀ, ਗੀਤ ਨੂੰ  ਆਪਣੇ ਹਾਵ-ਭਾਵ ਵਿੱਚ ਜਿਊਾਦਾ ਸੀ | ਉਸ ਦੀ ਦੇਹ-ਭਾਸ਼ਾ, ਚਿਹਰੇ ਦੇ ਹਾਵ-ਭਾਵ, ਦਰਸ਼ਕਾਂ ਵੱਲ ਦੇਖਣ ਦਾ ਅੰਦਾਜ਼ ਅਤੇ ਗੀਤ ਦੇ ਮਿਜਾਜ਼ ਮੁਤਾਬਕ ਆਪਣੇ ਆਪ ਨੂੰ  ਢਾਲ ਲੈਣ ਦੀ ਸਮਰੱਥਾ ਮੰਚ ਨੂੰ  ਜ਼ਿੰਦਗੀ ਦੇ ਦਿੰਦੀ ਸੀ | ਦਰਸ਼ਕਾਂ ਨਾਲ ਇਕ ਅਦਿੱਖ ਰਿਸ਼ਤਾ ਜੋੜ ਲੈਣਾ ਉਸ ਦੀ ਪੇਸ਼ਕਾਰੀ ਦੀ ਵੱਡੀ ਖ਼ੂਬੀ ਸੀ |  ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ ਵਿੱਚ ਐੱਮ.ਏ. ਕਰਨ ਵਾਲੇ ਰਾਜਵੀਰ ਨੇ ਕਲਾ ਨੂੰ  ਸਿਰਫ਼ ਰੁਜ਼ਗਾਰ ਨਹੀਂ, ਸਗੋਂ ਜੀਵਨ ਦੇ ਇਕ ਅੰਦਾਜ਼ ਵਜੋਂ ਜਿਊਣ ਦੀ ਕੋਸ਼ਿਸ਼ ਕੀਤੀ | 'ਸੂਬੇਦਾਰ ਜੋਗਿੰਦਰ ਸਿੰਘ', 'ਮਿੰਦੋ ਤਹਿਸੀਲਦਾਰਨੀ', 'ਜਿੰਦ ਜਾਨ', 'ਕਾਕਾ ਜੀ' ਅਤੇ 'ਸਿਕੰਦਰ-2' ਵਰਗੀਆਂ ਫ਼ਿਲਮਾਂ ਵਿੱਚ ਉਸ ਦੀ ਮੌਜੂਦਗੀ ਨੇ ਦੱਸਿਆ ਕਿ ਉਸ ਦੇ ਅੰਦਰ ਸਿਰਫ਼ ਗਾਇਕ ਨਹੀਂ, ਇਕ ਅਦਾਕਾਰ ਵੀ ਸਾਹ ਲੈਂਦਾ ਸੀ | ਗੀਤ ਦੀ ਚੋਣ ਤੋਂ ਲੈ ਕੇ ਸ਼ਬਦਾਂ ਦੀ ਸਮਝ ਅਤੇ ਸਟੇਜ 'ਤੇ ਉਸ ਦੀ ਪੇਸ਼ਕਾਰੀ ਤੱਕ ਉਹ ਕਲਾ ਦੇ ਹਰ ਪੱਖ ਨੂੰ  ਮਹੱਤਵ ਦਿੰਦਾ ਸੀ | ਸ਼ਾਇਦ ਇਸੇ ਕਰਕੇ ਉਸ ਦੀ ਪਛਾਣ ਕਿਸੇ ਇਕ ਗੀਤ ਜਾਂ ਇਕ ਕਿਰਦਾਰ ਨਾਲ ਨਹੀਂ ਬਣੀ, ਸਗੋਂ ਇਕ ਪੂਰੇ ਕਲਾਕਾਰ ਵਜੋਂ ਬਣੀ | 'ਕੰਗਣੀ' ਦੀ ਗੂੰਜ ਤੋਂ ਦਿਲਾਂ ਦੀ ਧੜਕਣ ਤੱਕ ਉਹ ਚਾਹੁਣ ਵਾਲਿਆਂ ਦੇ ਦਿਲਾਂ ਅੰਦਰ ਧੜਕਦਾ ਸੀ | 2014 ਵਿੱਚ 'ਮੁੰਡਾ ਲਾਈਕ ਸੀ' ਨਾਲ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਰਾਜਵੀਰ ਨੇ 2016 ਵਿੱਚ 'ਕਲੀ ਜਵੰਦੇ ਦੀ' ਨਾਲ ਸਰੋਤਿਆਂ ਦਾ ਧਿਆਨ ਖਿੱਚਿਆ | 2017 ਵਿੱਚ ਮਾਹੀ ਸ਼ਰਮਾ ਨਾਲ ਆਇਆ 'ਕੰਗਣੀ' ਉਸ ਦੀ ਪਛਾਣ ਨੂੰ  ਹੋਰ ਮਜ਼ਬੂਤ ਕਰ ਗਿਆ | 
ਫਿਰ ਗੀਤਾਂ ਦੀ ਇਕ ਲੜੀ ਆਈ—'ਤੂੰ ਦਿਸ ਪੈਂਦਾ', 'ਖੁਸ਼ ਰਿਹਾ ਕਰ', 'ਸਰਕਾਰੀ ਸਰਨੇਮ', 'ਆਫ਼ਰੀਨ', 'ਜ਼ਿਮੀਂਦਾਰ' ਅਤੇ 'ਡਾਊਨ ਟੂ ਅਰਥ' | ਹਰ ਗੀਤ ਨਾਲ ਉਸ ਦੀ ਆਵਾਜ਼ ਹੋਰ ਘਰਾਂ ਤੱਕ ਪਹੁੰਚਦੀ ਗਈ |  ਰਾਜਵੀਰ ਜਵੰਦਾ ਦਾ ਸਫ਼ਰ ਹਾਲੇ ਬਹੁਤ ਲੰਮਾ ਸੀ | ਉਸ ਨੇ ਹਾਲੇ ਹੋਰ ਗੀਤ ਗਾਉਣੇ ਸਨ | ਹਾਲੇ ਹੋਰ ਕਿਰਦਾਰ ਨਿਭਾਉਣੇ ਸਨ | ਹਾਲੇ ਮੰਚ 'ਤੇ ਹੋਰ ਸ਼ਾਮਾਂ ਨੂੰ  ਆਪਣੀ ਆਵਾਜ਼ ਨਾਲ ਰੌਸ਼ਨ ਕਰਨਾ ਸੀ | ਹਾਲੇ ਉਸ ਦੀ ਕਲਾ ਨੇ ਹੋਰ ਪੜਾਅ ਪਾਰ ਕਰਨੇ ਸਨ | ਪਰ ਜ਼ਿੰਦਗੀ ਦੀ ਆਪਣੀ ਇਕ ਅਣਲਿਖੀ ਲਿਖਤ ਹੁੰਦੀ ਹੈ | ਉਹ ਲਿਖਤ ਕਈ ਵਾਰ ਸੁਪਨਿਆਂ ਤੋਂ ਪਹਿਲਾਂ ਹੀ ਪੜ੍ਹੀ ਜਾਂਦੀ ਹੈ | ਰਾਜਵੀਰ ਵੀ ਜੋਬਨ ਰੁੱਤੇ ਤੁਰ ਗਿਆ | ਰਾਜਵੀਰ ਆਪਣੇ ਪਿੱਛੇ ਮਾਤਾ ਪਰਮਜੀਤ ਕੌਰ, ਪਤਨੀ ਅਸ਼ਿਵੰਦਰ ਕੌਰ, ਪੁੱਤਰੀ ਹੇਮੰਤ ਕੌਰ, ਪੁੱਤਰ ਦਿਲਾਵਰ ਸਿੰਘ, ਨੂੰ  ਛੱਡ ਗਿਆ ਹੈ | ਪਿਤਾ ਕਰਮ ਸਿੰਘ, ਜੋ ਸੇਵਾਮੁਕਤ ਏ.ਐੱਸ.ਆਈ. ਸਨ, ਕੁਝ ਵਰ੍ਹੇ ਪਹਿਲਾਂ ਹੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ | ਪਰਿਵਾਰ ਲਈ ਰਾਜਵੀਰ ਕਿਸੇ ਗਾਇਕ ਦਾ ਨਾਮ ਨਹੀਂ ਸੀ | ਉਹ ਆਪਣੇ ਪਰਿਵਾਰ ਤੇ ਮਿੱਤਰਾਂ ਲਈ ਹੱਸਦੀਆਂ ਗੱਲਾਂ ਦਾ ਹਿੱਸਾ ਸੀ | ਉਸ ਦੇ ਜਾਣ ਨਾਲ ਜੋ ਖ਼ਾਲੀ ਥਾਂ ਬਣੀ ਹੈ, ਉਸ ਨੂੰ  ਨਾ ਕੋਈ ਗੀਤ ਭਰ ਸਕਦਾ ਹੈ ਤੇ ਨਾ ਕੋਈ ਸਟੇਜ | 

Ad Position 22
No active advertisement
ਪਿਛਲੀ ਖ਼ਬਰ ਇਕ ਦਿੱਖ 'ਚ ਨਹੀਂ ਬੱਝਣਾ ਚਾਹੁੰਦੇ ਅਨੰਤ ਨਾਗ ਅਗਲੀ ਖ਼ਬਰ ਫ਼ਿਲਮ 'ਮਹਾਕਾਲੀ' ਦੇ ਟਾਈਟਲ ਭੂਮਿਕਾ ਵਿਚ ਸ਼ਿ੍ਆ ਰੈਡੀ
Ad Position 24