ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵਿਸ਼ਵਾਸ ਨਾਲ ਅੱਗੇ ਵਧ ਰਹੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ

Ad Position 21
No active advertisement
ਅਜੀਤ ਡੈਸਕ 12-07-2026

51ਵੀਂ ਕਨਵੋਕੇਸ਼ਨ 'ਤੇ ਵਿਸ਼ੇਸ਼


ਅੱਜ 12 ਜੁਲਾਈ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਣੀ 51ਵੀਂ ਕਾਨਵੋਕੇਸ਼ਨ ਦੌਰਾਨ 490 ਵਿਦਿਆਰਥੀਆਂ ਨੂੰ ਡਿਗਰੀਆਂ, 90 ਖੋਜਾਰਥੀਆਂ ਨੂੰ ਪੀ.ਐਚਡੀ., 3 ਚਾਂਸਲਰ ਮੈਡਲ ਅਤੇ 37 ਮੈਮੋਰੀਅਲ ਮੈਡਲ ਦੇਣ ਦੇ ਨਾਲ ਵਿਸ਼ਵ ਪੱਧਰ 'ਤੇ ਯੂਨੀਵਰਸਿਟੀ ਦਾ ਨਾਂਅ ਰੋਸ਼ਨ ਕਰਨ ਵਾਲੇ ਉੱਘੇ ਵਕੀਲ ਜਸਪ੍ਰੀਤ ਸਿੰਘ ਨੂੰ 'ਆਨਰਜ਼ ਕਾਜ਼ਾ' (ਮਾਨਾਰਥ) ਡਿਗਰੀ ਦੇਣ ਜਾ ਰਹੀ ਹੈ। 1969 'ਚ ਸਥਾਪਤ ਇਹ ਯੂਨੀਵਰਸਿਟੀ ਅੱਜ ਉੱਚ ਸਿੱਖਿਆ, ਖੋਜ, ਨਵੀਨਤਾ, ਖੇਡਾਂ ਤੇ ਸੱਭਿਆਚਾਰ ਦੇ ਖੇਤਰ 'ਚ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿਚ ਸ਼ਾਮਿਲ ਹੈ। ਯੂਨੀਵਰਸਿਟੀ ਨੂੰ 'ਨੈਕ' ਵਲੋਂ ਏ++ ਗ੍ਰੇਡ ਅਤੇ ਯੂ.ਜੀ.ਸੀ. ਵਲੋਂ ਕੈਟੇਗਰੀ-1 ਦਾ ਦਰਜਾ ਪ੍ਰਾਪਤ ਹੈ। ਇਸ ਸਾਲ 'ਚ ਹੀ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ, ਪੰਜਾਬੀ-ਫਸਟ ਐਜੂਕੇਸ਼ਨ, ਰਿਸਰਚ ਐਂਡ ਗਵਰਨੈਂਸ ਪਾਲਿਸੀ-2026, ਅੰਤਰਰਾਸ਼ਟਰੀ ਖੋਜ ਸਹਿਯੋਗ, ਵਿਸ਼ਵ ਰੈਂਕਿੰਗ ਵਿਚ ਸੁਧਾਰ, ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ, ਵਿਦਿਆਰਥੀ ਭਲਾਈ ਯੋਜਨਾਵਾਂ ਅਤੇ ਰੁਜ਼ਗਾਰ ਦੇ ਮੌਕਿਆਂ ਦੀਆਂ ਵੱਡੀਆਂ ਪ੍ਰਾਪਤੀਆਂ ਸਾਬਤ ਹੋਈਆਂ ਹਨ। 51ਵੀਂ ਕਾਨਵੋਕੇਸ਼ਨ ਕੇਵਲ ਡਿਗਰੀਆਂ ਪ੍ਰਦਾਨ ਕਰਨ ਦਾ ਰਸਮੀ ਸਮਾਗਮ ਨਹੀਂ, ਸਗੋਂ ਉੱਚ ਸਿੱਖਿਆ, ਖੋਜ, ਨਵੀਨਤਾ, ਖੇਡਾਂ, ਸੱਭਿਆਚਾਰ ਅਤੇ ਸਮਾਜ ਸੇਵਾ ਦੇ ਖੇਤਰ 'ਚ ਯੂਨੀਵਰਸਿਟੀ ਦੀ ਸ਼ਾਨਦਾਰ ਯਾਤਰਾ ਦਾ ਜਸ਼ਨ ਵੀ ਹੈ। ਹਜ਼ਾਰਾਂ ਵਿਦਿਆਰਥੀਆਂ ਲਈ ਇਹ ਦਿਨ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਤੇ ਸਮਰਪਣ ਦਾ ਸਨਮਾਨ ਹੈ, ਜਦਕਿ ਯੂਨੀਵਰਸਿਟੀ ਲਈ ਇਹ ਆਪਣੀਆਂ ਉਪਲਬਧੀਆਂ ਦਾ ਆਤਮਵਿਸ਼ਵਾਸ ਨਾਲ ਮੁਲਾਂਕਣ ਕਰਨ ਦਾ ਮੌਕਾ ਹੈ।
ਇਸ ਸਮਾਗਮ ਵਿਚ ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਤੇ ਭਾਸ਼ਨ ਦੇਣਗੇ। 1969 'ਚ ਸਥਾਪਤ ਇਸ ਯੂਨੀਵਰਸਿਟੀ ਨੇ ਪਿਛਲੇ ਪੰਜ ਦਹਾਕਿਆਂ 'ਚ ਦੇਸ਼ ਦੀਆਂ ਮੋਹਰੀ ਉੱਚ ਸਿੱਖਿਆ ਸੰਸਥਾਵਾਂ 'ਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ। ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਪਤ ਇਹ ਯੂਨੀਵਰਸਿਟੀ ਗਿਆਨ, ਖੋਜ, ਮਨੁੱਖਤਾ ਅਤੇ ਸੇਵਾ ਦੀ ਭਾਵਨਾ ਨੂੰ ਆਪਣਾ ਮੂਲ ਆਧਾਰ ਮੰਨਦੀ ਹੈ। ਅੱਜ ਇਸ ਦੇ ਹਜ਼ਾਰਾਂ ਸਾਬਕਾ ਵਿਦਿਆਰਥੀ ਪ੍ਰਸ਼ਾਸਨ, ਨਿਆਂਪਾਲਿਕਾ, ਵਿਗਿਆਨ, ਉਦਯੋਗ, ਸਿੱਖਿਆ, ਖੇਡਾਂ ਅਤੇ ਵਿਸ਼ਵ ਭਰ ਦੀਆਂ ਨਾਮਵਰ ਸੰਸਥਾਵਾਂ 'ਚ ਅਹਿਮ ਯੋਗਦਾਨ ਪਾ ਰਹੇ ਹਨ। ਯੂਨੀਵਰਸਿਟੀ ਦੀ ਸਭ ਤੋਂ ਵੱਡੀ ਪਛਾਣ ਖੇਡ ਖੇਤਰ 'ਚ ਰਹੀ ਹੈ। ਯੂਨੀਵਰਸਿਟੀ ਨੇ ਦੇਸ਼ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ 25 ਵਾਰ ਜਿੱਤ ਕੇ ਇਕ ਅਜਿਹਾ ਰਿਕਾਰਡ ਕਾਇਮ ਕੀਤਾ ਹੈ, ਜਿਸ 'ਤੇ ਪੂਰੇ ਪੰਜਾਬ ਨੂੰ ਮਾਣ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਉਲੰਪਿਕ, ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪਜ਼ 'ਚ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਪਿਛਲੇ ਡੇਢ ਸਾਲ ਦੌਰਾਨ ਯੂਨੀਵਰਸਿਟੀ ਨੇ ਉੱਚ ਸਿੱਖਿਆ ਅਤੇ ਖੋਜ ਖੇਤਰ 'ਚ ਕਈ ਮਹੱਤਵਪੂਰਨ ਮੀਲ ਪੱਥਰ ਸਥਾਪਤ ਕੀਤੇ ਹਨ।
ਜਪਾਨ ਦੀ ਪ੍ਰਸਿੱਧ ਸੰਸਥਾ 'ਹੋਰੀਬਾ' ਤੋਂ ਉਦਯੋਗ ਪ੍ਰਾਯੋਜਿਤ ਖੋਜ-ਪ੍ਰੋਜੈਕਟ ਪ੍ਰਾਪਤ ਕਰਨਾ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਖੋਜ ਸਮਰੱਥਾ ਦਾ ਪ੍ਰਮਾਣ ਹੈ। ਯੂਨੀਵਰਸਿਟੀ ਨੇ ਡਿਜੀਟਲ ਪ੍ਰਸ਼ਾਸਨ ਵੱਲ ਅਹਿਮ ਕਦਮ ਚੁੱਕਦਿਆਂ ਆਪਣੀ ਨਵੀਂ ਅਧਿਕਾਰਕ ਵੈੱਬਸਾਈਟ ਅਤੇ ਓਪਨ ਐਂਡ ਡਿਸਟੈਂਸ ਲਰਨਿੰਗ ਪੋਰਟਲ ਸ਼ੁਰੂ ਕੀਤਾ ਹੈ। 135 ਤੋਂ ਵੱਧ ਕੋਰਸਾਂ ਰਾਹੀਂ ਅਕਾਦਮਿਕ ਵਿਸਥਾਰ ਕੀਤਾ ਗਿਆ ਹੈ। ਪਲੇਸਮੈਂਟ ਦੇ ਖੇਤਰ 'ਚ 82 ਕੰਪਨੀਆਂ ਨੇ 455 ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ, ਜਿੱਥੇ ਸਭ ਤੋਂ ਵੱਧ ਸਾਲਾਨਾ ਪੈਕੇਜ 24 ਲੱਖ ਰੁਪਏ ਰਿਹਾ। ਵਿਦਿਆਰਥੀ ਭਲਾਈ ਲਈ ਯੂਨੀਵਰਸਿਟੀ ਹੈਲਥ ਸੈਂਟਰ 'ਚ ਆਧੁਨਿਕ ਲੈਬ ਤੇ ਡਾਇਗਨੋਸਟਿਕ ਸੈਂਟਰ ਦੀ ਸਥਾਪਨਾ ਵੀ ਮਹੱਤਵਪੂਰਨ ਪਹਿਲ ਹੈ। ਸਿੱਖਿਆ ਦੇ ਨਾਲ-ਨਾਲ ਯੂਨੀਵਰਸਿਟੀ ਨੇ ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ 'ਚ ਵੀ ਆਪਣੀ ਵਿਲੱਖਣ ਪਛਾਣ ਬਣਾਈ ਰੱਖੀ ਹੈ। ਹਾਲ ਹੀ 'ਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੈਨੋਇੰਗ ਅਤੇ ਕਾਯਾਕਿੰਗ ਚੈਂਪੀਅਨਸ਼ਿਪ 'ਚ ਯੂਨੀਵਰਸਿਟੀ ਨੇ 11 ਸੋਨੇ ਤੇ 9 ਚਾਂਦੀ ਦੇ ਤਮਗੇ ਜਿੱਤ ਕੇ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਂਅ ਕੀਤੀ। ਜਸ਼ਨ-2026 ਵਰਗੇ ਸੱਭਿਆਚਾਰਕ ਸਮਾਗਮਾਂ ਨੇ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਰਾਸ਼ਟਰੀ ਪੱਧਰ 'ਤੇ ਨਵੀਂ ਪਛਾਣ ਦਿੱਤੀ। ਪਿਛਲੇ ਡੇਢ ਸਾਲ ਦੌਰਾਨ ਯੂਨੀਵਰਸਿਟੀ ਨੇ ਜਿਸ ਤੇਜ਼ੀ ਨਾਲ ਨਵੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ, ਉਸ ਵਿਚ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਅੰਦੇਸ਼ ਅਗਵਾਈ ਦਾ ਅਹਿਮ ਯੋਗਦਾਨ ਰਿਹਾ ਹੈ। 51ਵੀਂ ਕਨਵੋਕੇਸ਼ਨ ਦਾ ਸਭ ਤੋਂ ਵਿਸ਼ੇਸ਼ ਪਲ ਉਹ ਹੋਵੇਗਾ, ਜਦੋਂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਅਮਰੀਕਾ ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਸ. ਜਸਪ੍ਰੀਤ ਸਿੰਘ ਨੂੰ ਡਾਕਟਰ ਆਫ਼ ਲਾਅ (ਆਨਰਜ਼ ਕਾਜ਼ਾ) ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਕਾਨਵੋਕੇਸ਼ਨ ਸਿਰਫ਼ ਇਕ ਸਾਲਾਨਾ ਸਮਾਗਮ ਨਹੀਂ, ਸਗੋਂ ਯੂਨੀਵਰਸਿਟੀ ਦੀ ਸ਼ਾਨਦਾਰ ਵਿਰਾਸਤ, ਮੌਜੂਦਾ ਪ੍ਰਾਪਤੀਆਂ ਤੇ ਭਵਿੱਖ ਦੀ ਦ੍ਰਿਸ਼ਟੀ ਦਾ ਪ੍ਰਤੀਕ ਹੈ।
12 ਜੁਲਾਈ ਦੀ ਇਹ ਕਾਨਵੋਕੇਸ਼ਨ ਹਜ਼ਾਰਾਂ ਨੌਜਵਾਨਾਂ ਲਈ ਨਵੀਆਂ ਉਮੀਦਾਂ, ਨਵੀਆਂ ਜ਼ਿੰਮੇਵਾਰੀਆਂ ਤੇ ਨਵੇਂ ਸੁਪਨਿਆਂ ਦੀ ਸ਼ੁਰੂਆਤ ਹੋਵੇਗੀ, ਜਦਕਿ ਯੂਨੀਵਰਸਿਟੀ ਲਈ ਇਹ ਉਸ ਦੀ ਗੌਰਵਮਈ ਯਾਤਰਾ ਦਾ ਇਕ ਹੋਰ ਯਾਦਗਾਰ ਅਧਿਆਇ ਸਾਬਤ ਹੋਵੇਗੀ।

-ਡਾਇਰੈਕਟਰ, ਲੋਕ ਸੰਪਰਕ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ।
ਸੰਪਰਕ : 98782-77423

Ad Position 22
No active advertisement
ਪਿਛਲੀ ਖ਼ਬਰ ਕੱਚੇ, ਪੱਕੇ, ਮਿੱਠੇ ਫ਼ਲ ਤੇ ਟਹਿਣੀਓਂ ਟਪਕੇ ਭੰਗੂ ਅਗਲੀ ਖ਼ਬਰ ਫ਼ਿਲਮ 'ਸਤਲੁਜ' ਸੰਬੰਧੀ ਵਿਵਾਦ-ਇਤਿਹਾਸ ਦਾ ਸਾਹਮਣਾ ਕਰਨ ਨਾਲ ਹੀ ਮਜ਼ਬੂਤ ਹੁੰਦਾ ਹੈ ਸਮਾਜ
Ad Position 24
No active advertisement