13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੱਚੇ, ਪੱਕੇ, ਮਿੱਠੇ ਫ਼ਲ ਤੇ ਟਹਿਣੀਓਂ ਟਪਕੇ ਭੰਗੂ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਅਜੋਕੇ ਕੱਚੇੇ ਤੇ ਪੱਕੇ ਹੋਏ ਫ਼ਲ ਦੇਖ ਕੇ ਆੜੂ, ਆਲੂਬੁਖਾਰਾ, ਜਾਮਣ, ਸੇਬ ਤੇ ਅੰਬਾਂ ਦੀਆਂ ਬਰਕਤਾਂ ਚੇਤੇ ਕਰਨ ਨੂੰ ਮਨ ਕਰ ਆਇਆ ਹੈ। 'ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ' ਵਰਗੇ ਅਖਾਣ ਵੀ। ਹਰੇ, ਕਾਲੇ, ਪੀਲੇ ਜਾਂ ਨੀਲੇ ਹੋਣ, ਏਸ ਪਾਸੇ ਧਿਆਨ ਹੀ ਨਹੀਂ ਜਾਂਦਾ। 'ਗੋਰੇ ਰੰਗ ਨੂੰ ਝਰੀਟਾਂ ਪਈਆਂ, ਬੇਰੀਆਂ ਦੇ ਬੇਰ ਖਾਣੀਏ' ਤਾਂ ਬਹੁਤ ਦੂਰ ਦੀ ਗੱਲ ਹੈ। ਮੌਸਮ ਬਦਲ ਰਿਹਾ ਹੈ ਤੇ ਮੌਸਮ ਵਲੋਂ ਅਪਣਾ ਰੰਗ ਦਿਖਾਉਣਾ ਵੀ ਜਾਰੀ ਹੈ। ਉੱਪਰ ਵਾਲੇ ਦੀ ਕੰਜੂਸੀ ਜਾਂ ਮਿਹਰ ਸਮੇਤ ਜਿਸ ਨੂੰ ਹਰਬੰਸ ਗਿੱਲ ਇਉਂ ਪੇਸ਼ ਕਰਦੀ ਹੈ:-
ਰੱਬ ਭਰੋਸੇ ਦੁਨੀਆ ਵਸਦੀ
ਖਿੜੀਆਂ ਨੇ ਗੁਲਜ਼ਾਰਾਂ
ਅੰਬਰ ਧਰਤੀ ਸਭ ਨੇ ਉਹਦੇ
ਜਿਸ ਵਿਚ ਰੰਗ ਹਜ਼ਾਰਾਂ
ਕੁਦਰਤ ਦਾ ਵੀ ਮਾਲਕ ਰੱਬ ਹੈ
ਸਭ ਦਾ ਆਪ ਰਚੇਤਾ
ਮੌਸਮ ਰੁੱਤਾਂ ਹੁਨਰ ਨੇ ਉਸਦੇ
ਕੀ ਦਰਿਆ ਕੀ ਰੇਤਾ
ਓ ਬੰਦਿਆ ਤੂੰ ਬੰਦਾ ਬਣ ਜਾ
ਛੱਡ ਕੇ ਚੌਰ ਚੜ੍ਹਾਵੇ
ਕਿਸ ਕੰਮ ਤੈਨੂੰ ਰੱਬ ਨੇ ਘੱਲਿਆ
ਸਮਝ ਨਾ ਤੈਨੂੰ ਆਵੇ
ਦੋ ਅੱਖਰਾਂ ਤੋਂ ਰੱਬ ਹੈ ਬਣਦਾ
ਬੱਬੇ ਪਹਿਲੋਂ ਰਾਰਾ
ਪੜ੍ਹਨ-ਲਿਖਣ ਵਿਚ ਛੋਟਾ ਲੱਗੇ
ਪਰ ਭਾਰੇ ਤੋਂ ਭਾਰਾ...
ਰੱਬ ਨੂੰ ਯਾਰ ਬਣਾ ਲੈ ਬੰਦਿਆ
ਕਰ ਨਾ ਰੋਜ਼ ਬੁਰਾਈਆਂ
ਉਸਦਾ ਲੜ ਤੂੰ ਫੜ ਲੈ ਬੀਬਾ
ਛੱਡ ਕੇ ਸਭ ਚਤੁਰਾਈਆਂ
ਗਿੱਲ ਹੋਵੇ ਜਦ ਰਹਿਮਤ ਉਸਦੀ
ਹੋ ਜਾਵੇ ਰੱਜ ਦਿਲ ਦਾ
ਉਸ ਤੋਂ ਵਿਛੜਿਆ ਹਰ ਬੰਦਾ
ਉਸਨੂੰ ਹੈ ਜਾ ਮਿਲਦਾ
ਮੈਂ ਪੱਕੇ ਹੋਏ ਫ਼ਲਾਂ ਦੀ ਗੱਲ ਕਰ ਰਿਹਾ ਸਾਂ ਤਾਂ ਮੀਡੀਆ ਵਿਚ ਇਕ ਸਵਰਨ ਸਿੰਘ ਭੰਗੂ ਦਾ ਜ਼ਿਕਰ ਆ ਗਿਆ, ਜਿਸ ਨੇ ਮੈਨੂੰ ਉਸ ਤੋਂ ਵੀਹ ਸਾਲ ਵੱਡਾ ਸਵਰਨ ਸਿੰਘ ਭੰਗੂ ਚੇਤੇ ਕਰਾ ਦਿੱਤਾ ਹੈ। ਉਹ ਮੇਰਾ ਸਕਾ ਮਾਮਾ ਸੀ ਤੇ ਮੇਰੇ ਨਾਲੋਂ ਪੰਦਰਾਂ-ਅਠਾਰਾਂ ਦਿਨ ਵੱਡਾ। ਇਹ ਗੱਲ ਵੱਖਰੀ ਹੈ ਕਿ ਉਹ ਲੇਖਕ ਨਹੀਂ ਸੀ ਪਰ ਕਿਸੇ ਹੋਰ ਦੀ ਲਿਖੀ ਕਵਿਤਾ ਨੂੰ ਸਟੇਜ 'ਤੇ ਏਸ ਤਰ੍ਹਾਂ ਪੇਸ਼ ਕਰਦਾ ਸੀ ਕਿ ਲਿਖਣ ਵਾਲਾ ਖਲੋ ਕੇ ਦਾਦ ਦੇਣ ਲਈ ਮਜਬੂਰ ਹੋ ਜਾਂਦਾ ਸੀ।
ਇਕ ਹੋਰ ਫਰਕ ਇਹ ਵੀ ਸੀ ਕਿ ਮੇਰੇ ਮਾਮੇ ਦੇ ਵਡੇਰੇ ਬਾਬਾ ਮਹਿਤਾਬ ਸਿੰਘ ਭੰਗੂ ਨੇ ਭਾਈ ਸੁੱਖਾ ਸਿੰਘ ਨੂੰ ਨਾਲ ਲੈ ਕੇ ਮੱਸੇ ਰੰਘੜ ਦੀ ਹੱਤਿਆ ਕੀਤੀ ਸੀ। ਅੱਜ ਦੇ ਦਿਨ ਦੋਵੇਂ ਸਵਰਨ ਭੰਗੂ ਅਕਾਲ ਚਲਾਣਾ ਕਰ ਚੁੱਕੇ ਹਨ। ਉਨ੍ਹਾਂ 'ਚੋਂ ਵੱਡੇ ਦਾ ਪਰਿਵਾਰ ਜਰਮਨੀ ਦੇ ਸ਼ਹਿਰ ਹੈਮਬਰਗ ਵਿਚ ਰਹਿੰਦਾ ਹੈ, ਜਿੱਥੇ ਉਸ ਦੇ ਤਿੰਨ ਬੇਟਿਆਂ ਦੇ ਸ਼ਰੀਕ-ਏ-ਹਯਾਤ ਵਸਦੇ ਹਨ। ਉਹ ਉਸ ਸ਼ਹਿਰ ਵਿਚ ਮੀਰਾਂਕੋਟੀਏ ਵਜੋਂ ਜਾਣੇ ਜਾਂਦੇ ਹਨ। ਮੈਂ ਉਨ੍ਹਾਂ ਕੋਲ ਜਾਂਦਾ ਰਹਿੰਦਾ ਹਾਂ ਤੇ ਉਨ੍ਹਾਂ 'ਚੋਂ ਮੌਂਟੂ ਭੰਗੂ ਦੀ ਪਤਨੀ ਸੁਖਚੈਨ ਕੌਰ ਉਰਫ਼ ਸੁੱਖੀ ਦੋ ਹਫ਼ਤੇ ਪਹਿਲਾਂ ਮੇਰੇ ਚੰਡੀਗੜ੍ਹ ਵਾਲੇ ਘਰ ਮਿਲ ਕੇ ਗਈ ਹੈ। ਏਸ ਲਈ ਵੀ ਕਿ ਉਨ੍ਹਾਂ ਦੇ ਚੰਡੀਗੜ੍ਹ ਵਾਲੇ ਘਰ ਦੀਆਂ ਚਾਬੀਆਂ ਮੇਰੇ ਕੋਲ ਹੁੰਦੀਆਂ ਹਨ। ਛੋਟਾ ਭੰਗੂ ਭੁੱਚੋ ਮੰਡੀ ਨੇੜਲਾ ਆਪਣਾ ਘਰ ਛੱਡ ਕੇ ਚਮਕੌਰ ਸਾਹਿਬ ਨੇੜੇ ਚੈਰੀਟੇਬਲ ਵਿੱਦਿਅਕ ਸੰਸਥਾ ਦਾ ਸੰਥਾਪਕ ਸੀ। ਲਿਖਣ ਵਾਲੇ ਲਿਖਦੇ ਹਨ ਕਿ ਆਪਣੇ ਪਰਿਵਾਰ ਨੂੰ ਪੂਰਾ ਪ੍ਰਵਾਨ ਹੈ ਕਿ ਉਹ ਬੜਾ ਮਿਲਣਸਾਰ ਸੀ ਅਤੇ ਗਮੀਆਂ-ਖੁਸ਼ੀਆਂ ਨੂੰ ਇਕੋ ਰੱਸੇ ਬੰਨ੍ਹਣ ਵਾਲਾ ਸੀ। ਜਾਂਦੇ-ਜਾਂਦੇ ਇਹ ਵੀ ਦੱਸ ਦਿਆਂ ਕਿ ਮੈਂ ਤੇ ਸਵਰਨ ਖੰਨਾ ਮੰਡੀ ਦੇ ਆਰੀਆ ਸਕੂਲ ਵਿਚ ਪੜ੍ਹੇ ਹਾਂ ਅਤੇ ਕਾਗਜ਼ਾਂ ਵਿਚ ਦਿਨਾਂ ਦੀ ਜਨਮ ਤਿਥੀ ਇਕ ਹੀ ਹੈ, 27 ਫਰਵਰੀ 1995। ਅਸਲ ਤਿਥੀ ਇਸ ਤੋਂ 11-12 ਮਹੀਨੇ ਵੱਡੀ ਸੀ। ਅਸਲ ਜਨਮ ਦਿਨ ਬਾਰੇ ਦੱਸਣ ਵਾਲਾ ਮੇਰਾ ਪਿਤਾ ਸੀ। ਭਾਵੇਂ ਅਸੀਂ ਦੋਵੇਂ ਮੇਰੇ ਨਾਨਕੇ ਪਿੰਡ ਜੰਮੇ ਸੀ ਪਰ ਮੈਂ ਆਪਣੀ ਮਾਂ ਦਾ ਪਹਿਲਾ ਬੱਚਾ ਸਾਂ ਤੇ ਸਵਰਨ ਮੇਰੀ ਨਾਨੀ ਦਾ ਆਖਰੀ ਬੱਚਾ। ਹੋਰ ਪੁੱਛਦੇ ਹੋ ਤਾਂ ਮੇਰਾ ਸਕਾ ਮਾਮਾ ਪਰ ਨਕਲੀ ਜਨਮ ਦਿਨ ਵਾਲੇ ਦਿਨ ਚਾਰ ਸਾਲ ਪਹਿਲਾਂ ਖਾਂਦਾ-ਪੀਂਦਾ ਤੁਰ ਗਿਆ ਸੀ। ਵੱਡੇ ਭੰਗੂ ਦੀ ਤਸਵੀਰ ਮੇਰੇ ਕੋਲੋਂ ਅਜਿਹੀ ਥਾਂ ਰੱਖੀ ਗਈ, ਜਿਹੜੀ ਇਸ ਸਮੇਂ ਲੱਭ ਨਹੀਂ ਰਹੀ। ਦੋਵੇਂ ਭੰਗੂ ਜ਼ਿੰਦਾਬਾਦ।
ਅੰਤਿਕਾ
-ਸਿਆਣਪਾਂ (ੳ)-
ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ,
ਮੁਰਦਾਦਿਲ ਕਿਆ ਖ਼ਾਕ ਜੀਆ ਕਰਤੇ ਹੈਂ।

-ਈਮੇਲ : sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਖ਼ਤਰਨਾਕ ਹੈ ਮੋਬਾਈਲਾਂ 'ਚ ਬਚਪਨ ਦਾ ਕੈਦ ਹੋਣਾ ਅਗਲੀ ਖ਼ਬਰ ਵਿਸ਼ਵਾਸ ਨਾਲ ਅੱਗੇ ਵਧ ਰਹੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
Ad Position 24