ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲਗਦਾ ਹੈ ਕਿ ਬਗ਼ਾਵਤ ਕਰਨ ਦਾ ਫ਼ੈਸਲਾ ਟਾਲ ਦਿੱਤਾ ਹੈ। ਉਹ ਪਾਰਟੀ ਦੀ ਲਾਈਨ 'ਤੇ ਹੀ ਕੰਮ ਕਰਨ ਲਈ ਸਹਿਮਤ ਹੋ ਗਏ ਹਨ। ਇਹ ਉਨ੍ਹਾਂ ਦਾ ਆਖਰੀ ਫ਼ੈਸਲਾ ਹੈ। ਭਾਜਪਾ ਦੇ ਕੁਝ ਲੋਕਾਂ ਨਾਲ ਉਨ੍ਹਾਂ ਦਾ ਸੰਪਰਕ ਹੋਇਆ, ਪਰ ਭਾਜਪਾ ਅਜੇ ਉਨ੍ਹਾਂ 'ਤੇ ਪੂਰੀ ਤਰ੍ਹਾਂ ਦਾਅ ਲਾਉਣ ਲਈ ਤਿਆਰ ਨਹੀਂ ਹੈ। ਚੰਨੀ ਕਿਸੇ ਤਰ੍ਹਾਂ ਖ਼ੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੁੰਦੇ ਹਨ। ਇਹ ਕੰਮ ਕਾਂਗਰਸ ਨਹੀਂ ਕਰੇਗੀ ਤੇ ਨਾ ਹੀ ਭਾਜਪਾ ਕਰੇਗੀ। ਇਸ ਲਈ ਚੰਨੀ ਇਕ ਕਦਮ ਪਿੱਛੇ ਹਟ ਗਏ ਹਨ। ਇਹ ਸਹੀ ਹੈ ਕਿ ਪੰਜਾਬ 'ਚ ਦਲਿਤ ਆਬਾਦੀ ਦੇਸ਼ ਦੇ ਕਿਸੇ ਵੀ ਹੋਰ ਰਾਜ ਨਾਲੋਂ ਵੱਧ ਹੈ, ਪਰ ਇਹ ਬਹੁਤ ਜ਼ਿਆਦਾ ਵੰਡੀ ਹੋਈ ਹੈ। ਸੂਬੇ ਦੀ ਕੁੱਲ 33 ਫ਼ੀਸਦੀ ਦਲਿਤ ਆਬਾਦੀ 'ਚੋਂ ਸਿਰਫ਼ ਇਕ ਤਿਹਾਈ ਮਜ਼੍ਹਬੀ ਭਾਈਚਾਰਾ ਹੈ, ਜਿਨ੍ਹਾਂ ਦੇ ਨੇਤਾ ਦੇ ਤੌਰ 'ਤੇ ਚੰਨੀ ਖ਼ੁਦ ਵੇਖ ਰਹੇ ਹਨ। ਦੂਜੇ ਦਲਿਤ ਭਾਈਚਾਰਿਆਂ ਖ਼ਾਸ ਕਰਕੇ ਰਵਿਦਾਸੀਆ ਤੇ ਵਾਲਮੀਕੀ ਭਾਈਚਾਰੇ ਦੀ ਮਜ਼੍ਹਬੀ ਭਾਈਚਾਰੇ ਤੋਂ ਦੂਰੀ ਹੈ। ਇਹੀ ਕਾਰਨ ਹੈ ਕਿ ਕਾਂਸ਼ੀ ਰਾਮ ਦਾ ਦਲਿਤ ਰਾਜਨੀਤੀ ਦਾ ਪ੍ਰਯੋਗ ਪੰਜਾਬ ਵਿਚ ਨਹੀਂ ਚੱਲ ਸਕਿਆ ਸੀ। ਚੰਨੀ ਵੀ ਇਸ ਗੱਲ ਨੂੰ ਸਮਝ ਰਹੇ ਹਨ। ਦੂਜਾ, ਗਿਣਤੀ ਚਾਹੇ ਜਿੰਨੀ ਵੀ ਘੱਟ ਹੋਵੇ, ਪਰ ਪੰਜਾਬ ਦੀ ਰਾਜਨੀਤੀ 'ਚ ਜੱਟ ਸਿੱਖਾਂ ਦਾ ਦਬਦਬਾ ਤੁਰੰਤ ਖ਼ਤਮ ਹੋਣ ਵਾਲਾ ਨਹੀਂ। ਹਰ ਪਾਰਟੀ ਨੂੰ ਜੱਟ ਸਿੱਖ ਚਿਹਰਾ ਚਾਹੀਦਾ ਹੈ। ਭਾਜਪਾ ਵਰਗੀ ਪਾਰਟੀ ਜੋ ਪੂਰੀ ਤਰ੍ਹਾਂ 38 ਫ਼ੀਸਦੀ ਹਿੰਦੂ ਵੋਟ ਦੀ ਰਾਜਨੀਤੀ ਕਰ ਰਹੀ ਹੈ, ਨੇ ਵੀ ਇਕ ਜੱਟ ਸਿੱਖ ਨੂੰ ਸੂਬਾ ਪ੍ਰਧਾਨ ਬਣਾਇਆ ਹੈ। ਚੰਨੀ ਨੂੰ ਸਮਝ ਰਹੇ ਹਨ। ਇਸ ਲਈ ਉਹ ਹੁਣ ਕਾਂਗਰਸ ਨਾਲ ਗੱਲਬਾਤ ਕਰ ਰਹੇ ਹਨ ਕਿ ਚੋਣਾਂ ਤੋਂ ਬਾਅਦ ਉਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ।
ਵਿੱਤ ਸਕੱਤਰ ਦਾ ਅਹੁਦਾ ਖਾਲੀ
ਵਿੱਤ ਮੰਤਰਾਲਾ ਪ੍ਰਧਾਨ ਮੰਤਰੀ ਤੋਂ ਬਾਅਦ ਕੇਂਦਰ ਸਰਕਾਰ ਦੇ ਚਾਰ ਸਭ ਤੋਂ ਅਹਿਮ ਮੰਤਰਾਲਿਆਂ 'ਚੋਂ ਇਕ ਹੈ। ਨਿਰਮਲਾ ਸੀਤਾਰਮਨ ਕਈ ਸਾਲਾਂ ਤੋਂ ਵਿੱਤ ਮੰਤਰੀ ਹਨ, ਪਰ ਉਨ੍ਹਾਂ ਦੇ ਮੰਤਰਾਲੇ 'ਚ ਸਕੱਤਰ ਦਾ ਅਹੁਦਾ ਇਕ ਸਾਲ ਤੋਂ ਖਾਲੀ ਹੈ। ਜ਼ਿਕਰਯੋਗ ਹੈ ਕਿ ਵਿੱਤ ਮੰਤਰਾਲੇ 'ਚ ਕਈ ਸਕੱਤਰ ਹੁੰਦੇ ਹਨ, ਪਰ ਵਿੱਤ ਸਕੱਤਰ ਇਕ ਹੀ ਹੁੰਦਾ ਹੈ। ਅਜੈ ਸੇਠ 30 ਜੂਨ 2025 ਨੂੰ ਭਾਰਤ ਦੇ ਵਿੱਤ ਸਕੱਤਰ ਵਜੋਂ ਸੇਵਾਮੁਕਤ ਹੋ ਗਏ। ਉਦੋਂ ਤੋਂ ਇਹ ਅਹੁਦਾ ਖਾਲੀ ਹੈ। ਧਿਆਨ ਦੇਣ ਯੋਗ ਹੈ ਕਿ ਕਾਫ਼ੀ ਸਮੇਂ ਤੋਂ ਵਿੱਤ ਮੰਤਰਾਲੇ ਦੇ ਛੇ ਸਕੱਤਰਾਂ 'ਚੋਂ ਸਭ ਤੋਂ ਸੀਨੀਅਰ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਜਾਂਦਾ ਸੀ। ਇਹ ਇਕ ਪਰੰਪਰਾ ਬਣ ਗਈ ਸੀ। ਇਹ ਕਿਹਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਕੁਝ ਸਮੇਂ ਤੋਂ ਇਸ ਪਰੰਪਰਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ 'ਚ ਇਹ ਕਾਮਯਾਬ ਵੀ ਹੋ ਗਈ। ਅਜੇ ਸੇਠ ਤੋਂ ਬਾਅਦ ਸਭ ਸੀਨੀਅਰ ਸੇਵਾਮੁਕਤ ਹੋ ਗਏ ਜਾਂ ਹੋਣ ਵਾਲੇ ਹਨ। ਹਾਲਾਂਕਿ ਹੁਣ ਵੀ ਪਤਾ ਨਹੀਂ ਸਰਕਾਰ ਕਿਸ ਨੂੰ ਵਿੱਤ ਸਕੱਤਰ ਨਿਯੁਕਤ ਕਰੇਗੀ।
ਕੇਜਰੀਵਾਲ ਦੀ ਰਾਜਨੀਤੀ
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਮੌਕੇ ਦੀ ਭਾਲ 'ਚ ਸਨ ਤੇ ਪੰਜਾਬ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਅਜਿਹਾ ਮੁੱਦਾ ਚਾਹੀਦਾ ਸੀ, ਜਿਸ ਨਾਲ ਉਹ ਮੱਧ ਵਰਗ ਨੂੰ ਆਕਰਸ਼ਿਤ ਕਰ ਸਕਣ। ਈਥਾਨੋਲ ਵਾਲੇ ਪੈਟਰੋਲ ਨੂੰ ਲੈ ਕੇ ਦੇਸ਼ 'ਚ ਹੋਏ ਹੰਗਾਮੇ ਨੇ ਉਨ੍ਹਾਂ ਨੂੰ ਮੌਕਾ ਦੇ ਦਿੱਤਾ। ਇਸ ਦਾ ਰਾਜਨੀਤਕ ਲਾਭ ਲੈਣ ਲਈ ਉਨ੍ਹਾਂ ਨੇ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਪਾਰਟੀ ਦਿੱਲੀ ਤੇ ਪੰਜਾਬ 'ਚ ਇਸ ਨੂੰ ਇਕ ਮੁੱਦਾ ਬਣਾ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਦੇਸ਼ ਦੀਆਂ 29 ਆਟੋਮੋਬਾਈਲ ਕੰਪਨੀਆਂ ਨੂੰ ਚਿੱਠੀ ਲਿਖ ਕੇ ਕੰਪਨੀਆਂ ਨੂੰ ਲਿਖਤੀ ਰੂਪ 'ਚ ਇਹ ਦੱਸਣ ਲਈ ਕਿਹਾ ਕਿ 20% ਈਥਾਨੌਲ ਵਾਲੇ ਪੈਟਰੋਲ ਨਾਲ ਵਾਹਨਾਂ ਦੇ ਇੰਜਣਾਂ 'ਤੇ ਕੋਈ ਮਾੜਾ ਅਸਰ ਨਹੀਂ ਪੈ ਰਿਹਾ। ਉਨ੍ਹਾਂ ਨੇ ਇਹ ਸਵਾਲ 2023 ਤੋਂ ਪਹਿਲਾਂ ਬਣੇ ਵਾਹਨਾਂ ਬਾਰੇ ਪੁੱਛਿਆ ਹੈ। ਵੱਡੀ ਸੰਭਾਵਨਾ ਹੈ ਕਿ ਕੋਈ ਵੀ ਕੰਪਨੀ ਲਿਖਤੀ ਰੂਪ 'ਚ ਇਹ ਦਾਅਵਾ ਨਹੀਂ ਕਰੇਗੀ। ਕੇਜਰੀਵਾਲ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਉਨ੍ਹਾਂ ਦੇ ਜਵਾਬ ਦੀ ਉਡੀਕ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਈ20 ਪੈਟਰੋਲ ਨਾਲ ਵਾਹਨਾਂ ਦੇ ਇੰਜਣਾਂ ਨੂੰ ਨੁਕਸਾਨ ਪੁੱਜਣ ਦੇ ਸੈਂਕੜੇ ਕੇਸ ਇਕੱਠੇ ਕੀਤੇ ਹਨ। ਉਹ ਬੀਮਾ ਕੰਪਨੀਆਂ ਵਲੋਂ ਦਾਅਵੇ ਰੱਦ ਕਰਨ ਦੇ ਅੰਕੜੇ ਵੀ ਇਕੱਠੇ ਕਰ ਰਹੇ ਹਨ। ਨਾਲ ਹੀ ਮਿਲਾਵਟ ਰਹਿਤ ਪੈਟਰੋਲ ਦੀ ਕੀਮਤ ਦਾ ਮੁੱਦਾ ਵੀ ਜੋੜਿਆ ਜਾਵੇਗਾ। ਕੇਜਰੀਵਾਲ ਆਉਣ ਵਾਲੇ ਦਿਨਾਂ 'ਚ ਇਸ ਨੂੰ ਵੱਡਾ ਮੁੱਦਾ ਬਣਾਉਣਗੇ।
'ਮੌਨੇਂਦਰ ਮੋਦੀ' ਕਿਹਾ ਜਾਣ ਲੱਗਾ
ਜਦੋਂ ਕੇਂਦਰ 'ਚ ਯੂ.ਪੀ.ਏ. ਸਰਕਾਰ ਸੀ ਤੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਤਾਂ ਉਨ੍ਹਾਂ ਦੀ ਚੁੱਪੀ ਨੂੰ ਲੈ ਕੇ ਭਾਜਪਾ ਵਲੋਂ ਬਹੁਤ ਹਮਲੇ ਹੁੰਦੇ ਸਨ। ਮੀਡੀਆ 'ਚ ਉਨ੍ਹਾਂ ਨੂੰ 'ਮੌਨਮੋਹਨ ਸਿੰਘ' ਕਿਹਾ ਗਿਆ। ਜਦੋਂ 2014 'ਚ ਭਾਜਪਾ ਸੱਤਾ 'ਚ ਆਈ ਤਾਂ ਕਈ ਸਾਲਾਂ ਤੱਕ ਭਾਜਪਾ ਦੇ ਸੀਨੀਅਰ ਆਗੂ ਦਾਅਵਾ ਕਰਦੇ ਰਹੇ ਤੇ ਮਾਣ ਮਹਿਸੂਸ ਕਰਾਉਂਦੇ ਰਹੇ ਕਿ ਹੁਣ ਭਾਰਤ ਨੂੰ ਬੋਲਣ ਵਾਲਾ ਪ੍ਰਧਾਨ ਮੰਤਰੀ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀ ਦੇਸ਼-ਵਿਦੇਸ਼ਾਂ 'ਚ ਖ਼ੂਬ ਬੋਲਦੇ ਹਨ। ਪਰ ਦੇਸ਼, ਸਮਾਜ ਤੇ ਰਾਜਨੀਤੀ ਆਦਿ ਨੂੰ ਲੈ ਕੇ ਜੋ ਵੱਡਾ ਘਟਨਾਕ੍ਰਮ ਹੁੰਦਾ ਹੈ, ਉਸ 'ਤੇ ਉਹ ਚੁੱਪ ਰਹਿੰਦੇ ਹਨ। ਇਸ ਸਮੇਂ ਉਨ੍ਹਾਂ ਦੀ ਚੁੱਪੀ ਨਾ ਸਿਰਫ਼ ਚਰਚਾ 'ਚ ਹੈ, ਸਗੋਂ ਉਸ ਦਾ ਮਜ਼ਾਕ ਵੀ ਬਣਾਇਆ ਜਾ ਰਿਹਾ ਹੈ। ਮਜ਼ਾਕ ਬਣਾਉਣ ਵਾਲਿਆਂ 'ਚ ਸੱਜੇ-ਪੱਖੀ ਪ੍ਰਭਾਵਕ ਵੀ ਹਨ। ਸਭ ਤੋਂ ਪ੍ਰਸਿੱਧ ਪ੍ਰਭਾਵਕਾਂ ਨੇ ਉਨ੍ਹਾਂ ਨੂੰ 'ਮੌਨ ਮੋਹਨ ਸਿੰਘ' ਦੀ ਤਰਜ਼ 'ਤੇ 'ਮੌਨੇਂਦਰ ਮੋਦੀ' ਦਾ ਨਾਂਅ ਦਿੱਤਾ ਹੈ। ਇਸ ਦਾ ਕਾਰਨ ਇਹ ਹੈ ਕਿ ਹਾਲ ਦੀ ਕਿਸੇ ਵੀ ਵੱਡੀ ਘਟਨਾ 'ਤੇ ਪ੍ਰਧਾਨ ਮੰਤਰੀ ਦਾ ਬਿਆਨ ਨਹੀਂ ਆਇਆ। ਸਭ ਤੋਂ ਤਾਜ਼ਾ ਮਾਮਲਾ ਅਯੁੱਧਿਆ ਦੇ ਰਾਮ ਮੰਦਰ 'ਚ ਚੜ੍ਹਾਵੇ ਦੀ ਚੋਰੀ ਦਾ ਹੈ। ਉਨ੍ਹਾਂ ਨੇ ਨਾ ਸਿਰਫ਼ ਮੰਦਰ ਦਾ ਨੀਂਹ ਪੱਥਰ ਰੱਖਿਆ, ਸਗੋਂ ਉਦਘਾਟਨ ਵੀ ਕੀਤਾ ਸੀ। ਉਨ੍ਹਾਂ ਦੀ ਸਰਕਾਰ ਦੇ ਨਿਰਦੇਸ਼ਾਂ 'ਤੇ ਹੀ ਟਰੱਸਟ ਬਣਿਆ ਸੀ। ਫਿਰ ਵੀ ਕਰੋੜਾਂ ਰੁਪਏ ਦੀ ਚੋਰੀ 'ਤੇ ਉਹ ਚੁੱਪ ਹਨ। ਇਸ ਤੋਂ ਪਹਿਲਾਂ ਨੀਟ ਪੇਪਰ ਲੀਕ ਅਤੇ ਮੁੜ-ਪ੍ਰੀਖਿਆ ਨਾਲ 24 ਲੱਖ ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ ਹੋਏ। ਇਸ ਸਮੇਂ ਸੀ.ਬੀ.ਐਸ.ਸੀ. ਦੇ 12ਵੀਂ ਬੋਰਡ ਆਨਸਕ੍ਰੀਨ ਮਾਰਕਿੰਗ ਨਾਲ ਕਰੀਬ 18 ਲੱਖ ਵਿਦਿਆਰਥੀ ਪ੍ਰਭਾਵਿਤ ਹੋਏ, ਪਰ ਪ੍ਰਧਾਨ ਮੰਤਰੀ ਨੇ ਸਭ 'ਤੇ ਚੁੱਪੀ ਸਾਧੀ ਰੱਖੀ।
ਚੜ੍ਹਾਵਾ ਚੋਰੀ 'ਤੇ ਰਾਹੁਲ ਦੀ ਚੁੱਪੀ
ਵਿਰੋਧੀ ਪਾਰਟੀਆਂ ਖ਼ਾਸ ਕਰਕੇ ਯੂ.ਪੀ. ਦੀ ਮੁੱਖ ਵਿਰੋਧੀ ਧਿਰ ਤੇ ਕਾਂਗਰਸ ਦੀ ਸਹਿਯੋਗੀ ਸਮਾਜਵਾਦੀ ਪਾਰਟੀ ਨੇ ਅਯੁੱਧਿਆ ਦੇ ਰਾਮ ਮੰਦਰ 'ਚ ਚੜ੍ਹਾਵਾ ਚੋਰੀ ਨੂੰ ਮੁੱਦਾ ਬਣਾਇਆ। ਯੂ.ਪੀ. ਕਾਂਗਰਸ ਪ੍ਰਧਾਨ ਅਜੈ ਰਾਏ ਤੇ ਹੋਰ ਕਾਂਗਰਸੀ ਨੇਤਾ ਵੀ ਇਸ ਮੁੱਦੇ 'ਤੇ ਕਾਫ਼ੀ ਬੋਲ ਰਹੇ ਹਨ। ਪਰ ਰਾਹੁਲ ਗਾਂਧੀ ਇਸ 'ਤੇ ਕੁਝ ਨਹੀਂ ਬੋਲ ਰਹੇ। ਰਾਹੁਲ ਦੀ ਚੁੱਪੀ ਰਣਨੀਤਕ ਜਾਪਦੀ ਹੈ। ਕਿਹਾ ਜਾ ਰਿਹਾ ਹੈ ਕਿ ਰਾਹੁਲ ਇਸ ਲਈ ਚੁੱਪ ਹਨ ਕਿਉਂਕਿ ਉਹ ਕੁਝ ਵੀ ਬੋਲਣਗੇ ਤਾਂ ਭਾਜਪਾ ਤੇ ਆਰ.ਐਸ.ਐਸ. ਨੂੰ ਪੂਰਾ ਮੌਕਾ ਮਿਲ ਜਾਵੇਗਾ ਮਾਮਲੇ ਨੂੰ ਭਟਕਾਉਣ ਦਾ। ਸਾਰਾ ਧਿਆਨ ਚੋਰੀ ਤੋਂ ਹਟ ਕੇ ਰਾਹੁਲ ਦੇ ਬਿਆਨ 'ਤੇ ਆ ਜਾਵੇਗਾ। ਕਾਂਗਰਸ ਇਹ ਵੀ ਮਹਿਸੂਸ ਕਰਦੀ ਹੈ ਕਿ ਜਦੋਂ ਤੱਕ ਹਿੰਦੂ ਸਮਾਜ ਵਿਚ ਸੱਜੇ-ਪੱਖੀ ਲੋਕ ਖ਼ੁਦ ਹੀ ਚੜ੍ਹਾਵਾ ਚੋਰੀ ਦਾ ਮੁੱਦਾ ਉਠਾ ਰਹੇ ਹਨ ਤੇ ਪੂਰੀ ਵਿਵਸਥਾ ਨੂੰ ਕਟਹਿਰੇ 'ਚ ਖੜ੍ਹਾ ਕਰ ਰਹੇ ਹਨ ਤਾਂ ਵਿਰੋਧੀ ਧਿਰ ਖ਼ਾਸ ਕਰਕੇ ਰਾਹੁਲ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਘ ਦੇ ਨਾਗਪੁਰ ਦੇ ਮੁੱਖ ਦਫ਼ਤਰ ਤੋਂ ਲੈ ਕੇ ਦਿੱਲੀ, ਲਖਨਊ ਤੇ ਅਯੁੱਧਿਆ ਤੱਕ ਸੱਤਾ ਕੇਂਦਰ ਆਪਸ 'ਚ ਹੀ ਲੜ ਰਹੇ ਹਨ। ਅਜਿਹੇ 'ਚ ਜੇ ਰਾਹੁਲ ਬਿਆਨ ਦਿੰਦੇ ਹਨ ਤਾਂ ਸਭ ਇਕ ਹੋ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲੱਗਣਗੇ। ਰਾਹੁਲ ਬੋਲਣਗੇ ਪਰ ਅਜੇ ਨਹੀਂ। ਹੋ ਸਕਦਾ ਉਹ ਚੋਣਾਂ ਦੌਰਾਨ ਬੋਲਣ ਜਾਂ ਉਨ੍ਹਾਂ ਦਾ ਬਿਆਨ ਉਦੋਂ ਆਏ, ਜਦੋਂ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਕੁਝ ਬੋਲਣ।
ਕੀ ਪਾਰਟੀ ਲਾਈਨ 'ਤੇ ਹੀ ਚੱਲਣਗੇ ਚਰਨਜੀਤ ਸਿੰਘ ਚੰਨੀ?
ਅਜੀਤ ਡੈਸਕ
13-07-2026