ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

13-07-26

Ad Position 21
No active advertisement
ਅਜੀਤ ਡੈਸਕ 13-07-2026

 ਜੀਵਨ ਜਾਚ ਜ਼ਰੂਰੀ
ਜੀਵਨ ਅਖਾੜੇ ਵਿਚ ਪ੍ਰਵੇਸ਼ ਕਰਨ ਵਾਲਿਆਂ ਨੂੰ ਕਿਸੇ ਨਾ ਕਿਸੇ ਜਾਂਚ ਜਾਂ ਸਿਖਲਾਈ ਦੀ ਜ਼ਰੂਰਤ ਹੁੰਦੀ ਹੈ। ਕਈ ਆਖਣਗੇ ਕਿ ਇਹ ਗੱਲ ਠੀਕ ਨਹੀਂ। ਸਗੋਂ ਜ਼ਿੰਦਗੀ ਆਪਣੇ ਆਪ ਵਿਚ ਸਿਖਲਾਈ ਕੇਂਦਰ ਹੈ। ਜੋ ਇਸ ਵਿਚ ਪੈਂਦਾ ਹੈ, ਉਹ ਆਪ ਠੇਡੇ ਖਾਂਦਾ ਸਭ ਕੁਝ ਸਿੱਖ ਜਾਂਦਾ ਹੈ । ਜੋ ਲੋਕ ਸਾਡੇ ਤੋਂ ਪਹਿਲਾਂ ਹੋ ਚੁੱਕੇ ਹਨ, ਉਨ੍ਹਾਂ ਦੇ ਅਨੁਭਵ ਦੀ ਰੋਸ਼ਨੀ ਵਿਚ ਤੁਰਦੇ ਜਾਣਾ ਚਾਹੀਦਾ ਹੈ। ਜੋ ਅੱਜ ਸਿਆਣੇ ਹਨ ਜਿਨ੍ਹਾਂ ਨੇ ਬੀਤੇ ਦਿਨਾਂ ਦੀਆਂ ਸਿਆਣਪਾਂ ਨਾਲ ਆਪਣੀ ਸੂਝ ਨੂੰ ਚਮਕਾਇਆ ਹੈ। ਉਨ੍ਹਾਂ ਦੀ ਅਗਵਾਈ ਪ੍ਰਾਪਤ ਕਰਨੀ ਜ਼ਰੂਰੀ ਹੈ। ਜੀਵਨ ਜਾਚ ਅਸਲ ਵਿਚ ਆਰੰਭਕ ਪੜਾਅ ਤੇ ਪ੍ਰਦਾਨ ਕੀਤੀ ਇਕ ਸੁਰੱਖਿਆ ਹੈ। ਜਿਵੇਂ ਇਕ ਮਾਲੀ ਬੂਟੇ ਨੂੰ ਖੁਰਾਕ ਤੇ ਖਾਦ ਦੀਸੁਰੱਖਿਆ ਦਿੰਦਾ ਹੈ। ਅੱਗੇ ਬੂਟੇ ਨੇ ਆਪ ਵਧਣਾ ਫੁੱਲਣਾ ਹੈ। ਅਸਲ ਜੀਵਨ ਜਾਂਚ ਹਰ ਵਿਅਕਤੀ ਨੇ ਆਪ ਆਪਣੇ ਯਤਨਾਂ ਨਾਲ ਪ੍ਰਾਪਤ ਕਰਨੀ ਹੈ। ਇਕ ਅੰਦਰੂਨੀ ਸੰਘਰਸ਼ ਨਾਲ ਹਰ ਵਿਅਕਤੀ ਆਪਣੇ ਆਪ ਨੂੰ ਪਛਾਣਦਾ ਹੈ। ਸਾਨੂੰ ਅਗਵਾਈ ਦੇਣ ਵਾਲੇ ਵਿਅਕਤੀ ਵੀ ਇਸੇ ਪ੍ਰਕਿਰਿਆ ਵਿਚੋਂ ਲੰਘ ਰਹੇ ਹਨ। ਇਸੇ ਕਰਕੇ ਕੋਈ ਕਿਸੇ ਨੂੰ ਸਹੀ ਸੇਧ ਨਹੀਂ ਦੇ ਸਕਦਾ। ਸਖ਼ਤ ਮਿਹਨਤ, ਲਗਨ, ਸਵੈ- ਅਧਿਐਨ, ਤੇ ਪਿਤਾ-ਪੁਰਖੀ ਗਿਆਨ ਦੇ ਸਹਾਰੇ ਆਪਣੇ ਅੰਦਰ ਇਕ ਲੋਂ ਜਾਗਦੀ ਹੈ। ਜਿਸ ਦੇ ਚਾਨਣ ਵਿਚ ਵਿਅਕਤੀ ਆਪਣੀ ਜੀਵਨ ਜਾਂਚ ਨਿਸਚਿਤ ਕਰਦਾ ਹੈ। ਰਾਹ ਭਾਵੇਂ ਬਿਖੜਾ ਹੈ, ਪਰ ਮੰਜ਼ਿਲ ਬਿਨਾਂ ਕੰਮ ਨਹੀਂ ਚੱਲਦਾ। ਇਸ ਲਈ ਜੀਵਨ ਜਾਂਚ ਆਉਣੀ ਚਾਹੀਦੀ ਹੈ।

-ਸ਼ਾਰਦਾ ਸ਼ਰਮਾ ਝਬੇਲਵਾਲੀ,
ਸ੍ਰੀ ਮੁਕਤਸਰ ਸਾਹਿਬ।

ਗੁੱਸੇ 'ਤੇ ਕਾਬੂ ਰੱਖੋ
ਅੱਜ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਮਨੁੱਖੀ ਜੀਵਨ ਜ਼ਿਆਦਾ ਦਬਾਅ ਹੇਠ ਚੱਲ ਰਿਹਾ ਹੈ। ਅਕਸਰ ਇਨਸਾਨ ਨੂੰ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਆ ਜਾਂਦਾ ਹੈ। ਸਕਾਰਾਤਮਿਕ ਸੋਚ ਹਮੇਸ਼ਾ ਮਨੁੱਖ ਨੂੰ ਮੁਸ਼ਕਿਲਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਹੱਲ ਲੱਭਣ ਦੇ ਕਾਬਲ ਬਣਾਉਂਦੀ ਹੈ। ਗੁੱਸੇ ਕਾਰਨ ਇਨਸਾਨ ਦੇ ਦਿਮਾਗ਼ ਵਿਚ ਨਾਂਹ-ਪੱਖੀ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਜੋ ਅੱਜ ਦੀ ਨੌਜਵਾਨੀ ਹੈ ਉਸ ਵਿਚ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਛੋਟੀ ਜਿਹੀ ਗੱਲ 'ਤੇ ਗੁੱਸੇ ਵਿਚ ਆ ਜਾਂਦੀ ਹੈ, ਆਪਣੇ-ਆਪੇ ਤੋਂ ਕੰਟਰੋਲ ਹੋ ਜਾਂਦੀ ਹੈ। ਅਕਸਰ ਗੁੱਸਾ ਜਦੋਂ ਆਉਂਦਾ ਹੈ ਤਾਂ ਇਨਸਾਨ ਨੂੰ ਬੇਚੈਨੀ, ਚਿੜਚਿੜਾਪਨ ਮਹਿਸੂਸ ਕਰਨ ਲੱਗ ਜਾਂਦਾ ਹੈ। ਰਾਤ ਨੂੰ ਉਸ ਨੂੰ ਨੀਂਦ ਆਉਣੀ ਬੰਦ ਹੋ ਜਾਂਦੀ ਹੈ। ਉਸ ਦੀ ਸੋਚਣ ਦੀ ਸਮਰੱਥਾ ਘਟ ਜਾਂਦੀ ਹੈ। ਇਹ ਇਕ ਕੁਦਰਤੀ ਹੈ। ਗੁੱਸੇ ਵਿਚ ਕਈ ਵਾਰ ਲਏ ਗਏ ਫ਼ੈਸਲੇ ਤੋਂ ਬਾਅਦ ਫਿਰ ਪਛਤਾਉਣਾ ਹੀ ਪੈਂਦਾ ਹੈ। ਅਜਿਹਾ ਫ਼ੈਸਲਾ ਸਹੀ ਨਹੀਂ ਹੁੰਦਾ, ਕਿਉਂਕਿ ਲਿਆ ਗਿਆ ਫ਼ੈਸਲਾ ਦਿਮਾਗ ਨਾਲ ਨਹੀਂ, ਸਗੋਂ ਕਾਹਲੀ, ਗੁੱਸੇ 'ਚ ਲਿਆ ਗਿਆ ਹੁੰਦਾ ਹੈ। ਚਾਹੇ ਉਹ ਫ਼ੈਸਲਾ ਤੁਹਾਡੀ ਨਿੱਜੀ ਜ਼ਿੰਦਗੀ ਦਾ ਹੀ ਕਿਉਂ ਨਾ ਹੋਵੇ? ਫਿਰ ਕਈ ਵਾਰ ਅਜਿਹੇ ਫ਼ੈਸਲੇ ਗ਼ਲਤ ਸਮੇਂ 'ਤੇ ਲੈ ਲਏ ਜਾਂਦੇ ਹਨ,ਸਾਰੀ ਉਮਰ ਦਾ ਪਛਤਾਵਾ ਹੀ ਰਹਿ ਜਾਂਦਾ ਹੈ।

-ਸੰਜੀਵ ਸਿੰਘ ਸੈਣੀ, ਮੋਹਾਲੀ

ਪ੍ਰੇਰਨਾ ਚੱਕਰ
ਪ੍ਰੇਰਨਾ ਜਿਊਂਦੇ ਮਨੁੱਖ ਦੇ ਸਰੀਰਕ-ਤੰਤਰ ਦੀ ਚਾਲਕ ਸ਼ਕਤੀ ਹੈ। ਮਨੁੱਖ ਪ੍ਰੇਰਨਾ ਦੇ ਨਾਲ ਹੀ ਆਪਣੇ ਕੰਮ ਅਤੇ ਇੱਛਕ ਵਿਹਾਰ ਕਰਦੇ ਹਨ। ਪ੍ਰੇਰਨਾ ਦਾ ਅਰਥ ਗਤੀ ਜਾਂ ਕਿਰਿਆ ਹੈ। ਮਨੋਵਿਗਿਆਨੀਆਂ ਨੇ ਪ੍ਰੇਰਨਾ ਬਾਰੇ ਚਿੰਤਨ ਕਰਦਿਆਂ ਹੋਇਆਂ ਪ੍ਰੇਰਨਾ ਚੱਕਰ ਦਾ ਨਿਰਮਾਣ ਕੀਤਾ ਹੈ। ਪ੍ਰੇਰਨਾ ਚੱਕਰ ਦੇ ਅਨੁਸਾਰ ਪ੍ਰੇਰਨਾ ਦੀ ਉਤਪੱਤੀ ਕਿਸੇ ਲੋੜ ਤੋਂ ਸ਼ੁਰੂ ਹੁੰਦੀ ਹੈ। ਲੋੜ ਮਨੁੱਖ ਅੰਦਰ ਤਣਾਅ ਪੈਦਾ ਕਰਦੀ ਹੈ ਕਿਉਂਕਿ ਲੋੜ ਦੀ ਪੂਰਤੀ ਜ਼ਰੂਰੀ ਹੁੰਦੀ ਹੈ। ਲੋੜ ਚਾਲਕ ਨੂੰ ਜਨਮ ਦਿੰਦੀ ਹੈ। ਚਾਲਕ ਵਧੇ ਹੋਏ ਤਣਾਅ ਦੀ ਸਥਿਤੀ ਹੁੰਦੀ ਹੈ। ਚਾਲਕ ਦੇ ਕਾਰਨ ਮਨੁੱਖ ਲੋੜ ਦੀ ਪੂਰਤੀ ਲਈ ਕਿਰਿਆਸ਼ੀਲ ਹੋ ਜਾਂਦਾ ਹੈ ਅਤੇ ਇਸ ਕਿਰਿਆਸ਼ੀਲਤਾ ਦੇ ਕਾਰਨ ਮਨੁੱਖ ਕਿਸੇ ਵਿਹਾਰ ਦਾ ਪ੍ਰਗਟਾਵਾ ਕਰਦਾ ਹੈ। ਅਗਲੇ ਕਦਮ ਵਿਚ ਕਿਰਿਆਸ਼ੀਲਤਾ ਵਿਚ ਅਤੇ ਵਿਸ਼ੇਸ਼ ਵਿਹਾਰ ਦੇ ਕਾਰਨ ਲੋੜ ਦੀ ਪੂਰਤੀ ਹੋ ਜਾਂਦੀ ਹੈ। ਲੋੜ ਦੀ ਪੂਰਤੀ ਦਾ ਮਤਲਬ ਹੈ ਕਿ ਮਨੁੱਖ ਨੂੰ ਮਿਹਨਤਾਨਾ ਮਿਲ ਗਿਆ ਹੈ। ਮਿਹਨਤਾਨਾ ਪ੍ਰੋਤਸਾਹਨ ਤੇ ਹੱਲਾਸ਼ੇਰੀ ਬਾਹਰੀ ਵਾਤਾਵਰਨ ਦੀ ਵਸਤੂ ਹੈ ਜਿਹੜੀ ਲੋੜ ਦੀ ਪੂਰਤੀ ਕਰ ਕੇ ਮਨੁੱਖ ਅੰਦਰ ਸੰਤੁਸ਼ਟੀ ਪੈਦਾ ਕਰਦੀ ਹੈ। ਸੰਤੁਸ਼ਟੀ ਹੋਣ ਨਾਲ ਚਾਲਕ ਪ੍ਰਕਿਰਿਆ ਵਿਚ ਕਮੀ ਹੋ ਜਾਂਦੀ ਹੈ। ਇਸ ਤਰ੍ਹਾਂ ਪ੍ਰੇਰਨਾ ਚੱਕਰ ਵਿਚ ਪਹਿਲਾਂ ਲੋੜ ਪੈਦਾ ਹੁੰਦੀ ਹੈ ਫਿਰ ਚਾਲਕ ਸ਼ਕਤੀ ਪੈਦਾ ਹੁੰਦੀ ਹੈ ਜਿਹੜੀ ਕਿਰਿਆਸ਼ੀਲਤਾ ਦੀ ਉਤਪੱਤੀ, ਫਿਰ ਲੋੜ ਦੀ ਪੂਰਤੀ ਅਤੇ ਆਖ਼ਰ ਸੰਤੁਸ਼ਟੀ ਪੈਦਾ ਕਰਦੀ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ,
ਪਿੰਡ ਨੌਨੀਤਪੁਰ, ਗੜ੍ਹਸ਼ੰਕਰ।

ਬਿਜਲੀ ਕਾਮੇ
ਬਿਜਲੀ ਕਾਮੇ ਦੀ ਮਿਹਨਤ ਕਿਸੇ ਭਗਤੀ ਤੋਂ ਘੱਟ ਨਹੀਂ। ਬਿਜਲੀ ਕਾਮੇ ਦੀ ਜਿੱਥੇ ਅੱਜ ਲੋੜ ਹੈ ਉੱਥੇ ਇਹ ਵਰਗ ਸਹੂਲਤਾਂ ਤੋਂ ਸੱਖਣਾ ਹੋ ਕੇ ਹਾਲਾਤਾਂ ਨਾਲ ਜੂਝ ਰਿਹਾ ਹੈ। ਇਨ੍ਹਾਂ ਕਾਮਿਆਂ ਨੂੰ ਲੋੜ ਅਨੁਸਾਰ ਕੋਈ ਵਿਭਾਗੀ ਗੱਡੀ, ਪੌੜੀ ਵੀ ਨਹੀਂ ਦਿੱਤੀ ਜਾਂਦੀ। ਜਿਸ ਨਾਲ ਬਿਜਲੀ ਸਪਲਾਈ ਠੀਕ ਕੀਤੀ ਜਾਵੇ। ਇਨ੍ਹਾਂ ਕਾਮਿਆਂ ਦੀ ਨਫਰੀ ਵੀ ਪੂਰੀ ਨਹੀਂ ਹੈ। ਇਹ ਸਭ ਤੋਂ ਘਾਤਕ ਮੁੱਦਾ ਹੈ। ਮੀਂਹ, ਧੁੱਪ ਝੱਖੜ, ਗਰਮੀ ਅਤੇ ਸਰਦੀ ਵਿਚ ਵੀ ਇਨ੍ਹਾਂ ਦੀ ਨੱਠ-ਭੱਜ ਲੱਗੀ ਰਹਿੰਦੀ ਹੈ। ਅੱਜ ਦੇ ਹਾਲਾਤ ਵਿਚ ਬਿਜਲੀ ਕਾਮੇ ਦੀ ਹਾਲਤ ਹਨੇਰੀ ਵਿਚ ਭਟਕੇ ਪੰਛੀ ਵਰਗੀ ਹੈ। ਉੱਪਰੋਂ ਅਫ਼ਸਰਸ਼ਾਹੀ ਬੇਤੁਕੇ ਫੁਰਮਾਨ ਜਾਰੀ ਕਰਕੇ ਸਭ ਕੁੱਝ ਬਿਜਲੀ ਕਾਮੇ ਤੇ ਸੁੱਟ ਰਹੀ ਹੈ। ਅੱਜ ਲੋੜ ਹੈ ਇਨ੍ਹਾਂ ਕਾਮਿਆਂ ਨੂੰ ਨਵੀਆਂ ਆਧੁਨਿਕ ਸਹੂਲਤਾਂ ਨਾਲ ਲੈੱਸ ਕਰਨ ਦੀ ਤਾਂ ਜੋ ਸਮੇਂ ਦੇ ਹਾਣੀ ਬਣ ਸਕਣ। ਇਸ ਤੋਂ ਪਹਿਲਾਂ ਇਨ੍ਹਾਂ ਦੀ ਨਫਰੀ ਵੀ ਪੂਰੀ ਕੀਤੀ ਜਾਵੇ। ਇਸ ਤੋਂ ਬਾਅਦ ਹੀ ਇਨ੍ਹਾਂ ਤੋਂ ਕੋਈ ਆਸ ਰੱਖੀ ਜਾਵੇ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

ਗਰਮੀ ਦੀ ਰੁੱਤ
ਸਾਨੂੰ ਗਰਮੀ ਦੇ ਦਿਨਾਂ 'ਚ ਭੋਜਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ। ਹਲਕਾ ਖਾਣਾ ਹੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਕੋਸ਼ਿਸ਼ ਕਰੋ ਬਾਜ਼ਾਰ ਵਿਚੋਂ ਖਾਣਾ ਜਾਂ ਡਰਿੰਕ ਕੋਲਡ ਵਗੈਰਾ ਨਾ ਪੀਤਾ ਜਾਵੇ, ਜਲਦੀ ਤਿਆਰ ਕੀਤੇ ਠੰਢੇ ਗੁਲਵੱਤਾ 'ਤੇ ਭਰੋਸਾ ਨਹੀਂ ਕਰ ਸਕਦੇ। ਬੰਦ ਡੱਬਿਆਂ ਵਿਚ ਠੰਢੇ ਲਗਭਗ ਸਿਹਤ ਲਈ ਬਹੁਤ ਹਾਨੀਕਾਰਕ ਹਨ। ਕੋਸ਼ਿਸ਼ ਕਰੋ ਨਿੰਬੂ ਪਾਣੀ ਘਰ ਵਿਚ ਹੀ ਤਿਆਰ ਕੀਤਾ ਜਾਵੇ। ਸਿਹਤ ਲਈ ਵਧੀਆ ਰਹੇਗਾ। ਗਰਮੀ ਵਿਚ ਤਲਿਆ ਭੋਜਨ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗਰਮੀ ਦੇ ਦਿਨਾਂ ਵਿਚ ਬੀਜ ਜਲਦੀ ਪੁੰਗਰਦੇ ਹਨ। ਜਿਵੇਂ ਛੋਲੇ ਪੁੰਗਰਦੇ ਨੇ ਤੇ ਇਹ ਸਿਹਤ ਲਈ ਵਧੀਆ ਹੁੰਦੇ ਹਨ। ਪੁੰਗਰਨ ਵਾਲੇ ਭੋਜਨ ਖਾਣੇ ਚਾਹੀਦੇ ਹਨ। ਖਾਣ ਵਿਚ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ। ਸਿਹਤ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ।

-ਰਾਮ ਸਿੰਘ ਪਾਠਕ

ਸੋਸ਼ਲ ਮੀਡੀਆ ਦੀ ਹੋਵੇ ਸਹੀ ਵਰਤੋਂ
ਅੱਜਕਲ੍ਹ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਸੋਸ਼ਲ ਮੀਡੀਆ ਜਿਥੇ ਲੋਕਾਂ ਨੂੰ ਆਪਸ ਵਿਚ ਜੋੜਦਾ ਹੈ, ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਦਾ ਹੈ ਅਤੇ ਮਨੋਰੰਜਨ ਦਾ ਇਕ ਵੱਡਾ ਸਾਧਨ ਬਣ ਚੁੱਕਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਸਹੀ ਵਰਤੋਂ ਕਰਨ ਦੀ ਸਮਝ ਨਹੀਂ ਹੈ। ਉਹ ਨਾ ਤਾਂ ਇਸ ਦੇ ਫਾਇਦਿਆਂ ਨੂੰ ਪੂਰੀ ਤਰ੍ਹਾਂ ਜਾਣਦੇ ਹਨ ਅਤੇ ਨਾ ਹੀ ਇਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ। ਬਿਨਾਂ ਕਿਸੇ ਪੁਖਤਾ ਜਾਣਕਾਰੀ ਦੇ ਅਫ਼ਵਾਹਾਂ ਫੈਲਾਉਣਾ, ਅਧੂਰੀਆਂ ਖ਼ਬਰਾਂ ਸਾਂਝੀਆਂ ਕਰਨਾ ਅਤੇ ਹਰ ਛੋਟੀ-ਵੱਡੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦੇਣਾ ਇਕ ਆਮ ਰੁਝਾਨ ਬਣ ਗਿਆ ਹੈ। ਕੁਝ ਲੋਕ ਸਿਰਫ਼ ਵੱਧ ਤੋਂ ਵੱਧ ਲਾਈਕਾਂ, ਸ਼ੇਅਰਾਂ ਅਤੇ ਵਿਊਜ਼ ਦੀ ਦੌੜ ਵਿਚ ਅਜਿਹੀ ਸਮੱਗਰੀ ਪੇਸ਼ ਕਰਦੇ ਹਨ, ਜੋ ਸਮਾਜ ਵਿਚ ਨਫ਼ਰਤ, ਗਲਤਫਹਿਮੀਆਂ ਅਤੇ ਬੇਲੋੜੇ ਵਿਵਾਦਾਂ ਨੂੰ ਜਨਮ ਦਿੰਦੀ ਹੈ। ਕਈ ਵਾਰ ਝੂਠੀਆਂ ਖ਼ਬਰਾਂ ਏਨੀ ਤੇਜ਼ੀ ਨਾਲ ਫੈਲਦੀਆਂ ਹਨ ਕਿ ਸਚਾਈ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੁੰਦਾ ਹੈ।

-ਸੁਖਮੰਦਰ ਪੁੰਨੀ, ਫਾਜ਼ਿਲਕਾ।

 

 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਰਾਜ ਵਿੱਚ ਸਮਾਜ ਦਾ ਹਰ ਵਰਗ ਮੁੱਢਲੀਆਂ ਸਹੂਲਤਾਂ ਲਈ ਤਰਸ ਰਿਹਾ ਹੈ- ਅਭੈ ਚੌਟਾਲਾ ਅਗਲੀ ਖ਼ਬਰ ਕੀ ਪਾਰਟੀ ਲਾਈਨ 'ਤੇ ਹੀ ਚੱਲਣਗੇ ਚਰਨਜੀਤ ਸਿੰਘ ਚੰਨੀ?
Ad Position 24
No active advertisement