ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

29-06-26

Ad Position 21
No active advertisement
ਅਜੀਤ ਡੈਸਕ 29-06-2026

 ਬੱਚਿਆਂ ਨੂੰ ਖੇਡਣ-ਕੁੱਦਣ ਦਿਓ
ਵਿਗਿਆਨੀਆਂ ਤੇ ਡਾਕਟਰਾਂ ਨੇ ਆਪਣੀਆਂ ਖੋਜਾਂ ਦੇ ਆਧਾਰ 'ਤੇ ਸਿੱਧ ਕਰ ਦਿੱਤਾ ਹੈ ਕਿ ਜਵਾਨੀ ਅਤੇ ਅੱਧਖੜ੍ਹ ਉਮਰ ਦੀਆਂ ਕਈ ਬਿਮਾਰੀਆਂ ਅਤੇ ਉਨ੍ਹਾਂ ਦੀਆਂ ਆਮ ਹਾਲਤਾਂ ਦਾ ਜਨਮ ਬਚਪਨ ਵਿਚ ਹੀ ਪਤਾ ਲੱਗ ਜਾਂਦਾ ਹੈ। ਇਸ ਲਈ ਸਰਪ੍ਰਸਤਾਂ ਦੀ ਨਿਗਰਾਨੀ ਹੀ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਸੁਖੀ ਬਣਾ ਸਕਦੀ ਹੈ। ਬੱਚਿਆਂ ਵਿਚ ਤੇਜ਼ੀ ਨਾਲ ਵਧ ਰਿਹਾ ਮੋਟਾਪਾ ਉਨ੍ਹਾਂ ਦੀ ਸਿਹਤ ਅਤੇ ਸ਼ਖ਼ਸੀਅਤ ਦੋਹਾਂ ਨੂੰ ਪ੍ਰਭਾਵਿਤ ਕਰਦਾ ਹੈ। ਮੋਟਾਪੇ ਨਾਲ ਬੱਚਿਆਂ ਦੀ ਕੰਮ ਕਰਨ ਦੀ ਸਮਰੱਥਾ ਤਾਂ ਘੱਟ ਹੁੰਦੀ ਹੀ ਹੈ। ਉਨ੍ਹਾਂ ਵਿਚ ਹੀਣ ਭਾਵਨਾ ਵੀ ਵੱਧ ਜਾਂਦੀ ਹੈ। ਅੱਗੇ ਆਉਣ ਵਾਲੇ ਅੱਧਖੜ੍ਹ ਉਮਰ ਦੇ ਦਿਨਾਂ ਵਿਚ ਉਨ੍ਹਾਂ ਨੂੰ ਬਲੱਡ ਪ੍ਰੈੱਸ਼ਰ, ਦਿਲ ਦੀਆਂ, ਗੁਰਦਿਆਂ ਦੀਆਂ ਤੇ ਸ਼ੂਗਰ ਦੀਆਂ ਬਿਮਾਰੀਆਂ ਝੱਲਣੀਆਂ ਪੈ ਜਾਂਦੀਆਂ ਹਨ। ਜੰਕ ਫੂਡ ਨਾਲ ਬੱਚੇ ਜ਼ਿਆਦਾ ਕੈਲੋਰੀ ਲੈ ਲੈਂਦੇ ਹਨ, ਅਤੇ ਟੀ.ਵੀ. ਅਤੇ ਕੰਪਿਊਟਰ ਨਾਲ ਚਿੰਬੜੇ ਰਹਿਣ ਦੇ ਕਾਰਨ ਬਹੁਤ ਘੱਟ ਕੈਲੋਰੀ। ਖਰਚ ਕਰਦੇ ਹਨ। ਇਸੇ ਦੌਰਾਨ ਹੀ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ। ਮਾਤਾ ਪਿਤਾ ਨੂੰ ਬੱਚਿਆਂ ਦੇ ਭੋਜਨ ਨੂੰ ਸਾਵਾਂ ਕਰਕੇ ਉਨ੍ਹਾਂ ਨੂੰ ਖੇਡਣ ਕੁੱਦਣ ਅਤੇ ਕਸਰਤ ਕਰਨ ਦੇ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਆਲਸੀ ਨਾ ਬਣਨ ਦਿਓ। ਖੇਡਣ ਕੁੱਦਣ ਤੇ ਮੌਜ-ਮਸਤੀ ਵੀ ਅਨੁਸ਼ਾਸਨ ਦਾ ਮਹੱਤਵ ਹੈ। ਤਾਂ ਕਿ ਉਨ੍ਹਾਂ ਦੇ ਜੀਵਨ ਢੰਗ ਵਿਚ ਢੁੱਕਵਾਂ ਪਰਿਵਰਤਨ ਆ ਸਕੇ। ਅੱਜਕੱਲ੍ਹ ਕਈ ਸਮਾਜਸੇਵੀ ਸੰਸਥਾ ਆਪਣੇ ਕੈਂਪਾਂ ਦੁਆਰਾ ਪ੍ਰੋਗਰਾਮ ਦੇ ਰਾਹੀਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹਨ। ਜਿੱਥੇ ਬੱਚਿਆਂ ਨੂੰ ਭੇਜਣਾ ਚਾਹੀਦਾ ਹੈ।

ਡਾਕਟਰ ਭੱਪਰ ਝਬੇਲਵਾਲੀ।
(ਸ਼੍ਰੀ ਮੁਕਤਸਰ ਸਾਹਿਬ)

ਸਕ੍ਰੀਨ ਟਾਈਮ ਵਧਿਆ, ਸਕੂਨ ਟਾਈਮ ਘਟਿਆ
ਅਜੋਕੇ ਡਿਜੀਟਲ ਯੁੱਗ ਵਿਚ ਜਿੱਥੇ ਤਕਨਾਲੋਜੀ ਨੇ ਸਾਡੀ ਜ਼ਿੰਦਗੀ ਨੂੰ ਬੇਹੱਦ ਆਸਾਨ ਅਤੇ ਰਫ਼ਤਾਰ ਵਾਲਾ ਬਣਾ ਦਿੱਤਾ ਹੈ, ਉੱਥੇ ਹੀ ਇਸ ਨੇ ਸਾਡੇ ਤੋਂ ਸਾਡੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਸਰਮਾਇਆ ਸਾਡੀ ਮਾਨਸਿਕ ਸ਼ਾਂਤੀ ਅਤੇ 'ਸਕੂਨ' ਖੋਹ ਲਿਆ ਹੈ। ਅੱਜ ਸਵੇਰੇ ਅੱਖ ਖੁੱਲ੍ਹਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਾਡੀਆਂ ਉਂਗਲਾਂ ਮੋਬਾਈਲ, ਲੈਪਟਾਪ ਅਤੇ ਟੈਬਲੇਟ ਵਰਗੀਆਂ ਸਕ੍ਰੀਨਾਂ ਨੂੰ ਸਕ੍ਰੋਲ ਕਰਨ ਵਿਚ ਰੁੱਝੀਆਂ ਰਹਿੰਦੀਆਂ ਹਨ, ਜਿਸ ਕਾਰਨ ਸਾਡਾ 'ਸਕ੍ਰੀਨ ਟਾਈਮ' ਹਦੋਂ ਵੱਧ ਗਿਆ ਹੈ ਅਤੇ ਸਿੱਟੇ ਵਜੋਂ ਖ਼ੁਦ ਨਾਲ ਅਤੇ ਪਰਿਵਾਰ ਨਾਲ ਬਿਤਾਉਣ ਵਾਲਾ ਸਕੂਨ ਦਾ ਸਮਾਂ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਇਸ ਚਮਕ-ਦਮਕ ਵਾਲੀ ਫ਼ਰਜ਼ੀ ਦੁਨੀਆ ਨੇ ਮਨੁੱਖ ਨੂੰ ਅਜਿਹੀ ਲਤ ਦਾ ਸ਼ਿਕਾਰ ਬਣਾ ਲਿਆ ਹੈ, ਜਿੱਥੇ ਲੋਕ ਦੂਜਿਆਂ ਦੀਆਂ ਦਿਖਾਵੇ ਭਰੀਆਂ 'ਫਿਲਟਰਡ' ਜ਼ਿੰਦਗੀਆਂ ਦੇਖ ਕੇ ਅੰਦਰੋਂ-ਅੰਦਰੀ ਹੀਣਭਾਵਨਾ, ਬੇਚੈਨੀ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਸਰੀਰਕ ਅਤੇ ਮਾਨਸਿਕ ਪੱਖੋਂ ਵੀ ਇਸ ਦੇ ਮਾਰੂ ਪ੍ਰਭਾਵ ਸਾਹਮਣੇ ਆ ਰਹੇ ਹਨ; ਦੇਰ ਰਾਤ ਤੱਕ ਸਕ੍ਰੀਨਾਂ ਦੀ ਨੀਲੀ ਰੌਸ਼ਨੀ ਦੇ ਸੰਪਰਕ ਵਿਚ ਰਹਿਣ ਕਾਰਨ ਨੀਂਦ ਦਾ ਚੱਕਰ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ, ਜੋ ਅੱਖਾਂ ਦੀ ਕਮਜ਼ੋਰੀ, ਚਿੜਚਿੜੇਪਨ, ਮੋਟਾਪੇ ਅਤੇ ਸਿਰਦਰਦ ਵਰਗੀਆਂ ਬਿਮਾਰੀਆਂ ਨੂੰ ਸਿੱਧਾ ਸੱਦਾ ਦੇ ਰਿਹਾ ਹੈ। ਅਸੀਂ ਭੁੱਲ ਗਏ ਹਾਂ ਕਿ ਗੈਜੇਟਸ ਸਾਡੀ ਸਹੂਲਤ ਲਈ ਬਣੇ ਸਨ, ਨਾ ਕਿ ਸਾਨੂੰ ਆਪਣਾ ਗੁਲਾਮ ਬਣਾਉਣ ਲਈ। ਜੇਕਰ ਅਸੀਂ ਇਸ ਭਿਆਨਕ ਡਿਜੀਟਲ ਦਲਦਲ ਵਿਚੋਂ ਨਿਕਲ ਕੇ ਆਪਣੀ ਜ਼ਿੰਦਗੀ ਵਿਚ ਦੁਬਾਰਾ ਹਾਸੇ, ਸਕੂਨ ਅਤੇ ਤਾਜ਼ਗੀ ਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ, ਤਾਂ ਸਾਨੂੰ ਅੱਜ ਹੀ ਸੁਚੇਤ ਹੋ ਕੇ 'ਡਿਜੀਟਲ ਡੀਟੌਕਸ' ਦੀ ਨੀਤੀ ਅਪਣਾਉਣੀ ਪਵੇਗੀ, ਫ਼ੋਨਾਂ ਦੀ ਵਰਤੋਂ ਦੀ ਇੱਕ ਸੀਮਾ ਤੈਅ ਕਰਨੀ ਪਵੇਗੀ।

-ਸੁਖਵਿੰਦਰ ਸਾਕਾ
ਨੰਗਲ ਡੈਮ , ਰੂਪਨਗਰ

ਮਨ ਤਰੰਗਾਂ ਨਾਲ ਲੜਦੀ ਜਿੰਦਗੀ
ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਬਾਹਰਲੇ ਹਾਲਾਤਾਂ ਨਾਲ ਨਹੀਂ, ਸਗੋਂ ਆਪਣੇ ਮਨ ਨਾਲ ਹੁੰਦੀ ਹੈ। ਮਨ ਕਦੇ ਉਮੀਦਾਂ ਦੀਆਂ ਉੱਚੀਆਂ ਉਡਾਰੀਆਂ ਭਰਦਾ ਹੈ ਤੇ ਕਦੇ ਨਿਰਾਸ਼ਾ ਦੇ ਹਨੇਰੇ ਵਿਚ ਧੱਕ ਦਿੰਦਾ ਹੈ। ਇਸੇ ਲਈ ਮਨੁੱਖ ਦੇ ਵਿਚਾਰ ਹੀ ਉਸ ਦੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਦੇ ਹਨ। ਜਦੋਂ ਮਨ ਤਰੰਗਾਂ ਵਿਚ ਪੈ ਜਾਂਦਾ ਹੈ, ਤਦੋਂ ਹਕੀਕਤਾਂ ਧੁੰਦਲੀਆਂ ਹੋ ਜਾਂਦੀਆਂ ਹਨ ਅਤੇ ਇਨਸਾਨ ਆਪਣੇ-ਆਪ ਤੋਂ ਦੂਰ ਹੋਣ ਲੱਗਦਾ ਹੈ।
ਚੌਕਾਂ ਵਿਚ ਹਰ ਮੋੜ 'ਤੇ ਕੋਈ ਨਵਾਂ ਲਾਲਚ, ਕੋਈ ਨਵਾਂ ਸੁਪਨਾ ਜਾਂ ਕੋਈ ਨਵੀਂ ਚਾਹਤ ਖੜ੍ਹੀ ਹੁੰਦੀ ਹੈ। ਪਰ ਹਰ ਚਮਕਦੀ ਚੀਜ਼ ਮੰਜ਼ਿਲ ਨਹੀਂ ਹੁੰਦੀ। ਕਈ ਵਾਰ ਮਨ ਸਾਨੂੰ ਅਜਿਹੇ ਰਾਹਾਂ 'ਤੇ ਲੈ ਜਾਂਦਾ ਹੈ, ਜਿੱਥੇ ਪਹੁੰਚ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣਾ ਅਸਲ ਮਕਸਦ ਹੀ ਭੁੱਲ ਬੈਠੇ ਹਾਂ। ਅੱਜ ਦਾ ਮਨੁੱਖ ਬਹੁਤ ਕੁਝ ਹਾਸਿਲ ਕਰ ਰਿਹਾ ਹੈ, ਪਰ ਆਪਣੇ ਅੰਦਰ ਦੀ ਸ਼ਾਂਤੀ ਗੁਆ ਰਿਹਾ ਹੈ। ਉਹ ਦੌੜ ਤਾਂ ਰਿਹਾ ਹੈ, ਪਰ ਉਸਨੂੰ ਇਹ ਨਹੀਂ ਪਤਾ ਕਿ ਦੌੜ ਕਿਸ ਲਈ ਹੈ। ਮਨ ਦੀਆਂ ਤਰੰਗਾਂ ਕਦੇ ਅਹੰਕਾਰ ਬਣ ਜਾਂਦੀਆਂ ਹਨ, ਕਦੇ ਈਰਖਾ, ਕਦੇ ਲਾਲਚ ਅਤੇ ਕਦੇ ਬੇਲੋੜੀਆਂ ਉਮੀਦਾਂ। ਇਹ ਤਰੰਗਾਂ ਜਦੋਂ ਹੱਦ ਤੋਂ ਵੱਧ ਜਾਂਦੀਆਂ ਹਨ ਤਾਂ ਇਨਸਾਨ ਦਾ ਸੰਤੁਲਨ ਖ਼ਤਮ ਕਰ ਦਿੰਦੀਆਂ ਹਨ। ਸਿਆਣਪ ਇਸ ਗੱਲ ਵਿਚ ਨਹੀਂ ਕਿ ਅਸੀਂ ਹਰ ਇੱਛਾ ਪੂਰੀ ਕਰ ਲਈਏ; ਸਿਆਣਪ ਇਸ ਵਿਚ ਹੈ ਕਿ ਅਸੀਂ ਆਪਣੀਆਂ ਇੱਛਾਵਾਂ ਨੂੰ ਸਮਝੀਏ ਅਤੇ ਉਨ੍ਹਾਂ ਉੱਤੇ ਕਾਬੂ ਰੱਖੀਏ। 'ਮਨ ਨੂੰ ਜਿੱਤਣ ਵਾਲਾ ਇਨਸਾਨ ਹੀ ਅਸਲ ਵਿਚ ਜ਼ਿੰਦਗੀ ਨੂੰ ਜਿੱਤਦਾ ਹੈ।'\

ਮੰਜੂ ਰਾਇਕਾ ਸੰਗਰੂਰ।

ਨਹਿਰਾਂ 'ਚ ਨਹਾਉਣ ਤੋਂ ਬਚੋ
ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦੌਰਾਨ ਹਰ ਵਰ੍ਹੇ ਆਮ ਹੀ ਵੇਖਣ/ਸੁਣਨ ਵਿਚ ਆਉਂਦਾ ਹੈ ਕਿ ਗਰਮੀ ਤੋਂ ਬਚਣ ਲਈ ਨਾਬਾਲਗ ਬੱਚੇ ਆਪਣੇ ਸਾਥੀਆਂ ਨਾਲ ਰਲ ਕੇ ਬੇਸਮਝੀ ਵਿਚ ਵੱਡੀਆਂ ਨਹਿਰਾਂ ਜਾਂ ਹੋਰ ਪਾਣੀ ਦੇ ਡੂੰਘੇ ਸੋਮਿਆਂ ਵਿਚ ਨਹਾਉਣ ਲੱਗ ਜਾਂਦੇ ਹਨ। ਪਾਣੀ ਜ਼ਿਆਦਾ ਡੂੰਘਾ ਹੋਣ ਕਾਰਨ ਕਈ ਵਾਰ ਡੁੱਬਣ ਕਾਰਨ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਹੈ। ਮਾਪਿਆਂ ਨੂੰ ਇਸ ਪਾਸੇ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਇਕ ਵਾਰ ਮੌਕਾ ਹੱਥੋਂ ਖੁਸਣ ਤੋਂ ਬਾਅਦ ਪੱਲੇ ਨਿਰਾਸ਼ਾ ਹੀ ਰਹਿ ਜਾਂਦੀ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਮੀਡੀਆ ਦੀ ਭਰੋਸੇਯੋਗਤਾ
ਭਾਰਤ-ਪਾਕਿਸਤਾਨ ਤਣਾਅ ਦੌਰਾਨ ਮੀਡੀਏ ਦੇ ਕੁਝ ਹਿੱਸੇ ਵਲੋਂ ਤੱਥ ਵਿਹੂਣੀਆਂ ਖ਼ਬਰਾਂ ਪ੍ਰਕਾਸ਼ਿਤ ਕਰਕੇ ਲੋਕ ਮਨਾਂ ਨੂੰ ਮਾਯੂਸ ਕੀਤਾ ਗਿਆ। ਇਸ ਸੰਬੰਧੀ ਅਖ਼ਬਾਰਾਂ ਵਿਚ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ। ਦਾਰਸ਼ਨਿਕਤਾ ਦਾ ਕਥਨ ਹੈ ਕਿ ਅਸੀਂ ਵਿਸ਼ਵਾਸ ਨਾਲ ਚੱਲਦੇ ਹਾਂ ਅੱਖਾਂ ਨਾਲ ਨਹੀਂ। ਦੂਜੇ ਪਾਸੇ ਜੇ ਵਿਸ਼ਵਾਸ ਟੁੱਟ ਜਾਵੇ ਤਾਂ ਬਹਾਲ ਨਹੀਂ ਹੋ ਸਕਦਾ। ਭਾਰਤ-ਪਾਕਿਸਤਾਨ ਤਣਾਅ ਦੌਰਾਨ ਮੀਡੀਏ ਦੇ ਕੁਝ ਹਿੱਸੇ ਵਲੋਂ ਭਰੋਸੇਯੋਗਤਾ ਦਾਅ 'ਤੇ ਲਗਾ ਲਈ। ਬ੍ਰਾਡਕਾਸਟਿੰਗ ਰਿਸਰਚ ਕੌਂਸਲ ਦੀ ਰਿਪੋਰਟ ਅਨੁਸਾਰ ਸੱਤ ਮਈ ਨੂੰ ਜਦੋਂ ਆਪ੍ਰੇਸ਼ਨ ਸੰਧੂਰ ਸਿਖ਼ਰ 'ਤੇ ਸੀ ਤਾਂ ਉਦੋਂ ਦੇਸ਼ ਦੀ ਵੱਡੀ ਆਬਾਦੀ ਆਈ.ਪੀ.ਐਲ. ਮੈਚ ਦੇਖ ਰਹੀ ਸੀ। ਅੱਠ ਮਈ ਨੂੰ ਸਾਢੇ ਅੱਠ ਤੋਂ ਸਾਢੇ ਨੌਂ ਵਜੋ ਦਰਮਿਆਨ ਸਟਾਰ ਸਪੋਰਟਸ ਹਿੰਦੀ ਵੰਨ 'ਤੇ ਪ੍ਰਤੀ ਮਿੰਟ ਔਸਤ ਦਰਸ਼ਕ 9345 ਸਨ। ਸਾਰੇ ਹਿੰਦੀ ਚੈਨਲਾਂ ਨੂੰ ਇਸੇ ਸਮੇਂ 4834 ਔਸਤ ਦਰਸ਼ਕ ਹੀ ਮਿਲੇ। ਇਸ ਰਿਪੋਰਟ ਅਨੁਸਾਰ ਮੈਚ ਰੋਕਣਾ ਪਿਆ। ਫ਼ੌਜੀ ਕਾਰਵਾਈ ਵੱਲ ਘੱਟ ਤਵੱਜੋ ਦਿੱਤੀ ਗਈ, ਜੋ ਕਿਤੇ ਨਾ ਕਿਤੇ ਨੈਤਿਕ ਕਮੀ ਦਰਸਾਉਂਦਾ ਹੈ। ਤਾਜ਼ਾ ਰਿਪੋਰਟਾਂ ਅਤੇ ਹਾਲਾਤਾਂ ਅਨੁਸਾਰ ਮਨਘੜਤ ਅਤੇ ਤੱਥ ਵਿਹੂਣੀਆਂ ਖ਼ਬਰਾਂ ਸੰਵੇਦਨਸ਼ੀਲ ਸਮੇਂ ਵਿਚ ਕਿਸੇ ਕੀਮਤ 'ਤੇ ਜਾਇਜ਼ ਨਹੀਂ ਹੋਣੀਆਂ ਚਾਹੀਦੀਆਂ ਹਨ।

-ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ।

ਕੁਦਰਤ ਨੂੰ ਸੰਭਾਲਣ ਦੀ ਲੋੜ
ਅੱਜ-ਕੱਲ੍ਹ ਗਰਮੀ ਲਗਾਤਾਰ ਵਧ ਰਹੀ ਹੈ। ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜੋ ਹੁਣ ਤਾਪਮਾਨ ਹੈ ਉਸ ਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧਣਾ ਸਾਡੀ ਕੁਦਰਤ ਨਾਲ ਕੀਤੀਛੇੜਖਾਨੀ ਹੈ ਤੇ ਆਪਣੀ ਸਹੂਲਤ ਮੁਤਾਬਿਕ ਅਸੀਂ ਹਰ ਰੋਜ਼ ਕੁਦਰਤ ਦੀ ਦੁਰਵਰਤੋਂ ਕਰ ਰਹੇ ਹਾਂ। ਅਸੀਂ ਕਦੀ ਨਹੀਂ ਸੋਚਿਆ ਕਿ ਆਉਣ ਵਾਲੀ ਪੀੜ੍ਹੀ ਲਈ ਅਸੀਂ ਕਿੰਨਾ ਮੌਸਮ ਨੂੰ ਖ਼ਰਾਬ ਕਰ ਰਹੇ ਹਾਂ। ਇੰਨੀ ਗਰਮੀ ਵਿਚ ਅਸੀਂ ਘੁਟਣ ਮਹਿਸੂਸ ਕਰ ਰਹੇ ਹਾਂ। ਪਰ ਫਿਰ ਵੀ ਅਸੀਂ ਕੁਦਰਤ ਪ੍ਰਤੀ ਸੁਹਿਰਦ ਨਹੀਂ। ਆਓ, ਅਸੀਂ ਰਲ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਈਏ, ਸਭ ਤੋਂ ਪਹਿਲਾਂ ਅਸੀਂ ਆਪਣੇ ਆਪ 'ਤੇ ਇਨ੍ਹਾਂ ਗੱਲਾਂ ਨੂੰ ਲਾਗੂ ਕਰੀਏ। ਇਸ ਲਈ ਅਸੀਂ ਆਪਣੀ ਲੋੜ ਮੁਤਾਬਿਕ ਪਾਣੀ ਦੀ ਵਰਤੋਂ ਕਰੀਏ, ਲੋੜ ਤੋਂ ਵੱਧ ਦਰੱਖਤਾਂ ਨੂੰ ਲਾ ਕੇ ਉਨ੍ਹਾਂ ਦੀ ਦੇਖਰੇਖ ਕਰੀਏ।

-ਗੌਰਵ ਮੁੰਜਾਲ ਪੀ.ਸੀ.ਐਸ.।

Ad Position 22
No active advertisement
ਪਿਛਲੀ ਖ਼ਬਰ ਵਿਗੜਦੀ ਕਾਨੂੰਨ ਵਿਵਸਥਾ ਤੇ ਵਧਦੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ’ਚ ਰੋਸ ਅਗਲੀ ਖ਼ਬਰ ਸੰਜਮ ਨਾਲ ਹੋਵੇ ਸੋਸ਼ਲ ਮੀਡੀਆ ਦੀ ਵਰਤੋਂ
Ad Position 24
No active advertisement