ਲਹਿਰਾ ਮੁਹੱਬਤ, 28 ਜੂਨ (ਚਰਨਜੀਤ ਸਿੰਘ)- ਵਿਗੜਦੀ ਕਾਨੂੰਨ ਵਿਵਸਥਾ ਤੇ ਵਧਦੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ’ਚ ਰੋਹ ਵਧਦਾ ਜਾ ਰਿਹਾ ਹੈ । ਇਸ ਸੰਬੰਧ ’ਚ ਅੱਜ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਕੋਲ ਧਰਮਸ਼ਾਲਾ ਅੰਦਰ ਕਿਸਾਨ ਜਥੇਬੰਦੀਆਂ ਤੇ ਲੋਕ ਪੱਖੀ ਜਥੇਬੰਦੀਆਂ ਤੋਂ ਇਲਾਵਾ ਪਿੰਡ ਵਾਸੀਆਂ ਦਾ ਇਕੱਠ ਹੋਇਆ । ਇਸ ਦੌਰਾਨ ਪਿੰਡ ਵਾਸੀਆਂ ਕਿਹਾ ਕਿ ਪਿੰਡ ਅੰਦਰ ਚੋਰੀਆਂ ਦੀਆਂ ਵਾਰਦਾਤਾਂ ਦਾ ਪਸਾਰਾ ਹੋ ਰਿਹਾ ਹੈ । ਖ਼ਾਸਕਰ ਫੋਕਲ ਪੁਆਇੰਟ ’ਤੇ ਸਰਕਾਰੀ ਹਸਪਤਾਲ ਦੇ ਕੁਆਟਰ ਨਸ਼ੇੜੀਆਂ ਦੇ ਗੜ੍ਹ ਬਣੇ ਹੋਏ ਹਨ । ਕਈ ਵਾਰਦਾਤਾਂ ਦੀ ਵੀਡੀਓ ਵੀ ਬਣਾ ਕੇ ਪੁਲਿਸ ਨੂੰ ਦਿਖਾਈ ਗਈ ਹੈ, ਪ੍ਰੰਤੂ ਮੁਲਜ਼ਮਾਂ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ । ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਦਿਨੋ ਦਿਨ ਬੁਲੰਦ ਹੋ ਰਹੇ ਹਨ । ਦਿਨ ਦਿਹਾੜੇ ਮੋਟਰਾਂ ਤੋਂ ਮੋਬਾਈਲ ਚੋਰੀ ਹੋ ਰਹੇ ਹਨ, ਮੋਟਰਾਂ ਦੀਆਂ ਤਾਰਾਂ ਤੇ ਟਰਾਂਸਫ਼ਾਰਮਰਾਂ ਦਾ ਤੇਲ ਵੀ ਚੋਰੀ ਹੋ ਰਿਹਾ ਹੈ। ਜਿਸ ਕਾਰਨ ਪਿੰਡ ਵਾਸੀਆਂ ਦੇ ਸਾਹ ਸੂਤੇ ਪਏ ਹਨ । ਕੁੱਝ ਨੌਜਵਾਨਾਂ ਨੇ ਮੁੱਦਾ ਚੁੱਕਿਆ ਕਿ ਜਦੋਂ ਕੋਈ ਮੁਲਜ਼ਮ ਕਾਬੂ ਕੀਤਾ ਜਾਂਦਾ ਹੈ ਤਾਂ ਪਿੰਡ ਦੇ ਮੁਹਤਬਰ ਉਨ੍ਹਾਂ ਨੂੰ ਹਵਾਲਾਤ ’ਚੋਂ ਬਾਹਰ ਲਿਆਉਣ ’ਚ ਮਦਦ ਕਰਦੇ ਹਨ । ਜੇਕਰ ਇਸ ਤਰ੍ਹਾਂ ਚਲਦਾ ਰਿਹਾ ਤਾਂ ਇੱਕ ਦਿਨ ਕੋਈ ਵੱਡੀ ਵਾਰਦਾਤ ਹੋਵੇਗੀ, ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ । ਇਕੱਠ ‘ਚ ਨਗਰ ਪੰਚਾਇਤ ਕੌਂਸਲਰ ਗੁਰਤੇਜ ਸਿੰਘ ਗੋਰਾ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਜਗਜੀਤ ਸਿੰਘ, ਭਾਕਿਯੂ ਡਕੌਂਦਾ ਧਨੇਰ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਪਾਲੀ, ਇਕਾਈ ਪ੍ਰਧਾਨ ਸੁਖਚਰਨ ਸਿੰਘ, ਭਾਕਿਯੂ ਸਿੱਧੂਪੁਰ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਹਰਨੇਕ ਸਿੰਘ, ਬਲਾਕ ਆਗੂ ਬਲਬੀਰ ਸਿੰਘ, ਇਕਾਈ ਆਗੂ ਜਗਰੋਸ਼ਨ ਸਿੰਘ, ਛਹਿਬਰ ਸਿੰਘ, ਮਲਕੀਤ ਸਿੰਘ ਨੰਬਰਦਾਰ, ਜਥੇਦਾਰ ਸੁਖਪਾਲ ਸਿੰਘ ਸੁੱਖੀ, ਟਰੈਕਟਰ ਟਰਾਲੀ ਯੂਨੀਅਨ ਦੇ ਆਗੂ ਪ੍ਰਕਾਸ਼ ਸਿੰਘ ਕਾਲਾ, ਨੌਜਵਾਨ ਮਨਪ੍ਰੀਤ ਸਿੰਘ, ਰਘਵੀਰ ਸਿੰਘ, ਲਖਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਜੂਦ ਸਨ। ਅਖੀਰ ’ਚ ਸਾਰਿਆਂ ਨੇ ਸਹਿਮਤੀ ਨਾਲ ਫੈਸਲਾ ਕੀਤਾ ਕਿ ਕੱਲ੍ਹ ਨੂੰ ਪਿੰਡ ਵਾਸੀਆਂ ਦਾ ਦੁਆਰਾ ਇਕੱਠ ਕੀਤਾ ਜਾਵੇਗਾ । ਉਪਰੰਤ ਡੈਪੂਟੇਸ਼ਨ ਵੱਲੋਂ ਪੁਲਿਸ ਚੌਕੀ ਭੁੱਚੋ ਮੰਡੀ ਵਿਖੇ ਅਧਿਕਾਰੀਆਂ ਨੂੰ ਮਿਲ ਕੇ ਚਾਰਾਜੋਈ ਕਰਨ ਲਈ ਕਿਹਾ ਜਾਵੇਗਾ ਤੇ ਭਵਿੱਖ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
ਵਿਗੜਦੀ ਕਾਨੂੰਨ ਵਿਵਸਥਾ ਤੇ ਵਧਦੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ’ਚ ਰੋਸ
ਅਜੀਤ ਡੈਸਕ
29-06-2026