ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

30-06-26

Ad Position 21
No active advertisement
ਅਜੀਤ ਡੈਸਕ 30-06-2026

 ਸੰਯੋਜਕ ਨਾੜੀ ਪ੍ਰਬੰਧ
ਮਨੋਵਿਗਿਆਨ ਦੇ ਜੀਵ-ਵਿਗਿਆਨ ਵਿਸ਼ੇ ਨਾਲ ਸੰਬੰਧਿਤ ਨਾੜੀ ਪ੍ਰਬੰਧ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਦਾ ਪ੍ਰਮੁੱਖ ਕਾਰਨ ਸਰੀਰਕ ਤੇ ਮਾਨਸਿਕ ਕਿਰਿਆਵਾਂ ਦਾ ਆਪਸੀ ਗਹਿਰਾ ਸੰਬੰਧ ਹੁੰਦਾ ਹੈ। ਨਾੜੀ ਪ੍ਰਬੰਧ ਨੂੰ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਪਹਿਲਾ ਕੇਂਦਰੀ ਨਾੜੀ ਪ੍ਰਬੰਧ ਅਤੇ ਦੂਜਾ ਸੰਯੋਜਕ ਨਾੜੀ ਪ੍ਰਬੰਧ। ਪਹਿਲੇ ਕੇਂਦਰੀ ਨਾੜੀ ਪ੍ਰਬੰਧ ਵਿਚ ਦਿਮਾਗ ਅਤੇ ਸ਼ੂਸਮਨਾ ਨਾੜੀ ਜੁੜੇ ਹੁੰਦੇ ਹਨ। ਦਿਮਾਗ਼ ਅਤੇ ਸ਼ੁਸ਼ਮਨਾ ਨਾੜੀ ਦੇ ਘੇਰੇ ਤੋਂ ਬਾਹਰ ਵਾਲੇ ਨਾੜੀ ਪ੍ਰਬੰਧ ਨੂੰ ਸੰਯੋਜਕ ਨਾੜੀ ਪ੍ਰਬੰਧ ਕਿਹਾ ਜਾਂਦਾ ਹੈ। ਇਥੇ ਨਾੜੀਆਂ ਦਾ ਜਾਲ ਵਿਛਿਆ ਹੁੰਦਾ ਹੈ। ਸੰਯੋਜਕ ਨਾੜੀ ਪ੍ਰਬੰਧ ਦਾ ਮੁੱਖ ਕੰਮ ਗਿਆਨ ਇੰਦਰੀਆਂ ਦੇ ਤਜਰਬਿਆਂ ਨੂੰ ਕੇਂਦਰੀ ਨਾੜੀ ਪ੍ਰਬੰਧ ਤੱਕ ਪਹੁੰਚਾਉਣਾ ਅਤੇ ਨਾਲ ਹੀ ਕੇਂਦਰੀ ਨਾੜੀ ਪ੍ਰਬੰਧ ਦੇ ਸੁਨੇਹੇ ਨੂੰ ਮਾਸ-ਪੇਸ਼ੀਆਂ ਤੱਕ ਭੇਜਣ ਦਾ ਹੁੰਦਾ ਹੈ। ਇਸ ਤਰ੍ਹਾਂ ਸੋਯਜਕ ਨਾੜੀ ਪ੍ਰਬੰਧ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਹੈ। ਸੰਯੋਜਕ ਨਾੜੀ ਪ੍ਰਬੰਧ ਦੇ ਦੋ ਭਾਗ ਹੁੰਦੇ ਹਨ ਜਿਨ੍ਹਾਂ ਨੂੰ ਸਵੈ-ਚਲਿਤ ਨਾੜੀ ਪ੍ਰਬੰਧ ਅਤੇ ਸੋਮੈਟਿਕ ਨਾੜੀ ਪ੍ਰਬੰਧ ਵਿਚ ਗਤੀਵਾਹਕ ਅਤੇ ਗਿਆਨ ਵਾਹਕ ਨਾੜੀਆਂ ਹੁੰਦੀਆਂ ਹਨ। ਜਦੋਂ ਕਿ ਇਸ ਦੀ ਤੁਲਨਾ ਵਿਚ ਸਵੈ-ਚਲਿਤ ਨਾੜੀ ਪ੍ਰਬੰਧ ਵਿਚ ਸਿਰਫ਼ ਗਤੀਵਾਹਕ ਨਾੜੀਆਂ ਹੀ ਹੁੰਦੀਆਂ ਹਨ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਗੜ੍ਹਸ਼ੰਕਰ (ਹੁਸ਼ਿਆਰਪੁਰ)

ਸਮਾਜਿਕ ਅਲਾਮਤਾਂ ਤੋਂ ਬਚੋ

ਅਲਾਮਤ ਕੋਈ ਵੀ ਹੋਵੇ ਉਹ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਹੀ ਨਹੀਂ, ਸਗੋਂ ਮਨੁੱਖ ਨੂੰ ਵੀ ਅੰਦਰੋ ਅੰਦਰੀ ਘੁਣ ਵਾਂਗ ਖਾਂਦੀ ਰਹਿੰਦੀ ਹੈ। ਇਸ ਲਈ ਇਸ ਤੋਂ ਛੁਟਕਾਰਾ ਪਾਉਣਾ ਹੀ ਬਿਹਤਰ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਉਨ੍ਹਾਂ ਅਲਾਮਤਾਂ ਦੀ ਜਿਨ੍ਹਾਂ ਨੇ ਸਾਨੂੰ ਤੇ ਸਾਡੇ ਸਮਾਜ ਨੂੰ ਮੱਕੜਜਾਲ ਵਾਂਗ ਜਕੜਿਆ ਹੋਇਆ ਹੈ। ਇਨ੍ਹਾਂ ਅਲਾਮਤਾਂ 'ਚ ਗਰੀਬੀ ਬੇਰੁਜ਼ਗਾਰੀ, ਦਾਜ ਪ੍ਰਥਾ, ਨਸ਼ੇ ਦੀ ਲੱਤ ਤੇ ਬੇਲੋੜੇ ਰੀਤੀ ਰਿਵਾਜ਼ ਮੁੱਖ ਤੌਰ 'ਤੇ ਸ਼ਾਮਿਲ ਹਨ। ਅਜੋਕੇ ਯੁੱਗ 'ਚ ਅਜਿਹੀਆਂ ਅਲਾਮਤਾਂ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਅਲਾਮਤਾਂ ਤੋਂ ਬਚਣ ਦੀ ਕੋਸ਼ਿਸ਼ ਕਰੋ, ਤਰੱਕੀ ਦੀਆਂ ਪੁਲਾਂਘਾਂ ਪੁੱਟੋ ਅਤੇ ਜ਼ਿੰਦਗੀ ਵਿਚ ਕਾਮਯਾਬੀ ਹਾਸਿਲ ਕਰਕੇ ਇਕ ਸਫਲ ਇਨਸਾਨ ਬਣੋ।

-ਲੈਕਚਰਾਰ ਅਜੀਤ ਖੰਨਾ

ਮਹਿੰਗਾਈ ਦੀ ਚੱਕੀ

ਦੇਸ਼ 'ਚ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਲੈ ਕੇ ਮੱਧ ਵਰਗ ਤੇ ਗਰੀਬ ਵਰਗ ਵੱਡੀ ਚਿੰਤਾ ਵਿਚ ਹਨ। ਇਨ੍ਹਾਂ ਵਰਗਾਂ ਦੀ ਜਨਤਾ ਵਿਚ ਬਹੁ-ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜੋ ਕਿ ਉਹੀ ਕਮਾਉਣ ਅਤੇ ਉਹੀ ਖਾਣ ਵਾਲੇ ਹਨ, ਜਿਹੜੇ ਇਹ ਸੋਚਣ ਲਈ ਮਜਬੂਰ ਹਨ ਕਿ 'ਇਸ ਮਹਿੰਗਾਈ ਰੂਪੀ ਜਿੰਨ ਨੂੰ ਕੌਣ ਕਾਬੂ ਕਰੇਗਾ ਅਤੇ ਉਹ ਕਦੋਂ ਤੱਕ ਮਹਿੰਗਾਈ ਦੀ ਚੱਕੀ ਵਿਚ ਪਿਸਦੇ ਰਹਿਣਗੇ? ਇਸ ਸੰਕਟਮਈ ਸਮੇਂ ਉਨ੍ਹਾਂ ਦੀ ਬਾਂਹ ਕੌਣ ਫੜੇਗਾ? ਆਏ ਦਿਨ ਵਧ ਰਹੀਆਂ ਡੀਜ਼ਲ, ਪੈਟਰੋਲ ਅਤੇ ਗੈਸ (ਕੁਕਿੰਗ) ਦੀਆਂ ਕੀਮਤਾਂ ਕਾਰਨ ਟਰਾਂਸਪੋਰਟ ਦੇ ਖ਼ਰਚੇ ਵੀ ਵਧ ਰਹੇ ਹਨ ਅਤੇ ਇਸ ਦਾ ਅਸਰ ਸਮੁੱਚੀ ਮਾਰਕੀਟ ਉੱਪਰ ਮਾਰੂ ਅਸਰ ਪਾ ਰਿਹਾ ਹੈ। ਸੀਮਤ ਬਜਟ ਵਾਲੇ ਮੱਧ ਵਰਗੀ ਅਤੇ ਹੇਠਲੇ ਵਰਗ ਦੇ ਲੋਕਾਂ ਨੂੰ ਆਪਣੇ ਘਰ ਦੇ ਗੁਜ਼ਾਰੇ ਚਲਾਉਣੇ ਔਖੇ ਹੋ ਰਹੇ ਹਨ। ਭਾਵੇਂ ਉਪਰਲੇ ਵਰਗ ਉੱਪਰ ਵੀ ਮਹਿੰਗਾਈ ਦਾ ਅਸਰ ਤਾਂ ਪੈਂਦਾ ਹੈ, ਪਰ ਉਸ ਵਰਗ ਕੋਲ ਅਸੀਮਤ ਬਜਟ ਹੋਣ ਕਰਕੇ ਉਹ ਇਸ ਦੇ ਅਸਰ ਨੂੰ ਬਰਦਾਸ਼ਤ ਕਰ ਸਕਦੇ ਹਨ। ਜਦਕਿ ਆਈ ਚਲਾਈ ਵਾਲੀ ਗਰੀਬ ਜਨਤਾ ਲਈ ਤਾਂ 2 ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੁੰਦਾ ਜਾ ਰਿਹਾ ਹੈ ਅਤੇ ਬਾਕੀ ਦੇ ਖ਼ਰਚੇ ਜ਼ਿੰਦਗੀ ਚਲਾਉਣ ਲਈ ਉਹ ਕਿਥੋਂ ਅਤੇ ਕਿਵੇਂ ਕਰੇਗੀ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਮਹਿੰਗਾਈ ਕਾਬੂ ਵਿਚ ਰੱਖਣ ਦੀ ਲੋੜ ਹੈ ਕਿ ਦੇਸ਼ ਦੀ ਗਰੀਬ ਜਨਤਾ ਉੱਪਰ ਕੋਈ ਵਾਧੂ ਆਰਥਿਕ ਭਾਰਨਾ ਪਵੇ ਅਤੇ ਉਸ ਨੂੰ ਕੁਝ ਰਾਹਤ ਮਿਲ ਸਕੇ।

-ਜਗਤਾਰ ਸਿੰਘ ਝੋਜੜ, ਹੁਸ਼ਿਆਰਪੁਰ।

ਨਾਨਕੇ ਜਾਣ ਦਾ ਚਾਅ

ਸਮੇਂ ਨੇ ਕਰਵਟ ਲੈ ਲਈ ਹੈ। ਪਿਛਲੇ ਸਮੇਂ 'ਤੇ ਨਜ਼ਰ ਮਾਰੀਏ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਰਹਿਣ-ਸਹਿਣ ਵਿਚ ਤਬਦੀਲੀ, ਮਿਲ-ਵਰਤਨ ਵਿਚ ਬਦਲਾਅ ਆ ਗਿਆ ਹੈ। ਪਹਿਲਾਂੰ ਬੱਚਿਆਂ ਨੂੰ ਜੂਨ ਮਹੀਨੇ ਦੀਆਂ ਛੁੱਟੀਆਂ ਵਿਚ ਨਾਨਕੇ ਘਰ ਜਾਣ ਦਾ ਬਹੁਤ ਚਾਅ ਸੀ। ਸਾਰਾ ਮਹੀਨਾ ਨਾਨਕੇ ਘਰ ਖਰਮਸਤੀਆਂ ਕਰਦੇ ਮਨ ਦੀਆਂ ਰੀਝਾਂ ਪੂਰੀਆਂ ਕਰਦੇ ਸੀ। ਹੁਣ ਸਮੇਂ ਦੇ ਲਿਹਾਜ਼ ਨਾਲ਼ ਨਾਨਕੇ ਪਿੰਡ ਦੀ ਤਸਵੀਰ ਬਦਲ ਗਈ। ਹੁਣ ਨਾਨਕੇ ਘਰ ਜਾਣ ਦੀ ਬਜਾਇ-ਪਹਾੜਾਂ ਵੱਲ ਮੂੰਹ ਕਰ ਲਿਆ ਹੈ। ਨਾਨਕੇ ਘਰ ਜਾਣ ਦੀ ਉਤਸੁਕਤਾ ਮੁੱਕ ਗਈ ਹੈ। ਮੈਨੂੰ ਯਾਦ ਹੈ, ਜੂਨ ਮਹੀਨੇ ਦੀਆਂ ਛੁੱਟੀਆਂ ਨਾਨਕੇ ਪਿੰਡ ਗੁਜ਼ਾਰ ਕੇ ਆਉਂਦੇ ਸਾਂ। ਸਾਰਾ ਪਿੰਡ ਜਾਣਨ ਲੱਗ ਪੈਂਦਾ ਸੀ। ਇਕ ਵਾਰ ਮੈਂ ਤੇ ਮੇਰਾ ਵੱਡਾ ਭਰਾ ਨਾਨਕੇ ਪਿੰਡ ਛੁੱਟੀਆਂ ਗੁਜ਼ਾਰਨ ਗਏ ਸ਼ਾਮ ਵੇਲੇ ਮੰਜੇ 'ਤੇ ਛਾਲਾਂ ਮਾਰਨ ਲੱਗ ਪਏ. ਨਾਨੀ ਨੇ ਸਾਨੂੰ ਘੂਰਿਆ। ਅਸੀਂ ਸ਼ਰਾਰਤ ਕਰਨ ਤੋਂ ਬਾਜ਼ ਨਾ ਆਏ। ਅਚਾਨਕ ਛਾਲਾਂ ਮਾਰਦੇ ਸਮੇਂ ਮੇਰਾ ਮੱਥਾ ਪਾਵੇ ਨਾਲ ਵੱਜ ਕੇ ਖ਼ੂਨ ਨਿਕਲਣ ਲੱਗਾ ਤਾਂ ਨਾਨੀ ਨੇ ਆਪਣੇ ਪੈਰ ਤੋਂ ਚੱਪਲ ਲਾਹ ਕੇ ਮੇਰੀ ਚੰਗੀ ਸੇਵਾ ਕਰਨ ਤੋਂ ਬਾਅਦ ਪੱਟੀ ਕਰਵਾਈ ਸੀ। ਉਸ ਸੱਟ ਦਾ ਨਿਸ਼ਾਨ ਮੇਰੇ ਮੱਥੇ ਵਿਚ ਹੁਣ ਵੀ ਦਿਸਦਾ ਹੈ। ਜਦੋਂ ਹੁਣ ਨਾਨਕਾ ਪਿੰਡ ਵੱਲ ਨਜ਼ਰ ਮਾਰ ਕੇ ਵੇਖਦਾ ਹਾਂ ਤਾਂ ਹੁਣ ਸਾਰੀ ਪੀੜ੍ਹੀ ਬਦਲ ਗਈ ਹੈ। ਬਾਲ ਕਵਿਤਾਵਾਂ ਲਿਖਣਾ ਪ੍ਰੇਰਨਾ ਦਿੰਦਾ ਰਹਿੰਦਾ ਹੈ। ਯਾਦਾਂ ਦਾ ਸਰਮਾਇਆ ਯਾਦਾਂ ਦੇ ਝਰੋਖੇ ਵਿਚ ਹੈ। ਮੇਰੇ ਨਾਨਕਾ ਪਿੰਡ ਗੋਬਿੰਦਪੁਰਾ ਦੀ ਯਾਦ ਦਿਵਾਉਂਦਾ ਰਹਿੰਦਾ ਹੈ। ਆਪਣੇ ਮਨ ਵਿਚ ਉਸ ਪਿੰਡ ਲਈ ਦੁਆਵਾਂ ਕਰਦਾ ਹਾਂ। ਜਿਸ ਦੀ ਬਦਲੌਤ 'ਨਾਨਕਿਆਂ ਦਾ ਪਿੰਡ' ਕਿਤਾਬ ਲਿਖਣ ਦਾ ਸਬੱਬ ਬਣਿਆ।

-ਰਾਮ ਸਿੰਘ ਪਾਠਕ

ਆਮ ਇਨਸਾਨ ਲਈ ਇਨਸਾਫ਼ ਕਿੱਥੇ?

ਆਮ ਇਨਸਾਨ ਆਪਣੀ ਪੂਰੀ ਜ਼ਿੰਦਗੀ ਮਿਹਨਤ, ਸਬਰ ਅਤੇ ਉਮੀਦ ਨਾਲ ਗੁਜ਼ਾਰ ਦਿੰਦਾ ਹੈ। ਜਦੋਂ ਉਸ ਨਾਲ ਬੇਇਨਸਾਫ਼ੀ ਹੁੰਦੀ ਹੈ, ਉਹ ਦਰ ਦਰ ਇਨਸਾਫ਼ ਦੀ ਭਾਲ ਕਰਦਾ ਹੈ। ਪਰ ਕਈ ਵਾਰ ਉਸ ਦੀ ਆਵਾਜ਼ ਭੀੜ ਵਿਚ ਗੁੰਮ ਹੋ ਜਾਂਦੀ ਹੈ ਅਤੇ ਉਸ ਦੀ ਉਡੀਕ ਸਾਲਾਂ ਲੰਬੀ ਹੋ ਜਾਂਦੀ ਹੈ। ਸਵਾਲ ਇਹ ਨਹੀਂ ਕਿ ਕਾਨੂੰਨ ਮੌਜੂਦ ਹੈ ਜਾਂ ਨਹੀਂ, ਸਵਾਲ ਇਹ ਹੈ ਕਿ ਇਕ ਆਮ ਇਨਸਾਨ ਤੱਕ ਇਨਸਾਫ਼ ਸਮੇਂ ਸਿਰ ਪਹੁੰਚਦਾ ਹੈ ਜਾਂ ਨਹੀਂ। ਜਦੋਂ ਸੱਚ ਨੂੰ ਸਾਬਤ ਕਰਨ ਲਈ ਉਮਰ ਲੰਘ ਜਾਵੇ, ਤਾਂ ਇਨਸਾਫ਼ ਦੀ ਉਮੀਦ ਵੀ ਥੱਕਣ ਲੱਗ ਪੈਂਦੀ ਹੈ। ਇਕ ਸਮਾਜ ਦੀ ਅਸਲ ਤਾਕਤ ਉਸ ਵੇਲੇ ਸਾਬਤ ਹੁੰਦੀ ਹੈ, ਜਦੋਂ ਸਭ ਤੋਂ ਕਮਜ਼ੋਰ ਅਤੇ ਆਮ ਇਨਸਾਨ ਨੂੰ ਵੀ ਬਰਾਬਰੀ ਨਾਲ ਇਨਸਾਫ਼ ਮਿਲੇ। ਕਿਉਂਕਿ ਜਿਸ ਸਮਾਜ ਵਿਚ ਆਮ ਆਦਮੀ ਦੀ ਸੁਣਵਾਈ ਨਹੀਂ ਹੁੰਦੀ, ਉੱਥੇ ਭਰੋਸਾ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ।

-ਮੰਜੂ ਰਾਇਕਾ, ਸੰਗਰੂਰ।

 

Ad Position 22
No active advertisement
ਪਿਛਲੀ ਖ਼ਬਰ var ਅਗਲੀ ਖ਼ਬਰ ਪੰਜਾਬ ਦੀ ਰਾਜਨੀਤਕ ਸਥਿਤੀ ਤੇ ਭਾਜਪਾ ਦੀਆਂ ਸੰਭਾਵਨਾਵਾਂ
Ad Position 24
No active advertisement