06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਚਿਨ ਪਾਇਲਟ ਦੀ ਜ਼ਿੰਮੇਵਾਰੀ

ਸਚਿਨ ਪਾਇਲਟ ਦੀ ਜ਼ਿੰਮੇਵਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਵਜੋਂ ਸਚਿਨ ਪਾਇਲਟ ਦੀ ਨਿਯੁਕਤੀ ਕਰ ਦਿੱਤੀ ਹੈ | ਪੰਜਾਬ ਕਾਂਗਰਸ ਦੇ ਪਹਿਲੇ ਇੰਚਾਰਜ ਭੁਪੇਸ਼ ਬਘੇਲ ਨੂੰ  ਅਸਾਮ ਕਾਂਗਰਸ ਦਾ ਇੰਚਾਰਜ ਲਾਇਆ ਗਿਆ ਹੈ | ਪੰਜਾਬ ਦੇ ਕਾਂਗਰਸੀ ਹਲਕਿਆਂ ਵਿਚ ਇਸ ਖ਼ਬਰ ਨੂੰ  ਬੜੇ ਉਤਸ਼ਾਹ ਨਾਲ ਦੇਖਿਆ ਗਿਆ ਹੈ | ਸਚਿਨ ਪਾਇਲਟ ਕਾਂਗਰਸ ਦੇ ਸੀਨੀਅਰ ਤੇ ਨੌਜਵਾਨ ਆਗੂ ਹਨ ਅਤੇ ਉਨ੍ਹਾਂ ਨੂੰ  ਰਾਹੁਲ ਗਾਂਧੀ ਦਾ ਨਜ਼ਦੀਕੀ ਸਮਝਿਆ ਜਾਂਦਾ ਹੈ | ਉਹ 2014 ਤੋਂ 2020 ਤੱਕ ਰਾਜਸਥਾਨ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ ਅਤੇ 2018 ਤੋਂ 2020 ਤੱਕ ਰਾਜ ਦੇ ਉਪ ਮੁੱਖ ਮੰਤਰੀ ਵੀ ਰਹੇ ਹਨ | ਰਾਜਸਥਾਨ ਦੇ ਉਸ ਸਮੇਂ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਉਨ੍ਹਾਂ ਦੀ ਕਦੇ ਵੀ ਬਹੁਤੀ ਨਹੀਂ ਬਣੀ | ਇਕ ਸਮੇਂ ਉਨ੍ਹਾਂ ਦੇ ਪਾਰਟੀ ਛੱਡ ਜਾਣ ਦੀ ਵੀ ਚਰਚਾ ਹੁੰਦੀ ਰਹੀ ਸੀ, ਹਾਲਾਂਕਿ ਉਹ ਕਾਂਗਰਸ ਵਿਚ ਹੀ ਡਟੇ ਰਹੇ |
ਇੱਥੇ ਵਰਨਣਯੋਗ ਹੈ ਕਿ ਪੰਜਾਬ ਕਾਂਗਰਸ ਵਿਚ ਪਿਛਲੇ ਲੰਮੇ ਸਮੇਂ ਤੋਂ ਧੜੇਬੰਦੀ ਚੱਲੀ ਆ ਰਹੀ ਹੈ | ਭਾਵੇਂ ਪੰਜਾਬ ਕਾਂਗਰਸ ਵਿਚ ਛੋਟੇ-ਵੱਡੇ ਕਈ ਧੜੇ ਹਨ ਪਰ ਮੁੱਖ ਤੌਰ 'ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਧੜੇ ਉੱਭਰ ਕੇ ਸਾਹਮਣੇ ਆਉਂਦੇ ਰਹੇ ਹਨ | ਕਾਂਗਰਸ ਦੀ ਹਾਈਕਮਾਨ ਨੇ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਰਹੇ ਭੁਪੇਸ਼ ਬਘੇਲ ਨੇ ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ  ਖ਼ਤਮ ਕਰਨ ਲਈ ਅਨੇਕਾਂ ਯਤਨ ਕੀਤੇ | ਹਰ ਵਾਰ ਦਿੱਲੀ ਵਿਚ ਪਾਰਟੀ ਦੇ ਨੇਤਾਵਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਪਰ 'ਮਰਜ਼ ਬੜਤਾ ਗਿਆ ਜਿਉਂ ਜਿਉਂ ਦਵਾ ਕੀ' ਵਾਲੀ ਗੱਲ ਹੀ ਹੁੰਦੀ ਰਹੀ | ਚੰਨੀ ਧੜੇ ਵਿਚ ਇਹੀ ਪ੍ਰਭਾਵ ਬਣਿਆ ਰਿਹਾ ਕਿ ਭੁਪੇਸ਼ ਬਘੇਲ ਰਾਜਾ ਵੜਿੰਗ ਧੜੇ ਦਾ ਹੀ ਪੱਖ ਲੈ ਰਹੇ ਹਨ | ਕਾਂਗਰਸ ਦੇ ਕੌਮੀ ਸੰਗਠਨ ਸਕੱਤਰ ਕੇ.ਸੀ. ਵੇਣੂਗੋਪਾਲ ਬਾਰੇ ਵੀ ਪੰਜਾਬ ਕਾਂਗਰਸ ਦੇ ਕੁਝ ਆਗੂਆਂ ਵਿਚ ਇਹੀ ਪ੍ਰਭਾਵ ਬਣਦਾ ਜਾ ਰਿਹਾ ਸੀ | ਪੰਜਾਬ ਦੇ ਸਿਆਸੀ ਹਲਕਿਆਂ ਵਿਚ ਇਹ ਪ੍ਰਭਾਵ ਵੀ ਬਣਨ ਲੱਗ ਪਿਆ ਸੀ ਕਿ ਕਾਂਗਰਸ ਹਾਈਕਮਾਨ ਪੰਜਾਬ ਵਿਚ ਕਾਂਗਰਸ ਦੀ ਧੜੇਬੰਦੀ ਖ਼ਤਮ ਕਰਨ ਦੇ ਮਾਮਲੇ 'ਚ ਨਾਕਾਮ ਸਿੱਧ ਹੋ ਰਹੀ ਹੈ | ਇਨ੍ਹਾਂ ਸਥਿਤੀਆਂ ਵਿਚ ਜਦੋਂ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕੁਝ ਮਹੀਨੇ ਹੀ ਰਹਿ ਗਏ ਹਨ, ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਨਿਯੁਕਤੀ ਹੋਈ ਹੈ | ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ  ਖ਼ਤਮ ਕਰਕੇ ਸਾਰੇ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ  ਆਗਾਮੀ ਵਿਧਾਨ ਸਭਾ ਚੋਣਾਂ ਲਈ ਇਕ ਮੰਚ 'ਤੇ ਲਿਆਉਣਾ ਹੈ, ਕਿਉਂਕਿ ਰਾਜ ਦੀਆਂ ਬਾਕੀ ਸਿਆਸੀ ਪਾਰਟੀਆਂ ਖ਼ਾਸ ਕਰਕੇ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਚੋਣ ਤਿਆਰੀਆਂ ਦੇ ਪੱਖ ਤੋਂ ਕਾਫ਼ੀ ਅੱਗੇ ਜਾ ਚੁੱਕੀਆਂ ਹਨ | ਅਗਲੇ ਦਿਨਾਂ ਵਿਚ ਕਾਂਗਰਸ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਨੂੰ  ਤਿਆਰ ਕਰਨ ਅਤੇ ਕਾਂਗਰਸੀਆਂ ਵਿਚ ਉਤਸ਼ਾਹ ਪੈਦਾ ਕਰਨ ਲਈ ਅੰਮਿ੍ਤਸਰ ਤੋਂ ਮਾਲਵੇ ਤੱਕ ਲੰਮੀ ਬੱਸ ਯਾਤਰਾ ਵੀ ਕਰਨ ਵਾਲੇ ਹਨ | ਸਚਿਨ ਪਾਇਲਟ ਸਾਹਮਣੇ ਇਸ ਯਾਤਰਾ ਨੂੰ  ਸਫ਼ਲ ਬਣਾਉਣ ਦੀ ਵੀ ਵੱਡੀ ਜ਼ਿੰਮੇਵਾਰੀ ਹੈ |
ਜੇਕਰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਪ੍ਰਭਾਵੀ ਢੰਗ ਨਾਲ ਸ਼ਿਰਕਤ ਕਰਨੀ ਹੈ ਤਾਂ ਪਾਰਟੀ ਨੂੰ  ਬੂਥ ਪੱਧਰ ਤੱਕ ਮਜ਼ਬੂਤ ਕਰਨਾ ਵੀ ਬੇਹੱਦ ਜ਼ਰੂਰੀ ਹੋਵੇਗਾ, ਕਿਉਂਕਿ ਭਾਜਪਾ ਦੀ ਹਮੇਸ਼ਾ ਇਹ ਰਣਨੀਤੀ ਰਹੀ ਹੈ ਕਿ ਪਾਰਟੀ ਨੂੰ  ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇ | ਇਸ ਲਈ ਪਾਰਟੀ ਵਲੋਂ ਬੂਥ ਪੱਧਰ 'ਤੇ ਵੋਟਰ ਸੂਚੀਆਂ ਦੇ ਆਧਾਰ 'ਤੇ ਪੰਨਾ ਪ੍ਰਮੁੱਖ ਤੇ ਇੱਥੋਂ ਤੱਕ ਅੱਧਾ ਪੰਨਾ ਪ੍ਰਮੁੱਖ ਤੱਕ ਨਿਯੁਕਤ ਕੀਤੇ ਜਾਂਦੇ ਹਨ | ਬਿਨਾਂ ਸ਼ੱਕ ਪੰਜਾਬ ਦੇ ਕਾਂਗਰਸੀ ਹਲਕਿਆਂ ਦੀਆਂ ਨਜ਼ਰਾਂ ਅਗਲੇ ਦਿਨਾਂ ਵਿਚ ਸਚਿਨ ਪਾਇਲਟ ਅਤੇ ਪੰਜਾਬ ਕਾਂਗਰਸ ਦੇ ਹੋਰ ਸੀਨੀਅਰ ਆਗੂਆਂ 'ਤੇ ਰਹਿਣਗੀਆਂ ਕਿ ਪਿਛਲੇ ਕਈ ਮਹੀਨੇ ਤੋਂ ਪੰਜਾਬ ਕਾਂਗਰਸ ਵਿਚ ਪਏ ਖਿਲਾਰੇ ਨੂੰ  ਨਜਿੱਠਣ ਅਤੇ ਪਾਰਟੀ ਨੂੰ  ਚੋਣਾਂ ਲਈ ਤਿਆਰ ਕਰਨ ਸੰਬੰਧੀ ਆਪਸੀ ਸਹਿਯੋਗ ਨਾਲ  ਕਿੰਨੇ ਬਿਹਤਰ ਢੰਗ ਨਾਲ ਕੰਮ ਕਰਨ ਵਿਚ ਸਫ਼ਲ ਹੁੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ | —ਬਲਟਾਸਰ ਗਰੈਕ... ਅਗਲੀ ਖ਼ਬਰ ਕੀ ਭਾਜਪਾ ਦੀਆਂ ਨੀਤੀਆਂ ਰਾਹੁਲ ਗਾਂਧੀ ਦੇ ਹੱਕ ਵਿਚ ਜਾ ਰਹੀਆਂ ਹਨ?
Ad Position 24