
ਹਰਿਆਣਾ ਦੇ ਬਹੁਤ ਚਰਚਿਤ 504 ਕਰੋੜ ਰੁਪਏ ਦੇ ਆਈ.ਡੀ.ਐਫ.ਸੀ. ਫਸਟ ਬੈਂਕ ਘੁਟਾਲੇ 'ਚ ਸੀ.ਬੀ.ਆਈ. ਨੇ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ 'ਚ ਆਪਣਾ ਤੀਜਾ ਦੋਸ਼-ਪੱਤਰ ਦਾਇਰ ਕਰਦਿਆਂ 6 ਆਈ.ਏ.ਐਸ. ਅਧਿਕਾਰੀਆਂ- ਮੁਹੰਮਦ ਸ਼ਾਈਨ, ਡਾ.ਸਾਕੇਤ ਕੁਮਾਰ, ਪ੍ਰਦੀਪ ਕੁਮਾਰ, ਵਿਨੀਤ ਗਰਗ, ਪੰਕਜ ਅਗਰਵਾਲ ਅਤੇ ਆਰ.ਕੇ.ਸਿੰਘ ਨੂੰ ਦੋਸ਼ੀਆਂ ਵਜੋਂ ਨਾਮਜ਼ਦ ਕੀਤਾ ਹੈ | ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਆਰ.ਕੇ. ਸਿੰਘ, ਪੰਕਜ ਅਗਰਵਾਲ ਤੇ ਪ੍ਰਦੀਪ ਕੁਮਾਰ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ, ਜਦੋਂ ਕਿ ਮੁਹੰਮਦ ਸ਼ਾਈਨ, ਡਾ. ਸਾਕੇਤ ਕੁਮਾਰ ਤੇ ਵਿਨੀਤ ਗਰਗ ਗਿ੍ਫ਼ਤਾਰੀ ਦਾ ਸਾਹਮਣਾ ਕਰ ਰਹੇ ਹਨ | ਸੀ.ਬੀ.ਆਈ. ਵਲੋਂ ਆਈ.ਡੀ.ਐਫ.ਸੀ. ਬੈਂਕ ਦੇ 3 ਤੇ ਇਕ ਨਿੱਜੀ ਬੈਂਕ ਦੇ ਅਧਿਕਾਰੀ ਨੂੰ ਵੀ ਦੋਸ਼ੀਆਂ ਵਜੋਂ ਨਾਮਜ਼ਦ ਕੀਤਾ ਗਿਆ ਹੈ | ਸੀ.ਬੀ.ਆਈ. ਨੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਅਪਰਾਧਿਕ ਸਾਜਿਸ਼, ਧੋਖਾਧੜੀ, ਸਬੂਤਾਂ ਨੂੰ ਨਸ਼ਟ ਕਰਨ, ਜਾਅਲਸਾਜ਼ੀ, ਜਾਅਲੀ ਦਸਤਾਵੇਜ਼ਾਂ ਨੂੰ ਅਸਲੀ ਵਜੋਂ ਵਰਤਣਾ, ਖਾਤਿਆਂ 'ਚ ਹੇਰਾਫੇਰੀ ਕਰਨ 'ਤੇ ਭਾਰਤੀ ਦੰਡ ਸੰਹਿਤਾ (ਆਈ.ਪੀ.ਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਉਣ ਤੋਂ ਇਲਾਵਾ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਰਿਸ਼ਵਤਖੋਰੀ ਤੇ ਅਪਰਾਧਿਕ ਦੁਰਾਚਾਰ ਦੇ ਦੋਸ਼ ਵੀ ਦਾਇਰ ਕੀਤੇ ਹਨ | ਜਿਨ੍ਹਾਂ ਅਧਿਕਾਰੀਆਂ ਖ਼ਿਲਾਫ਼ ਦੋਸ਼-ਪੱਤਰ ਦਾਇਰ ਕੀਤਾ ਗਿਆ ਹੈ, ਉਨ੍ਹਾਂ ਦੇ ਵਿਭਾਗਾਂ 'ਚ ਵੀ ਕਰੋੜਾਂ ਰੁਪਏ ਦਾ ਗਬਨ ਹੋਇਆ ਹੈ | ਇਸ ਦੋਸ਼-ਪੱਤਰ ਵਿਚ ਕੁੱਲ 37 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ | ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸਰਕਾਰੀ ਕਰਮਚਾਰੀਆਂ ਨੇ ਆਈ.ਡੀ.ਐਫ.ਸੀ. ਅਤੇ ਇਕ ਨਿੱਜੀ ਬੈਂਕ ਦੇ ਅਧਿਕਾਰੀਆਂ ਨਾਲ ਮਿਲ ਕੇ ਸਰਕਾਰੀ ਫੰਡਾਂ ਨੂੰ ਗਬਨ ਕਰਨ ਦੀ ਇਕ ਯੋਜਨਾਬੱਧ ਸਾਜਿਸ਼ ਰਚੀ ਸੀ | ਸੂਬੇ ਦੇ 8 ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਨਾਲ ਸੰਬੰਧਿਤ ਫੰਡਾਂ ਨੂੰ ਵੱਖ-ਵੱਖ ਬੈਂਕਾਂ ਤੋਂ ਕਢਵਾ ਕੇ ਆਈ.ਡੀ.ਐਫ.ਸੀ. ਅਤੇ ਇਕ ਹੋਰ ਨਿੱਜੀ ਬੈਂਕ ਦੀਆਂ ਖਾਸ ਸ਼ਾਖਾਵਾਂ ਵਿਚ ਟ੍ਰਾਂਸਫਰ ਕੀਤਾ ਗਿਆ | ਸੀ.ਬੀ.ਆਈ. ਅਨੁਸਾਰ ਇਸ ਪੂਰੀ ਪ੍ਰਕਿਰਿਆ ਦੌਰਾਨ ਰਾਜ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ, ਇਸ ਤੋਂ ਬਾਅਦ ਉਕਤ ਖਾਤਿਆਂ ਵਿਚ ਜਮ੍ਹਾਂ ਸਰਕਾਰੀ ਫੰਡ ਨੂੰ ਫਰਜ਼ੀ ਤਰੀਕੇ ਨਾਲ ਤੀਜੀ ਧਿਰ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤਾ ਗਿਆ, ਜਿਨ੍ਹਾਂ ਦਾ ਸਰਕਾਰੀ ਵਿਭਾਗਾਂ ਨਾਲ ਕੋਈ ਸੰਬੰਧ ਨਹੀਂ ਸੀ | ਇਸ ਮਾਮਲੇ 'ਚ ਫਸੇ ਦੋਸ਼ੀ ਅਧਿਕਾਰੀਆਂ 'ਚੋਂ ਵਿਨੀਤ ਗਰਗ 1991 ਬੈਚ ਦਾ ਆਈ.ਏ.ਐਸ. ਅਧਿਕਾਰੀ ਹੈ, ਜੋ ਅਗਲੇ ਸਾਲ ਸੇਵਾਮੁਕਤ ਹੋਣ ਵਾਲਾ ਹੈ | ਉਹ ਘੁਟਾਲੇ ਦੇ ਸਮੇਂ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵਿਚ ਤਾਇਨਾਤ ਸੀ | ਜਦਕਿ 2002 ਬੈਚ ਦੇ ਹਰਿਆਣਾ ਕੇਡਰ ਦੇ ਆਈ.ਏ.ਐਸ. ਅਧਿਕਾਰੀ ਮੁਹੰਮਦ ਸ਼ਾਈਨ ਘੁਟਾਲੇ ਦੇ ਸਮੇਂ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਵਿਚ ਤਾਇਨਾਤ ਸਨ | ਡਾ. ਸਾਕੇਤ ਕੁਮਾਰ 2005 ਬੈਚ ਦਾ ਹਰਿਆਣਾ ਕੇਡਰ ਦਾ ਆਈ.ਏ.ਐਸ ਅਧਿਕਾਰੀ ਹੈ, ਜੋ ਘੁਟਾਲੇ ਸਮੇਂ ਪੰਚਾਇਤ ਤੇ ਵਿਕਾਸ ਵਿਭਾਗ ਵਿਚ ਤਾਇਨਾਤ ਸੀ | ਸੀ.ਬੀ.ਆਈ. ਦੁਆਰਾ ਗਿ੍ਫ਼ਤਾਰ ਕੀਤਾ ਗਿਆ ਪੰਕਜ ਅਗਰਵਾਲ 2002 ਬੈਚ ਦਾ ਆਈ.ਏ.ਐਸ ਅਧਿਕਾਰੀ ਹੈ, ਜੋ ਘੁਟਾਲੇ ਦੇ ਸਮੇਂ ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਵਿਚ ਤਾਇਨਾਤ ਸੀ, ਜਦਕਿ ਪ੍ਰਦੀਪ ਕੁਮਾਰ 2011 ਬੈਚ ਦਾ ਹਰਿਆਣਾ ਕੇਡਰ ਦਾ ਅਧਿਕਾਰੀ ਘੁਟਾਲੇ ਦੇ ਸਮੇਂ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ 'ਚ ਤਾਇਨਾਤ ਸੀ ਤੇ ਹੁਣ ਸੇਵਾਮੁਕਤ ਹੋ ਚੁੱਕਾ ਹੈ | ਇਸ ਘੁਟਾਲੇ ਵਿਚ ਗਿ੍ਫ਼ਤਾਰ ਇਕ ਹੋਰ ਆਈ.ਏ.ਐਸ. ਅਧਿਕਾਰੀ ਆਰ.ਕੇ ਸਿੰਘ 2012 ਬੈਚ ਦੇ ਅਧਿਕਾਰੀ ਹਨ ਤੇ ਘੁਟਾਲੇ ਦੇ ਸਮੇਂ ਪੰਚਕੂਲਾ ਨਗਰ ਨਿਗਮ ਤੇ ਕਾਲਕਾ ਨਗਰ ਪ੍ਰੀਸ਼ਦ ਵਿਚ ਅਹੁਦੇ 'ਤੇ ਸਨ |
ਕੁੱਲ 37 ਮੁਲਜ਼ਮਾਂ ਵਿਰੁੱਧ ਦੋਸ਼-ਪੱਤਰ ਦਾਇਰ
ਪਹਿਲੇ 18 ਮੁਲਜ਼ਮਾਂ ਵਿਰੁੱਧ ਦਾਇਰ ਦੋਸ਼-ਪੱਤਰਾਂ ਤੋਂ ਬਾਅਦ ਹੁਣ 19 ਹੋਰ ਮੁਲਜ਼ਮਾਂ ਵਿਰੁੱਧ ਦੋਸ਼-ਪੱਤਰ ਦਾਇਰ ਕਰਨ ਨਾਲ ਇਸ ਮਾਮਲੇ ਵਿਚ ਦੋਸ਼ੀਆਂ ਦੀ ਕੁੱਲ ਗਿਣਤੀ 37 ਹੋ ਗਈ ਹੈ | ਸੀ.ਬੀ.ਆਈ. ਨੇੇ ਇਸ ਘੁਟਾਲੇ ਦੀ ਜਾਂਚ ਦੌਰਾਨ 54 ਥਾਵਾਂ 'ਤੇ ਤਲਾਸ਼ੀ ਲੈਣ ਸਮੇਂ ਮਹੱਤਵਪੂਰਨ ਸਬੂਤਾਂ ਦੇ ਨਾਲ ਲਗਭਗ 20 ਕਰੋੜ ਦਾ ਸੋਨਾ ਵੀ ਬਰਾਮਦ ਕੀਤਾ ਹੈ | ਜਾਂਚ ਏਜੰਸੀ ਨੇ ਹੁਣ ਤੱਕ 26 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਸੀ.ਬੀ.ਆਈ ਅਨੁਸਾਰ ਇਸ ਮਾਮਲੇ ਵਿਚ ਕੁੱਲ 504 ਕਰੋੜ ਰੁਪਏ ਦੇ ਗਬਨ ਦਾ ਪਤਾ ਲੱਗਿਆ ਹੈ | ਦੋਸ਼-ਪੱਤਰ ਵਿਚ ਨਾਮਜ਼ਦ ਵਿਅਕਤੀਆਂ 'ਚ ਹਰਿਆਣਾ ਬਿਜਲੀ ਉਤਪਾਦਨ ਨਿਗਮ ਤੋਂ ਦੀਪਤੀ ਕੌਸ਼ਿਕ ਤੇ ਰਾਜੇਸ਼ ਗੋਇਲ, ਵਿਕਾਸ ਤੇ ਪੰਚਾਇਤ ਵਿਭਾਗ ਤੋਂ ਪਿ੍ੰਸ ਸ਼ਰਮਾ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸੌਰਵ ਸ਼ਰਮਾ ਤੇ ਪ੍ਰਵੀਨ ਕੁਮਾਰ, ਪੰਚਕੂਲਾ ਨਗਰ ਨਿਗਮ ਤੋਂ ਸੁਰੇਂਦਰ ਜੈਨ, ਹਰਿਆਣਾ ਕਿਰਤ ਭਲਾਈ ਬੋਰਡ ਤੋਂ ਅਮਿਤ ਕੁਮਾਰ ਤੇ ਜੁਗਲ ਕਿਸ਼ੋਰ, ਆਈ.ਡੀ.ਐਫ.ਸੀ ਬੈਂਕ ਤੋਂ ਸ਼ਮੀਮ ਅਹਿਮਦ ਡਾਰ, ਸੁਧਾ ਗੋਇਲ ਤੇ ਕੁਲਦੀਪ ਸਿੰਘ ਜਦਕਿ ਇਕ ਨਿੱਜੀ ਬੈਂਕ ਤੋਂ ਚਰਨਜੀਤ ਸਿੰਘ ਰੰਧਾਵਾ ਸ਼ਾਮਿਲ ਹਨ |
ਖਿਡਾਰੀ ਬਣਨਗੇ ਐਚ.ਸੀ.ਐਸ ਤੇ ਐਚ.ਪੀ.ਐਸ
ਅੰਤਰਰਾਸ਼ਟਰੀ ਖੇਡਾਂ ਵਿਚ ਤਗਮੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਹਰਿਆਣਾ ਦੇ 7 ਖਿਡਾਰੀਆਂ ਨੂੰ ਹਰਿਆਣਾ ਸਿਵਲ ਸਰਵਿਸ (ਐਚ.ਸੀ.ਐਸ) ਤੇ ਹਰਿਆਣਾ ਪੁਲਿਸ ਸੇਵਾ (ਐਚ.ਪੀ.ਐਸ) 'ਚ ਨੌਕਰੀ ਦਿੱਤੀ ਜਾਵੇਗੀ | ਇਨ੍ਹਾਂ ਖਿਡਾਰੀਆਂ ਵਿਚ 4 ਦਿਵਿਆਂਗ ਐਥਲੀਟ ਸ਼ਾਮਿਲ ਹਨ, ਜਿਨ੍ਹਾਂ 'ਚੋਂ ਅੰਕੁਰ ਮਿੱਤਲ, ਅਭਿਸ਼ੇਕ ਵਰਮਾ, ਹਰਵਿੰਦਰ ਸਿੰਘ, ਤਰੁਣ ਢਿੱਲੋਂ, ਏਕਤਾ ਭਯਾਨ ਤੇ ਅਮਿਤ ਕੁਮਾਰ ਐਚ.ਸੀ.ਐਸ ਅਧਿਕਾਰੀ ਬਣਨਗੇ, ਜਦਕਿ ਮਨਜੀਤ ਸਿੰਘ ਨੂੰ ਡੀ.ਐਸ.ਪੀ ਵਜੋਂ ਤਰੱਕੀ ਦਿੱਤੀ ਜਾਵੇਗੀ | ਸੁਪਰੀਮ ਕੋਰਟ ਨੇ ਹਾਈ ਕੋਰਟ ਦੇ 4 ਸਾਲ ਪੁਰਾਣੇ ਹੁਕਮ ਨੂੰ ਬਰਕਰਾਰ ਰੱਖਿਆ ਹੈ, ਜਿਸ ਤੋਂ ਬਾਅਦ ਮਨੁੱਖੀ ਸਰੋਤ ਵਿਭਾਗ ਨੇ ਐਥਲੀਟਾਂ ਦੀਆਂ ਨਿਯੁਕਤੀਆਂ ਲਈ ਹੁਕਮ ਜਾਰੀ ਕੀਤੇ ਹਨ | ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 18 ਅਪ੍ਰੈਲ 2022 ਨੂੰ ਇਨ੍ਹਾਂ ਖਿਡਾਰੀਆਂ ਨੂੰ ਪੁਰਾਣੀ ਖੇਡ ਨੀਤੀ ਦੇ ਅਨੁਸਾਰ ਐਚ.ਸੀ.ਐਸ ਅਤੇ ਐਚ.ਪੀ.ਐਸ ਅਹੁਦਿਆਂ 'ਤੇ ਨਿਯੁਕਤ ਕਰਨ ਦਾ ਹੁਕਮ ਦਿੱਤਾ ਸੀ, ਜਿਸ ਨੂੰ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ | ਪਰ 29 ਮਈ ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਕਤ ਫੈਸਲੇ ਨੂੰ ਬਰਕਰਾਰ ਰੱਖਿਆ ਹੈ | ਹਰਿਆਣਾ ਦੇ ਸ਼ਾਨਦਾਰ ਖਿਡਾਰੀ (ਭਰਤੀ ਅਤੇ ਸੇਵਾ ਸ਼ਰਤਾਂ) ਨਿਯਮ 2018 ਦੇ ਤਹਿਤ ਇਨ੍ਹਾਂ ਐਥਲੀਟਾਂ ਨੂੰ ਐਚ.ਸੀ.ਐਸ ਅਤੇ ਐਚ.ਪੀ.ਐਸ. ਦੀ ਨੌਕਰੀ ਦਿੱਤੀ ਜਾਵੇਗੀ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ | ਐਚ.ਸੀ.ਐਸ. ਬਣਨ ਵਾਲੇ ਐਥਲੀਟਾਂ 'ਚੋਂ ਅੰਕੁਰ ਮਿੱਤਲ ਨੇ ਕੋਰੀਆ ਵਿਚ 2018 ਵਿਸ਼ਵ ਚੈਂਪੀਅਨਸ਼ਿਪ ਦੌਰਾਨ ਸੋਨ ਤਗਮਾ ਜਿੱਤਿਆ ਸੀ | ਉਸ ਕੋਲ ਬੀ.ਏ. ਦੀ ਡਿਗਰੀ ਹੈ, ਜਦਕਿ 2018 ਦੀਆਂ ਏਸ਼ਿਆਈ ਖੇਡਾਂ 'ਚ ਕਾਂਸੀ ਦਾ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਅਭਿਸ਼ੇਕ ਵਰਮਾ ਬੀ.ਟੈੱਕ., ਐਲ.ਐਲ.ਬੀ ਹੈ | ਦਿਵਿਆਂਗ ਐਥਲੀਟ ਹਰਵਿੰਦਰ ਸਿੰਘ ਨੇ 2018 ਏਸ਼ਿਆਈ ਪੈਰਾ ਖੇਡਾਂ ਵਿਚ ਤੀਰਅੰਦਾਜ਼ੀ ਵਿਚ ਸੋਨ ਤਗਮਾ ਜਿੱਤਿਆ ਸੀ, ਉਹ ਐਮ.ਏ.ਪਾਸ ਹੈ ਤੇ 40 ਫ਼ੀਸਦੀ ਅਪੰਗਤਾ ਸ਼੍ਰੇਣੀ 'ਚ ਐਚ.ਸੀ.ਐਸ ਅਧਿਕਾਰੀ ਬਣੇਗਾ | ਤਰੁਣ ਢਿੱਲੋਂ ਨੇ 2018 ਏਸ਼ਿਆਈ ਪੈਰਾ ਖੇਡਾਂ ਵਿਚ ਬੈਡਮਿੰਟਨ ਵਿਚ ਸੋਨ ਤਗਮਾ ਜਿੱਤਿਆ ਸੀ, ਉਹ ਵੀ 40 ਫ਼ੀਸਦੀ ਅਪੰਗਤਾ ਸ਼੍ਰੇਣੀ ਵਿਚ ਐਚ.ਸੀ.ਐਸ ਅਧਿਕਾਰੀ ਬਣੇਗਾ | ਦਿਵਿਆਂਗ ਐਥਲੀਟ ਏਕਤਾ ਭਯਾਨ ਨੇ 2018 ਦੀਆਂ ਏਸ਼ੀਅਨ ਪੈਰਾ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ | ਉਹ ਐਮ.ਏ, ਬੀ.ਐੱਡ ਹੈ ਅਤੇ 100 ਫ਼ੀਸਦੀ ਅਪੰਗਤਾ ਸ਼੍ਰੇਣੀ ਵਿਚ ਐਚ.ਸੀ.ਐਸ. ਅਧਿਕਾਰੀ ਬਣੇਗੀ |
2020 'ਚ ਬਦਲੀ ਖੇਡ ਨੀਤੀ
ਹਰਿਆਣਾ 'ਚ 2020 ਤੱਕ ਅੰਤਰਰਾਸ਼ਟਰੀ ਤਗਮਾ ਜੇਤੂ ਖਿਡਾਰੀਆਂ ਨੂੰ ਐਚ.ਸੀ.ਐਸ ਅਤੇ ਐਚ.ਪੀ.ਐਸ ਅਹੁਦਿਆਂ 'ਤੇ ਨਿਯੁਕਤ ਕੀਤਾ ਜਾਂਦਾ ਸੀ | ਪਰ 6 ਸਾਲ ਪਹਿਲਾਂ ਤਤਕਾਲੀ ਮਨੋਹਰ ਲਾਲ ਖੱਟਰ ਸਰਕਾਰ ਨੇ ਖੇਡ ਨੀਤੀ 'ਚ ਸੋਧ ਕਰਕੇ ਖਿਡਾਰੀਆਂ ਦੇ ਐਚ.ਸੀ.ਐਸ ਅਤੇ ਐਚ.ਪੀ.ਐਸ ਅਹੁਦਿਆਂ 'ਤੇ ਸਿੱਧੀ ਨਿਯੁਕਤੀ 'ਤੇ ਪਾਬੰਦੀ ਲਗਾ ਦਿੱਤੀ ਸੀ | ਤਗਮਾ ਜੇਤੂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡ ਵਿਭਾਗ ਵਿਚ ਡਿਪਟੀ ਡਾਇਰੈਕਟਰ ਦੇ ਅਹੁਦੇ 'ਤੇ ਨਿਯੁਕਤ ਕਰਨ ਦੀ ਵਿਵਸਥਾ ਕੀਤੀ ਗਈ ਸੀ | ਨਵੀਂ ਨੀਤੀ ਤਹਿਤ ਤਗਮਾ ਜੇਤੂ ਖਿਡਾਰੀਆਂ ਨੂੰ ਗਰੁੱਪ ਏ, ਗਰੁੱਪ ਬੀ ਅਤੇ ਗਰੁੱਪ ਸੀ ਸ਼੍ਰੇਣੀਆਂ 'ਚ ਨੌਕਰੀਆਂ ਮਿਲਣ ਤੋਂ ਇਲਾਵਾ ਗਰੁੱਪ ਡੀ ਦੀਆਂ ਨÏਕਰੀਆਂ 'ਚ 10 ਫ਼ੀਸਦੀ ਰਾਖਵਾਂਕਰਨ ਵੀ ਮਿਲੇਗਾ | ਸੂਬਾ ਸਰਕਾਰ ਹੁਣ ਤੱਕ 260 ਖਿਡਾਰੀਆਂ ਨੂੰ ਗਰੁੱਪ ਏ, ਗਰੁੱਪ ਬੀ ਅਤੇ ਗਰੁੱਪ ਸੀ ਵਿਚ ਨੌਕਰੀਆਂ ਦੇ ਚੁੱਕੀ ਹੈ |
ਵਿਸ਼ੇਸ਼ ਪ੍ਰਤੀਨਿਧੀ
ਮੋਬਾਈਲ-98554-65946