02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮੁਹੰਮਦ ਰਫ਼ੀ ਦੇ ਸਦਾ ਬਹਾਰ ਗੀਤਾਂ ਦੇ ਲਿਖੇ ਜਾਣ ਦੀਆਂ ਦਿਲਚਸਪ ਕਹਾਣੀਆਂ

Ad Position 21
No active advertisement
ਅਜੀਤ ਡੈਸਕ 15-07-2026

'ਕਾਲਾ ਬਾਜ਼ਾਰ' ਦੇਵ ਆਨੰਦ ਦੀਆਂ ਯਾਦਗਾਰੀ ਫ਼ਿਲਮਾਂ ਵਿਚੋਂ ਇਕ ਹੈ। ਇਸ ਦਾ ਨਿਰੇਦਸ਼ਨ ਉਸ ਦੇ ਭਰਾ ਵਿਜੈ ਆਨੰਦ ਨੇ ਕੀਤਾ ਸੀ ਅਤੇ ਸੰਗੀਤ ਦੇਣ ਦੀ ਜ਼ਿੰਮੇਵਾਰੀ ਐਸ.ਡੀ. ਬਰਮਨ ਦੀ ਸੀ, ਜਦ ਕਿ ਗੀਤ ਸ਼ੈਲੇਂਦਰ ਦੇ ਸਨ। ਪਰ ਫ਼ਿਲਮ ਨਿਰਮਾਣ ਦੌਰਾਨ ਹੋਇਆ ਇਹ ਕਿ ਇਕ ਗਾਣੇ ਦੀ ਪੂਰੀ ਧੁਨ ਤਿਆਰ ਕਰ ਲਈ ਗਈ ਸੀ ਤੇ ਗੀਤ ਦੇ ਬੋਲ ਲਿਖੇ ਜਾਣੇ ਬਾਕੀ ਸਨ। ਸ਼ੈਲੇਂਦਰ ਹੋਰ ਕੰਮਾਂ ਵਿਚ ਰੁਝੇਵੇਂ ਕਾਰਨ ਗੀਤ ਲਿਖ ਨਹੀਂ ਪਾ ਰਹੇ ਸੀ। ਇਸ 'ਤੇ ਐਸ.ਡੀ. ਬਰਮਨ ਸਖ਼ਤ ਨਾਰਾਜ਼ ਹੋ ਗਏ। ਉਨ੍ਹਾਂ ਨੇ ਆਪਣੇ ਬੇਟੇ ਆਰ. ਡੀ. ਬਰਮਨ ਉਰਫ਼ ਪੰਚਮ ਨੂੰ ਗਾਣਾ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੰਦੇ ਹੋਏ ਕਿਹਾ, 'ਜਦੋਂ ਤੱਕ ਗਾਣਾ ਨਾ ਲਿਖਿਆ ਜਾਵੇ ਉਦੋਂ ਤੱਕ ਘਰ ਨਾ ਆਉਣਾ।' ਹੁਣ ਵਿਚਾਰੇ ਪੰਚਮ ਕੀ ਕਰਦੇ, ਉਹ ਸ਼ੈਲੇਂਦਰ ਦੇ ਕੋਲ ਪਹੁੰਚ ਗਏ ਅਤੇ ਗਾਣਾ ਲਿਖਣ ਦੀਆਂ ਮਿੰਨਤਾਂ ਕਰਨ ਲੱਗੇ।
ਸਵੇਰ ਤੋਂ ਸ਼ਾਮ ਹੋ ਗਈ, ਪਰ ਸ਼ੈਲੇਂਦਰ ਦੇ ਦਿਮਾਗ਼ ਵਿਚ ਗਾਣੇ ਦੇ ਬੋਲ ਆ ਹੀ ਨਹੀਂ ਰਹੇ ਸਨ। ਨਤੀਜਾ ਪੰਚਮ ਵੀ ਪ੍ਰੇਸ਼ਾਨ ਤੇ ਨਿਰਾਸ਼ ਹੋ ਗਏ। ਉਹ ਵਾਰ-ਵਾਰ ਇਹੀ ਸੋਚ ਰਹੇ ਸਨ ਕਿ ਗਾਣਾ ਜੇਕਰ ਗੀਤ ਨਾ ਲਿਖਿਆ ਗਿਆ ਤਾਂ ਪਿਤਾ ਗੁੱਸਾ ਕਰਨਗੇ, ਘਰ ਵਿਚ ਵੜਨ ਨਹੀਂ ਦੇਣਗੇ। ਦੂਜੇ ਪਾਸੇ ਗਾਣੇ ਦੀਆਂ ਲਾਈਨਾਂ ਸੋਚਣ ਲਈ ਸ਼ੈਲੇਂਦਰ ਬੜਾ ਜ਼ੋਰ ਲਾ ਰਹੇ ਸਨ। ਸ਼ਾਮ ਨੂੰ ਜਦੋਂ ਹਨੇਰਾ ਹੋਣ ਲੱਗਿਆ, ਅਸਮਾਨ ਵਿਚ ਚੰਨ ਅਤੇ ਤਾਰੇ ਨਿਕਲਣ ਲੱਗੇ ਤਾਂ ਦੋਵੇਂ ਸਮੁੰਦਰ ਕਿਨਾਰੇ ਟਹਿਲਦੇ ਹੋਏ ਗੀਤ ਬੋਲ ਸੋਚ ਰਹੇ ਸਨ। ਸ਼ੈਲੇਂਦਰ ਨੇ ਗੰਭੀਰ ਹੋ ਕੇ ਸੋਚਦੇ ਹੋਏ ਪੰਚਮ ਨੂੰ ਕਿਹਾ ਕਿ ਤਿਆਰ ਕੀਤੀ ਗਈ ਧੁਨ ਉਸ ਨੂੰ ਫਿਰ ਸੁਣਾਓ। ਬਸ ਉਹੀ ਪਲ ਜਾਦੂਈ ਸਾਬਤ ਹੋਇਆ। ਸ਼ੈਲੇਂਦਰ ਨੇ ਅਸਮਾਨ ਵੱਲ ਦੇਖਿਆ ਅਤੇ ਇਕੱਲੇ ਚੰਦ ਨੂੰ ਦੇਖਦੇ ਹੋਏ ਉਸ ਦੇ ਮੂੰਹ 'ਚੋਂ ਨਿਕਲਿਆ 'ਖੋਇਆ-ਖੋਇਆ ਚਾਂਦ...।' ਇਹ ਬੋਲ ਨਿਕਲਦਿਆਂ ਹੀ ਸ਼ੈਲੇਂਦਰ ਨੇ ਪੰਚਮ ਦੇ ਹੱਥ ਵਿਚੋਂ ਖਾਲੀ ਮਾਚਿਸ ਦੀ ਡੱਬੀ ਲਈ ਅਤੇ ਉਸ 'ਤੇ ਇਹ ਪੂਰਾ ਗਾਣਾ ਲਿਖ ਦਿੱਤਾ। ਐਸ.ਡੀ. ਬਰਮਨ ਦੀ ਪ੍ਰਭਾਵੀ ਧੁਨ 'ਤੇ ਜਦੋਂ ਮਾਚਿਸ ਦੀ ਡੱਬੀ 'ਤੇ ਲਿਖੇ ਗਾਣੇ ਨੂੰ ਮੁਹੰਮਦ ਰਫ਼ੀ ਨੇ ਆਪਣੀ ਆਵਾਜ਼ ਦਿੱਤੀ ਤਾਂ 'ਖੋਇਆ-ਖੋਇਆ ਚਾਂਦ' ਗੀਤ ਸਦਾ ਬਹਾਰ ਗੀਤ ਬਣ ਗਿਆ।
ਮੁਹੰਮਦ ਰਫ਼ੀ ਦੇ ਗਾਏ ਹੋਏ ਕੁਝ ਹੋਰ ਅਮਰ ਗੀਤਾਂ ਦੇ ਲਿਖੇ ਜਾਣ ਦੀਆਂ ਕਹਾਣੀਆਂ 'ਚੋਂ ਕੁਝ ਇਕ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਫ਼ਿਲਮ 'ਕੰਨਿਆਦਾਨ' ਲਈ ਗੋਪਾਲਦਾਸ ਸਕਸੈਨਾ 'ਨੀਰਜ' ਨੇ ਇਕ ਗੀਤ ਲਿਖਿਆ ਜੋ ਫ਼ਿਲਮ ਦੇ ਨਿਰਮਾਤਾ ਰਾਜੇਂਦਰ ਭਾਟੀਆ ਨੂੰ ਤਾਂ ਬਹੁਤ ਪਸੰਦ ਆਇਆ, ਪਰ ਫ਼ਿਲਮ ਦੇ ਸੰਗੀਤ ਨਿਰਦੇਸ਼ਕਾਂ ਸ਼ੰਕਰ-ਜੈਕਿਸ਼ਨ ਨੂੰ ਬਿਲਕੁਲ ਪਸੰਦ ਨਹੀਂ ਸੀ ਆਇਆ। ਉਨ੍ਹਾਂ ਨੇ ਉਸ ਨੂੰ ਸੰਗੀਤਬੱਧ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ 'ਤੇ ਵਿਵਾਦ ਦੇ ਚਲਦੇ ਨੀਰਜ ਨੇ ਉਹ ਗੀਤ ਪਾੜ ਦਿੱਤਾ ਅਤੇ ਕਦੀ ਇਹ ਨਹੀਂ ਦੱਸਿਆ ਕਿ ਉਸ ਗੀਤ ਦੇ ਬੋਲ ਕੀ ਸਨ। ਫਿਲਹਾਲ, ਨੀਰਜ ਨੂੰ ਨਵਾਂ ਗੀਤ ਲਿਖਣ ਲਈ ਕਿਹਾ ਗਿਆ, ਪਰ ਉਹ ਏਨੇ ਗੁੱਸੇ ਵਿਚ ਸਨ ਕਿ ਉਨ੍ਹਾਂ ਨੇ ਰਾਜੇਂਦਰ ਭਾਟੀਆ ਦੇ ਸਾਹਮਣੇ ਸ਼ਰਤ ਰੱਖਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦਾ ਗੀਤ ਲਿਖਣਗੇ, ਜੋ ਜੇਕਰ ਸਭ ਨੂੰ ਪਸੰਦ ਆ ਗਿਆ ਤਾਂ ਉਸ ਨੂੰ ਮੂੰਹ ਮੰਗਿਆ ਇਨਾਮ ਦੇਣਾ ਪਵੇਗਾ। ਰਾਜੇਂਦਰ ਭਾਟੀਆ ਨੇ ਮਨਜ਼ੂਰੀ ਵਿਚ ਆਪਣਾ ਸਿਰ ਹਿਲਾਇਆ। ਰਾਤ ਭਰ ਦੀ ਕੋਸ਼ਿਸ਼ ਤੋਂ ਬਾਅਦ ਨੀਰਜ ਅਗਲੀ ਸਵੇਰ ਇਕ ਗੀਤ ਲੈ ਕੇ ਉਨ੍ਹਾਂ ਕੋਲ ਗਏ, ਜਿਸ ਦੇ ਬੋਲ ਸੁਣਦਿਆਂ ਹੀ ਰਾਜੇਂਦਰ ਭਾਟੀਆ ਤੇ ਸ਼ੰਕਰ-ਜੈਕਸ਼ਿਨ ਦੇ ਹੋਸ਼ ਉੱਡ ਗਏ, ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਇਹ ਗੀਤ ਸੀ-'ਲਿਖੇ ਜੋ ਖ਼ਤ ਤੁਝੇ, ਵੋ ਤੇਰੀ ਯਾਦ ਮੇਂ...' ਜਿਸ ਨੂੰ ਜਦੋਂ ਮੁਹੰਮਦ ਰਫ਼ੀ ਨੇ ਆਪਣੀ ਜਾਦੂਈ ਆਵਾਜ਼ ਵਿਚ ਗਾਇਆ ਤਾਂ ਉਹ ਹਮੇਸ਼ਾ ਲਈ ਨੌਜਵਾਨਾਂ ਲਈ 'ਪ੍ਰੇਮ ਗੀਤ' ਬਣ ਗਿਆ। ਹੁਣ ਨੀਰਜ ਦੇ ਇਨਾਮ ਦੀ ਵਾਰੀ ਸੀ। ਨੀਰਜ ਨੇ ਇਨਾਮ ਵਿਚ ਰਾਜੇਂਦਰ ਭਾਟੀਆ ਦੀ ਨਵੀਂ ਕਾਰ ਮੰਗ ਲਈ, ਜਿਸ ਨੂੰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਖ਼ਰੀਦਿਆ ਸੀ। ਰਾਜੇਂਦਰ ਭਾਟੀਆ ਨੇ ਬਿਨਾਂ ਸੰਕੋਚ ਝਟ ਹੀ ਕਾਰ ਦੀ ਚਾਬੀ ਨੀਰਜ ਨੂੰ ਦੇ ਦਿੱਤੀ।
ਇਕ ਵਾਰ ਹਸਰਤ ਜੈਪੁਰੀ ਸੰਗੀਤਕਾਰ (ਸ਼ੰਕਰ) ਜੈਕਸ਼ਿਨ ਨਾਲ ਪੈਰਿਸ ਦੇ ਇਕ ਕਲੱਬ ਵਿਚ ਸਨ ਅਤੇ ਫ਼ਿਲਮ 'ਪ੍ਰਿੰਸ' ਵਿਚ ਗਾਣਿਆਂ ਨੂੰ ਫ਼ਿਲਮਾਉਣ ਬਾਰੇ ਸੈੱਟ 'ਤੇ ਬੈਠੇ ਡੂੰਘੀ ਚਰਚਾ ਕਰ ਰਹੇ ਸਨ। ਹਸਰਤ ਨੇ ਕਈ ਮੁਖੜੇ ਸੁਣਾਏ ਪਰ ਜੈਕਿਸ਼ਨ ਨੂੰ ਕੁਝ ਪਸੰਦ ਹੀ ਨਹੀਂ ਆ ਰਿਹਾ ਸੀ। ਉਦੋਂ ਉਨ੍ਹਾਂ ਦੀ ਮੇਜ਼ ਕੋਲ ਇਕ ਔਰਤ ਸਿਤਾਰੇ ਲਗਿਆਂ ਵਾਲੀ ਸਾੜ੍ਹੀ ਪਾਈ ਲੰਘੀ ਤਾਂ ਉਸ ਨੂੰ ਦੇਖਦਿਆਂ ਹੀ ਹਸਰਤ ਦੇ ਮੂੰਹੋਂ ਨਿਕਲਿਆ, 'ਬਦਨ ਪੇ ਸਿਤਾਰੇ ਲਪੇਟੇ ਹੂਏ'। ਗਾਣਾ ਬਣ ਗਿਆ, ਜਿਸ ਨੂੰ ਮੁਹੰਮਦ ਰਫ਼ੀ ਨੇ ਗਾ ਕੇ ਅਮਰ ਕਰ ਦਿੱਤਾ ਅਤੇ ਇਹ ਗਾਣਾ ਅੱਜ ਤੱਕ ਹਰ ਪਾਰਟੀ ਦੀ ਜਾਨ ਹੈ। ਉਂਝ ਹਸਰਤ ਦੇ ਬਿਹਤਰੀਨ ਪ੍ਰੇਮ ਗੀਤ ਕਿਸੇ ਨਾ ਕਿਸੇ ਔਰਤ ਨੂੰ ਦੇਖਣ ਦੀ ਪ੍ਰੇਰਨਾ ਤੋਂ ਹੀ ਲਿਖੇ ਗਏ ਸਨ।

(ਬਾਕੀ ਅਗਲੇ ਬੁੱਧਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਛੋਟੇ ਪਰਦੇ 'ਤੇ ਵਾਪਸ ਆਈ ਦੀਪਿਕਾ ਸਿੰਘ ਅਗਲੀ ਖ਼ਬਰ 'ਰਾਖੀ ਦਵੇ' ਦੀ ਭੂਮਿਕਾ ਤੋਂ ਮਕਬੂਲ ਹੋਈ ਤਸਨੀਮ ਸ਼ੇਖ
Ad Position 24
No active advertisement