ਜਦੋਂ ਗੱਲ ਪੰਜਾਬੀ ਗਾਇਕੀ ਦੇ ਸੱਚੇ ਸੁੱਚੇ ਸੁਰਾਂ ਦੀ ਤੁਰੇ ਤਾਂ ਇਕ ਨਾਂਅ ਬਿਨਾਂ ਸੋਚਿਆ ਜਬਾਨ ਤੇ ਆ ਜਾਂਦਾ ਹੈ ਆਤਮਾ ਬੁੱਢੇਵਾਲ ਜਿਸ ਦੀ ਗਾਇਕੀ ਕਲਾ 'ਚ ਮਾਲਵੇ ਦੀ ਰੂਹ ਬੋਲਦੀ ਹੈ ਜਿਸ ਨੇ ਕਦੇ ਵਕਤੀ ਤੇ ਸਸਤੀ ਸ਼ੋਹਰਤ ਦੀ ਪ੍ਰਵਾਹ ਨਹੀਂ ਕੀਤੀ, ਬੱਸ ਆਪਣੀ ਕਲਮ ਤੇ ਸੁਰ ਨਾਲ ਰਿਸ਼ਤਾ ਨਿਭਾਇਆ ਹੈ ਉਸ ਦਾ ਹਰ ਗੀਤ ਜਿਵੇਂ ਮਾਂ ਬੋਲੀ ਦੀ ਗੋਦ 'ਚ ਪਲਿਆ ਹੋਵੇ ਨਾ ਕੋਈ ਵਿਖਾਵਾ ਨਾ ਕੋਈ ਬਨਾਵਟ ਬੱਸ ਮਿੱਟੀ ਦੀ ਸੌਂਧੀ ਸੌਂਧੀ ਖੁਸ਼ਬੂ!
![]()
ਜਦੋਂ ਆਤਮਾ, ਸਟੇਜ 'ਤੇ ਆਉਂਦਾ ਤਾਂ ਲਗਦਾ ਜਿਵੇਂ ਪੰਜਾਬ ਦਾ ਵਿਰਸਾ ਰੰਗਾ ਰੰਗ ਪ੍ਰੋਗਰਾਮਾਂ ਦੀਆਂ ਰੌਣਕਾਂ ਦੇ ਇਕੱਠ ਨੂੰ ਚਾਰ ਚੰਨ ਲਾਉਣ ਆ ਗਿਆ ਹੋਵੇ | ਉਸ ਦੇ ਗੀਤ ਤੇ ਗਾਇਕੀ ਸਿਰਫ ਮਨੋਰੰਜਨ ਨਹੀਂ ਬਲਕਿ ਸਮੇਂ ਦਾ ਸੱਚ ਵੀ ਬੋਲਦੇ ਨੇ ਉਸ ਨੇ ਇਕ ਉਚੇਚੀ ਮੁਲਾਕਾਤ ਦੌਰਾਨ ਆਪਣੇ ਗਾਇਕੀ ਸਫ਼ਰ ਤੇ ਪਿਛੋਕੜ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਧੀਨ ਚੰਡੀਗੜ੍ਹ ਰੋਡ 'ਤੇ ਪੈਂਦੇ ਨਜ਼ਦੀਕੀ ਕਸਬੇ ਕੁਹਾੜਾ ਤੋਂ ਸੱਤ ਕੁ ਕਿਲੋਮੀਟਰ ਦੀ ਵਿੱਥ 'ਤੇ ਪੈਂਦੇ ਪਿੰਡ ਬੁੱਢੇਵਾਲ ਦੇ ਸਵ. ਸਰਦਾਰ ਕਿਸ਼ਨ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਪਰਿਵਾਰਕ ਵਿਹੜੇ ਭੈਣ ਭਰਾਵਾਂ 'ਚੋਂ ਸਭ ਤੋਂ ਛੋਟੇ ਆਤਮੇ ਨੂੰ ਪਿੰਡ ਦੀਆਂ ਜੂਹਾਂ ਦੀ ਖੁੱਲ੍ਹੀ-ਡੁੱਲ੍ਹੀ ਆਬੋ ਹਵਾ 'ਚ ਖੇਲ੍ਹਦਿਆਂ-ਮਲਦਿਆਂ ਗੱਭਰੂ ਹੋਏ ਨੂੰ ਕੁਦਰਤ ਨੇ ਐਸੀ ਅਨੂਠੀ ਕਲਾ ਬਖਸ਼ੀ ਕਿ ਉਸ ਨੂੰ ਗੀਤ ਲਿਖਣ ਦਾ ਸ਼ੌਂਕ ਛੋਟੀ ਉਮਰੇ ਹੀ ਜਨੂੰਨ ਦੀ ਹੱਦ ਤੱਕ ਪੈਦਾ ਹੋ ਗਿਆ | ਦੱਸਿਆ ਕਿ ਸਕੂਲ ਪੜ੍ਹਦੇ ਉਸ ਦੇ ਲਿਖੇ ਹੋਏ ਸਾਲ 84 ਵਿਚ ਦੋ ਦੁਗਾਣਾ ਗੀਤ ਪ੍ਰਸਿੱਧ ਗਾਇਕ ਬਰਕਤ ਸਿੱਧੂ ਤੇ ਜਮੀਲਾ ਬਾਨੋ ਦੀਆਂ ਆਵਾਜ਼ਾਂ 'ਚ 'ਕੁੜੀ ਕਪਾਹ ਦੇ ਫੁੱਟ ਵਰਗੀ' ਤੇ 'ਮੁੰਦਰੀ ਮੁਹੱਬਤਾਂ ਦੀ' ਐਚ. ਐਮ. ਵੀ. ਕੰਪਨੀ 'ਚ ਰਿਕਾਰਡ ਹੋ ਗਏ ਸਨ | ਗੀਤ ਲਿਖਣ ਦਾ ਕੁਦਰਤੀ ਗੁਣ ਉਸ ਵਿਚ ਹੈ ਹੀ ਸੀ, ਬਲਕਿ ਗਾਉਣ ਦਾ ਸ਼ੌਕ ਵੀ ਅੱਲ੍ਹੜ ਉਮਰੇ ਹੀ ਉਬਾਲੇ ਮਾਰਨ ਲੱਗਿਆ ਸੀ ਜਿਸ ਦੀ ਦਿ੍ੜ੍ਹ ਲਗਨ ਤੇ ਮਿਹਨਤ ਨੇ ਦਿਨਾਂ ਵਿਚ ਹੀ ਉਸ ਨੂੰ ਰੰਗਾ-ਰੰਗ ਪ੍ਰੋਗਰਾਮ ਦੀ ਗਾਇਕੀ ਦਾ ਮਕਬੂਲ ਗਾਇਕ ਬਣਾ ਦਿੱਤਾ, ਜਿਸ ਦਾ ਕਹਿਣਾ ਕਿ ਸਾਲ 91 ਚ ਉਸ ਵੇਲੇ ਦੇ ਉੱਘੇ ਸੰਗੀਤਕਾਰ ਸੁਰਿੰਦਰ ਬੱਚਨ ਦੇ ਮਿਊਜ਼ਿਕ ਵਿਚ ਆਪਣੇ ਲਿਖੇ ਸੋਲੋ ਗੀਤਾਂ ਦੀ ਪਲੇਠੀ ਕੈਸਟ, 'ਲੱਗੀ ਸੇਲ ਦਿਲਾਂ ਦੀ' ਰਿਕਾਰਡ ਕਰਵਾਈ ਜਿਸ ਦੇ ਸਾਰੇ ਗੀਤ ਬੜੇ ਪਸੰਦ ਕੀਤੇ ਗਏ ਜਿਨਾਂ ਚੋਂ ਇਕ ਗੀਤ 'ਸਹੁਰਿਆਂ 'ਚ ਜਵਾਈ ਸੱਜਦੇ ਜੇ ਸਹੁਰੇ ਹੋਣ ਚੱਜਦੇ' ਤੇ ਸਰੋਤਿਆਂ ਦੀ ਪਸੰਦ ਨੂੰ ਦੇਖਦਿਆਂ ਦੂਜੀ ਸੋਲੋ ਕੈਸਟ 'ਲਾਈਆਂ ਅੱਖੀਆਂ' ਦੇ ਗੀਤ ਵੀ ਬੜੇ ਚਰਚਿਤ ਹੋਏ ਆਪਣੀ ਗਾਇਕੀ ਨੂੰ ਪ੍ਰਵਾਨ ਚੜਿ੍ਹਆ ਵੇਖ ਉਸਨੇ ਫਿਰ ਸਾਲ 92 ਵਿਚ ਡਿਊਟ ਗੀਤਾਂ ਦੀ ਪਲੇਠੀ ਕੈਸੇਟ 'ਜੇਠ ਪਿਆ ਹੜਤਾਲ ਤੇ' ਗਾਇਕਾ ਕਮਲਜੋਤ ਨਾਲ ਸਰੋਤਿਆਂ ਦੀ ਨਜ਼ਰ ਕੀਤੀ ਉਸ ਦੀ ਦੋਗਾਣਾ ਗਾਇਕੀ ਨੂੰ ਭਰਵਾਂ ਪਿਆਰ ਮਿਲਿਆ ਤੋਂ ਇਲਾਵਾ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਦੇ ਡੇਰੇ ਦੀਆਂ ਧਾਰਮਿਕ ਕਿਤਾਬਾਂ ਦੀ ਪ੍ਰੇਰਨਾ ਅਨੁਸਾਰ ਗੀਤਾਂ ਦੀਆਂ ਦੋ ਧਾਰਮਿਕ ਟੇਪਾਂ ਵੀ ਸਰੋਤਿਆਂ ਨੂੰ ਸੁਣਨ ਨੂੰ ਮਿਲੀਆਂ ਜਿਨਾਂ ਨੂੰ ਵੀ ਰਜਵਾਂ ਹੁੰਗਾਰਾ ਮਿਲਿਆ ਫਿਰ ਉਸ ਦਾ ਰੁਝਾਨ ਸੋਲੋ ਗੀਤਾਂ ਨਾਲੋਂ ਜ਼ਿਆਦਾ ਡਿਊਟ ਗਾਇਕੀ ਵੱਲ ਹੋ ਗਿਆ ਤੇ ਸਮੇਂ ਦੇ ਗੇੜ ਨਾਲ ਉਸ ਨੇ ਖੁੱਲ੍ਹ ਕੇ ਗਾਉਣਾ ਸ਼ੁਰੂ ਕਰ ਦਿੱਤਾ | ਭਾਵੇਂ ਵੱਖ-ਵੱਖ ਗਾਇਕਾਵਾਂ ਨਾਲ ਉਸ ਨੇ ਗਾਇਆ | ਸੱਭਿਆਚਾਰ ਸਮਾਜਿਕ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਦੀ ਪਾਕੀਜ਼ਗੀ ਨੂੰ ਬਰਕਰਾਰ ਰੱਖਦੇ ਹੋਏ ਦੋਗਾਣਾ ਗੀਤ ਪਤੀ ਪਤਨੀ, ਦਿਓਰ ਭਰਜਾਈ, ਜੀਜਾ ਸਾਲੀ, ਜੇਠ ਭਰਜਾਈ ਦੀ ਖੱਟੀ ਮਿੱਠੀ ਨੋਕ-ਝੋਕ ਤੇ ਧੀਆਂ ਭੈਣਾਂ ਦੇ ਰਿਸ਼ਤਿਆਂ ਨੂੰ ਲੈ ਕੇ ਕਰੀਬ ਦੋ ਦਰਜਨ ਕੈਸਟਾਂ ਦੇ ਗੀਤ ਸੁਣਨ ਨੂੰ ਮਿਲੇ | ਜੋ ਉਨ੍ਹਾਂ ਦੇ ਸਟੇਜੀ ਪ੍ਰੋਗਰਾਮ ਦੌਰਾਨ ਖੂਬ ਚਰਚਿਤ ਹੋਏ ਗੀਤਾਂ ਚੋਂ ਖਾਸ ਕਰਕੇ 'ਵਿਆਹ ਕੇ ਚੰਡੀਗੜ੍ਹ ਦੀ ਖਰਚਾ ਚੱਕਿਆ ਨਹੀਂ ਜਾਣਾ', 'ਜੀਜਾ ਬਹਿਜੀਂ ਨਾ ਬਠਿੰਡੇ ਵਾਲਾ ਜੱਟ ਬਣ ਕੇ' 'ਕਾਹਦੇ ਰਿਸ਼ਤੇ ਵੀਰਾਂ ਨੂੰ ਭੈਣਾਂ ਤਰਸ ਦੀਆਂ', 'ਜਿਹਦੇ 'ਤੇ ਜੱਟ ਡਿੰਗਾ ਹੋ ਗਿਆ' ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਸਰੋਤਿਆਂ ਵਲੋਂ ਅਥਾਹ ਪ੍ਰਵਾਨ ਕੀਤੇ ਗਏ |
ਕਹਿਣਾ ਹੈ ਕਿ ਉਸ ਦੀ ਗਾਇਕੀ ਆਪਣੇ ਪੰਜਾਬ 'ਚ ਤਾਂ ਮਕਬੂਲੀਅਤ ਦਾ ਮਾਣ ਬਣੀ ਹੀ ਹੈ ਬਲਕਿ ਵਿਦੇਸ਼ਾਂ ਵਿਚ ਵੀ ਹਰਮਨ ਪਿਆਰੀ ਹੋਣ ਦਾ ਮਾਣ ਹਾਸਲ ਕਰ ਚੁੱਕੀ ਹੈ |
ਆਤਮਾ ਬੁੱਢੇਵਾਲੀਆ ਅੱਜ ਵੀ ਉਸੇ ਜੋਸ਼ੋ-ਖਰੋਸ਼ ਤੇ ਜਨੂਨ ਨਾਲ ਮਾਂ ਬੋਲੀ ਦੀ ਖਿਦਮਤ ਕਰ ਰਿਹਾ ਹੈ | ਉਸ ਦੀ ਕਲਮ 'ਚੋਂ ਨਿਕਲਿਆ ਹਰ ਗੀਤ ਤਜਰਬੇ ਦੀ ਭੱਠੀ 'ਚ ਤਪਿਆ ਹੋਇਆ ਹੁੰਦਾ ਹੈ ਤੇ ਉਸ ਦੀ ਆਵਾਜ਼ 'ਚ ਉਹ ਖਣਕ ਹੈ ਜੋ ਸਿੱਧੀ ਰੂਹ ਨੂੰ ਟੁੰਬਦੀ ਹੈ | ਸਟੇਜ ਭਾਵੇਂ ਪਿੰਡ ਦੀ ਹੋਵੇ ਜਾਂ ਵਿਦੇਸ਼ ਦੀ, ਜਦੋਂ ਗਾਉਂਦਾ ਹੈ ਤਾਂ ਸਰੋਤੇ ਸਿਰਫ ਵਾਹਵਾ ਨਹੀਂ ਕਰਦੇ ਸਗੋਂ ਸੁਰ ਨਾਲ ਜੁੜ ਜਾਂਦੇ ਨੇ | -(ਮੁਹਾਲੀ )
ਗੀਤਾਂ ਦਾ ਵਣਜਾਰਾ-ਆਤਮਾ ਬੁੱਢੇਵਾਲ
ਗੀਤਾਂ ਦਾ ਵਣਜਾਰਾ-ਆਤਮਾ ਬੁੱਢੇਵਾਲ
ਅਜੀਤ ਡੈਸਕ
26-08-2026