ਗਵਾਡਾਲਹਾਰਾ, 24 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ ’ਚ ਗਰੁੱਪ ਕੇ ਦੇ ਮੁਕਾਬਲੇ ’ਚ ਕੋਲੰਬੀਆ ਨੇ ਡੀਆਰ ਕਾਂਗੋ ਨੂੰ 1-0 ਨਾਲ ਹਰਾ ਦਿੱਤਾ। ਗਵਾਡਾਲਹਾਰਾ ਸਟੇਡੀਅਮ ’ਚ ਮਿਲੀ ਇਸ ਜਿੱਤ ਦੇ ਨਾਲ ਹੀ ਕੋਲੰਬੀਆ ਨੇ ਇਕ ਮੈਚ ਬਾਕੀ ਰਹਿੰਦੇ ਹੋਏ ਰਾਉਂਡ ਆਫ਼ 32 ’ਚ ਆਪਣੀ ਥਾਂ ਬਣਾ ਲਈ ਹੈ। ਮੈਚ ’ਚ ਇਕਮਾਤਰ ਤੇ ਫੈਸਲਾਕੁਨ ਗੋਲ ਦੂਜੇ ਹਾਫ਼ ’ਚ ਡੇਨੀਅਲ ਮੁਨੋਜ ਨੇ ਕੀਤਾ। ਇਸ ਤੋਂ ਪਹਿਲਾਂ ਮੈਚ ’ਚ ਕਾਂਗੋ ਦੇ ਗੋਲਕੀਪਰ ਲਿਓਨੇਲ ਮਪਾਸੀ ਨੇ ਕਈ ਸ਼ਾਨਦਾਰ ਬਚਾਅ ਕੀਤੇ ਤੇ ਕੋਲੰਬੀਆ ਦੇ ਕਈ ਸ਼ਾਟਸ ਗੋਲ ਪੋਸਟ ’ਚ ਜਾਣ ਤੋਂ ਰੋਕੇ। ਪਹਿਲੇ ਹਾਫ਼ ’ਚ ਕੋਲੰਬੀਆ ਨੇ ਲਗਾਤਾਰ ਦਬਾਅ ਬਣਾਇਆ। ਜੇਮਸ ਰੋਡਰੀਗੇਜ, ਲੁਇਸ ਡਿਆਜ ਤੇ ਗੁਸਤਾਵੋ ਦੇ ਸ਼ਾਟ ਨੂੰ ਮਪਾਸੀ ਨੇ ਬਿਹਰਤਰੀਨ ਬਚਾਅ ਕਰਦੇ ਹੋਏ ਗੋਲ ’ਚ ਤਬਦੀਲ ਨਹੀਂ ਹੋਣ ਦਿੱਤਾ। ਡੇਨੀਅਲ ਮੁਨੋਜ ਨੇ ਵੀ ਕਈ ਮੌਕੇ ਬਣਾਏ, ਪਰ ਸ਼ੁਰੂਆਤੀ ਹਾਫ ’ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਡੀਆਰ ਕਾਂਗੋ ਦੇ ਕੋਲ ਵੀ ਗੋਲ ਕਰਨ ਦੀ ਕਈ ਮੌਕੇ ਆਏ, ਪਰ ਟੀਮ ਇਨ੍ਹਾਂ ਨੂੰ ਹਾਸਿਲ ਨਹੀਂ ਕਰ ਸਕੀ। ਏਡੋ ਕੈਂਮਬੇ ਦਾ ਇਕ ਲੰਬੀ ਦੂਰੀ ਦਾ ਸ਼ਾਟ ਬਾਹਰ ਚਲਾ ਗਿਆ, ਉਥੇ ਹੀ ਯੋਏਨ ਵਿਸਾ ਦਾ ਹੈਡਰ ਵੀ ਗੋਲ ਪੋਸਟ ’ਚ ਨਹੀਂ ਪਹੁੰਚ ਸਕਿਆ। ਦੂਜੇ ਹਾਫ਼ ’ਚ ਕੋਲੰਬੀਆ ਨੇ ਹਮਲਾਵਰ ਖੇਡ ਵਿਖਾਈ ਤੇ ਕਾਂਗੋ ਦੇ ਡਿਫੈਂਸ ’ਤੇ ਦਬਾਅ ਬਣਾਉਣ ਦਾ ਯਤਨ ਕੀਤਾ। ਲੁਇਸ ਡਿਆਜ ਨੇ ਗੋਲ ਦਾ ਸ਼ਾਨਦਾਰ ਮੌਕਾ ਬਣਾਇਆ, ਪਰ ਇਕ ਵਾਰ ਫਿਰ ਕਾਂਗੋ ਦੇ ਗੋਲਕੀਪਰ ਮਪਾਸੀ ਉਸ ਦੇ ਸਾਹਮਣੇ ਚਟਾਨ ਵਾਂਗ ਖੜ੍ਹੇ ਰਹੇ। ਮੈਚ ਦੇ 76ਵੇਂ ਮਿੰਟ ’ਚ ਆਖਰਕਾਰ ਮੁਨੋਜ ਨੂੰ ਸਫਲਤਾ ਮਿਲੀ ਤੇ ਉਸ ਨੇ ਕੋਲੰਬੀਆ ਨੂੰ 1-0 ਦੀ ਬੜਤ ਦਿਵਾਈ। ਮੈਚ ’ਚ ਲੁਇਸ ਡਿਆਜ ਦੇ ਦੋ ਗੋਲ ਆਫਸਾਈਡ ਕਰਾਰ ਦਿੱਤੇ ਗਏ, ਜਿਸ ਨਾਲ ਕੰਲੋਬੀਆ ਦੀ ਬੜਤ ਹੋਰ ਵੱਡੀ ਨਹੀਂ ਹੋ ਸਕੀ। ਇਸ ਦੇ ਬਾਵਜੂਦ ਟੀਮ ਨੇ ਆਪਣੀ ਲੀਡ ਬਣਾਈ ਰੱਖੀ ਤੇ ਕਾਂਗੋ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਇਸ ਜਿੱਤ ਦੇ ਨਾਲ ਹੀ ਕੋਲੰਬੀਆ ਨੇ ਗਰੁੱਪ ਕੇ ’ਚ 2 ਮੁਕਾਬਲੇ ਜਿੱਤ ਕੇ ਟਾਪ 2 ’ਚ ਆਪਣੀ ਥਾਂ ਪੱਕੀ ਕਰ ਲਈ ਹੈ। ਟੀਮ ਦੇ ਕੁਲ 6 ਅੰਕ ਹੋ ਗਏ ਹਨ। ਅਗਲੇ ਮੁਕਾਬਲੇ ’ਚ ਕੋਲੰਬੀਆ ਦਾ ਮੁਕਾਬਲਾ ਪੁਰਤਗਾਲ ਨਾਲ 28 ਜੂਨ ਨੂੰ ਹੋਵੇਗਾ।