ਜਲੰਧਰ, 11 ਜੁਲਾਈ (ਡਾ. ਜਤਿੰਦਰ ਸਾਬੀ)-ਪੁਰਤਗਾਲ ਦੇ ਸਟਾਰ ਫੁੱਟਬਾਲਰ ਪੇਡਰੋ ਨੇਟੋ ਆਪਣੇ ਬੂਟਾਂ ਦੀ ਪਿੱਛਲੀ ਅੱਡੀ ਕੱਟ ਕੇ ਜਦ ਮੈਦਾਨ ’ਚ ਉਤਰੇ ਤਾਂ ਇਹ ਦੇਖ ਉਨ੍ਹਾਂ ਦੇ ਪ੍ਰਸੰਸਕ ਹੈਰਾਨ ਰਹਿ ਗਏ ਸਨ। ਦੁਨੀਆ ਭਰ ਦੇ ਕੈਮਰਿਆਂ ਨੇ ਕੱਟੇ ਹੋਏ ਬੂਟ ਤਾਂ ਵੇਖੇ, ਪਰ ਉਨ੍ਹਾਂ ਬੂਟਾਂ ਦੇ ਅੰਦਰ ਲੁਕਿਆ ਦਰਦ ਬਹੁਤ ਘੱਟ ਲੋਕ ਸਮਝ ਸਕੇ। ਪੇਡਰੋ ਨੇਟੋ ਦੀ ਇਹ ਤਸਵੀਰ ਇਸ ਵਿਸ਼ਵ ਕੱਪ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਤਸਵੀਰਾਂ ਵਿੱਚੋਂ ਇੱਕ ਬਣ ਗਈ ਹੈ। ਜ਼ਿਕਰਯੋਗ ਹੈ ਕਿ ਨੇਟੋ ਦੇ ਬੂਟਾਂ ਦੀ ਅੱਡੀ ਦਾ ਪਿਛਲਾ ਹਿੱਸਾ ਜਾਣਬੁੱਝ ਕੇ ਕੱਟਿਆ ਗਿਆ ਸੀ। ਇਸ ਦਾ ਕਾਰਨ ਹੈ ਹੈਗਲੰਡਜ਼ ਡੀਫਾਰਮਿਟੀ ,ਜਿਸ ਵਿੱਚ ਅੱਡੀ ਦੀ ਹੱਡੀ ਦੇ ਪਿਛਲੇ ਹਿੱਸੇ ’ਤੇ ਇੱਕ ਵਾਧੂ ਉਭਾਰ ਬਣ ਜਾਂਦਾ ਹੈ। ਆਮ ਬੂਟ ਇਸ ਉਭਾਰ ਨਾਲ ਲਗਾਤਾਰ ਰਗੜ ਖਾਂਦੇ ਹਨ, ਜਿਸ ਨਾਲ ਖਿਡਾਰੀ ਨੂੰ ਬੇਹੱਦ ਦਰਦ ਹੁੰਦਾ ਹੈ। ਇਸ ਸਮੱਸਿਆ ਕਾਰਨ ਐਕੀਲਿਸ ਟੈਂਡਨ ਤੇ ਬਰਸਾ ’ਚ ਸੋਜ ਆ ਜਾਂਦੀ ਹੈ। ਦੌੜਣਾ, ਦਿਸ਼ਾ ਬਦਲਣਾ ਤੇ ਜੰਪ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਕਈ ਅੰਤਰਰਾਸ਼ਟਰੀ ਖਿਡਾਰੀ ਆਪਣੇ ਬੂਟਾਂ ਦੀ ਅੱਡੀ ਕੱਟ ਕੇ ਖੇਡਣ ਨੂੰ ਤਰਜੀਹ ਦਿੰਦੇ ਹਨ। ਹੈਗਲੰਡਜ਼ ਡੀਫਾਰਮਿਟੀ ਕੋਈ ਨਵੀਂ ਬਿਮਾਰੀ ਨਹੀਂ। ਇੱਕ ਸਦੀ ਤੋਂ ਵੱਧ ਸਮੇਂ ਤੋਂ ਖੇਡ ਵਿਗਿਆਨ ਵਿਚ ਇਸ ਦਾ ਜ਼ਿਕਰ ਮਿਲਦਾ ਹੈ। ਆਧੁਨਿਕ ਮੈਡੀਕਲ ਸਹੂਲਤਾਂ ਦੇ ਬਾਵਜੂਦ ਇਹ ਸਮੱਸਿਆ ਅੱਜ ਵੀ ਫੁੱਟਬਾਲ, ਐਥਲੈਟਿਕਸ ਤੇ ਹੋਰ ਉੱਚ ਪੱਧਰੀ ਖੇਡਾਂ ਵਿੱਚ ਚੁਣੌਤੀ ਬਣੀ ਹੋਈ ਹੈ।
ਖੇਡ ਸੰਸਾਰ
Free
ਕੱਟੇ ਹੋਏ ਬੂਟਾਂ ’ਚ ਲੁਕਿਆ ਇਕ ਯੋਧੇ ਦਾ ਦਰਦ
ਅਜੀਤ ਡੈਸਕ
12-07-2026