ਜਲੰਧਰ, 22 ਜੁਲਾਈ (ਡਾ. ਜਤਿੰਦਰ ਸਾਬੀ)-ਇਨ੍ਹਾਂ ਖੇਡਾਂ ’ਚ ਭਾਰਤ ਨੇ 125 ਮੈਂਬਰੀ ਖੇਡ ਦਲ ਨੂੰ ਹਿੱਸਾ ਲੈਣ ਲਈ ਭੇਜਿਆ ਹੈ ਤੇ ਇਸ ਖੇਡ ਦਲ ਵਿਚ ਪੰਜਾਬ ਦੇ ਤਕਰੀਬਨ 9 ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ। ਪਿਛਲੀਆਂ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਪੰਜਾਬ ਦੇ 32 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਗੁਰਿੰਦਰਵੀਰ ਸਿੰਘ ਜੋ ਕਿ ਭਾਰਤ ਦਾ ਰਾਸ਼ਟਰੀ ਰਿਕਾਰਡ ਹੋਲਡਰ ਹੈ, 100 ਮੀਟਰ ਦੌੜ ਵਿਚ ਭਾਰਤ ਦੀ ਨੁਮਾਇੰਦਗੀ ਕਰੇਗਾ। ਗੁਰਿੰਦਰਵੀਰ ਸਿੰੰਘ ਜ਼ਿਲ੍ਹਾ ਜਲੰਧਰ ਦੇ ਪਿੰਡ ਪਤਿਆਲ ਦਾ ਵਸਨੀਕ ਅਤੇ ਪਿਤਾ ਕਮਲਜੀਤ ਸਿੰਘ ਤੇ ਮਾਤਾ ਰੁਪਿੰਦਰ ਕੌਰ ਦਾ ਹੋਣਹਾਰ ਸਪੁੱਤਰ ਤੇ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਦਾ ਸ਼ਗਿਰਦ ਹੈ। ਤਜਿੰਦਰ ਪਾਲ ਸਿੰਘ ਤੂਰ ਜੋ ਕਿ ਏਸ਼ੀਅਨ ਖੇਡਾਂ ਦਾ ਰਿਕਾਰਡ ਹੋਲਡਰ ਹੈ, ਦੀ ਚੋਣ ਸ਼ਾਟਪੁੱਟ ਈਵੈਂਟਸ ’ਚ ਹੋਈ ਹੈ। ਤੂਰ ਇਸ ਵੇਲੇ ਡੀ.ਐਸ.ਪੀ. ਦੇ ਅਹੁਦੇ ’ਤੇ ਤਾਇਨਾਤ ਹੈ ਤੇ ਮੋਗਾ ਜ਼ਿਲ੍ਹੇ ਦੇ ਖੋਸਾ ਪਾਡੂੰ ਪਿੰਡ ਦਾ ਵਾਸੀ ਤੇ ਪਿਤਾ ਕਰਮ ਸਿੰਘ ਤੇ ਮਾਤਾ ਸੁਰਜੀਤ ਕੌਰ ਦਾ ਬੇਟਾ ਅਤੇ ਦਰੋਣਾਚਾਰੀਆ ਐਵਾਰਡੀ ਕੋਚ ਐਮ.ਐਸ. ਢਿੱਲੋ ਦਾ ਸ਼ਗਿਰਦ ਹੈ। ਰਸ਼ਦੀਪ ਕੌਰ, ਜਿਸ ਨੇ ਖੇਡ ਕੈਰੀਅਰ ਦੀ ਸ਼ੁਰੂਆਤ ਨਹਿਰੂ ਗਾਰਡਨ ਜਲੰਧਰ ਤੋਂ ਕੀਤੀ, ਦੀ ਚੋਣ 400 ਮੀਟਰ ਦੌੜ ਵਿਚ ਹੋਈ ਹੈ। ਰਸ਼ਦੀਪ ਕੌਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਗੰਢੂਆਂ ਦੀ ਰਹਿਣ ਵਾਲੀ ਹੈ ਤੇ ਪਿਤਾ ਗੁਰਲਾਲ ਸਿੰਘ ਤੇ ਮਾਤਾ ਗੁਰਪਿੰਦਰ ਕੌਰ ਦੀ ਲਾਡਲੀ ਧੀ ਹੈ। ਅੰਮ੍ਰਿਤਸਰ ਦੇ ਪਿੰਡ ਕੋਟ ਸਿੱਧੂ ਦਾ ਵਾਸੀ ਦਿਲਬਾਗ ਸਿੰਘ ਜੋ ਕਿ 94 ਕਿੱਲੋ ਭਾਰ ਵਰਗ ਵਿਚ ਹਿੱਸਾ ਲਵੇਗਾ, ਉਸ ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ’ਚੋਂ ਵੀ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਹਰਜਿੰਦਰ ਕੌਰ ਮਹਿਲਾਵਾਂ ਦੇ 69 ਕਿੱਲੋ ਭਾਰ ਵਰਗ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। ਸੰਗਰੂਰ ਦੇ (ਧੂਰੀ) ਨਾਭਾ ਨੇੜੇ ਪੈਂਦੇ ਪਿੰਡ ਮਹੇਸ ਦੀ ਵਾਸੀ ਹਰਜਿੰਦਰ ਕੌਰ ਪਿਤਾ ਸਾਹਿਬ ਸਿੰਘ ਤੇ ਮਾਤਾ ਕੁਲਦੀਪ ਕੌਰ ਦੀ ਹੋਣਹਾਰ ਧੀ ਹੈ। ਲਵਪ੍ਰੀਤ ਸਿੰਘ ਜੋ ਕਿ 110 ਕਿੱਲੋ ਭਾਰ ਵਰਗ ਵਿਚ ਹਿੱਸਾ ਲਵੇਗਾ, ਨੇ 2022 ਦੀਆਂ ਰਾਸ਼ਟਰਮੰਡਲ ਖੇਡਾਂ ’ਚੋ ਵੀ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਅੰਮ੍ਰਿਤਸਰ ਦੇ ਪਿੰਡ ਬਾਲ ਸਿਕੰਦਰ ਦਾ ਵਸਨੀਕ ਲਵਪ੍ਰੀਤ ਪਿਤਾ ਪਾਲ ਸਿੰਘ ਤੇ ਮਾਤਾ ਜਸਵੀਰ ਕੌਰ ਦਾ ਪੁੱਤਰ ਹੈ। ਹਰਸ਼ਵੀਰ ਸਿੰਘ ਸੇਖੋਂ ਭਾਰਤ ਦੀ ਨੁਮਾਇੰਦਗੀ ਟਰੈਕ ਸਾਈਕਲਿੰਗ ਵਿਚ ਕਰੇਗਾ। ਹਰਸ਼ਵੀਰ ਸਿੰਘ ਸੇਖੋਂ ਦਾ ਪਿਛੋਕਡ਼ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਮੱਲ ਸਿੰਘ ਨਾਲ ਹੈ ਤੇ ਇਸ ਵੇਲੇ ਲੁਧਿਆਣਾ ਵਿਖੇ ਪਿਤਾ ਬਲਜੀਤ ਸਿੰਘ ਤੇ ਮਾਤਾ ਬਲਦੀਪ ਕੌਰ ਦੀ ਦੇਖ ਰੇਖ ਹੇਠ ਖੇਡ ਦੀ ਬੁਲੰਦੀਆਂ ਛੂਹ ਰਿਹਾ ਹੈ। ਕਰਨਜੀਤ ਸਿੰਘ ਮਾਨ ਜੋ ਕਿ 90 ਕਿੱਲੋ ਭਾਰ ਵਰਗ ਵਿਚ ਤਗਮਾ ਜਿੱਤਣ ਲਈ ਮੈਟ ’ਤੇ ਡਟੇਗਾ, ਇਸ ਵੇਲੇ ਪੰਜਾਬ ਪੁਲਿਸ ’ਚ ਬਤੌਰ ਏ.ਐਸ.ਆਈ. ਸੇਵਾ ਨਿਭਾਅ ਰਿਹਾ ਕਰਨਜੀਤ ਮਾਨ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਗੁਰਦਾਸਪੁਰ ਵਿਖੇ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸ਼ਤਰੀ ਦੀ ਦੇਖ ਰੇਖ ਪ੍ਰੈਕਟਿਸ ਕਰ ਰਿਹਾ ਹੈ ਤੇ ਗੁਰਦਾਸਪੁਰ ਦੇ ਪਿੰਡ ਮਾਨ ਚੋਪੜਾ ਦਾ ਵਸਨੀਕ ਕਰਨਜੀਤ ਪਿਤਾ ਅਮਰੀਕ ਸਿੰਘ ਤੇ ਮਾਤਾ ਪਰਮਜੀਤ ਕੌਰ ਦੀਆਂ ਅੱਖੀਆਂ ਦਾ ਤਾਰਾ ਹੈ। ਅਵਤਾਰ ਸਿੰਘ ਜੋ ਕਿ ਜੂਡੋ ਦੇ 100 ਕਿੱਲੋ ਭਾਰ ਵਰਗ ਵਿਚ ਤਗਮਾ ਜਿੱਤਣ ਦੇ ਇਰਾਦੇ ਨਾਲ ਮੈਟ ’ਤੇ ਡਟੇਗਾ, ਇਸ ਵੇਲੇ ਪੰਜਾਬ ਪੁਲਿਸ’ਚ ਬਤੌਰ ਐਸ.ਆਈ. ਸੇਵਾ ਨਿਭਾਅ ਰਿਹਾ ਤੇ ਸਾਈ ਜੂਡੋ ਸੈਂਟਰ ਭੋਪਾਲ ਵਿਖੇ ਪ੍ਰੈਕਟਿਸ ਕਰ ਰਿਹਾ ਅਵਤਾਰ ਸਿੰਘ ਗੁਰਦਾਸਪੁਰ ਦੇ ਪਿੰਡ ਕੋਠੇ ਘੁਰਾਲਾ ਦਾ ਰਹਿਣ ਵਾਲਾ ਹੈ।