ਗਲਾਸਗੋ, 2 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦਾ ਸਫ਼ਲ ਸਮਾਪਨ ਹੋ ਗਿਆ ਹੈ। ਇਕ ਸੁਤੰਤਰ ਮੁਲਾਂਕਣ ਅਨੁਸਾਰ ਇਨ੍ਹਾਂ ਖੇਡਾਂ ਨੂੰ ਰਾਸ਼ਟਰਮੰਡਲ ਖੇਡਾਂ ਦੇ ਭਵਿੱਖ ਲਈ ਨਵੇਂ ਮਾਡਲ ਦਾ ਸਬੂਤ ਕਰਾਰ ਦਿੰਦਿਆਂ ਕਿਹਾ ਹੈ ਕਿ ਗਲਾਸਗੋ ਨੇ ਘੱਟ ਖ਼ਰਚ, ਟਿਕਾਊ ਵਿਕਾਸ ਤੇ ਸਮਾਜਿਕ ਸ਼ਮੂਲੀਅਤ ਨਾਲ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਕਰਵਾਉਣ ਦਾ ਨਵਾਂ ਰਾਹ ਦਿਖਾਇਆ ਹੈ। 11 ਦਿਨ ਚੱਲੀਆਂ ਖੇਡਾਂ ’ਚ 74 ਦੇਸ਼ਾਂ ਤੇ ਖੇਤਰਾਂ ਦੇ ਐਥਲੀਟਾਂ ਨੇ 10 ਖੇਡਾਂ ਤੇ 6 ਪੈਰਾ ਖੇਡਾਂ ’ਚ ਹਿੱਸਾ ਲਿਆ। ਕੁੱਲ 215 ਮੈਡਲ ਮੁਕਾਬਲਿਆਂ ’ਚ 1,168 ਤਗਮੇ ਦਿੱਤੇ ਗਏ। ਮੁਕਾਬਲਿਆਂ, ਲਾਈਵ ਸਾਈਟਾਂ ਤੇ ਗਲਾਸਗੋ 2026 ਫੈਸਟੀਵਲ ਰਾਹੀਂ 6.3 ਲੱਖ ਤੋਂ ਵੱਧ ਲੋਕਾਂ ਨੇ ਖੇਡਾਂ ਦਾ ਅਨੁਭਵ ਕੀਤਾ, ਜਦਕਿ ਖੇਡਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲਗਭਗ 50 ਕਰੋੜ (ਅੱਧਾ ਅਰਬ) ਵਾਰ ਦੇਖਿਆ ਗਿਆ। ਖੇਡਾਂ ਦੀ ਸਫ਼ਲਤਾ ’ਚ 4,000 ਤੋਂ ਵੱਧ ਵਲੰਟੀਅਰਾਂ ਦਾ ਵੀ ਵੱਡਾ ਯੋਗਦਾਨ ਰਿਹਾ, ਜਿਨ੍ਹਾਂ ਨੇ ਮਿਲ ਕੇ 1,56,110 ਘੰਟੇ ਸੇਵਾ ਦਿੱਤੀ। 16 ਤੋਂ 96 ਸਾਲ ਦੀ ਉਮਰ ਦੇ ਵਲੰਟੀਅਰਾਂ ਨੇ ਦਰਸ਼ਕਾਂ ਤੇ ਖਿਡਾਰੀਆਂ ਦੀ ਹਰ ਪੱਖੋਂ ਸਹਾਇਤਾ ਕੀਤੀ। ਇਸ ਵਾਰ ਦੀਆਂ ਖੇਡਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਸਾਰੇ ਮੁਕਾਬਲੇ ਪਹਿਲਾਂ ਤੋਂ ਮੌਜੂਦ ਸਟੇਡੀਅਮਾਂ ’ਚ ਸਿਰਫ਼ ਅੱਠ ਮੀਲ ਦੇ ਘੇਰੇ ਅੰਦਰ ਕਰਵਾਏ ਗਏ। ਨਵਾਂ ਸਟੇਡੀਅਮ ਬਣਾਉਣ ਦੀ ਬਜਾਏ ਮੌਜੂਦਾ ਢਾਂਚੇ ਦੀ ਵਰਤੋਂ ਕੀਤੀ ਗਈ ਤੇ ਸਾਰੇ ਮੁਕਾਬਲੇ ਵਾਲੇ ਸਥਾਨਾਂ ਨੂੰ 100 ਫੀਸਦੀ ਨਵਿਆਉਣਯੋਗ ਬਿਜਲੀ ਨਾਲ ਚਲਾਇਆ ਗਿਆ।
ਖੇਡਾਂ ਨੂੰ ਟਿਕਾਊ ਸਮਾਗਮ ਪ੍ਰਬੰਧਨ ਲਈ ਆਈ.ਐਸ.ਓ. 20121 ਅੰਤਰਰਾਸ਼ਟਰੀ ਮਿਆਰ ਵੀ ਪ੍ਰਾਪਤ ਹੋਇਆ। ਗਲਾਸਗੋ 2026 ਨੇ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟੀਗ੍ਰੇਟਡ ਪੈਰਾ ਸਪੋਰਟਸ ਪ੍ਰੋਗਰਾਮ ਵੀ ਕਰਵਾਇਆ। 6 ਪੈਰਾ ਖੇਡਾਂ ’ਚ 47 ਪੈਰਾ ਮੈਡਲ ਮੁਕਾਬਲੇ ਹੋਏ ਤੇ ਪਹਿਲੀ ਵਾਰ ਖੇਡਾਂ ਦਾ ਪਹਿਲਾ ਸੋਨ ਤਗਮਾ ਇਕ ਪੈਰਾ ਖੇਡ ’ਚ ਦਿੱਤਾ ਗਿਆ, ਜਿੱਥੇ ਇੰਗਲੈਂਡ ਦੇ ਮਾਰਕ ਸਵਾਨ ਨੇ ਪੈਰਾ ਪਾਵਰਲਿਫਟਿੰਗ ’ਚ ਸੋਨਾ ਜਿੱਤਿਆ। ਵਾਤਾਵਰਣ ਸੁਰੱਖਿਆ ਲਈ ਵੀ ਖਾਸ ਕਦਮ ਚੁੱਕੇ ਗਏ। ਖੇਡਾਂ ਦੇ ਮੈਨੂ ’ਚ 59 ਫੀਸਦੀ ਭੋਜਨ ਸ਼ਾਕਾਹਾਰੀ ਜਾਂ ਪਲਾਂਟ-ਬੇਸਡ ਰਿਹਾ, 90 ਫੀਸਦੀ ਤੋਂ ਵੱਧ ਅਸਥਾਈ ਢਾਂਚਿਆਂ ਨੂੰ ਮੁੜ ਵਰਤੋਂ ਲਈ ਰੀਸਾਈਕਲ ਕੀਤਾ ਗਿਆ ਤੇ 99,401 ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕਰਕੇ ਸਟੇਡੀਅਮਾਂ ਦੇ ਬੈਨਰ ਬਣਾਏ ਗਏ। ਇਸ ਤੋਂ ਇਲਾਵਾ 71 ਫੀਸਦੀ ਖੇਡ ਵਾਹਨ ਹਾਈਬ੍ਰਿਡ ਜਾਂ ਇਲੈਕਟ੍ਰਿਕ ਸਨ, ਜਿਨ੍ਹਾਂ ਵਿੱਚੋਂ 63 ਫੀਸਦੀ ਪੂਰੀ ਤਰ੍ਹਾਂ ਇਲੈਕਟ੍ਰਿਕ ਸਨ। ਗਲਾਸਗੋ 2026 ਦੇ ਮੁੱਖ ਕਾਰਜਕਾਰੀ ਫਿਲ ਬੈਟੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਨੇ ਸਾਬਤ ਕਰ ਦਿੱਤਾ ਹੈ ਕਿ ਵੱਡੇ ਖੇਡ ਸਮਾਗਮ ਘੱਟ ਖ਼ਰਚੇ, ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਵੀ ਸਫ਼ਲਤਾਪੂਰਵਕ ਕਰਵਾਏ ਜਾ ਸਕਦੇ ਹਨ।
ਖੇਡ ਸੰਸਾਰ
Free
11 ਦਿਨਾਂ ’ਚ 1,168 ਤਗਮੇ, 6.3 ਲੱਖ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ, 4,000 ਤੋਂ ਵੱਧ ਵਲੰਟੀਅਰਾਂ ਨੇ ਨਿਭਾਈ ਅਹਿਮ ਭੂਮਿਕਾ
11 ਦਿਨਾਂ ’ਚ 1,168 ਤਗਮੇ, 6.3 ਲੱਖ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ, 4,000 ਤੋਂ ਵੱਧ ਵਲੰਟੀਅਰਾਂ ਨੇ ਨਿਭਾਈ ਅਹਿਮ ਭੂਮਿਕਾ
ਅਜੀਤ ਡੈਸਕ
03-08-2026