ਵੈਨਕੂਵਰ, 3 ਜਨਵਰੀ (ਏਜੰਸੀ)-ਪਿਛਲੇ ਹਫ਼ਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਇਕ ਪਾਇਲਟ ਨੂੰ ਸ਼ਰਾਬ ਪੀਤੇ ਹੋਣ ਕਾਰਨ ਉਸ ਸਮੇਂ ਗਿ੍ਫਤਾਰ ਕੀਤਾ ਗਿਆ ਜਦੋਂ ਉਹ ਉਡਾਣ ਦੀ ਤਿਆਰੀ ਕਰ ਰਿਹਾ ਸੀ | ਕੈਨੇਡਾ ਦੀ ਆਵਾਜਾਈ ਏਜੰਸੀ ਨੇ ਏਅਰਲਾਈਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸਨੇ ਇਸ ਸੰਬੰਧੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਉਸਨੂੰ ਆਪਣੀ ਉਡਾਣ ਪ੍ਰਵਾਨਗੀ ਗੁਆਉਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਟਰਾਂਸਪੋਰਟ ਕੈਨੇਡਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਹ ਘਟਨਾ 23 ਦਸੰਬਰ ਨੂੰ ਵਾਪਰੀ ਸੀ ਤੇ ਉਹ ਏਅਰ ਇੰਡੀਆ ਤੇ ਭਾਰਤੀ ਹਵਾਬਾਜ਼ੀ ਅਧਿਕਾਰੀਆਂ ਨਾਲ ਗੱਲਬਾਤ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 'ਢੁਕਵੀਂ ਫਾਲੋ-ਅਪ ਕਾਰਵਾਈਆਂ' ਕੀਤੀਆਂ ਜਾਣ | ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਜਾਵੇਗੀ | ਹਵਾਈ ਅੱਡੇ ਦੇ ਇਕ ਬੁਲਾਰੇ ਨੇ ਕਿਹਾ ਕਿ ਪਾਇਲਟ ਵੈਨਕੂਵਰ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਨਿਰਧਾਰਤ ਰੋਜ਼ਾਨਾ ਉਡਾਣ ਲਈ ਤਿਆਰੀ ਕਰ ਰਿਹਾ ਸੀ, ਜੋ ਕਈ ਘੰਟਿਆਂ ਲਈ ਦੇਰੀ ਨਾਲ ਹੋਈ ਸੀ ਪਰ ਬਾਅਦ 'ਚ ਸੁਰੱਖਿਅਤ ਢੰਗ ਨਾਲ ਰਵਾਨਾ ਹੋ ਗਈ | ਜ਼ਿਕਰਯੋਗ ਹੈ ਕਿ ਏਅਰ ਇੰਡੀਆ ਨੇ ਟਿੱਪਣੀ ਲਈ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਦਿੱਤਾ |