ਸਿਨਸਿਨਾਟੀ (ਅਮਰੀਕਾ), 5 ਜਨਵਰੀ (ਏਪੀ)-ਅਮਰੀਕੀ ਉੱਪ ਰਾਸ਼ਟਰਪਤੀ ਜੇ. ਡੀ. ਵੈਂਸ ਦੇ ਸਿਨਸਿਨਾਟੀ ਸਥਿਤ ਘਰ 'ਤੇ ਰਾਤ ਨੂੰ ਹਮਲਾ ਕੀਤਾ ਗਿਆ, ਜਿਸ 'ਚ ਘਰ ਦੀਆਂ ਕਈ ਖਿੜਕੀਆਂ ਟੁੱਟ ਗਈਆਂ | ਸੀਕੇ੍ਰਟ ਸਰਵਿਸ ਏਜੰਟ ਸੋਮਵਾਰ ਸਵੇਰੇ ਈਸਟ ਵਾਲਨਟ ਹਿਲਜ਼ ਸਥਿਤ ਰਿਹਾਇਸ਼ 'ਤੇ ਪਹੁੰਚੇ ਤੇ ਇਕ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ | ਹਾਲਾਂਕਿ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਦੋਸ਼ ਲਗਾਏ ਗਏ ਹਨ ਜਾਂ ਨਹੀਂ | ਪੁਲਿਸ ਨੇ ਸਥਾਨਕ ਆਊਟਲੇਟ ਡਬਲਿਊ. ਸੀ. ਪੀ. ਓ. ਨੂੰ ਦੱਸਿਆ ਕਿ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਪਰ ਹੋਰ ਵੇਰਵੇ ਨਹੀਂ ਦਿੱਤੇ | ਯੂ.ਐਸ. ਸੀਕ੍ਰੇਟ ਸਰਵਿਸ ਨੇ ਕਿਹਾ ਹੈ ਕਿ ਉੱਪ-ਰਾਸ਼ਟਰਪਤੀ ਜੇ.ਡੀ. ਵੈਂਸ ਦੇ ਓਹਾਇਓ ਘਰ ਦੀਆਂ ਖਿੜਕੀਆਂ ਤੋੜਨ ਤੇ ਹੋਰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਕ ਵਿਅਕਤੀ ਨੂੰ ਸੋਮਵਾਰ ਤੜਕੇ ਹਿਰਾਸਤ ਵਿਚ ਲੈ ਲਿਆ ਗਿਆ | ਏਜੰਸੀ ਦੇ ਬੁਲਾਰੇ ਐਂਥਨੀ ਗੁਗਲੀਏਲਮੀ ਨੇ ਐਸੋਸੀਏਟਿਡ ਪ੍ਰੈੱਸ ਨੂੰ ਈਮੇਲ ਕੀਤੇ ਇੱਕ ਬਿਆਨ ਵਿਚ ਕਿਹਾ ਕਿ ਡਾਊਨਟਾਊਨ ਸਿਨਸਿਨਾਟੀ ਦੇ ਪੂਰਬ ਵਿਚ ਵੈਂਸ ਦੇ ਘਰ ਨੂੰ ਨਿਯੁਕਤ ਕੀਤੇ ਗਏ ਸੀਕ੍ਰੇਟ ਸਰਵਿਸ ਏਜੰਟਾਂ ਦੁਆਰਾ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਉਸ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ | ਉਸਦਾ ਨਾਂਅ ਨਹੀਂ ਦੱਸਿਆ ਗਿਆ ਹੈ | ਦੋ ਅਧਿਕਾਰੀਆਂ ਦੇ ਅਨੁਸਾਰ ਸੀਕ੍ਰੇਟ ਸਰਵਿਸਿਜ਼ ਨੇ ਅੱਧੀ ਰਾਤ ਦੇ ਕਰੀਬ ਘਰ ਵਿਚ ਇੱਕ ਉੱਚੀ ਆਵਾਜ਼ ਸੁਣੀ ਅਤੇ ਇੱਕ ਵਿਅਕਤੀ ਨੂੰ ਮਿਲਿਆ, ਜਿਸ ਨੇ ਹਥੌੜੇ ਨਾਲ ਖਿੜਕੀ ਤੋੜੀ ਸੀ ਅਤੇ ਘਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ | ਇੱਕ ਅਧਿਕਾਰੀ ਨੇ ਕਿਹਾ ਕਿ ਘਰ ਦੇ ਡਰਾਈਵ-ਵੇਅ 'ਤੇ ਜਾਂਦੇ ਸਮੇਂ ਉਸ ਵਿਅਕਤੀ ਨੇ ਇੱਕ ਸੀਕ੍ਰੇਟ ਸਰਵਿਸ ਵਾਹਨ ਦੀ ਵੀ ਭੰਨਤੋੜ ਕੀਤੀ ਸੀ | ਗੁਗਲੀਏਲਮੀ ਨੇ ਕਿਹਾ ਕਿ ਵਾਲਨਟ ਹਿਲਜ਼ ਇਲਾਕੇ ਵਿਚ ਸਥਿਤ ਘਰ, ਉਸ ਸਮੇਂ ਖਾਲੀ ਸੀ, ਅਤੇ ਵੈਂਸ ਅਤੇ ਉਸਦਾ ਪਰਿਵਾਰ ਓਹਾਈਓ ਵਿਚ ਨਹੀਂ ਸਨ | ਉਨ੍ਹਾਂ ਕਿਹਾ ਕਿ ਸੀਕ੍ਰੇਟ ਸਰਵਿਸ ਸਿਨਸਿਨਾਟੀ ਪੁਲਿਸ ਵਿਭਾਗ ਅਤੇ ਅਮਰੀਕੀ ਵਕੀਲ ਦੇ ਦਫ਼ਤਰ ਨਾਲ ਤਾਲਮੇਲ ਕਰ ਰਹੀ ਹੈ |