ਟੋਰਾਂਟੋ, 25 ਫ਼ਰਵਰੀ (ਹਰਜੀਤ ਸਿੰਘ ਬਾਜਵਾ)-'ਕਲਮਾਂ ਦੀ ਸਾਂਝ' ਸਾਹਿਤ ਸਭਾ ਟੋਰਾਂਟੋ (ਰਜਿ.) ਵਲੋਂ ਬੀਤੇ ਦਿਨੀਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਬਰੈਂਪਟਨ ਦੀ ਨਾਮਧਾਰੀ ਧਰਮਸ਼ਾਲਾ ਵਿਖੇ ਕਰਵਾਇਆ | ਹਰਦਿਆਲ ਸਿੰਘ ਝੀਤਾ ਅਤੇ ਕਰਨੈਲ ਸਿੰਘ ਮਰਵਾਹਾ ਦੀ ਦੇਖ ਰੇਖ ਵਿਚ ਕਰਵਾਏ ਇਸ ਸਮਾਗਮ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਪਿਆਰਾ ਸਿੰਘ ਕੁੱਦੋਵਾਲ ਨੇ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ਤੇ ਕੌਂਮਾਤਰੀ ਮਾਂ ਬੋਲੀ ਦਿਵਸ ਬਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕੀਤੀ | ਇਸ ਦੌਰਾਨ ਸੰਸਥਾ ਦੇ ਸਲਾਹਕਾਰ ਪ੍ਰੋ. ਰਵਿੰਦਰਪਾਲ ਸਿੰਘ ਵਿਰਦੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਾਜ਼ਰੀਨ ਵਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਬੁਲਾਰਿਆਂ ਵਲੋਂ ਪੰਜਾਬੀ ਬੋਲੀ ਦੀ ਵਰਤਮਾਨ ਸਥਿੱਤੀ 'ਤੇ ਭਾਵਪੂਰਤ ਗੱਲਬਾਤ ਕਰਦਿਆਂ ਇਸਦੇ ਪ੍ਰਚਾਰ ਤੇ ਪਸਾਰ ਉੱਤੇ ਵਿਚਾਰ ਚਰਚਾ ਕੀਤੀ ਗਈ ਅਤੇ ਵੱਧ ਤੋਂ ਵੱਧ ਉਸਾਰੂ ਸਾਹਿਤਕ ਗਤੀਵਿਧੀਆਂ ਵਧਾਉਣ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਬੁਲੰਦ ਆਵਾਜ਼ ਦੇ ਮਾਲਕ ਗਾਇਕ ਬੌਬੀ ਪੰਧੇਰ ਸਮੇਤ ਕੁਝ ਇੱਕ ਹੋਰਨਾਂ ਦਾ ਸਨਮਾਨ ਵੀ ਕੀਤਾ ਗਿਆ | ਖਾਲਸਾ ਪੀਜ਼ਾ ਵਲੋਂ ਦੁਪਿਹਰ ਦੇ ਭੋਜਨ ਲਈ ਭੇਜੇ ਪੀਜ਼ੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਸੰਸਥਾ ਵਲੋਂ ਹਰ ਸਾਲ ਕਿਸੇ ਲੇਖਕ ਜਾਂ ਕਲਾਕਾਰ ਨੂੰ ਦਿੱਤੇ ਜਾਣ ਵਾਲੇ ਸਤਿਗੁਰੂ ਰਾਮ ਸਿੰਘ ਲਾਈਫ ਟਾਈਮ ਅਚੀਵਮੈਂਟ ਐਵਾਰਡ ਬਾਰੇ ਵੀ ਵਿਚਾਰ ਕੀਤਾ ਗਿਆ | ਇਸ ਮੌਕੇ ਬਾਸ਼ਰਤ ਰਿਹਾਨ, ਕਿਰਨਦੀਪ ਪ੍ਰਕਾਸ਼, ਜਸਵਿੰਦਰ ਸੰਧੂ, ਸੁਰਿੰਦਰ ਸੂਰ, ਹਰਬੰਸ ਸਿੰਘ ਸਰੋਕਾਰਾਂ ਦੀ ਆਵਾਜ਼, ਸਤਵੰਤ ਕੌਰ, ਸੁਰਜੀਤ ਕੌਰ, ਡਾ. ਇੰਦਰਜੀਤ ਕੌਰ, ਹਰਭਜਨ ਕੌਰ ਗਿੱਲ, ਸੁਖਚਰਨਜੀਤ ਕੌਰ ਗਿੱਲ, ਮਲੂਕ ਸਿੰਘ ਕਾਹਲੋਂ, ਸੁਜਾਨ ਸਿੰਘ ਸੁਜਾਨ, ਗੁਰਮੇਲ ਸਿੰਘ ਢਿੱਲੋਂ, ਪ੍ਰੋ. ਜ਼ੰਗੀਰ ਸਿੰਘ ਕਾਹਲੋਂ, ਸਰਬਜੀਤ ਕੌਰ ਕਾਹਲੋਂ, ਰਿੰਟੂ ਭਾਟੀਆ, ਗੁਰਦੇਵ ਸਿੰਘ ਰੱਖੜਾ, ਸੁਖਵਿੰਦਰ ਸਿੰਘ ਝੀਤਾ, ਸੰਤ ਸਿੰਘ ਝੀਤਾ ਤੇ ਹੋਰਨਾਂ ਵਲੋਂ ਆਪੋ-ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਸਾਂਝ ਪਾਈ ਗਈ | ਤਸਵੀਰ: 25 ਟੋਰਾਂਟੋ ਨਿਊਜ਼ ਪਿਕ