ਲੰਡਨ, 26 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਹਿਰ ਪੀਟਰਬਰੋ ਦੇ ਇਕ ਕੰਪਲੈਕਸ ਵਿਚ ਸਥਿਤ ਇਕ 40 ਸਾਲ ਪੁਰਾਣਾ ਹਿੰਦੂ ਮੰਦਰ ਤੇ ਕਮਿਊਨਿਟੀ ਸੈਂਟਰ ਸਥਾਨਕ ਅਧਿਕਾਰੀਆਂ ਵਲੋਂ ਇਮਾਰਤ ਨੂੰ ਵੇਚਣ ਦੇ ਫੈਸਲੇ ਕਾਰਨ ਬੰਦ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ | ਇਹ ਸਥਾਨ ਮੰਦਰ ਨੂੰ ਕਿਰਾਏ 'ਤੇ ਦਿੱਤਾ ਹੋਇਆ ਸੀ | ਭਾਰਤ ਹਿੰਦੂ ਸਮਾਜ ਮੰਦਰ 1986 'ਚ ਸ਼ਹਿਰ ਦੇ ਨਿਊ ਇੰਗਲੈਂਡ ਕੰਪਲੈਕਸ 'ਚ ਸਥਾਪਿਤ ਕੀਤਾ ਗਿਆ ਸੀ ਤੇ ਕੈਂਬਰਿਜਸ਼ਾਇਰ, ਨੌਰਫੋਕ ਤੇ ਲਿੰਕਨਸ਼ਾਇਰ ਤੋਂ 13,000 ਤੋਂ ਵੱਧ ਹਿੰਦੂ ਇੱਥੋਂ ਦੇ ਸ਼ਰਧਾਲੂ ਹਨ | ਮੰਦਰ ਪ੍ਰਸ਼ਾਸਨ ਨੇ ਪੀਟਰਬਰੋ ਸਿਟੀ ਕੌਂਸਲ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਬੇਨਤੀ ਕੀਤੀ ਹੈ | ਮੰਦਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਭਾਰਤ ਹਿੰਦੂ ਸਮਾਜ ਨਾਲ ਜੁੜੀ ਇਮਾਰਤ ਦੀ ਵਿਕਰੀ ਦੀ ਸਖ਼ਤ ਨਿੰਦਾ ਕਰਦੇ ਹਾਂ | ਭਾਈਚਾਰੇ ਵਲੋਂ ਸਥਾਪਿਤ ਸੰਸਥਾ ਨੂੰ ਪਾਰਦਰਸ਼ਤਾ ਜਾਂ ਸਹਿਮਤੀ ਤੋਂ ਬਿਨਾਂ ਵੇਚਿਆ ਨਹੀਂ ਜਾਣਾ ਚਾਹੀਦਾ | ਮੰਦਰ ਪ੍ਰਬੰਧਕਾਂ ਨੇ ਕਿਹਾ ਕਿ ਇਹ ਸਿਰਫ਼ ਜਾਇਦਾਦ ਨਹੀਂ ਹੈ, ਸਗੋਂ ਵਿਰਾਸਤ, ਵਿਸ਼ਵਾਸ ਬਾਰੇ ਹੈ | ਭਾਈਚਾਰਾ ਜਵਾਬਾਂ ਦਾ ਹੱਕਦਾਰ ਹੈ | ਇਸ ਫੈਸਲੇ 'ਤੇ ਸਵਾਲ ਉਠਾਏ ਜਾਣੇ ਚਾਹੀਦੇ ਹਨ ਤੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ | ਬਿ੍ਟਿਸ਼ ਹਿੰਦੂਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹਿੰਦੂ ਕੌਂਸਲ ਯੂ.ਕੇ. ਨੇ ਲੇਬਰ ਪਾਰਟੀ ਦੀ ਅਗਵਾਈ ਵਾਲੀ ਪੀਟਰਬਰੋ ਸਿਟੀ ਕੌਂਸਲ (ਪੀ.ਸੀ.ਸੀ.) ਦੇ ਨਵੇਂ ਪ੍ਰਸ਼ਾਸਨ 'ਤੇ ਮੰਦਰ ਦੇ 'ਸਮਾਜਿਕ ਪ੍ਰਭਾਵ ਮੁੱਲ' ਨੂੰ ਮਾਨਤਾ ਦੇਣ ਤੇ ਇਸਦੀ ਮਾਲਕੀ ਭਾਰਤ ਹਿੰਦੂ ਸਮਾਜ ਨੂੰ ਤਬਦੀਲ ਕਰਨ ਦੀ ਆਪਣੀ ਪਹਿਲਾਂ ਦੀ ਵਚਨਬੱਧਤਾ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ |