ਸੈਕਰਾਮੈਂਟੋ, 3 ਮਾਰਚ (ਹੁਸਨ ਲੜੋਆ ਬੰਗਾ)-ਢਾਈ ਸੌ ਸਾਲਾਂ ਦੇ ਇਤਿਹਾਸ 'ਚ ਅਮਰੀਕਾ 'ਚ ਪੁੱਠਾਗੇੜਾ ਵੇਖਣ ਨੂੰ ਮਿਲ ਰਿਹਾ ਹੈ | ਪਿਛਲੇ ਸਾਲ ਅਮਰੀਕਾ ਆਉਣ ਵਾਲਿਆਂ ਦੀ ਤੁਲਨਾ 'ਚ ਅਮਰੀਕਾ ਛੱਡਣ ਵਾਲਿਆਂ ਦੀ ਗਿਣਤੀ ਵਧ ਹੈ | ਵਾਲ ਸਟਰੀਟ ਜਰਨਲ ਅਨੁਸਾਰ ਇਸ ਨੂੰ ਵੱਡੀ ਸਮੱਸਿਆ ਵਜੋਂ ਨਹੀਂ ਵੇਖਿਆ ਜਾ ਰਿਹਾ | ਬਰੁੱਕਿੰਗਜ ਇਸੰਟੀਚਿਊਸ਼ਨ ਵਲੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ 2025 ਵਿਚ ਨਾਕਾਰਤਮਿਕ ਪ੍ਰਵਾਸ ਹੋਇਆ ਹੈ ਤੇ ਇਕ ਅਨੁਮਾਨ ਅਨੁਸਾਰ ਤਕਰੀਬਨ ਡੇਢ ਲੱਖ ਲੋਕ ਅਮਰੀਕਾ ਛੱਡ ਗਏ ਹਨ | 2026 'ਚ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ | 2025 'ਚ ਪ੍ਰਵਾਸੀਆਂ ਦੀ ਆਮਦ 26 ਲੱਖ ਤੋਂ 27 ਲੱਖ ਤੱਕ ਘਟੀ ਹੈ | ਹਾਲਾਂਕਿ 2023 'ਚ ਇਹ ਗਿਣਤੀ ਤਕਰੀਬਨ 60 ਲੱਖ ਸੀ | ਇਕ ਅਨੁਮਾਨ ਅਨੁਸਾਰ 40 ਤੋਂ 90 ਲੱਖ ਤੱਕ ਅਮਰੀਕੀ ਪਹਿਲਾਂ ਹੀ ਵਿਦੇਸ਼ਾਂ 'ਚ ਰਹਿ ਰਹੇ ਹਨ | ਵਿਦੇਸ਼ ਵਿਭਾਗ ਅਨੁਸਾਰ 16 ਲੱਖ ਅਮਰੀਕੀ ਮੈਕਸੀਕੋ, ਢਾਈ ਲੱਖ ਤੋਂ ਵਧ ਕੈਨੇਡਾ, ਯੂ.ਕੇ. 'ਚ ਸਵਾ ਤਿੰਨ ਲੱਖ ਤੇ ਯੂਰਪ 'ਚ 15 ਲੱਖ ਅਮਰੀਕੀ ਰਹਿ ਰਹੇ ਹਨ | ਪੁਰਤਗਾਲ, ਆਇਰਲੈਂਡ ਤੇ ਜਰਮਨ ਵੱਸਣ ਵਾਲੇ ਅਮਰੀਕੀਆਂ ਦੀ ਗਿਣਤੀ ਵਧੀ ਹੈ | ਪਿਛਲੇ ਸਾਲ ਅਮਰੀਕਾ ਛੱਡ ਕੇ ਜਰਮਨ ਜਾਣ ਵਾਲੇ ਲੋਕਾਂ ਦੀ ਗਿਣਤੀ ਜਰਮਨ ਛੱਡ ਕੇ ਅਮਰੀਕਾ ਆਉਣ ਵਾਲੇ ਲੋਕਾਂ ਦੀ ਤੁਲਨਾ 'ਚ ਜ਼ਿਆਦਾ ਰਹੀ ਹੈ |