ਸੈਕਰਾਮੈਂਟੋ, 3 ਮਾਰਚ (ਹੁਸਨ ਲੜੋਆ ਬੰਗਾ)-ਟੈਕਸਾਸ 'ਚ ਹੋਈ ਗੋਲੀਬਾਰੀ 'ਚ 2 ਵਿਅਕਤੀਆਂ ਦੇ ਮਾਰੇ ਜਾਣ ਤੇ 14 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ ਜਿਨ੍ਹਾਂ ਵਿਚੋਂ 3 ਦੀ ਹਾਲਤ ਨਾਜ਼ੁਕ ਦਸੀ ਜਾਂਦੀ ਹੈ | ਆਸਟਿਨ ਪੁਲਿਸ ਵਿਭਾਗ ਦੇ ਮੁਖੀ ਲੀਸਾ ਡੇਵਿਸ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਸੂਚਨਾ ਮਿਲਣ 'ਤੇ ਪੁਲਿਸ ਅਫ਼ਸਰ ਘਟਨਾ ਸਥਾਨ ਵੈਸਟ 6 ਵੀਂ ਸਟਰੀਟ ਵਿਖੇ ਪੁੱਜੇ ਜਿੱਥੇ ਉਨ੍ਹਾਂ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਜਿਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕਾਂ ਦੇ ਨਾਂਅ ਜਾਰੀ ਨਹੀਂ ਕੀਤੇ ਹਨ | ਐਨ.ਬੀ.ਆਈ. ਘਟਨਾ ਦੀ ਅੱਤਵਾਦ ਦੇ ਨਜ਼ਰੀਏ ਤੋਂ ਜਾਂਚ ਕਰ ਰਹੀ ਹੈ ਕਿਉਂਕਿ ਹਮਲਾਵਰ ਨੇ ਈਰਾਨੀ ਝੰਡੇ ਵਾਲੀ ਟੀ-ਸ਼ਰਟ ਪਾਈ ਹੋਈ ਸੀ | ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਪੜਤਾਲ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਹਮਲਾਵਰ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਤੇ ਉਹ ਮਾਨਸਿਕ ਤੌਰ 'ਤੇ ਅਸਹਿਜ ਸੀ | ਹਮਲਾਵਰ ਦੀ ਪਛਾਣ ਨਡਿਆਗਾ ਡਿਆਗਨ (53) ਵਜੋਂ ਹੋਈ ਹੈ ਤੇ ਉਹ ਮੂਲ ਰੂਪ 'ਚ ਸੇਨੇਗਾਲ ਦਾ ਰਹਿਣ ਵਾਲਾ ਸੀ |