ਸਿਡਨੀ, 28 ਮਾਰਚ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਭਾਰਤੀਆਂ ਦੇ ਗੜ੍ਹ ਮੰਨੇ ਜਾਂਦੇ ਹੈਰਿਸ ਪਾਰਕ, ਜਿਸਨੂੰ 'ਲਿਟਲ ਇੰਡੀਆ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਵਿਚ ਅੱਜ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਸ਼ਹੀਦੀ ਨੂੰ ਸ਼ਰਧਾਂਜਲੀ ਦੇ ਕੇ ਯਾਦ ਕੀਤਾ ਗਿਆ | ਇਸ ਸਮਾਗਮ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ ਅਤੇ ਸਾਰੇ ਹਾਜ਼ਰ ਲੋਕਾਂ ਨੇ ਸ਼ਹੀਦ ਭਗਤ ਸਿੰਘ ਨੂੰ ਨਮਨ ਕੀਤਾ | ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਆਸਟ੍ਰੇਲੀਆ ਦੇ ਫੈਡਰਲ ਮੰਤਰੀ ਐਂਡਰਿਊ ਚਾਰਟਨ ਨੇ ਸ਼ਿਰਕਤ ਕੀਤੀ | ਸਮਾਗਮ ਦੇ ਸੰਚਾਲਕ ਅਤੇ ਪ੍ਰਬੰਧਕ ਰੋਬੀ ਸਿੰਘ ਸਾਹਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਾਡੇ ਲਈ ਉੱਚ ਦਰਜੇ ਦੇ ਨਾਇਕ ਹਨ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਬਲਿਦਾਨ ਅਤੇ ਵਿਚਾਰਧਾਰਾ ਬਾਰੇ ਹੋਰ ਕਮਿਊਨਿਟੀਆਂ ਨੂੰ ਵੀ ਜਾਣੂ ਕਰਵਾਈਏ | ਇਸ ਮੌਕੇ ਸੰਬੋਧਨ ਕਰਦੇ ਹੋਏ ਫੈਡਰਲ ਮੰਤਰੀ ਐਂਡਰਿਊ ਚਾਰਟਨ ਨੇ ਪੰਜਾਬੀ ਭਾਈਚਾਰੇ ਦੀ ਖੂਬ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬੀ ਕੌਮ ਮਿਹਨਤੀ, ਲੱਗਨਸ਼ੀਲ ਤੇ ਸਫਲਤਾ ਹਾਸਲ ਕਰਨ ਵਾਲੀ ਕੌਮ ਹੈ, ਜੋ ਆਸਟ੍ਰੇਲੀਆ ਦੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ | ਅੰਤ ਵਿੱਚ ਪ੍ਰਬੰਧਕ ਰੋਬੀ ਸਿੰਘ ਸਾਹਨੀ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ |