15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਇੰਗਲੈਂਡ 'ਚ 7 ਮਈ ਨੂੰ ਲੰਡਨ ਦੀਆਂ 32 ਕੌਂਸਲਾਂ ਸਮੇਤ 136 ਸਥਾਨਿਕ ਅਥਾਰਟੀਆਂ ਦੀਆਂ ਚੋਣਾਂ ਬਰਤਾਨੀਆ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ

Ad Position 21
No active advertisement
ਅਜੀਤ ਡੈਸਕ 14-04-2026
ਲੰਡਨ, 13 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਵਿਚ 7 ਮਈ ਨੂੰ ਸਥਾਨਿਕ ਚੋਣਾਂ ਹੋਣ ਜਾ ਰਹੀਆਂ ਹਨ, ਇਹ ਚੋਣਾਂ ਲੇਬਰ ਪਾਰਟੀ ਦੇ ਮੌਜੂਦਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਲਈ ਅਤਿ ਮਹੱਤਵਪੂਰਨ ਹਨ | ਬੀਤੇ ਸਮਿਆਂ ਵਿਚ ਆਈਆਂ ਸਿਆਸੀ ਤਬਦੀਲੀਆਂ ਵਿਚ ਅਕਸਰ ਹੀ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਅਤੇ ਹਰ ਵਾਰ ਸਟਾਰਮਰ ਨੇ ਕਿਹਾ ਹੈ ਕਿ ਉਹ ਬਰਤਾਨੀਆ ਨੂੰ ਜੋੜ ਰਹੇ ਹਨ, ਬਹੁਤ ਕੁੱਝ ਖ਼ਰਾਬ ਹੋਇਆ ਪਿਆ ਸੀ, ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ | 7 ਮਈ ਦਿਨ ਵੀਰਵਾਰ ਨੂੰ ਲੰਡਨ ਸਮੇਤ 136 ਸਥਾਨਿਕ ਅਥਾਰਟੀਆਂ ਲਈ ਚੋਣਾਂ ਹੋ ਰਹੀਆਂ ਹਨ, ਇੰਗਲੈਂਡ ਦੇ ਵੋਟਰ 5,013 ਕੌਂਸਲ ਸੀਟਾਂ ਲਈ ਵੋਟਾਂ ਪਾਉਣਗੇ | ਸ਼ਹਿਰੀ ਅਥਾਰਟੀਆਂ ਅਤੇ ਪੇਂਡੂ ਜ਼ਿਲਿ੍ਹਆਂ ਦਾ ਮਿਸ਼ਰਣ ਵੀ ਕਈ ਜਿਲ੍ਹਾ ਕੌਂਸਲਾਂ ਦੀ ਚੋਣ ਹੋ ਰਹੀ ਹੈ | ਇਹ ਇੰਗਲੈਂਡ ਵਿਚ ਤਿੰਨ ਸਾਲਾਂ ਲਈ ਸਥਾਨਕ ਚੋਣਾਂ ਦਾ ਸਭ ਤੋਂ ਵੱਡਾ ਮੁਕਾਬਲਾ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਪ੍ਰੀਖਿਆ ਹੈ | ਇਹਨਾਂ ਚੋਣਾਂ ਵਿਚ ਜਿੱਥੇ ਲੇਬਰ ਪਾਰਟੀ ਆਪਣੀਆਂ ਸੀਟਾਂ ਬਚਾਉਣ ਲਈ ਜਦੋ ਜਹਿਦ ਕਰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਬਹੁਤੀ ਚੰਗੀ ਨਹੀਂ ਵਿਖਾਈ ਦੇ ਰਹੀ | 2022 ਵਿਚ ਸਿਰਫ਼ 2 ਸੀਟਾਂ ਜਿੱਤਣ ਵਾਲੀ ਰੀਫੌਰਮ ਯੂ ਕੇ ਇਹਨਾਂ ਚੋਣਾਂ ਵਿਚ ਸਾਰੀਆਂ ਰਵਾਇਤੀ ਪਾਰਟੀਆਂ ਲਈ ਵੱਡੀ ਚਣੌਤੀ ਬਣੀ ਹੋਈ ਹੈ | ਜਦ ਕਿ ਕਈ ਥਾਵਾਂ ਤੇ ਗਰੀਨ ਪਾਰਟੀ ਦੀ ਸਥਿਤੀ ਵੀ ਪਹਿਲਾਂ ਨਾਲੋਂ ਮਜ਼ਬੂਤ ਵੇਖਣ ਨੂੰ ਮਿਲ ਰਹੀ ਹੈ | ਇਸ ਸਾਲ ਲੜੀਆਂ ਜਾ ਰਹੀਆਂ 5,013 ਸੀਟਾਂ ਵਿੱਚੋਂ ਇਸ ਸਮੇਂ ਲੇਬਰ 2,557, ਕੰਜ਼ਰਵੇਟਿਵ 1,362, ਲਿਬਰਲ ਡੈਮੋਕਰੇਟਸ 684 ਅਤੇ ਹੋਰ ਪਾਰਟੀਆਂ 410 (ਆਜ਼ਾਦਾਂ ਸਮੇਤ) ਕਾਬਜ਼ ਹਨ | ਚੋਣ ਮਾਹਿਰ ਪ੍ਰੋਫੈਸਰ ਕੋਲਿਨ ਰੈਲਿੰਗਸ ਅਤੇ ਐਕਸੀਟਰ ਯੂਨੀਵਰਸਿਟੀ ਦੇ ਮਾਈਕਲ ਦੇ ਵਿਸ਼ਲੇਸ਼ਣ ਦੇ ਅਨੁਸਾਰ ਲੇਬਰ ਨੂੰ 1,000 ਤੋਂ ਵੱਧ ਸੀਟਾਂ ਤੇ ਖ਼ਤਰਾ ਹੋ ਸਕਦਾ ਹੈ | ਜਿਲ੍ਹਾ ਕੌਂਸਲਾਂ ਲਈ ਕੰਜ਼ਰਵੇਟਿਵ ਖਾਸ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਇਹਨਾਂ ਚੋਣਾਂ ਲਈ 20 ਅਪ੍ਰੈਲ ਤੱਕ ਵੋਟਰ ਬਣਨ ਦਾ ਸਮਾਂ ਹੈ, 21 ਅਪ੍ਰੈਲ ਤੱਕ ਡਾਕ ਵੋਟ ਲਈ ਅਤੇ 28 ਅਪ੍ਰੈਲ ਤੱਕ ਪ੍ਰੌਕਸੀ ਵੋਟ ਲਈ ਆਗਿਆ ਲੈਣ ਦਾ ਸਮਾਂ ਹੈ | ਜਦ ਕਿ ਉਸੇ ਦਿਨ ਸਕਾਟਲੈਂਡ ਵਿਚ ਸਕਾਟਿਸ਼ ਸੰਸਦ ਦੇ ਮੈਂਬਰਾਂ ਲਈ ਅਤੇ ਵੇਲਜ਼ ਵਿਚ ਸੈਨੇਟ ਦੇ ਮੈਂਬਰਾਂ ਲਈ ਵੀ ਚੋਣਾਂ ਹੋ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਹਰਚੋਵਾਲ ਮੁੱਖ ਰੋਡ 'ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਨਿੱਤ ਵਾਪਰ ਰਹੇ ਹਾਦਸੇ ਅਗਲੀ ਖ਼ਬਰ ਦੋਹਰੀ ਨਾਗਰਿਕਤਾ ਵਾਲਿਆਂ ਲਈ ਨਵੇਂ ਯੂ.ਕੇ. ਨਿਯਮ ਲਾਗੂ
Ad Position 24