ਗਲਾਸਗੋ, 6 ਮਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦੀ 7ਵੀਂ ਸੰਸਦ ਲਈ 7 ਮਈ ਨੂੰ ਕੁੱਲ 129 ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ | ਇਨ੍ਹਾਂ ਚੋਣਾਂ ਵਿਚ ਸਕਾਟਲੈਂਡ ਦੀਆਂ ਰਾਜਨੀਤਕ ਪਾਰਟੀਆਂ ਦੇ 686 ਤੇ 35 ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 721 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਨ੍ਹਾਂ ਚੋਣਾਂ 'ਚ 42 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ | ਸਕਾਟਲੈਂਡ ਦੀਆਂ ਮੁੱਖ ਪਾਰਟੀਆਂ ਜਿਨ੍ਹਾਂ 'ਚ ਸਕਾਟਿਸ਼ ਨੈਸ਼ਨਲ ਪਾਰਟੀ, ਸਕਾਟਿਸ਼ ਲੇਬਰ ਪਾਰਟੀ, ਸਕਾਟਿਸ਼ ਕੰਜ਼ਰਵੇਟਿਵ ਪਾਰਟੀ, ਗਰੀਨ ਪਾਰਟੀ, ਲਿਬਰਲ ਡੈਮੋਕ੍ਰਟਿਕ ਤੇ ਰਿਫੌਰਮ ਯੂ.ਕੇ. ਸਮੇਤ 29 ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਸਕਾਟਲੈਂਡ ਦੇ ਵੋਟਰ ਕਰਨਗੇ | 2021 ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੀ ਪਹਿਲੀ ਸਿੱਖ ਸਕਾਟਿਸ਼ ਸੰਸਦ ਬਣੀ ਪੈਮ ਗੋਸਲ ਇਕ ਵਾਰ ਫਿਰ ਸਟਰੈਥਕੈਲਵਿਨ ਤੇ ਬੇਰਜਡਨ ਤੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ 'ਤੇ ਕਿਸਮਤ ਅਜ਼ਮਾ ਰਹੇ ਹਨ | ਕੰਜ਼ਰਵੇਟਿਵ ਪਾਰਟੀ ਨੇ ਹੀ ਪੰਜਾਬੀ ਮੂਲ ਦੀ ਸਤਬੀਰ ਕੌਰ ਗਿੱਲ ਨੂੰ ਪੇਜਲੀ ਤੋਂ ਟਿਕਟ ਦਿੱਤੀ ਹੈ | ਇਹ ਚੋਣਾਂ ਸਿਰਫ਼ ਸਰਕਾਰ ਬਣਾਉਣ ਲਈ ਨਹੀਂ, ਸਗੋਂ ਸਕਾਟਲੈਂਡ ਦਾ ਭਵਿੱਖ, ਦਿਸ਼ਾ, ਯੂ.ਕੇ. ਨਾਲ ਸੰਬੰਧ, ਆਰਥਿਕ ਤੇ ਸਮਾਜਿਕ ਨੀਤੀਆਂ ਵੀ ਤੈਅ ਕਰਨਗੀਆਂ | ਲੋਕਾਂ ਦੇ ਵਿਅਸਤ ਕੰਮਾਂ ਕਾਰਾਂ ਨੂੰ ਦੇਖਦੇ ਹੋਏ ਪੋਲਿੰਗ ਸਟੇਸ਼ਨ ਅੱਜ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ | ਵੋਟਾਂ ਦੀ ਗਿਣਤੀ ਰਾਤ 12 ਤੋਂ ਸ਼ੁਰੂ ਹੋ ਜਾਵੇਗੀ, ਜਦਕਿ ਪਹਿਲੇ ਨਤੀਜੇ ਸ਼ੁੱਕਰਵਾਰ ਦੁਪਹਿਰ ਤੱਕ ਆਉਣ ਦੀ ਉਮੀਦ ਹੈ |