ਲੰਡਨ, 21 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਥਾਨਕ ਸੰਸਥਾ ‘ਵੌਇਸ ਆਫ ਵੋਮੈਨ’ ਵੱਲੋਂ ਸਾਊਥਾਲ ਵਿਖੇ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਨਦਿਆਂ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਏ ਭਾਈ ਗਿਆਨੀ ਕਿਰਪਾਲ ਸਿੰਘ ਅਤੇ ਸਾਥੀ, ਕੌਂਸਲਰ ਜਸਬੀਰ ਕੌਰ ਅਨੰਦ ਉਚੇਚੇ ਤੌਰ ‘ਤੇ ਹਾਜ਼ਰ ਹੋਏ ਅਤੇ ਬੀਬੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਗੁਰੂ ਸਾਹਿਬ ਦੀ ਮਹਾਨ ਅਤੇ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਗੁਰੂ ਇਤਿਹਾਸ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੋਂ ਜਾਣੂ ਕਰਵਾਇਆ ਗਿਆ। ਸਾਊਥਾਲ ਟਾਊਨ ਹਾਲ ਦੇ ਬਾਹਰ ਲਗਾਈ ਗਈ ਇਸ ਛਬੀਲ ਤੋਂ ਜਿੱਥੇ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਨੂੰ ਮਿੱਠਾ ਜਲ ਛਕਾਇਆ ਗਿਆ, ਉੱਥੇ ਹੀ ਬੱਚਿਆਂ ਲਈ ਮਠਿਆਈਆਂ ਵੀ ਵੰਡੀਆਂ ਗਈਆਂ। ਮੁੱਖ ਪ੍ਰਬੰਧਕ ਬੀਬੀ ਸੁਰਿੰਦਰ ਕੌਰ ਨੇ ਸਹਿਯੋਗੀ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਗਮ ਸਥਾਨਕ ਭਾਈਚਾਰੇ ਵਿੱਚ ਆਪਸੀ ਸਾਂਝ ਅਤੇ ਸੇਵਾ ਭਾਵਨਾ ਦੀ ਇੱਕ ਮਿਸਾਲ ਹੈ।