ਨਿਊਯਾਰਕ, 15 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਗੈਰਕਾਨੂੰਨੀ ਪਰਵਾਸ ਨੂੰ ਰੋਕਣ ਲਈ ਚੱਲ ਰਹੀ ਕਾਰਵਾਈ ਦੇ ਤਹਿਤ ਇਕ ਵੱਡੀ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਲੜੀ ਨੂੰ ਲੈ ਕੇ ਨਵਾਂ ਮੋੜ ਸਾਹਮਣੇ ਆਇਆ ਹੈ। ਬ੍ਰਾਜ਼ੀਲ ਤੋਂ ਹਵਾਲਗੀ ਰਾਹੀਂ ਲਿਆਂਦੇ ਗਏ 39 ਸਾਲਾ ਬੰਗਲਾਦੇਸ਼ੀ ਨਾਗਰਿਕ ਸੈਫੁੱਲਾਹ ਅਲ-ਮਾਮੂਨ ਨੂੰ ਟੈਕਸਾਸ ਦੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਮਰੀਕੀ ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਨੈੱਟਵਰਕ ਬੰਗਲਾਦੇਸ਼ ਤੋਂ ਲੋਕਾਂ ਨੂੰ ਬ੍ਰਾਜ਼ੀਲ ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ਾਂ ਰਾਹੀਂ ਮੈਕਸੀਕੋ ਤੱਕ ਲਿਆਉਂਦਾ ਸੀ। ਉੱਥੋਂ ਉਨ੍ਹਾਂ ਨੂੰ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾ ਕੇ ਅਮਰੀਕਾ ਵਿੱਚ ਦਾਖ਼ਲ ਕਰਵਾਇਆ ਜਾਂਦਾ ਸੀ। ਅਲ-ਮਾਮੂਨ ਉੱਤੇ ਬ੍ਰਾਜ਼ੀਲ ਵਿੱਚ ਪਰਵਾਸੀਆਂ ਨੂੰ ਠਹਿਰਾਉਣ ਅਤੇ ਇਸ ਪੂਰੇ ਨੈੱਟਵਰਕ ਨੂੰ ਸਹਿਯੋਗ ਦੇਣ ਦੇ ਦੋਸ਼ ਹਨ। ਇਸੇ ਮਾਮਲੇ ਵਿੱਚ ਸ਼ਾਮਲ ਦੋ ਹੋਰ ਬੰਗਲਾਦੇਸ਼ੀ ਨਾਗਰਿਕ ਪਹਿਲਾਂ ਹੀ ਦੋਸ਼ ਕਬੂਲ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਰੀਬ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅਧਿਕਾਰੀਆਂ ਨੇ ਅਲ-ਮਾਮੂਨ ਖ਼ਿਲਾਫ਼ ਮਨੁੱਖੀ ਤਸਕਰੀ ਦੀ ਸਾਜ਼ਿਸ਼, ਵਿੱਤੀ ਲਾਭ ਲਈ ਗੈਰਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਲਿਆਉਣ ਅਤੇ ਗੈਰਕਾਨੂੰਨੀ ਦਾਖ਼ਲੇ ਨੂੰ ਉਤਸ਼ਾਹਿਤ ਕਰਨ ਵਰਗੇ ਕਈ ਗੰਭੀਰ ਦੋਸ਼ ਲਗਾਏ ਹਨ। ਜੇਕਰ ਅਦਾਲਤ ਵਿੱਚ ਸਾਰੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਮਰੀਕੀ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨਜ਼, ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਤੇ ਹੋਰ ਸੰਘੀ ਏਜੰਸੀਆਂ ਇਸ ਮਾਮਲੇ ਦੀ ਸਾਂਝੇ ਤੌਰ ‘ਤੇ ਜਾਂਚ ਕਰ ਰਹੀਆਂ ਹਨ। ਇਹ ਕਾਰਵਾਈ ਗੈਰਕਾਨੂੰਨੀ ਮਨੁੱਖੀ ਤਸਕਰੀ ਖ਼ਿਲਾਫ਼ ਅਮਰੀਕਾ ਦੀ ਵੱਡੀ ਮੁਹਿੰਮ ਦਾ ਹਿੱਸਾ ਮੰਨੀ ਜਾ ਰਹੀ ਹੈ।