ਨਿਊਯਾਰਕ, 18 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੀਆਂ ਪ੍ਰਮੁੱਖ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਨੇ ਇਕ ਐਮਰਜੈਂਸੀ ਕਾਨਫਰੰਸ ਕਾਲ ਰਾਹੀਂ ਅਮਰੀਕੀ ਫੈਡਰਲ ਅਦਾਲਤ ਦੇ ਸੈਂਟਰਲ ਡਿਸਟ੍ਰਿਕਟ ਆਫ਼ ਕੈਲੀਫ਼ੋਰਨੀਆ ਵਿਚ ਪਿਛਲੇ ਹਫ਼ਤੇ ਭਾਰਤ ਸਰਕਾਰ ਨਾਲ ਕਥਿਤ ਸਬੰਧ ਰੱਖਣ ਵਾਲੇ ਅਪਰਾਧਿਕ ਗਰੋਹਾਂ ਦੇ ਮੈਂਬਰਾਂ ਵਿਰੁੱਧ ਦਾਇਰ ਕੀਤੇ ਗਏ ਦੋਸ਼-ਪੱਤਰਾਂ, ਜਿਨ੍ਹਾਂ ਨੂੰ ਇੰਡਾਈਟਮੈਂਟਸ ਕਿਹਾ ਗਿਆ ਹੈ, ਬਾਰੇ ਗੰਭੀਰ ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਜਨਤਕ ਕੀਤੇ ਗਏ ਦੋਸ਼-ਪੱਤਰਾਂ ਅਨੁਸਾਰ ਇਸ ਕਾਰਵਾਈ ਦੌਰਾਨ ਕੈਲੀਫ਼ੋਰਨੀਆ ’ਚ 11, ਇੰਡੀਆਨਾ ਵਿਚ ਇਕ, ਜਾਰਜੀਆ ਵਿਚ ਇੱਕ, ਸਪੇਨ ਵਿਚ ਇਕ ਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਸ਼ਹਿਰ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰੈਸ ਨੋਟ ਮੁਤਾਬਕ ਇਹ ਦੋਸ਼-ਪੱਤਰ ਐਫ਼.ਬੀ.ਆਈ. ਵੱਲੋਂ ਤਿੰਨ ਸਾਲ ਤੱਕ ਚਲਾਈ ਗਈ ਗੁਪਤ ਜਾਂਚ ‘ਆਪਰੇਸ਼ਨ ਹਾਰਡ ਬਾਲ’ ਦਾ ਨਤੀਜਾ ਹਨ। ਮੀਟਿੰਗ ਵਿੱਚ ਸ਼ਾਮਲ ਸਮੂਹ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉੱਤਰੀ ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐਫ਼.ਬੀ.ਆਈ. ਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਐਫ਼.ਬੀ.ਆਈ. ਤੇ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਦਾ ਭਾਰਤ ਸਰਕਾਰ ਨਾਲ ਕਥਿਤ ਸਬੰਧ ਰੱਖਣ ਵਾਲੇ ਅਪਰਾਧਿਕ ਗਰੋਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਰਸਮੀ ਧੰਨਵਾਦ ਕੀਤਾ ਗਿਆ। ਅਮਰੀਕਾ ਤੇ ਕੈਨੇਡਾ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸੰਗਤਾਂ ਨੂੰ ਇਨ੍ਹਾਂ ਦੋਸ਼-ਪੱਤਰਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਣ ਅਤੇ ਇਸ ਮਾਮਲੇ ਸਬੰਧੀ ਵਿਆਪਕ ਜਾਗਰੂਕਤਾ ਪੈਦਾ ਕਰਨ। ਇਸ ਦੇ ਨਾਲ ਹੀ ਐਫ਼.ਬੀ.ਆਈ. ਵੱਲੋਂ ਐਲਾਨੇ ਅਪਰਾਧੀਆਂ ਦੇ ਪੋਸਟਰ ਗੁਰਦੁਆਰਿਆਂ ਤੇ ਹੋਰ ਜਨਤਕ ਸਥਾਨਾਂ ਉੱਤੇ ਲਗਾਉਣ ਅਤੇ ਸੰਗਤਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਵੀ ਦਿੱਤਾ ਗਿਆ। ਇਸ ਸਾਂਝੇ ਪ੍ਰੈਸ ਬਿਆਨ ’ਤੇ ਹਿੰਮਤ ਸਿੰਘ, ਡਾ. ਪ੍ਰਿਤਪਾਲ ਸਿੰਘ, ਦੇਵਿੰਦਰ ਬੋਪਾਰਾਏ, ਹਰਜਿੰਦਰ ਸਿੰਘ, ਜੋਗਾ ਸਿੰਘ, ਜਸਵੰਤ ਸਿੰਘ ਹੋਠੀ, ਸੁਰਜੀਤ ਸਿੰਘ ਕੁਲਾਰ, ਬਲਵਿੰਦਰ ਸਿੰਘ ਚੱਠਾ, ਭਗਤ ਸਿੰਘ, ਜਸਵਿੰਦਰ ਸਿੰਘ ਜੰਡੀ, ਕੁਲਜੀਤ ਸਿੰਘ ਨਿੱਝਰ, ਦੇਵਿੰਦਰ ਸਿੰਘ ਦਿਓ, ਸੰਤੋਖ ਸਿੰਘ, ਸੁਰਿੰਦਰ ਗਿੱਲ, ਡਾ. ਹਰਦਮ ਸਿੰਘ ਆਜ਼ਾਦ, ਬਲਾਕਾ ਸਿੰਘ, ਹਰਪਾਲ ਸਿੰਘ ਨੇ ਦਸਤਖ਼ਤ ਕੀਤੇ ਹਨ।