ਸੈਕਰਾਮੈਂਟੋ, 18 ਜੁਲਾਈ (ਹੁਸਨ ਲੜੋਆ ਬੰਗਾ)-ਡੈਮੋਕਰੈਟਿਕ ਕਾਂਗਰਸਮੈਨ ਸੁਹਾਸ ਸੁਬਰਾਮਨੀਅਮ ਨੇ ਟਰੰਪ ਪ੍ਰਸ਼ਾਸਨ ’ਤੇ ਭਾਰਤ ਨਾਲ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਹੈ ਤੇ ਕਿਹਾ ਹੈ ਕਿ ਟੈਰਿਫ ਅਤੇ ਹੋਰ ਕਾਰਵਾਈਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਵਿਚ ਮਦਦ ਨਹੀਂ ਕੀਤੀ। ਉਨ੍ਹਾਂ ਇਕ ਸਮਾਗਮ ਵਿਚ ਬੋਲਦਿਆਂ ਕਿਹਾ ਹੈ ਕਿ ਇਸ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਫੇਲ• ਰਹੀ ਹੈ ਅਤੇ ਉਨ੍ਹਾਂ ਨੇ ਅਮਰੀਕਾ-ਭਾਰਤ ਸਬੰਧਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ । ਸੁਬਰਾਮਨੀਅਮ ਨੇ ਹੋਰ ਕਿਹਾ ਕਿ ਤਾਨਾਸ਼ਾਹਾਂ ਨੂੰ ਛੱਡ ਕੇ ਦੁਨੀਆ ਭਰ ਵਿਚ ਸਾਡੇ ਸਬੰਧ ਖਰਾਬ ਹੋਏ ਹਨ| ਸੁਬਰਾਮਨੀਅਮ ਨੇ ਕਿਹਾ ਕਿ ਵਿਦੇਸ਼ ਨੀਤੀ ਪ੍ਰਤੀ ਟਰੰਪ ਪ੍ਰਸ਼ਾਸਨ ਦੀ ਪਹੁੰਚ ਵਿਚ ਇਕਸਾਰਤਾ ਦੀ ਘਾਟ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਸ਼ਿੰਗਟਨ ਨੂੰ ਨਵੀਂ ਦਿੱਲੀ ਨਾਲ ਇੱਕ ਮਜ਼ਬੂਤ ਭਾਈਵਾਲੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਵਿਸ਼ਵ ਵਿਆਪੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ “ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਸੀਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਾਂ। ਸੁਬਰਾਮਨੀਅਮ ਨੇ ਟਰੰਪ ਪ੍ਰਸ਼ਾਸਨ ਦੇ ਪਾਕਿਸਤਾਨ ਅਤੇ ਪਾਕਸਤਿਾਨੀ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਸਬੰਧਾਂ ’ਤੇ ਵੀ ਚਿੰਤਾ ਪ੍ਰਗਟ ਕੀਤੀ।