ਨਿਊਯਾਰਕ, 18 ਜੁਲਾਈ (ਰਾਜੂ ਸਹਿਬਾਜ਼ਪੁਰਾ)-ਇਜ਼ਰਾਈਲ ਨੂੰ ਮਿਲਦੀ ਅਮਰੀਕੀ ਸੈਨਿਕ ਸਹਾਇਤਾ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸੰਭਾਵਿਤ ਨਿਊਯਾਰਕ ਯਾਤਰਾ ਨੂੰ ਲੈ ਕੇ ਅਮਰੀਕਾ ਦੀ ਰਾਜਨੀਤੀ ਵਿੱਚ ਵੱਡਾ ਟਕਰਾਅ ਖੜ੍ਹਾ ਹੋ ਗਿਆ ਹੈ। ਇੱਕ ਪਾਸੇ ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਮਮਦਾਨੀ ਨੇ ਕਿਹਾ ਹੈ ਕਿ ਜੇ ਨੇਤਨਯਾਹੂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਹਿੱਸਾ ਲੈਣ ਲਈ ਨਿਊਯਾਰਕ ਆਉਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਦੀ ਕਾਨੂੰਨੀ ਸੰਭਾਵਨਾ ਦਾ ਅਧਿਐਨ ਕੀਤਾ ਜਾਵੇਗਾ, ਜਦਕਿ ਦੂਜੇ ਪਾਸੇ ਅਮਰੀਕੀ ਕਾਂਗਰਸ ਵਿੱਚ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ 3.3 ਅਰਬ ਡਾਲਰ ਦੀ ਸਾਲਾਨਾ ਸੈਨਿਕ ਸਹਾਇਤਾ ਰੋਕਣ ਦੀ ਕੋਸ਼ਿਸ਼ ਨੇ ਡੈਮੋਕ੍ਰੈਟਿਕ ਪਾਰਟੀ ਅੰਦਰ ਡੂੰਘੀ ਵੰਡ ਪੈਦਾ ਕਰ ਦਿੱਤੀ ਹੈ। ਮਮਦਾਨੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਮਾਮਲੇ ਵਿੱਚ ਸ਼ਹਿਰ ਦੇ ਕਾਨੂੰਨ ਵਿਭਾਗ ਨਾਲ ਵਿਚਾਰ ਕਰ ਰਿਹਾ ਹੈ ਅਤੇ ਕੋਈ ਵੀ ਕਾਰਵਾਈ ਸਿਰਫ਼ ਕਾਨੂੰਨ ਦੇ ਦਾਇਰੇ ਅੰਦਰ ਹੀ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਦਾਅਵਾ ਨਹੀਂ ਕੀਤਾ ਕਿ ਗ੍ਰਿਫ਼ਤਾਰੀ ਯਕੀਨੀ ਤੌਰ ’ਤੇ ਹੋਵੇਗੀ, ਪਰ ਇਹ ਜ਼ਰੂਰ ਕਿਹਾ ਕਿ ਜੇ ਕਾਨੂੰਨ ਇਜਾਜ਼ਤ ਦਿੰਦਾ ਹੈ ਤਾਂ ਸ਼ਹਿਰ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗਾ। ਇਹ ਮਾਮਲਾ ਇਸ ਲਈ ਵੀ ਪੇਚੀਦਾ ਹੈ ਕਿਉਂਕਿ ਅਮਰੀਕਾ ਅੰਤਰਰਾਸ਼ਟਰੀ ਅਪਰਾਧ ਅਦਾਲਤ ਦਾ ਮੈਂਬਰ ਨਹੀਂ ਹੈ। ਇਸ ਤੋਂ ਇਲਾਵਾ ਵਿਦੇਸ਼ੀ ਸਰਕਾਰ ਦੇ ਮੁਖੀ ਨੂੰ ਮਿਲਣ ਵਾਲੀ ਕੂਟਨੀਤਿਕ ਛੂਟ, ਸੰਯੁਕਤ ਰਾਸ਼ਟਰ ਨਾਲ ਜੁੜੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਅਤੇ ਸੰਘੀ ਸਰਕਾਰ ਦੇ ਅਧਿਕਾਰ ਇਸ ਮਾਮਲੇ ਨੂੰ ਸਿਰਫ਼ ਨਿਊਯਾਰਕ ਸਿਟੀ ਦੇ ਫ਼ੈਸਲੇ ਤੱਕ ਸੀਮਿਤ ਨਹੀਂ ਰਹਿਣ ਦਿੰਦੇ। ਨੇਤਨਯਾਹੂ ਅਤੇ ਇਜ਼ਰਾਈਲੀ ਅਧਿਕਾਰੀਆਂ ਨੇ ਮਮਦਾਨੀ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਨਿਊਯਾਰਕ ਦੇ ਮੇਅਰ ਕੋਲ ਕਿਸੇ ਵਿਦੇਸ਼ੀ ਪ੍ਰਧਾਨ ਮੰਤਰੀ ਦੀ ਗ੍ਰਿਫ਼ਤਾਰੀ ਦਾ ਅਧਿਕਾਰ ਨਹੀਂ ਹੈ। ਨੇਤਨਯਾਹੂ ਨੇ ਇਹ ਵੀ ਕਿਹਾ ਕਿ ਉਹ ਨਿਊਯਾਰਕ ਆਉਣ ਤੋਂ ਨਹੀਂ ਡਰਦੇ। ਉਧਰ ਮਮਦਾਨੀ ਦੇ ਬਿਆਨ ਨੇ ਇਜ਼ਰਾਈਲ ਸਮਰਥਕ ਅਤੇ ਫਲਸਤੀਨ ਸਮਰਥਕ ਧੜਿਆਂ ਵਿਚਕਾਰ ਚੱਲ ਰਹੀ ਬਹਿਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਇਸ ਸਿਆਸੀ ਤਣਾਅ ਦੇ ਦਰਮਿਆਨ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਰਿਪਬਲਿਕਨ ਸੰਸਦ ਮੈਂਬਰ ਥਾਮਸ ਮੈਸੀ ਵੱਲੋਂ ਇਜ਼ਰਾਈਲ ਲਈ 3.3 ਅਰਬ ਡਾਲਰ ਦੀ ਸੈਨਿਕ ਸਹਾਇਤਾ ਖਤਮ ਕਰਨ ਸਬੰਧੀ ਸੋਧ ਪੇਸ਼ ਕੀਤੀ ਗਈ। ਇਹ ਸੋਧ 314 ਦੇ ਮੁਕਾਬਲੇ 104 ਵੋਟਾਂ ਨਾਲ ਰੱਦ ਹੋ ਗਈ, ਪਰ ਇਸ ਦੇ ਹੱਕ ਵਿੱਚ 103 ਡੈਮੋਕ੍ਰੈਟਿਕ ਸੰਸਦ ਮੈਂਬਰਾਂ ਦਾ ਖੜ੍ਹਾ ਹੋਣਾ ਅਮਰੀਕੀ ਰਾਜਨੀਤੀ ਵਿੱਚ ਵੱਡੇ ਬਦਲਾਅ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਤੱਕ ਇਜ਼ਰਾਈਲ ਦੀ ਸਹਾਇਤਾ ਘਟਾਉਣ ਦੀ ਮੰਗ ਮੁੱਖ ਤੌਰ ’ਤੇ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਗਤੀਸ਼ੀਲ ਧੜੇ ਤੱਕ ਸੀਮਿਤ ਸੀ, ਪਰ ਹੁਣ ਪਾਰਟੀ ਦੇ ਸੀਨੀਅਰ ਅਤੇ ਮੁੱਖ ਧਾਰਾ ਆਗੂ ਵੀ ਇਸ ਬਹਿਸ ਵਿੱਚ ਸ਼ਾਮਲ ਹੋ ਗਏ ਹਨ। ਹਾਊਸ ਡੈਮੋਕ੍ਰੈਟਿਕ ਨੇਤਾ ਹਕੀਮ ਜੈਫਰੀਜ਼ ਨੇ ਸੋਧ ਦਾ ਵਿਰੋਧ ਕੀਤਾ, ਕਿਉਂਕਿ ਉਨ੍ਹਾਂ ਦੇ ਅਨੁਸਾਰ ਇਸ ਨਾਲ ਸਿਰਫ਼ ਸੈਨਿਕ ਸਹਾਇਤਾ ਹੀ ਨਹੀਂ, ਸਗੋਂ ਮਨੁੱਖੀ ਮਦਦ ਅਤੇ ਹੋਰ ਕੂਟਨੀਤਿਕ ਪ੍ਰੋਗਰਾਮਾਂ ’ਤੇ ਵੀ ਅਸਰ ਪੈ ਸਕਦਾ ਸੀ। ਇਸ ਦੇ ਉਲਟ ਹਾਊਸ ਦੀ ਨੰਬਰ ਦੋ ਡੈਮੋਕ੍ਰੈਟਿਕ ਆਗੂ ਕੈਥਰੀਨ ਕਲਾਰਕ ਨੇ ਸਹਾਇਤਾ ਰੋਕਣ ਦੇ ਹੱਕ ਵਿੱਚ ਵੋਟ ਪਾਈ। ਸਾਬਕਾ ਸਪੀਕਰ ਨੈਂਸੀ ਪੈਲੋਸੀ ਸਮੇਤ ਕੁਝ ਹੋਰ ਸੀਨੀਅਰ ਡੈਮੋਕ੍ਰੈਟਾਂ ਨੇ ਵੀ ਨੇਤਨਯਾਹੂ ਸਰਕਾਰ ਨੂੰ ਸਖ਼ਤ ਰਾਜਨੀਤਿਕ ਸੁਨੇਹਾ ਦੇਣ ਦੀ ਲੋੜ ਦੱਸੀ। ਨਿਊਯਾਰਕ ਦੇ ਡੈਮੋਕ੍ਰੈਟਿਕ ਪ੍ਰਤੀਨਿਧੀ ਪੈਟ ਰਾਇਨ ਨੇ ਵੀ ਇਜ਼ਰਾਈਲ ਨੂੰ 3.3 ਅਰਬ ਡਾਲਰ ਦੀ ਮੌਜੂਦਾ ਸਹਾਇਤਾ ਦੇਣ ਦਾ ਵਿਰੋਧ ਕੀਤਾ। ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿ ਜੇ ਇਸ ਕਾਰਨ ਪ੍ਰੋ-ਇਜ਼ਰਾਈਲ ਲੌਬੀ ਉਨ੍ਹਾਂ ਦਾ ਸਮਰਥਨ ਵਾਪਸ ਲੈਂਦੀ ਹੈ ਤਾਂ ਵੀ ਉਹ ਆਪਣਾ ਰੁਖ ਨਹੀਂ ਬਦਲਣਗੇ। ਇਸ ਵੋਟਿੰਗ ਤੋਂ ਬਾਅਦ ਪ੍ਰਭਾਵਸ਼ਾਲੀ ਪ੍ਰੋ-ਇਜ਼ਰਾਈਲ ਲੌਬੀ ਗਰੁੱਪ ਏ.ਆਈ.ਪੀ.ਏ.ਸੀ. ਨੇ ਉਨ੍ਹਾਂ ਕਈ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਲਈ ਆਨਲਾਈਨ ਚੋਣੀ ਫੰਡ ਇਕੱਠਾ ਕਰਨਾ ਰੋਕ ਦਿੱਤਾ, ਜਿਨ੍ਹਾਂ ਨੇ ਇਜ਼ਰਾਈਲ ਦੀ ਸਹਾਇਤਾ ਘਟਾਉਣ ਜਾਂ ਰੋਕਣ ਦੇ ਹੱਕ ਵਿੱਚ ਵੋਟ ਪਾਈ ਸੀ। ਇਹ ਕਦਮ ਕੈਥਰੀਨ ਕਲਾਰਕ, ਨੈਂਸੀ ਪੈਲੋਸੀ ਅਤੇ ਹੋਰ ਕਈ ਆਗੂਆਂ ਨੂੰ ਪ੍ਰਭਾਵਿਤ ਕਰਨ ਵਾਲਾ ਦੱਸਿਆ ਗਿਆ ਹੈ। ਏ.ਆਈ.ਪੀ.ਏ.ਸੀ. ਨੇ ਕਿਹਾ ਕਿ ਉਸਦੇ ਮੈਂਬਰ ਉਹਨਾਂ ਨੁਮਾਇੰਦਿਆਂ ਦੀ ਕਦਰ ਕਰਦੇ ਹਨ ਜੋ ਇਜ਼ਰਾਈਲ ਦੇ ਸਮਰਥਨ ਵਿੱਚ ਆਪਣੇ ਸਿਧਾਂਤਾਂ ’ਤੇ ਕਾਇਮ ਰਹਿੰਦੇ ਹਨ, ਜਦਕਿ ਸਹਾਇਤਾ ਰੋਕਣ ਦੇ ਹੱਕ ਵਿੱਚ ਵੋਟ ਪਾਉਣ ਵਾਲਿਆਂ ਦੇ ਫ਼ੈਸਲੇ ਤੋਂ ਉਹ ਨਿਰਾਸ਼ ਹਨ। ਇਸ ਕਾਰਵਾਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਜ਼ਰਾਈਲ ਦਾ ਮੁੱਦਾ ਹੁਣ ਸਿਰਫ਼ ਵਿਦੇਸ਼ ਨੀਤੀ ਦੀ ਬਹਿਸ ਨਹੀਂ ਰਿਹਾ, ਸਗੋਂ ਚੋਣੀ ਫੰਡਿੰਗ, ਪ੍ਰਾਇਮਰੀ ਮੁਕਾਬਲਿਆਂ ਅਤੇ ਸਿਆਸੀ ਕਰੀਅਰਾਂ ’ਤੇ ਵੀ ਸਿੱਧਾ ਅਸਰ ਪਾ ਰਿਹਾ ਹੈ। ਗਾਜ਼ਾ ਵਿੱਚ ਨਾਗਰਿਕ ਮੌਤਾਂ, ਵੱਡੀ ਤਬਾਹੀ ਅਤੇ ਮਨੁੱਖੀ ਸੰਕਟ ਕਾਰਨ ਅਮਰੀਕੀ ਜਨਤਾ, ਖ਼ਾਸ ਕਰਕੇ ਡੈਮੋਕ੍ਰੈਟਿਕ ਸਮਰਥਕਾਂ ਵਿੱਚ ਇਜ਼ਰਾਈਲ ਪ੍ਰਤੀ ਰੁਖ ਤੇਜ਼ੀ ਨਾਲ ਬਦਲ ਰਿਹਾ ਹੈ। ਸਾਹਮਣੇ ਆਏ ਸਰਵੇਖਣਾਂ ਮੁਤਾਬਕ ਡੈਮੋਕ੍ਰੈਟਿਕ ਵੋਟਰਾਂ ਵਿੱਚ ਫਲਸਤੀਨੀਆਂ ਪ੍ਰਤੀ ਹਮਦਰਦੀ ਵਧੀ ਹੈ, ਜਿਸ ਕਾਰਨ ਪਾਰਟੀ ਦੇ ਸੰਸਦ ਮੈਂਬਰਾਂ ’ਤੇ ਇਜ਼ਰਾਈਲ ਨੂੰ ਬਿਨਾਂ ਸ਼ਰਤ ਸੈਨਿਕ ਸਹਾਇਤਾ ਦੇਣ ਦਾ ਵਿਰੋਧ ਕਰਨ ਲਈ ਦਬਾਅ ਵਧ ਰਿਹਾ ਹੈ। ਭਾਵੇਂ ਕਾਂਗਰਸ ਵਿੱਚ ਸਹਾਇਤਾ ਰੋਕਣ ਵਾਲੀ ਸੋਧ ਪਾਸ ਨਹੀਂ ਹੋ ਸਕੀ ਅਤੇ ਨੇਤਨਯਾਹੂ ਦੀ ਸੰਭਾਵਿਤ ਗ੍ਰਿਫ਼ਤਾਰੀ ਬਾਰੇ ਵੀ ਕੋਈ ਅੰਤਿਮ ਕਾਨੂੰਨੀ ਫ਼ੈਸਲਾ ਨਹੀਂ ਹੋਇਆ, ਪਰ ਦੋਵਾਂ ਮਾਮਲਿਆਂ ਨੇ ਅਮਰੀਕੀ ਰਾਜਨੀਤੀ ਵਿੱਚ ਆ ਰਹੇ ਵੱਡੇ ਬਦਲਾਅ ਨੂੰ ਸਾਹਮਣੇ ਲਿਆ ਦਿੱਤਾ ਹੈ। ਕਾਂਗਰਸ ਵਿੱਚ ਵਧਦਾ ਵਿਰੋਧ, ਏ.ਆਈ.ਪੀ.ਏ.ਸੀ. ਦੀ ਸਖ਼ਤ ਕਾਰਵਾਈ ਅਤੇ ਨਿਊਯਾਰਕ ਵਿੱਚ ਗ੍ਰਿਫ਼ਤਾਰੀ ਦੀ ਚਰਚਾ ਇਸ ਗੱਲ ਦਾ ਸੰਕੇਤ ਹੈ ਕਿ ਇਜ਼ਰਾਈਲ ਪ੍ਰਤੀ ਅਮਰੀਕਾ ਦੀ ਪੁਰਾਣੀ ਦੋ-ਪਾਰਟੀ ਸਹਿਮਤੀ ਹੁਣ ਪਹਿਲਾਂ ਵਾਂਗ ਮਜ਼ਬੂਤ ਨਹੀਂ ਰਹੀ।