ਐਡੀਲੇਡ, 19 ਜੁਲਾਈ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਲੋਕ ਰੰਗ ਇਵੈਂਟਸ ਵੱਲੋਂ ਅਮਨ ਕੌਰ ਤੇ ਅਮਨ ਜੱਜ ਦੀ ਪੇਸ਼ਕਸ਼ ਹੇਠ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਮੇਲਾ ਤ੍ਰਿੰਜਣਾਂ ਦਾ’ ਐਂਗਕੋਰ ਹਾਲ, ਸੈਲਿਸਬਰੀ ਹਾਈਵੇ, ਪੈਰਾਫੀਲਡ ਗਾਰਡਨਜ਼ ਵਿਖੇ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਵਿਸ਼ੇਸ਼ ਤੌਰ ’ਤੇ ਮਹਿਲਾਵਾਂ ਲਈ ਕਰਵਾਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਮੁਟਿਆਰਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸ਼ਿਰਕਤ ਕਰਕੇ ਗਿੱਧੇ, ਭੰਗੜੇ, ਬੋਲੀਆਂ ਅਤੇ ਲੋਕ-ਗੀਤਾਂ ਰਾਹੀਂ ਪੰਜਾਬ ਦੇ ਤੀਆਂ ਦੇ ਮੇਲਿਆਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਸਮਾਗਮ ਦਾ ਮੁੱਖ ਉਦੇਸ਼ ਵਿਦੇਸ਼ ਦੀ ਧਰਤੀ ’ਤੇ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਰਵਾਇਤੀ ਤੀਆਂ ਦੀਆਂ ਪਰੰਪਰਾਵਾਂ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਨਾਲ ਜੋੜਨਾ ਸੀ। ਹਾਲ ਦਾ ਮਾਹੌਲ ਰੰਗ-ਬਿਰੰਗੀਆਂ ਪੁਸ਼ਾਕਾਂ, ਪੰਜਾਬੀ ਸੰਗੀਤ ਅਤੇ ਲੋਕ-ਰਸਮਾਂ ਨਾਲ ਪੂਰੀ ਤਰ੍ਹਾਂ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ।ਮੇਲੇ ਦੀ ਸਭ ਤੋਂ ਵੱਡੀ ਖਿੱਚ ਪ੍ਰਸਿੱਧ ਲੋਕ ਗਾਇਕ ਪਾਲ ਸਿੰਘ ਸਮਾਉ ਅਤੇ ਉੱਘੀ ਗਾਇਕਾ ਕਿਰਨ ਬਾਜਵਾ ਦੀਆਂ ਮਨਮੋਹਕ ਪੇਸ਼ਕਾਰੀਆਂ ਰਹੀਆਂ। ਦੋਵਾਂ ਕਲਾਕਾਰਾਂ ਨੇ ਆਪਣੇ ਲੋਕ-ਗੀਤਾਂ, ਟੱਪਿਆਂ ਅਤੇ ਸੁਰੀਲੇ ਗਾਇਨ ਨਾਲ ਹਾਜ਼ਰੀਨ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਹੀ ਵੱਖ-ਵੱਖ ਮਹਿਲਾ ਟੀਮਾਂ ਵੱਲੋਂ ਪੇਸ਼ ਕੀਤੇ ਗਿੱਧੇ, ਬੋਲੀਆਂ, ਲੋਕ-ਨਾਚ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।ਸਮਾਗਮ ਦੌਰਾਨ ਪੰਜਾਬੀ ਗਹਿਣਿਆਂ, ਰਵਾਇਤੀ ਲਿਬਾਸਾਂ, ਸਿੰਗਾਰ ਸਮੱਗਰੀ ਅਤੇ ਹੋਰ ਸੱਭਿਆਚਾਰਕ ਵਸਤਾਂ ਦੇ ਸਟਾਲ ਵੀ ਖਿੱਚ ਦਾ ਕੇਂਦਰ ਬਣੇ ਰਹੇ। ਪੰਜਾਬੀ ਪਕਵਾਨਾਂ ਦੇ ਵਿਸ਼ੇਸ਼ ਪ੍ਰਬੰਧ ਨੇ ਹਾਜ਼ਰੀਨ ਨੂੰ ਆਪਣੇ ਪਿੰਡਾਂ ਦੇ ਮੇਲਿਆਂ ਵਾਲਾ ਅਹਿਸਾਸ ਕਰਵਾਇਆ। ਵੱਖ-ਵੱਖ ਮਨੋਰੰਜਕ ਮੁਕਾਬਲਿਆਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੀਆਂ ਭੈਣਾਂ ਨੂੰ ਇਨਾਮਾਂ ਅਤੇ ਸਨਮਾਨ ਚਿੰਨ੍ਹਾਂ ਨਾਲ ਵੀ ਨਿਵਾਜਿਆ ਗਿਆ। ਮੇਲੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਭੰਗੜਾ, ਗਿੱਧਾ ਅਤੇ ਗੀਤ-ਸੰਗੀਤ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ । ਸੰਧਾਰੇ ਦੀ ਰਸਮ ਏਕਮ ਗਰੋਸਰੀ ਸਟੋਰ ਅਤੇ ਰੋਯਲ ਗੋਲਡ ਸੈਮ ਮਿਲਸ ਵਲੋਂ ਰਵਾਇਤੀ ਢੰਗ ਨਾਲ ਨਿਭਾਈ ਗਈ, ਜਿਸ ਦੀ ਹਾਜ਼ਰੀਨ ਨੇ ਭਰਪੂਰ ਸ਼ਲਾਘਾ ਕੀਤੀ।ਪ੍ਰਬੰਧਕਾਂ ਨੇ ਕਿਹਾ ਕਿ ਇਸ ਮੇਲੇ ਦਾ ਮਕਸਦ ਵਿਦੇਸ਼ ਵਿੱਚ ਵੱਸਦੀਆਂ ਪੰਜਾਬੀ ਮਹਿਲਾਵਾਂ ਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਰਵਾਇਤਾਂ ਨਾਲ ਜੋੜਨਾ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਸਮੂਹ ਸਪਾਂਸਰਾਂ, ਸਹਿਯੋਗੀਆਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀ ਭਾਈਚਾਰੇ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ ਸਮਾਗਮ ਕਰਵਾ ਕੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕੀਤਾ ਜਾਂਦਾ ਰਹੇਗਾ।